ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jun 2014

ਦੂਜਾ ਸਾਲ

ਅੱਜ ਹਾਇਕੁ -ਲੋਕ ਆਪਣਾ ਦੋ ਸਾਲਾਂ ਦਾ ਸ਼ਾਨਦਾਰ ਸਫ਼ਰ ਪੂਰਾ ਕਰ ਚੁੱਕਿਆ ਹੈ। ਨਵੇਂ -ਨਵੇਂ ਨਾਂ ਆ ਕੇ ਜੁੜਦੇ ਗਏ ਤੇ ਸਾਰਿਆਂ ਨੇ ਰਲ ਕੇ ਹਾਇਕੁ -ਲੋਕ ਵਿਹੜੇ ਵਗਦੇ ਠੰਢੇ -ਤੱਤੇ ਬੁੱਲਿਆਂ ਨੂੰ ਮਾਣਦਿਆਂ ਬਣਦਾ ਹੁੰਗਾਰਾ ਵੀ ਦਿੱਤਾ।ਅੱਜ ਤੱਕ ਹਾਇਕੁ-ਲੋਕ 45 ਦੇਸ਼ਾਂ 'ਚ ਪਹੁੰਚ ਚੁੱਕਾ ਹੈ ਤੇ ਇਸ ਨਾਲ਼ 48 ਦੇ ਕਰੀਬ ਰਚਨਾਕਾਰ ਜੁੜ ਚੁੱਕੇ ਹਨ। ਇਹ ਵੈਬ-ਰਸਾਲਾ ਪੰਜਾਬੀ ਹਾਇਕੁ ਦੇ ਨਾਲ਼-ਨਾਲ਼ ਹੋਰ ਜਪਾਨੀ ਕਾਵਿ ਸ਼ੈਲੀਆਂ ਜਿਵੇਂ ਕਿ ਹਾਇਗਾ, ਤਾਂਕਾ, ਸੇਦੋਕਾ, ਚੋਕਾ ਤੇ ਹੁਣ ਹਾਇਬਨ ਵੀ ਪ੍ਰਕਾਸ਼ਿਤ ਕਰਦਾ ਹੈ।  26 ਜੂਨ 2012 ਤੋਂ ਲੈ ਕੇ ਅੱਜ ਤੱਕ 396 ਪੋਸਟਾਂ 'ਚ 1004 ਹਾਇਕੁ, 51 ਹਾਇਗਾ, 98 ਤਾਂਕਾ, 51 ਸੇਦੋਕਾ , 17 ਚੋਕਾ ਤੇ 9 ਹਾਇਬਨ ਪ੍ਰਕਾਸ਼ਿਤ ਹੋ ਚੁੱਕੇ ਹਨ।ਵੱਖੋ -ਵੱਖਰੀਆਂ ਕਾਵਿ ਸ਼ੈਲੀਆਂ ਦਾ ਅਨੰਦ ਮਾਣਦੇ ਕੁਝ ਸਾਥੀ ਥੋੜਾ ਨਾਲ ਚੱਲੇ ਤੇ ਫੇਰ ਸਮੇਂ ਦੀ ਧੂੜ 'ਚ ਕਿਧਰੇ ਗੁਆਚ ਗਏ। ਬਹੁਤੇਰੇ ਸਾਥੀ ਹਾਇਕੁ -ਲੋਕ ਦੇ ਸੰਦਲੀ ਪੰਨਿਆਂ ਦੇ ਗੁਲਾਬੀ ਪਰਛਾਵਿਆਂ ਦੀ ਛਾਂ ਨੂੰ ਨਿਰੰਤਰ ਮਾਣਦੇ ਹਰ ਨਵੇਂ ਦਿਨ ਨੂੰ ਤੁਪਕਾ -ਤੁਪਕਾ ਕਰ ਕੇ ਪੀਂਦੇ ਰਹੇ।ਓਹਨਾਂ ਆਪਣੇ ਕੀਮਤੀ ਵਿਚਾਰਾਂ ਨੂੰ 1517 ਟਿੱਪਣੀਆਂ ਦੇ ਰੂਪ 'ਚ ਦਰਜ ਕਰਵਾਇਆ।ਸਾਡੇ ਬਹੁਤ ਹੀ ਸਤਿਕਾਰਯੋਗ ਲੇਖਕ ਦਿਲਜੋਧ ਸਿੰਘ ਜੀ ਦੇ ਨਾਂ ਦਾ ਖ਼ਾਸ ਜ਼ਿਕਰ ਕਰਨਾ ਬਣਦਾ ਹੈ ਜਿਹਨਾਂ ਨੇ ਹਾਇਕੁ -ਲੋਕ ਦੀ ਹਰ ਪੋਸਟ 'ਤੇ ਆਪਣੀ ਹਾਜ਼ਰੀ ਸ਼ਬਦੀ ਰੂਪ 'ਚ ਲਗਾਈ ਹੈ। ਪਰਦੇ ਪਿੱਛੇ ਕੰਮ ਕਰਨ ਵਾਲਿਆਂ 'ਚ ਦਵਿੰਦਰ ਭੈਣ ਜੀ ਅਤੇ ਹਿਮਾਂਸ਼ੂ ਜੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਹਾਇਕੁ-ਲੋਕ ਅਧੂਰਾ ਹੈ। 
ਹਾਇਕੁ -ਲੋਕ ਵਿਹੜੇ ਖਿਲਰੇ ਫੁੱਲਾਂ ਦੀ ਖੁਸ਼ਬੂ ਵਰਗੇ ਅਹਿਸਾਸਾਂ ਨੂੰ ਸਮੇਟ ਪਾਠਕਾਂ ਦੀ ਝੋਲੀ ਪਾਉਂਦਿਆਂ ਸਾਡੇ ਕੁਝ ਰਚਨਾਕਾਰਾਂ ਦੀ ਆਪਣੀ ਜ਼ੁਬਾਨੀ......

ਬੜੀ ਖੁਸ਼ੀ ਦੀ ਗੱਲ ਹੈ ਕਿ ਹਾਇਕੁ ਲੋਕ ਨੇ ਦੋ ਸਾਲ ਪੂਰੇ ਕਰ ਲਏ ਹਨ । ਇਹ ਹਰਦੀਪ ਕੌਰ ਦੀ ਮਿਹਨਤ ਅਤੇ ਲਗਨ  ਸਦਕਾ ਹੋ ਰਿਹਾ ਹੈ । ਕੁਝ ਲੇਖਕ ਜੋ ਸ਼ੁਰੂ ਵਿੱਚ ਨਾਲ ਜੁੜੇ ਸਨ ਅੱਗੇ ਪਿੱਛੇ ਹੋ ਗਏ ਹਨ । ਬੜਾ ਸੋਹਣਾ ਲਿਖਦੇ ਸਨ । ਸ਼ਾਇਦ ਤੇਜ ਕਦਮਾਂ ਨਾਲ ਅੱਗੇ ਨਿਕਲ ਗਏ ਹਨ ਜਾਂ ਕੁਝ ਹੌਲੀ ਚੱਲ ਕੇ ਥੋੜਾ ਪਿੱਛੇ ਹੋ ਗਏ ਹਨ ,ਪਰ ਯਾਦ ਜ਼ਰੂਰ ਆਉਂਦੇ ਹਨ । ਲਾਈਏ ਤਾਂ ਤੋੜ ਨਿਭਾਈਏ , ਇੰਨੇ ਨਿਰਮੋਹੀ ਨਾ ਬਣੀਏ। ਹਾਇਕੁ ਲੋਕ ਪੜ੍ਹਨ  ਵਾਲਿਆਂ ਦੀ ਗਿਣਤੀ ਥੋੜੀ ਘੱਟ ਨਜ਼ਰ ਆਉਂਦੀ ਹੈ । ਜਦੋਂ ਕਿਸੇ ਨੂੰ ਆਵਾਜ਼ ਮਾਰੋ ਤਾਂ ਓਹ ਪਿੱਛੇ ਮੁੜ ਕੇ ਜ਼ਰੂਰ ਦੇਖਦਾ ਹੈ । ਹੋ ਸਕਦਾ ਹੈ ਉੱਚੀ ਆਵਾਜ਼ ਮਾਰਨ ਨਾਲ ਰਿਸ਼ਤਿਆਂ ਦਾ ਘੇਰਾ ਹੋਰ ਵੱਡਾ ਹੋ ਜਾਏ ।

ਦਿਲਜੋਧ ਸਿੰਘ
ਨਵੀਂ ਦਿੱਲੀ -ਯੂ. ਐਸ. ਏ.
                                                      *******
ਹਰ ਪਲ ਨੂੰ ਮਾਨਣਾ, ਨਿੱਕੀਆਂ-ਨਿੱਕੀਆਂ ਖੁਸ਼ੀਆਂ ਸੰਗ ਝੋਲੀ ਭਰਨਾ ਤੇ ਝੋਲੀ 'ਚ ਲੁਕਾਈਆਂ ਖੁਸ਼ੀਆਂ ਵੰਡਣਾ ਹੈ ਜ਼ਿੰਦਗੀ।ਨਿੱਕਾ ਜਿਹਾ ਹਾਇਕੁ ਬਹੁਤ ਹੀ ਵਿਸ਼ਾਲ ਤੇ ਡੂੰਘਾ ਹੈ ਜਿਵੇਂ ਨਿੱਕਾ ਜਿਹਾ ਦਿਲ ਸਮੁੰਦਰੋਂ ਡੂੰਘਾ ਹੁੰਦਾ । ਦਿਲ ਦੀਆਂ ਕੋਈ ਨਹੀਂ ਜਾਣਦਾ, ਪਰ ਹਾਇਕੁ ਦੀ ਡੁੰਘਾਈ ਮਾਪਦਾ ਤੈਰਾਕ ( ਪਾਠਕ ) ਤੇ ਇਸ ਵਿਸ਼ਾਲ ਹਾਇਕੁ - ਲੋਕ ਦੇ ਨੀਲੇ ਅੰਬਰਾਂ  'ਚ ਉਡਾਰੀਆਂ ਲਾਉਂਦਾ ਮਨ ਪੰਛੀ ਸੂਖਮ ਅਹਿਸਾਸਾਂ  ਦਾ ਅਨੰਦ ਮਾਣਦਾ ।
ਮੈਂ ਅਗਸਤ 2012 ਤੋਂ ਹਾਇਕੁ - ਲੋਕ ਵੈਬ ਰਸਾਲੇ ਨਾਲ ਜੁੜਿਆ ਹੋਇਆ ਹਾਂ , ਮੈਨੂੰ ਮਾਣ ਹੈ ਕਿ ਮੈਂ ਵੀ ਹਾਇਕੁ - ਲੋਕ ਪਰਿਵਾਰ ਦਾ ਹਿੱਸਾ ਹਾਂ । ਮੈਂ ਅਰਦਾਸ ਕਰਦਾ ਕਿ ਹਾਇਕੁ - ਲੋਕ ਵੈਬ ਰਸਾਲੇ ਦੀ ਉਮਰ ਲੰਮੇਰੀ ਹੋਵੇ, ਵਾਹਿਗੁਰੂ ਸਾਡੀਆਂ ਆਸਾਂ ਨੂੰ ਫਲ਼ ਲਾਵੇ ਅਤੇ ਮਿਹਨਤਾਂ ਰੰਗ ਲਿਆਓਣ, ਆਮੀਨ।
ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਜ਼ਿਲਾ-ਪਟਿਆਲਾ
                                                      *******
ਦੋ ਸਾਲ ਹੋਏ ਇੱਕ ਦਿਮਾਗ ਨੇ ਕੁਝ ਨਵਾਂ ਸਿਰਜਨ ਦਾ ਸੁਪਨਾ ਲਿਆ। ਆਪਣਾ ਸੁਪਨਾ ਸਾਕਾਰ ਕਰਨ ਲਈ ਉਹ ਇਕੱਲੇ ਹੀ ਤੁਰ ਪਏ।ਫਿਰ ਕੀ ਸੀ "ਸਾਥੀ ਆਤੇ ਗਏ ਔਰ ਕਾਫਲਾ ਬਨਤਾ ਗਿਆ"। ਉਸ ਵੇਲੇ ਜੋ ਇਕ ਬੀਜ ਬੀਜਿਆ ਸੀ ਉਹ ਇੱਕ ਫੁੱਲਵਾੜੀ ਦਾ ਰੂਪ ਧਾਰ ਗਿਆ ਹੈ।ਜਿਸ ਵਿੱਚ ਸਾਰੀ ਦੁਨੀਆਂ ਦੇ ਫੁੱਲਾਂ ਦੀ ਮਹਿਕ ਸਮਾ ਗਈ ਹੈ।ਇਸ ਬਗੀਚੇ ਦੇ ਸਿਰਜਨਹਾਰ ਤੇ ਮਾਲੀ ਡਾ: ਹਰਦੀਪ ਕੌਰ ਸੰਧੂ ਜੀ ਨਿਰਸੰਦੇਹ ਵਧਾਈ ਦੇ ਪਾਤਰ ਹਨ।
ਮੈਂ ਕਦੀ ਲਿਖਿਆ ਸੀ ਕਿ:-
"ਪੈਰ ਪੁੱਟ ਤਾਂ ਸਹੀ
ਕਈ ਮਿਲਣਗੇ ਆ "
ਮੈਂ ਬੇਹੱਦ ਖੁਸ਼ ਹਾਂ ਕਿ ਅੱਜ ਸਾਡੇ ਨਾਲ਼ ਕਈ ਸਾਥੀ ਆ ਮਿਲੇ ਹਨ।ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਡਾ ਇਹ ਹਾਇਕੁ-ਲੋਕ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ। 
ਇੰਜ: ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ-ਸਿਡਨੀ) 
                                                     *******
ਅੱਜ ਹਾਇਕੁ -ਲੋਕ ਨੂੰ ਆਰੰਭਿਆਂ ਦੋ ਸਾਲ ਬੀਤ ਚੁੱਕੇ ਹਨ। ਡਾ. ਹਰਦੀਪ ਇਸ ਕਾਰਜ ਲਈ ਵਧਾਈ ਦੀ ਹੱਕਦਾਰ ਹੈ। ਉਸ ਦੀ ਵਿਦਵਤਾ ਅਤੇ ਭਰਪੂਰ ਕੋਸ਼ਿਸ਼ਾਂ ਸਦਕਾ ਹਾਇਕੁ -ਲੋਕ ਇੱਕ ਸਿਰਕੱਢ ਬਲਾਗ ਦੇ ਰੂਪ 'ਚ ਰੌਸ਼ਨ ਹੈ। ਇਸ ਬਲਾਗ ਦੀ ਵਧੀਆ ਤਰਤੀਬ ਤੇ ਸੁੰਦਰ ਲੜੀ ਕਾਬਲੇ -ਤਾਰੀਫ਼ ਹੈ। ਹਾਇਕੁ ਤੋਂ ਤਾਂਕਾ ਤੇ ਹਾਇਬਨ ਤੱਕ ਦਾ ਸਫ਼ਰ ਸ਼ਾਨਦਾਰ ਹੈ। ਸਫ਼ਰ ਦੌਰਾਨ ਅਨੇਕਾਂ ਲੇਖਕਾਂ ਨੂੰ ਉਂਗਲੀ ਲਾ ਕੇ ਤੋਰਨਾ ਛੋਟੀ ਭੈਣ ਹਰਦੀਪ ਦੀ ਇੱਕ ਹੋਰ ਪ੍ਰਾਪਤੀ ਹੈ। ਸ਼ਾਲਾ ਇਹ ਮਾਣਯੋਗ ਬਲਾਗ ਬੁਲੰਦੀਆਂ ਨੂੰ ਛੂਹੇ। 

ਪ੍ਰੋ.ਦਵਿੰਦਰ ਕੌਰ ਸਿੱਧੂ
ਦੌਧਰ -ਮੋਗਾ 

                                                  *******
ਅੱਜ ਹਾਇਕੁ-ਲੋਕ ਨੇ ਆਪਣੇ ਦੋ ਸਾਲ ਪੂਰੇ ਕਰ ਲਏ ਹਨ।ਵੱਡੀ ਭੈਣ ਹਰਦੀਪ ਅਤੇ ਸਾਰੇ ਲੇਖਕ- ਪਾਠਕ ਵਧਾਈ ਦੇ ਪਾਤਰ ਹਨ। ਇਹ ਇੱਕ ਵਧੀਆ ਬਲਾਗ ਹੈ ਜੋ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਦਾ ਹੈ।ਇਸ ਆਉਂਦੇ ਵਰ੍ਹੇ ਵੀ ਹਾਇਕੁ-ਲੋਕ ਇੰਝ ਹੀ ਵੱਧਦਾ-ਫੁੱਲਦਾ ਰਹੇ। 
ਵਰਿੰਦਰਜੀਤ ਸਿੰਘ ਬਰਾੜ 
(ਬਰਨਾਲਾ)
                                        *******

ਹਿੰਦੀ ਹਾਇਕੁ ਨੂੰ ਜੁਲਾਈ 'ਚ ਚਾਰ ਸਾਲ ਹੋ ਜਾਣਗੇ ਤੇ ਹਾਇਕੁ-ਲੋਕ ਹੁਣ ਤੀਸਰੇ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ।  ਡਾ. ਹਰਦੀਪ ਸੰਧੂ ਨੇ ਜਿਵੇਂ ਹਿੰਦੀ ਹਾਇਕੁ ਨਾਲ਼ ਦੁਨੀਆਂ ਦੇ ਬਹੁਤੇਰੇ ਰਚਨਾਕਾਰਾਂ ਨੂੰ ਜੋੜਿਆ ਹੈ , ਇਸੇ ਤਰਾਂ ਹਾਇਕੁ-ਲੋਕ ਦੇ ਮਾਧਿਅਮ ਨਾਲ਼ ਪੰਜਾਬੀ ਹਾਇਕੁ ਨੂੰ ਨਵੀਂ ਦਿਸ਼ਾ ਦੇ ਨਾਲ਼-ਨਾਲ਼ ਗੁਣਾਤਮਕ ਤਬਦੀਲੀਆਂ ਕਰ ਕੇ ਪੰਜਾਬੀ ਹਾਇਕੁ, ਤਾਂਕਾ, ਸੇਦੋਕਾ ਤੇ ਹਾਇਬਨ ਵਰਗੀਆਂ ਨਵੀਆਂ ਜਪਾਨੀ ਕਾਵਿ ਸ਼ੈਲੀਆਂ ਨਾਲ਼ ਵੀ ਜੋੜਿਆ ਹੈ। ਦੋ ਸਾਲਾਂ 'ਚ 396 ਪੋਸਟਾਂ ਦਾ ਪ੍ਰਕਾਸ਼ਨ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਆਪ ਨੇ ਦੋ ਸਾਲਾਂ 'ਚ 396 ਦਿਨ ਹਾਇਕੁ-ਲੋਕ ਨੂੰ ਦਿੱਤੇ ਹਨ।ਦੂਸਰਿਆਂ ਦੀਆਂ ਲੱਤਾਂ ਖਿੱਚ ਕੇ ਸੁੱਟਣ ਵਾਲੇ ਲੋਕ ਸਾਹਿਤ ਵਿੱਚ ਬਹੁਤ ਮਿਲ ਜਾਣਗੇ, ਲੇਕਿਨ ਸਭ  ਨੂੰ ਨਾਲ ਲੈ ਕੇ ਚੱਲਣ ਵਾਲੇ ਤੇ ਉਦਾਰ ਚਿੱਤ ਅੱਜ ਕਿੰਨੇ ਹਨ ? ਸੱਚ ਮੁੱਚ ਬਹੁਤ ਘੱਟ ਹਨ। ਨੌਕਰੀ ਦੇ ਉਲਝੇਵੇਂ, ਘਰ-  ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ , ਕਦੇ -ਕਦੇ ਸਿਹਤਯਾਬ ਨਾ ਹੁੰਦੇ ਹੋਏ ਵੀ ਹਾਇਕੁ ਵਿਧਾ ਬਾਰੇ ਸੋਚਣਾ ਤੇ ਕੁਝ ਨਾ ਕੁਝ ਨਵਾਂ ਕਰਨ ਦਾ ਜਜ਼ਬਾ ਸੰਧੂ ਜੀ ਵਿੱਚ ਮੌਜੂਦ ਹੈ। ਸਮੇਂ ਦੀ ਘਾਟ ਦਾ ਰੋਣਾ ਰੋਣ ਵਾਲੇ ਬਹੁਤ ਹਨ। ਪਰ  ਸਾਡੀ ਛੋਟੀ ਭੈਣ ਹਰਦੀਪ ਕਈ ਗੱਲਾਂ 'ਚ ਸਾਡੇ ਨਾਲੋਂ ਵੱਡੀ ਹੈ ਕਿਉਂਕਿ ਉਹ ਸਾਡੇ ਲਈ ਵੀ ਪ੍ਰੇਰਣਾ ਦਾ ਸਰੋਤ ਹੈ।  ਪੰਜਾਬੀ ਭਾਸ਼ਾ ਤੇ ਸਾਹਿਤ ਦੇ ਲਈ ਇਹ ਇੱਕ ਇਤਹਾਸਿਕ ਕੰਮ ਹੈ।  ਹਾਰਦਿਕ ਵਧਾਈ !
ਰਮੇਸ਼ਵਰ ਕੰਬੋਜ ਹਿਮਾਂਸ਼ੂ 
(ਨਵੀਂ  ਦਿੱਲੀ )
                                      *******

ਦੋ ਸਾਲਾਂ ਦੇ ਸਫ਼ਰ ਦੌਰਾਨ ਆਈਆਂ ਔਖ -ਸੌਖ ਦੀਆਂ ਘੜੀਆਂ ਹਾਇਕੁ -ਲੋਕ ਪਰਿਵਾਰ ਨੇ ਰਲ -ਮਿਲ ਕੇ ਹੰਢਾਈਆਂ ਤੇ ਹਾਇਕੁ -ਲੋਕ ਦੇ ਸਾਂਝੇ ਵਿਹੜੇ 'ਚ ਖੁਸ਼ਬੋ ਬਣ ਕੇ ਫੈਲੇ।ਨਵੀਆਂ ਤੰਦਾਂ ਜੁੜੀਆਂ ਤੇ ਸਾਰਿਆਂ ਦੇ ਰਲਵੇਂ ਹੁੰਗਾਰਿਆਂ ਦੇ ਨਾਲ ਹੀ ਇੱਥੇ ਰੋਣਕਾਂ ਲੱਗੀਆਂ .....ਇਹ ਰੌਣਕਾਂ ਸਦਾ ਇੰਝ ਹੀ ਲੱਗਦੀਆਂ ਰਹਿਣ ਬੱਸ ਇਹੋ ਦੁਆ ਹੈ। 
ਸੂਹਾ ਸਵੇਰਾ 
ਨਿੱਤ ਨਵਾਂ ਸੂਰਜ 
ਰੰਗੇ ਬਨ੍ਹੇਰਾ। 

ਡਾ. ਹਰਦੀਪ ਕੌਰ ਸੰਧੂ
*******
ਨੋਟ: ਇਹ ਪੋਸਟ ਹੁਣ ਤੱਕ 45 ਵਾਰ ਵੇਖੀ ਗਈ। 

3 comments:

  1. ਹਾਇਕੁ ਲੋਕ ਨੂੰ ਤੀਜੇ ਵਰੇ ਵਿੱਚ ਪ੍ਰਵੇਸ਼ ਲਈ ਮੁਬਾਰਕਾਂ- ਡਾ. ਹਰਦੀਪ ਕੌਰ ਸੰਧੂ ਜੀ ਦੀ ਮਿਹਨਤ ਲਗਾਤਾਰ ਸਫਲ ਹੋ ਰਹੀ ਹੈ ।ਆਸ ਹੈ ਕਿ ਹਾਇਕੁ ਲੋਕ ਆਪਣਾ ਇਹ ਨਿਰੰਤਰ ਸਫਰ ਜਾਰੀ ਰੱਖੇਗਾ।ਮੈਂ ਲਗਾਤਾਰ ਇਸ ਨਾਲ ਜੁੜਿਆ ਨਹੀ ਰਹਿ ਸਕਿਆ, ਇਸਦਾ ਅਫਸੋਸ ਹੈ, ਪਰ ਇਸ ਵਰੇ ਹੋਰ ਵਧੇਰੇ ਸਰਗਰਮੀ ਨਾਲ ਭਾਗ ਲਵਾਂਗਾ।
    ਧੰਨਵਾਦ
    ਜਗਦੀਸ਼ ਰਾਏ ਕੁਲਰੀਆਂ
    ਬਰੇਟਾ (ਮਾਨਸਾ)

    ReplyDelete
  2. ਜਨਮ ਦਿਨ
    ਦੂਜੀ ਵਾਰ ਮਨਾਏ
    ਹਾਇਕੁ -ਲੋਕ

    ReplyDelete
  3. 26 ਜੂਨ 2014 ਨੂੰ ਹਾਇਕੁ-ਲੋਕ ਨੇ ਆਪਣੇ ਸਫਰ ਤੇ ਦੋ ਸਾਲ ਪੂਰੇ ਕਰ ਲਏ ਹਨ। ਇਹ ਖਬਰ ਕੰਨੀ ਪੈਂਦੇ ਹੀ ਮੈਂ ਆਪਣੀ ਖੁਸ਼ੀ ਦਾ ਠਿਕਾਣਾ ਹੀ ਭੁੱਲ ਗਿਆ। ਜਦੋਂ ਮੈਂ ਪਹਿਲੀ ਵਾਰ ਕੋਈ ਹਾਇਕੁ ਪੜ੍ਹਿਆ ਸੀ , ਮੈਂ ਵੀ ਹਾਇਕੁ ਲਿਖਣ ਦੀ ਚਾਹਤ ਕੀਤੀ। ਤਿੰਨ ਲਾਇਨਾਂ ਪੂਰੀ ਗੱਲ ਕਹਿ ਦਿੰਦੀਆਂ ਹਨ। ਮੈਂ, ਵੱਡੇ ਭੈਣ ਹਰਦੀਪ ਕੌਰ ਸਿੱਧੂ ਜੀ ਦੇ ਆਸ਼ਿਰਵਾਦ ਸਦਕਾ 17 ਅਗਸਤ 2013 ਨੂੰ ਆਪਣਾ ਹਾਇਕੁ "ਦਿਨ ਖੁਸ਼ੀ ਦਾ" ਲੈ ਕੇ ਹਾਜ਼ਰੀ ਲਵਾਈ ਸੀ। ਅੱਜ ਤੱਕ ਮੈਨੂੰ ਹਾਇਕੁ ਪਰਿਵਾਰ ਵੱਲੋਂ ਬਹੁਤ ਪਿਆਰ ਮਿਲਿਆ ਹੈ... ਮੈਂ ਹਾਇਕੁ ਪਰਿਵਾਰ ਨੂੰ ਇਸ ਮੁਬਾਰਕ ਮੌਕੇ ਤੇ ਬਹੁਤ ਬਹੁਤ ਵਧਾਈ ਭੇਜਦਾ ਹਾਂ। .........
    ........ਪਾਲੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ