ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Feb 2014

ਪੇਂਡੂ ਸੱਭਿਆਚਾਰ

ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਗੱਲ ਕਰੀਏ ਤਾਂ ਚੌਂਕੇ- ਚੁੱਲ੍ਹੇ ਨਾਲ਼ ਜੁੜੀ ਸੁਆਣੀ ਦੀ ਗੱਲ ਕਰਨੀ ਬਣਦੀ ਹੈ। ਚੌਂਕੇ-ਚੁੱਲ੍ਹੇ ਦੀ ਗੱਲ ਬਾਲਣ ਦੀ ਗੱਲ ਕੀਤੇ ਬਿਨਾਂ ਅਧੂਰੀ ਹੈ। ਪੰਜਾਬ ਦੇ ਪਿੰਡਾਂ ਨੇ ਬਹੁਤ ਤਰੱਕੀ ਕਰ ਲਈ ਹੈ। ਪਿੰਡਾਂ ‘ਚ ਗੋਬਰ-ਗੈਸ ਪਲਾਂਟ ਲੱਗ ਗਏ ਨੇ । ਮੱਕੀ ਦੇ ਟਾਂਡੇ ਅਤੇ ਕਪਾਹ ਦੀਆਂ ਛਿੱਟੀਆਂ  ਨੂੰ ਗੈਸੀ ਫਾਇਰ ਯੰਤਰਾਂ ਵਿੱਚ ਵਰਤੋਂ ਕੀਤੀ ਜਾਣ ਲੱਗੀ ਹੈ। ਪਰ ਫੇਰ ਵੀ ਪਿੰਡਾਂ ‘ਚ ਤੁਹਾਨੂੰ ਸਿਰਾਂ ‘ਤੇ ਬਾਲਣ ਲਈ ਜਾਂਦੀਆਂ ਔਰਤਾਂ ਜ਼ਰੂਰ ਨਜ਼ਰੀਂ ਪੈ ਜਾਣਗੀਆਂ।

                              ਬਾਲਣ ਮੁੱਕੇ 

                          ਰੋਟੀ -ਟੁੱਕ ਨਬੇੜ

                              ਚੁੱਗਣੇ ਡੱਕੇ । 

ਕਈ ਪਿੰਡਾਂ ‘ਚ ਬਾਲਣ-ਚੁੱਗਣ ਜਾਣ ਨੂੰ ਡੱਕਿਆਂ ਨੂੰ ਜਾਣਾ ਕਿਹਾ ਜਾਂਦਾ ਹੈ। ਜੋ ਘਰ ਕਪਾਹ ਦੀ ਛਿੱਟੀਆਂ, ਪਾਥੀਆਂ ਜਾਂ ਲੱਕੜਾਂ ਆਦਿ ਦੀ ਵਰਤੋਂ ਕਰਨ ਤੋਂ ਅਸਮਰਥ ਹੁੰਦੇ ਨੇ ਓਨ੍ਹਾਂ ਘਰਾਂ ਦੀਆਂ ਸੁਆਣੀਆਂ ਨੂੰ ਰੋਟੀ-ਟੁੱਕ ਕਰਨ ਤੋਂ ਬਾਅਦ ਬਾਲਣ /ਡੱਕੇ ਚੁੱਗਣ ਲਈ ਜਾਣਾ ਪੈਂਦਾ ਹੈ। 

  ਪੰਜਾਬ ਦੇ ਮੌਸਮ ਦੀ ਜੇ ਕਰੀਏ ਤਾਂ ਜੇਠ-ਹਾੜ ਦੀਆਂ ਪਿੰਡਾ ਲੂਹੰਦੀਆਂ  ਧੁੱਪਾਂ ਤੋਂ ਲੋਕ ਤੰਗ ਆ ਕੇ ਮੀਂਹ ਦੀਆਂ ਅਰਦਾਸਾਂ ਕਰਦੇ ਨੇ….

“ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ”

” ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਸਾ ਦੇ ਜ਼ੋਰੋ ਜ਼ੋਰ”

ਪਹਿਲੇ ਸਮਿਆਂ ‘ਚ ਜੇਠ ਹਾੜ ਦੀ ਗਰਮੀ ਤੇ ਲੰਮੀ ਔੜ ਪੈਣ ‘ਤੇ ਲੋਕਾਂ ਨੇ  ਇਕੱਠੇ ਹੋਕੇ ਮੀਂਹ ਪੈਣ ਲਈ ਪਿੰਡ-ਖੇੜੇ ਹਵਨ ਕਰਨੇ ਤੇ ਚੌਲਾਂ ਦੇ ਯੱਗ ਕਰਨੇ। ਇਹ ਯੱਗ ਪਿੰਡ ਦਾ ਲੰਬੜਦਾਰ ਮੂਹਰੇ ਹੋ ਕੇ ਕਰਵਾਉਂਦਾ। ਕੁੜੀਆਂ ਕੱਪੜੇ ਦੀ ਗੁੱਡੀ ਬਣਾ ਕੇ ਫੂਕਦੀਆਂ। 

ਔੜ ਦੀ ਘੜੀ

ਫੂੱਕਣ ਨੇ ਚੱਲੀਆਂ

ਲੀਰਾਂ ਦੀ ਗੁੱਡੀ । 

(ਹੁਣ ਲੋੜ ਨਹੀਂ ਪੈਂਦੀ, ਹਰ ਰੋਜ਼ ਕਿਤੇ ਨਾ ਕਿਤੇ ਜਿਊਂਦੀ ਜਾਗਦੀ ਗੁੱਡੀ ਫੁਕਣ ਦੀ ਖ਼ਬਰ ਆਉਂਦੀ ਹੀ ਰਹਿੰਦੀ ਹੈ)। 

ਜਦੋਂ ਮੀਂਹ ਪੈਣ ਲੱਗ ਜਾਂਦਾ ਤਾਂ ਛੇਤੀ ਹੀ  ਲੋਕ ਓਸ ਤੋਂ ਵੀ  ਅੱਕ ਜਾਂਦੇ ਨੇ। ਏਥੇ ਇਹ ਅਖੌਤ ਬਿਲਕੁਲ ਠੀਕ ਢੱਕਦਾ ਹੈ…….

“ਲੋਕੀਂ ਬਾਰਾਂ ਸਾਲਾਂ ਦਾ ਸੋਕਾ ਤਾਂ ਬਰਦਾਸ਼ਤ ਕਰ ਲੈਂਦੇ ਹਨ ਪਰ ਬਾਰਾਂ ਘੜੀਆਂ ਦਾ ਮੀਂਹ ਬਰਦਾਸ਼ਤ ਨਹੀਂ ਕਰ ਸਕਦੇ।”

ਥੇ ਮੈਂ ਆਪਣੀ ਪਿਆਰੀ ਬੇਬੇ ਦੀ ਗੱਲ ਕੀਤੇ ਬਿਨਾਂ ਨਹੀਂ ਰਹਿ ਸਕਦੀ। ਬੱਦਲਾਂ ਨੂੰ ਵੇਖ ਕੇ ਬੇਬੇ ਬੇਚੈਨ ਹੋ ਉੱਠਦੀ ਹੈ। ਉਸ ਨੂੰ ਆਪਣੇ ਚੁੱਲ੍ਹੇ-ਚੌਂਕੇ ਤੇ ਪਾਥੀਆਂ ਦਾ ਫਿਕਰ ਹੁੰਦਾ ਹੈ।

                                                  ਬੱਦਲ਼ ਗੱਜੇ

                                                 ਬੇਬੇ ਢੱਕ ਪਾਥੀਆਂ

                                                  ਚੁੱਲ੍ਹੇ ਨੂੰ ਕੱਜੇ । 

ਪਿੰਡਾਂ ‘ਚ ਹੁਣ ਬਹੁਤੀਆਂ ਰਸੋਈਆਂ ਪੱਕੀ ਇੱਟ ਦੀਆਂ ਬਣ ਗਈਆਂ ਨੇ।ਪਰ ਪਹਿਲਾਂ ਇਹ ਕੱਚੀਆਂ ਹੁੰਦੀਆਂ ਸਨ ਤੇ ਮੀਂਹ ਪੈਣ ‘ਤੇ ਚੋਣ ਲੱਗਦੀਆਂ ਸਨ। ਝਲਿਆਨੀ ‘ਚ ਸਾਂਭਿਆ ਬਾਲਣ ਗਿੱਲਾ ਤੇ ਸਿਲ੍ਹਾ ਹੋ ਜਾਂਦਾ । ਸੁੱਕਾ ਬਾਲਣ ਮੁੱਕਣ ‘ਤੇ ਸਿਲ੍ਹੇ ਬਾਲਣ ਨਾਲ ਰੋਟੀ ਪਕਾਉਣੀ ਸੁਆਣੀਆਂ ਲਈ ਔਖੀ ਹੋ ਜਾਂਦੀ ।

                                                    ਵਰਦਾ ਮੀਂਹ 

                                                  ਚੋ ਰਹੀ ਝਲਿਆਨੀ*

                                                  ਗਿੱਲਾ ਬਾਲਣ । 

ਲਗਾਤਾਰ ਮੀਂਹ ਕਾਰਨ ਸਲ੍ਹਾਬੇ ਤੇ ਹੁੰਮਸ ਭਰੇ ਮੌਸਮ ‘ਚ ਸਭ ਕੁਝ ਸਲ੍ਹਾਬਿਆ ਜਾਂਦਾ ਹੈ। ਜਦੋਂ ਮੀਂਹ ਰੁਕਣ ਦਾ ਨਾਂ ਨਾ ਲੈਂਦਾ….ਕੱਚੇ ਕੋਠੇ ਚੋਣੇ ਸ਼ੁਰੂ ਹੋ ਜਾਂਦੇ….ਫੇਰ ਰੱਬ ਕੋਲ਼ ਏਸ ਮੀਂਹ ਨੂੰ ਰੋਕਣ ਦੀ ਫਰਿਆਦ ਵੀ ਕਰਨੀ ਜ਼ਰੂਰੀ ਬਣਦੀ। ਸੋਕਾ ਜਾਂ ਡੋਬਾ ਦੋਵੇਂ ਹੀ ਘਾਤੀ ਨੇ । ਮੀਂਹ ਦੀ ਝੜੀ ਰੋਕਣ ਲਈ  ਕਦੇ  ਖਵਾਜੇ ਦੇ ਮਿੱਠੇ ਚੌਲ ਸੁੱਖਣੇ  ਤੇ ਕਦੇ ਝੜੀਆਂ ਰੋਕਣ ਲਈ ਧੂਣੀਆਂ ‘ਤੇ ਮੰਨ ਪਕਾ ਜੱਗ ਕਰਨੇ ।

ਮੀਂਹਾਂ ਮੌਕੇ ਲੋਕ ਪੱਲੀਆਂ ਨੂੰ ਠੀਕ ਕਰਦੇ ਤਾਂ ਕਿ ਬਾਹਰ ਪਿਆ ਸਮਾਨ ਢੱਕਣ ਆਦਿ ਦੇ ਕੰਮ ਆ ਸਕਣ ।  ਰੱਬ ਵੱਲ ਆਪਣਾ ਗੁੱਸਾ ਜਾਹਿਰ ਕਰਦੇ ਉੱਪਰ ਵੱਲ ਦੇਖਕੇ ਝਿੜਕ ਜਿਹੀ ਮਾਰਕੇ ਕੋਈ ਕਹਿੰਦਾ “ਓ ਬੱਸ ਕਰ ਹੁਣ…..…ਬਥੇਰਾ ਹੋ ਗਿਆ……..ਕਦੇ ਤਾਂ ਤੇਰੇ ਕੋਲ਼ੋਂ ਛਿੱਟ ਨੀ ਸਰਦੀ…ਹੁਣ ਸਾਰਾ ਈ ਡੋਲ੍ਹਣ ਲੱਗਿਐਂ " ਪਹਿਲਾਂ ਚਾਹੇ ਸੋਕੇ-ਡੋਬੇ ਵੇਲ਼ੇ ਲੋਕ ਔਖੇ ਹੁੰਦੇ ਸਨ। ਪਰ ਲੋਕਾਂ ‘ਚ ਨੇੜਤਾ ਸੀ, ਸਾਂਝੀਵਾਲਤਾ ਸੀ। ਔਖ-ਸੌਖ ਇੱਕਠੇ ਹੋ ਕੇ ਝੱਲ ਲੈਂਦੇ ਤੇ ਭੁੱਲ ਜਾਂਦੇ ਕਿ ਔਖ ਦੀ ਘੜੀ ਵੀ ਕਦੇ ਆਈ ਸੀ। ਨਿੱਘੇ-ਮੋਹ ਦੇ ਪ੍ਰਤੀਕ ਸਨ ਸਾਡੇ ਪਿੰਡ ਤੇ ਸਾਡੇ ਪਿੰਡਾਂ ਵਾਲ਼ੇ। 

* ਝਲਿਆਨੀ (ਝਲਾਨੀ) = ਨੀਵੀਂ ਛੱਤ ਵਾਲ਼ੀ ਛੋਟੀ ਜਿਹੀ ਕੱਚੀ ਰਸੋਈ ਜੋ ਇੱਕ ਛੋਟੀ ਸ਼ਤੀਰੀ ਤੇ ਬਾਲੇ ਪਾ ਕੇ ਛੱਤੀ ਜਾਂਦੀ ਸੀ ।
ਡਾ.ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

4 comments:

  1. ਬਹੁਤ ਵਧੀਆ ਚਿਤਰਨ ਕੀਤਾ ਭੈਣ ਜੀ

    ReplyDelete
  2. ਹਰਦੀਪ--ਸਿਡਨੀ ਵਾਪਸ ਜਾਕੇ ਫਿਰ ਅਪਣੇ ਰੌਂ ਵਿਚ ਆ ਗਐ ਹੋ । ਪੰਜਾਬ ਦੇ ਪਿੰਡਾਂ ਦੀ ਮਿਟੀ ਅਜੇ ਤੱਕ ਤੁਹਾਡੀ ਰੂਹਿ ਨੂੰ ਨਿਸ਼ਆ ਰਹੀ ਹੈ ।ਵੱਡ ਵਿਢੇਰੇਆਂ ਨੇ ਜੋ ਹੰਡਾਇਆ ਉਹਨੂੰ ਇਸ ਢੰਗ ਨਾਲ ਵਰਨਣ ਕੀਤਾ ਹੈ,ਜਿਵੇਂ ਕਿ ਆਪ ਹੂਬਾਹੂ ਖੜੇ ਹੋਕੇ ਵੇਖ ਰਹੇ ਹੋਈਏ । ਸੱਚ ਮੁਚਿ ਵੱਧਾਈ ਦੇ ਪਾਤਰ ਹੋ। ਜੋ ਏਨੀ ਸੋਹਣੀ ਤੇ ਅਰੱਥ ਪਰਭੂਰ ਸਿਖਤ ਸਾਡੀ ਰੂਹ ਨੂੰ ਨਿਸ਼ਔਣ ਲਈ ਸਾਡੀ ਝੋਲੀ ਪਾਈ ਹੈ ।

    ReplyDelete
  3. ਇਹ ਲਿਖਤ ਪੜਕੇ ਬੀਤਿਆ ਵਕਤ ਮੁੜ ਜੀਵਤ ਹੋ ਗਿਆ । ਮੰਨ ਖੁਸ਼ ਹੋਇਆ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ