ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 May 2014

ਸੂਹਾ ਗੁਲਾਬ (ਹਾਇਬਨ)

ਅੱਜ ਇੱਕ ਨਵੀਂ ਸ਼ੈਲੀ 'ਹਾਇਬਨ' ਪੇਸ਼ ਕੀਤੀ ਜਾ ਰਹੀ ਹੈ ਜੋ ਵਾਰਤਕ ਤੇ ਹਾਇਕੁ ਦਾ ਸੁਮੇਲ ਹੈ। ਹਾਇਕੁ ਸੋਸਾਇਟੀ ਆਫ ਅਮਰੀਕਾ ਅਨੁਸਾਰ ,"ਹਾਇਬਨ ਇੱਕ ਸਪਸ਼ਟ, ਹਾਇਕਾਈ ਸ਼ੈਲੀ ਵਿੱਚ ਲਿਖੀ ਹੋਈ ਸੰਖਿਪਤ ਵਾਰਤਕ ਕਵਿਤਾ ਹੁੰਦੀ ਹੈ ਜਿਸ ਵਿਚ ਹਲਕਾ ਹਾਸਰਸ ਅਤੇ ਸੰਜੀਦਗੀ ਦੋਵੇਂ ਅੰਸ਼ ਹੁੰਦੇ ਹਨ। ਹਾਇਬਨ ਦੀ ਸਮਾਪਤੀ ਆਮ ਕਰਕੇ ਇਕ ਹਾਇਕੁ ਨਾਲ ਹੁੰਦੀ ਹੈ। ਇਸ ਵਿੱਚ 100 ਤੋਂ ਲੈ ਕੇ 200 ਜਾਂ 300 ਤੱਕ ਸ਼ਬਦ ਹੋ ਸਕਦੇ ਹਨ। ਆਸ ਕਰਦੀ ਹਾਂ ਪਾਠਕਾਂ ਨੂੰ ਇਹ ਵਿਧਾ ਪਸੰਦ ਆਵੇਗੀ। 

            ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ- "ਚਿਲਡਰਨ ਵਿੱਦ ਸਪੈਸ਼ਲ ਨੀਡਜ਼"- .........ਅੰਦਰ ਵੜਦਿਆਂ ਹੀ ਜਿਵੇਂ ਮੇਰੀ ਸੋਚ ਰੁੱਕ ਗਈ ਸੀ.........ਮੈਂ ਤਾਂ ਜਿਵੇਂ ਸੁੰਨ ਜਿਹੀ ਹੋ ਗਈ ਸੀ। 
             ਅੱਧੀ ਛੁੱਟੀ ਦਾ ਸਮਾਂ ਸੀ। ਬੱਚੇ ਸਕੂਲ ਦੇ ਬਣੇ ਵੱਖੋ-ਵੱਖਰੇ ਭਾਗਾਂ 'ਚ ਖੇਲ ਰਹੇ ਸਨ ਜੋ ਵੱਡੀਆਂ-ਵੱਡੀਆਂ ਗਰਿਲਾਂ ਲਾ ਕੇ ਬਣਾਏ ਹੋਏ ਸਨ। ਇੱਕ ਭਾਗ 'ਚ ਕੁਝ ਬੱਚੇ ਵੀਹਲ ਚੇਅਰ 'ਤੇ ਬੈਠੇ ਇੱਧਰ-ਉਧਰ ਤੱਕ ਰਹੇ ਸਨ।  ਦੂਜੇ ਭਾਗਾਂ 'ਚ ਕੋਈ ਬੱਚਾ ਉੱਚੀ-ਉੱਚੀ ਚੀਕਾਂ ਮਾਰ ਰਿਹਾ ਸੀ, ਕੋਈ ਕੰਧ ਵੱਲ ਮੂੰਹ ਕਰਕੇ ਟੱਪੀ ਜਾ ਰਿਹਾ ਸੀ, ਕੋਈ ਬੇਹਤਾਸ਼ਾ ਭੱਜੀ ਜਾ ਰਿਹਾ ਸੀ ਤੇ ਕੋਈ ਐਵੇਂ ਹੱਥ ਮਾਰ-ਮਾਰ ਬਿਨਾਂ ਸ਼ਬਦਾਂ ਤੋਂ ਹੀ ਆਪਣੇ-ਆਪ ਨਾਲ਼ ਗੱਲਾਂ ਕਰੀ ਜਾ ਰਿਹਾ ਸੀ। ਇੱਕ ਬੱਚੇ ਨੇ ਮੇਰਾ ਹੱਥ ਫ਼ੜ੍ਹ ਲਿਆ ਤੇ ਮੈਨੂੰ ਆਪਣੇ ਵੱਲ ਖਿੱਚਣ ਲੱਗਾ ਜਿਵੇਂ ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਹੋਵੇ।
          ਮੈਨੂੰ ਭਮੱਤਰੀ ਜਿਹੀ ਖੜ੍ਹੀ ਵੇਖ ਕੇ ਸਕੂਲ ਦਾ ਇੱਕ ਕਰਮਚਾਰੀ ਕਹਿਣ ਲੱਗਾ, " ਇਹ ਬੱਚੇ ਬੋਲ ਨਹੀਂ ਸਕਦੇ।  ਆਪਣੇ ਹਾਵ-ਭਾਵ ਚੀਕਾਂ ਮਾਰ ਕੇ ਜਾਂ ਤੁਹਾਡਾ ਹੱਥ ਫੜ੍ਹ ਕੇ ਪ੍ਰਗਟਾਉਂਦੇ ਨੇ। ਕੁਝ ਬੱਚੇ ਮੂੰਹ ਰਾਹੀਂ ਖਾ ਵੀ ਨਹੀਂ ਸਕਦੇ। ਉਹਨਾਂ ਦੇ ਪੇਟ 'ਚ ਸਿੱਧੇ ਟਿਊਬ ਨਾਲ਼ ਭੋਜਨ ਪਾਇਆ ਜਾਂਦਾ ਹੈ। ਬਹੁਤੇ ਬੱਚਿਆਂ ਨੂੰ ਟੱਟੀ-ਪਿਸ਼ਾਬ ਦਾ ਵੀ ਪਤਾ ਨਹੀਂ ਲੱਗਦਾ।ਇਸ ਸਕੂਲ 'ਚ ਇਹਨਾਂ ਦਿਮਾਗੀ ਤੇ ਸਰੀਰਕ ਤੌਰ 'ਤੇ ਅਪਾਹਜ ਬੱਚਿਆਂ ਨੂੰ ਆਪਣਾ -ਆਪ ਸੰਭਾਲਣ ਦੀ ਹੀ ਟਰੇਨਿੰਗ ਦਿੱਤੀ ਜਾਂਦੀ ਹੈ।"                  
        ਸੁਣ ਕੇ ਮੇਰੀਆਂ ਅੱਖਾਂ ਦੇ ਅੱਥਰੂ ਮੱਲੋ -ਮੱਲੀ ਧਰਤੀ ਦੀ ਹਿੱਕ 'ਤੇ ਕਿਰ ਗਏ । ਮੈਂ ਸੋਚਣ ਲੱਗੀ ਕਿ ਜਦੋਂ ਕਿਸੇ ਦੇ ਘਰ ਬੱਚੇ ਦਾ ਜਨਮ ਹੋਣ ਵਾਲ਼ਾ ਹੁੰਦਾ ਹੈ ਤਾਂ ਹਰ ਦਾਦੀ ਨੂੰ ਸਿਰਫ਼ ਪੋਤੇ ਦੀ ਹੀ ਉਡੀਕ ਹੁੰਦੀ ਹੈ। ਉਸ ਇਹ ਕਦੇ ਦੁਆ ਨਹੀਂ ਕੀਤੀ ਹੋਣੀ ਕਿ ਰੱਬਾ ਹੋਣ ਵਾਲ਼ਾ ਬੱਚਾ ਤੰਦਰੁਸਤ ਦੇਵੀਂ ! ਮੇਰੀ ਸੋਚ ਅਪਾਹਜ ਬੱਚਿਆਂ ਅਤੇ ਇਹਨਾਂ ਦੇ ਮਾਪਿਆਂ ਤੇ ਆ ਅਟਕ ਗਈ .......

ਚੜ੍ਹਦੀ ਲਾਲੀ-
ਪੱਤੀ-ਪੱਤੀ ਖਿੰਡਿਆ
ਸੂਹਾ ਗੁਲਾਬ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 60 ਵਾਰ ਵੇਖੀ ਗਈ। 




6 comments:

  1. बहुत मार्मिक हाइबन ! संवेदनशील व्यक्ति पढ़कर भीतर तक हिल जाएगा । बहुत बधाई हरदीप बहन जी !

    ReplyDelete
  2. ਹਰਜੀਪ---ਤੁਹਾਡਾ ਹਾਇਬਨ ਪੜ੍ਹਕੇ ਇਕ ਕੰਬਨੀ ਆ ਗਈ।ਇਹ ਦਿਲ ਟੁੰਮਬਵੀਂ ਗਾਥਾ ਦਰਸਾਓਂਦੀ ਹੈ ਕਿ ਰੱਬ ਦੀ ਕਰਨੀ ਅਥਾਹਿ ਹੈ।
    ਇਸ ਹਾਇਬਨ ਨੂੰ ਆਪ ਨੇ ਬੜੇ ਸੁੰਦਰ ਰੰਗ ਵਿਚ ਰੰਗਿਆ ਹੈੁ। ਬਹੁਤ ਬਹੁਤ ਮੁਬਾਰਕਾਂ।

    ReplyDelete
  3. ਹਾਇਬਨ ਪਸੰਦ ਕਰਨ ਲਈ ਆਪ ਸਭ ਦਾ ਸ਼ੁਕਰੀਆ। ਹਾਇਕੁ-ਲੋਕ 'ਤੇ ਇਹ ਵਿਧਾ ਪਹਿਲੀ ਵਾਰ ਪੇਸ਼ ਕੀਤੀ ਗਈ ਹੈ। ਇਸ ਕਰਕੇ ਹੋਰ ਵਧੇਰੇ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦੀ ਹਾਂ ਕਿ ਵਾਰਤਾ ਦੇ ਅੰਤ 'ਚ ਲਿਖੇ ਹਾਇਕੁ ਦਾ ਵਾਰਤਾ ਨਾਲ਼ ਸਿੱਧਾ ਸਬੰਧ ਹੁੰਦਾ ਹੈ ਜੋ ਇਸ ਦੇ ਅਰਥਾਂ ਨੂੰ ਹੋਰ ਵਿਸ਼ਾਲਤਾ ਦਿੰਦਾ ਹੈ।
    ਜ਼ਰਾ ਇਸ ਹਾਇਕੁ ਵੱਲ ਧਿਆਨ ਦਿਓ.......
    ਚੜ੍ਹਦੀ ਲਾਲੀ
    ਪੱਤੀ-ਪੱਤੀ ਖਿੰਡਿਆ
    ਸੂਹਾ ਗੁਲਾਬ।

    ਇਹ ਹਾਇਕੁ ਇਹਨਾਂ ਅਪਾਜਹ ਬੱਚਿਆਂ ਦੇ ਮਾਪਿਆਂ ਦੀ ਮਨੋਦਸ਼ਾ ਨੂੰ ਬਿਆਨ ਕਰਦਾ ਹੈ.........
    ਅਜੇ ਤਾਂ ਦਿਨ ਚੜ੍ਹਿਆ ਹੀ ਸੀ, ਚੜ੍ਹਦੇ ਸੂਰਜ ਦੇ ਸੂਹੇ ਚਾਨਣ ਦੀ ਲਾਲੀ ਵਿਖਾਈ ਹੀ ਦੇਣ ਲੱਗੀ ਸੀ ......ਕਿ ਸੂਹਾ ਗੁਲਾਬ.......ਇਹ ਬੱਚੇ......ਪੱਤੀ-ਪੱਤੀ ਹੋ ਕੇ ਖਿੰਡ ਗਿਆ.....ਇਹਨਾਂ ਦੀ ਹੁਣ ਸਾਰੀ ਉਮਰ ਮਾਪਿਆਂ ਨੇ ਦੇਖਭਾਲ ਕਰਨੀ ਹੈ।
    ਆਸ ਕਰਦੀ ਹਾਂ ਕਿ ਆਪ ਸਾਰਿਆਂ ਨੂੰ ਇਹ ਨਵਾਂ ਉਪਰਾਲਾ ਪਸੰਦ ਆਇਆ ਹੋਵੇਗਾ।

    ReplyDelete
  4. ਨਵਾਂ ਉਪਰਾਲਾ ਸ਼ਲਾਘਾਯੋਗ ਕਦਮ ਹੈ । ਜਾਣਕਾਰੀ ਵਿਚ ਵਾਧਾ ਹੋਇਆ । ਹਾਇਕੁ ਲੋਕ ਦਾ ਘੇਰਾ ਹੋਰ ਵੱਡਾ ਹੋਵੇ ਗਾ । ਦਿਲਚਸਪੀ ਵਧੇ ਗੀ ।ਨਵਾਂ ਅਤੇ ਵਧੇਰੇ ਲਿਖਣ ਦਾ ਮੌਕਾ ਮਿਲੇ ਗਾ । ਆਪ ਦਾ ਧੰਨਵਾਦ॥

    ReplyDelete
  5. Anonymous2.6.14

    ਮਾਪਿਆ ਦੇ ਨਾਲ-ਨਾਲ ਸਮਾਜ ਦਾ ਵੀ ਫ਼ਰਜ਼ ਬਣਦਾ ਕਿ ਇਹਨਾ ਸੂਹੇ ਗੁਲਾਬਾਂ ਪੱਤੀ-ਪੱਤੀ ਖਿੰਡੇ ਹੋਣ ਦ ਅਹਿਸਾਸ ਨਾ ਹੋਣ ਦਈਏ ।
    ਪੱਤੀ-ਪੱਤੀ ਖਿੰਡਣਾ ਸਮਾਜ ਤੋ ਵੱਖ ਹੋ ਕੇ ਜੀਣਾ ਬਹੁਤ ਅੌਖਾ....

    ReplyDelete
  6. ਬਹੁਤ ਖੂਬ ਲਿਖਿਆ ਹੈ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ