ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Jun 2014

ਉਰਦੂ ਇਬਾਤਰ (ਹਾਇਬਨ)

ਗੁਲਾਬੀ ਬਚਪਨ, ਪਤਾਸਿਆਂ ਵਰਗੇ ਦਿਨ ! ਆਪੂੰ ਹੀ ਰੁੱਸ ਕੇ ਆਪੇ ਹੀ ਮੰਨ ਜਾਣਾ।  ਹਰ ਗੱਲ 'ਚ 'ਕਿਉਂ' ਦਾ ਹੋਣਾ। ਉਹਨੀਂ ਦਿਨੀਂ  ਪਾਕਿਸਤਾਨੀ ਟੀ. ਵੀ. ਚੈਨਲ ਦਾ ਕੁਇਜ਼ 'ਨੀਲਾਮ ਘਰ' ਬੜੇ ਚਾਅ ਨਾਲ ਵੇਖਦੇ, ਪਰ ਜਦੋਂ ਕੁਝ ਉਰਦੂ 'ਚ ਲਿਖਿਆ ਆ ਜਾਣਾ ਤਾਂ ਸਾਥੋਂ ਪੜ੍ਹਿਆ ਨਾ ਜਾਣਾ। ਮੇਰੇ ਪਾਪਾ ਸਾਨੂੰ ਪੜ੍ਹ ਕੇ ਦੱਸਦੇ । "ਮੈਨੂੰ ਉਰਦੂ ਪੜ੍ਹਨਾ ਕਿਉਂ ਨਹੀਂ ਆਉਂਦਾ,ਤਾਹਨੂੰ ਕਿਉਂ ਆਉਂਦਾ ਏ ?" ਮੇਰੀ ਹਰ 'ਕਿਉਂ' ਦਾ ਜਵਾਬ ਪਾਪਾ ਹੱਸ ਕੇ ਟਾਲ ਦਿੰਦੇ। ਸ਼ਾਇਦ ਉਹ ਭਾਸ਼ਾਈ ਤੇ ਮਜ਼੍ਹਬੀ ਵੰਡ ਦਾ ਭਾਰ ਸਾਡੇ ਬਾਲ ਮਨਾਂ 'ਤੇ ਨਹੀਂ ਪਾਉਣਾ ਚਾਹੁੰਦੇ ਹੋਣ। 
          " ਸਾਡੇ ਸਕੂਲੇ ਤਾਂ ਕੋਈ ਨੀ ਪੜਾਉਂਦਾ ਸਾਨੂੰ ਉਰਦੂ," ਇੱਕ ਦਿਨ ਮੈਂ ਡਾਢੀ ਨਿਰਾਸ਼ਤਾ ਪ੍ਰਗਟਾਉਂਦਿਆਂ ਕਿਹਾ।  "ਸਕੂਲੇ ਤਾਂ ਸਾਨੂੰ ਵੀ ਕਿਸੇ ਨੇ ਨਹੀਂ ਸੀ ਪੜ੍ਹਾਇਆ ਉਰਦੂ " ਪਾਪਾ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ। ".......ਤੇ ਫੇਰ ਤੁਸੀਂ ਕਿਵੇਂ ਸਿੱਖ ਲਿਆ ਉਰਦੂ ਪੜ੍ਹਨਾ ?" ਮੇਰੀ ਜਿਗਿਆਸਾ ਹੁਲਾਰੇ ਲੈਣ ਲੱਗੀ ਸੀ ਇਹ ਜਾਨਣ ਲਈ।  " ਉਰਦੂ ਸਿੱਖਣ ਦਾ ਮੇਰਾ ਤਾਂ ਇੱਕ ਅਨੋਖਾ ਹੀ ਸਬੱਬ ਬਣਿਆ, " ਕਿਸੇ ਡਾਢੇ ਲੋਰ 'ਚ ਆਉਂਦਿਆਂ ਪਾਪਾ ਕਹਿਣ ਲੱਗੇ। ਪਤਾ ਨਹੀਂ ਕਿਹੜੇ ਲੱਟ -ਲੱਟ ਬਲਦੇ ਦੀਵੇ ਬਲ ਉੱਠੇ ਸਨ ਉਹਨਾਂ ਦੀ ਮਨ ਦੀਵਟ 'ਤੇ। 
                  "ਸੱਠ -ਕਾਹਟ (1960-61) ਦੀ ਗੱਲ ਆ। ਓਦੋਂ ਆਹਾ ਆਪਣਾ ਪੰਜਾਬੀ ਸੂਬਾ ਅਜੇ ਬਣਿਆ ਨਹੀਂ ਸੀ। ਮੈਂ ਪੀ. ਏ.ਯੂ-  ਹਿਸਾਰ ਦੇ ਵੈਟਰਨਰੀ ਕਾਲਜ 'ਚ ਪੜ੍ਹਦਾ ਸੀ। ਅਸੀਂ ਹੋਸਟਲ 'ਚੋਂ ਚਾਰ -ਪੰਜ ਜਾਣੇ ਫਿਲਮ ਵੇਖਣ ਚਲੇ ਗਏ। ਸਿਨਮੇ 'ਚ ਫਿਲਮ ਦਾ ਬੋਰਡ ਉਰਦੂ ਸੀ ਤੇ ਸਾਡੇ ਵਿੱਚੋਂ ਕਿਸੇ ਤੋਂ ਵੀ ਪੜ੍ਹ ਨਾ ਹੋਵੇ। ਦੁਬਿਧਾ 'ਚ ਫਸੇ ਅਸੀਂ ਇੱਕ ਦੂਜੇ ਨੂੰ ਹੁੱਜਾਂ ਜਿਹੀਆਂ ਮਾਰ -ਮਾਰ ਪੁੱਛੀ ਜਾਈਏ,"ਯਾਰ ਕਿਹੜੀ ਫਿਲਮ ਹੋਈ ਇਹ ?" ਫ਼ੋਟੋ 'ਚ ਪ੍ਰਿਥਵੀ ਰਾਜ ਕਪੂਰ , ਦਿਲੀਪ ਕੁਮਾਰ ਤੇ ਮਧੂਬਾਲਾ ਦਿੱਸੀ ਜਾਣ,ਪਰ ਫਿਲਮ ਦਾ ਨਾਂ ਪਤਾ ਨਾ ਲੱਗੇ।  ਐਨੇ ਨੂੰ ਸਾਡੇ ਪਿੱਛੋਂ ਕੋਈ ਬੋਲਿਆ, " ਸਾਊ !ਕੱਪੜੇ ਤਾਂ ਬੜੇ ਸੋਹਣੇ ਪਾਏ ਆ,ਸੂਟਡ -ਬੂਟਡ ਓ ,ਚੰਗੇ ਜੱਚਦੇ ਓ ,ਖਾਂਦੇ -ਪੀਂਦੇ ਘਰਾਂ ਦੇ ਕਾਕੇ ਲੱਗਦੇ ਹੋ,ਪਰ ਬੋਰਡ ਥੋਨੂੰ ਪੜ੍ਹਨਾ ਨੀ ਆਉਂਦਾ।  ਕਾਕਾ ਕਿੰਨਾ ਕੁ ਪੜ੍ਹੇ ਓਂ ?" ਸਾਨੂੰ ਤਾਂ ਜਿਵੇਂ ਸੱਪ ਸੁੰਘ ਗਿਆ ਹੋਵੇ। ਕੋਈ ਜਵਾਬ ਨਾ ਓੜੇ। ਕੀ ਕਹਿੰਦੇ ? ਉਹ ਰੱਬ ਦਾ ਬੰਦਾ ਸਾਡੇ ਚਿਹਰਿਆਂ ਦੇ ਚੜ੍ਹਦੇ -ਲਹਿੰਦੇ ਰੰਗ ਵਾਚਦਾ ਐਨੀ ਗੱਲ ਆਖ ਕੇ ਰਵਾ -ਰਵੀਂ ਲੋਕਾਂ ਦੀ ਭੀੜ 'ਚ ਕਿਧਰੇ ਗੁਆਚ ਗਿਆ, ਪਰ ਦਿਲ ਨੂੰ ਝੰਜੋੜਾ ਦਿੰਦੇ ਬੋਲਾਂ ਦੀ ਛਾਪ ਸਾਡੇ 'ਤੇ ਪਾ ਗਿਆ। ਫੇਰ ਫਿਲਮ ਤਾਂ ਅਸੀਂ ਕੀ ਵੇਖਣੀ ਸੀ, ਉਹਨੀਂ ਪੈਰੀਂ ਪਰਤ ਆਏ। 
           ਉਰਦੂ ਵਾਲਾ ਬੋਰਡ ਸਵਾਲੀਆ ਚਿੰਨ ਬਣ ਕੇ ਮੇਰੇ ਮਨ ਦੀਆਂ ਬਰੂਹਾਂ 'ਤੇ ਆ ਖਲੋਤਾ । ਮੈਂ ਤਾਂ ਸਿੱਧਾ ਬੁੱਕ -ਸਟੋਰ ਗਿਆ। ਉਰਦੂ ਦਾ ਕਾਇਦਾ ਲਿਆ। ਦਸ -ਪੰਦਰਾਂ ਦਿਨਾਂ 'ਚ ਉਰਦੂ ਸ਼ਬਦ -ਜੋੜ ਪੜ੍ਹਨਾ ਸਿੱਖਿਆ। ਪੱਤਝੜ ਪਿੱਛੋਂ ਬਗਾਵਤ ਕਰਕੇ ਆਈ ਬਹਾਰ ਵਾਂਗ ਜਦੋਂ ਅਸੀਂ ਦੁਬਾਰਾ ਫਿਲਮ ਵੇਖਣ ਗਏ ਤਾਂ ਮੇਰੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਜਦੋਂ ਮੈ ਸਾਰਿਆਂ ਨੂੰ ਬੋਰਡ ਪੜ੍ਹ ਕੇ ਸੁਣਾਇਆ। ਫਿਲਮ ਸੀ -ਕੇ ਆਸਿਫ਼ ਦੀ -ਮੁਗਲੇ ਆਜ਼ਮ مغلِ اعظم, ਓਦੋਂ ਦਾ ਸਿੱਖਿਆ ਉਰਦੂ ਮੈਨੂੰ ਅੱਜ ਤੱਕ ਨਹੀਂ ਭੁੱਲਿਆ। " ਗੱਲ ਪੂਰੀ ਕਰਨ ਵੇਲ਼ੇ ਪਾਪਾ ਦੀਆਂ ਅੱਖਾਂ 'ਚ ਇੱਕ ਖਾਸ ਚਮਕ ਸੀ। ਇਓਂ ਲੱਗਦਾ ਸੀ ਕਿ ਜਿਵੇਂ ਸੂਹੀ ਸਵੇਰ ਜਿਹਾ ਓਹ ਬੋਰਡ ਹੁਣ ਵੀ ਉਹਨਾਂ ਦੇ ਸਾਹਮਣੇ ਹੀ ਹੋਵੇ। 
              ਪਾਪਾ ਤੋਂ ਉਰਦੂ ਸਿੱਖਣਾ ਤੇ ਹੋਰ ਪਤਾ ਨਹੀਂ ਕਿੰਨੇ ਅਰਮਾਨ ਦਿਲ 'ਚ ਹੀ ਰਹਿ ਗਏ। ਚੰਦਰੀ ਹੋਣੀ ਉਹਨਾਂ ਨੂੰ ਸਾਡੇ ਤੋਂ ਸਦਾ -ਸਦਾ ਲਈ ਖੋਹ ਕੇ ਲੈ ਗਈ ਅਤੇ ਯਾਦਾਂ ਸਾਡੇ ਮਨਾਂ ਤੋਂ ਤਿਲਕਦੀ ਜ਼ਿੰਦਗੀ ਦੇ ਸੱਖਣੇ ਪਲਾਂ ਨੂੰ ਭਰਨ ਲੱਗੀਆਂ। 

ਟੀ.ਵੀ. 'ਤੇ ਵੇਖਾਂ
ਉਰਦੂ ਇਬਾਰਤ 
ਯਾਦਾਂ 'ਚ ਬਾਪੂ। 

ਡਾ. ਹਰਦੀਪ ਕੌਰ ਸੰਧੂ 

* ਮੇਰੇ ਪਿਤਾ ਜੀ ਦੀ 23 ਵੀਂ ਬਰਸੀ 'ਤੇ ਸ਼ਰਧਾਂਜਲੀ ( 20 ਅਪ੍ਰੈਲ 1940- 14 ਜੂਨ 1991) 
ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਵੇਖੀ ਗਈ। 

5 comments:

  1. पिताजी की स्मृति में रचा गया हाइबन बहुत प्रभावी है साथ ही प्रेरक भी । बहन हरदीप जी ये हमारे आलोक स्तम्भ हैं , जो हमको पल -प्रतिपल प्रेरित करते रहते हैं ।

    ReplyDelete
  2. The words read by daddy during telecast of nilam ghar was "waqfa", waqfa khatam, pakistan television ki peskas etc...

    ReplyDelete
    Replies
    1. ਗੁਰਜੀਤ ਤੇਰੀ ਯਾਦਾਸ਼ਤ ਕਾਬਲੇ ਤਾਰੀਫ਼ ਹੈ ਤੂੰ ਡੈਡੀ ਦੀ ਗੱਲ ਐਨੇ ਧਿਆਨ ਨਾਲ਼ ਸੁਣੀ ਕਿ ਮੈਥੋਂ ਛੋਟਾ ਹੋਣ ਦੇ ਬਾਵਜੂਦ ਤੈਨੂੰ ਉਹ ਸ਼ਬਦ ਵੀ ਯਾਦ ਨੇ ਜੋ ਡੈਡੀ ਪੜ੍ਹ ਕੇ ਸੁਣਾਉਂਦੇ ਸੀ । ਮੇਰੇ ਗੱਲ ਤਾਂ ਯਾਦ ਰਹੀ ਪਰ ਕਹੇ 'ਸ਼ਬਦ' ਭੁੱਲ ਗਈ ਸੀ ਪਰ ਤੇਰੇ ਕਹੇ ਤੋਂ ਚੇਤੇ ਆਉਂਣੇ ਸ਼ੁਰੂ ਹੋ ਗਏ। ਦੂਰੋਂ ਕਿਤੋਂ ਸੁਣਾਈ ਦੇਣ ਲੱਗੇ ਨੇ ਇਹ ਸ਼ਬਦ ਹੁਣ.....'ਵਕਫ਼ਾ'....'ਵਕਫ਼ਾ ਖ਼ਤਮ'......ਤੇ ਪਾਕਿਸਤਾਨ ਟੈਲੀਵਿਯਨ ਦੀ ਪੇਸ਼ਕਸ਼.....!!

      Delete
  3. ਹਾਦਸੇ ਯਾਦ ਰਹਿੰਦੇ ਹਨ ਅਤੇ ਜ਼ਿੰਦਗੀ ਤੁਰਦੀ ਰਹਿੰਦੀ ਹੈ ।ਬੜੇ ਵਾਜਿਬ ਤਰੀਕੇ ਨਾਲ ਬੀਤੇ ਨੂੰ ਯਾਦ ਕੀਤਾ ਹੈ ।

    ReplyDelete
  4. Anonymous16.6.14

    ਯਾਦਾਂ ...
    ਖੂਬਸੂਰਤ ਹਾਇਬਨ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ