ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Aug 2014

ਜੁਗਨੀਨਾਮਾ- 2. ਬਾਰ ਦੀ ਜੂਹੇ (ਹਾਇਬਨ)


Click the arrow to listen

ਤਿੱਖੜ ਦੁਪਹਿਰਾ .......ਨਿੰਮ ਥੱਲੇ ਚਰਖਾ ਕੱਤਦੀ ਬੇਬੇ। ਕੋਲ ਬੈਠੀ ਜੁਗਨੀ ਨੂੰ ਦੇਖ ਕੇ ਬੇਬੇ ਪੁੱਛਣ ਲੱਗੀ, " ਕੁੜੇ ਜੁਗਨੀ ਅੱਜ ਸਕੂਲੇ ਨੀ ਜਾਣਾ ?" " ਬੇਬੇ ਅੱਜ ਛੁੱਟੀ ਹੈ ......ਅੱਜ ਆਜ਼ਾਦੀ ਦਿਵਸ ਹੈ। " ਜੁਗਨੀ ਨੇ ਬੇਬੇ ਨੂੰ ਜਿਵੇਂ ਬਹੁਤ ਕੁਝ ਚੇਤੇ ਕਰਾ  ਦਿੱਤਾ ਸੀ। ਉਸ ਦੀ ਬਿਰਤੀ ਝੱਟ ਜਾ ਜੁੜੀ ਸੀ 'ਸਾਂਦਲ ਬਾਰ ' ਨਾਲ।

ਨਵੀਂ ਪੂਣੀ ਛੋਹੰਦਿਆਂ ਬੇਬੇ ਕਹਿਣ ਲੱਗੀ," ਪੁੱਤ ਇਹ ਕਾਹਦੀ 'ਜਾਦੀ ਆ ਜਿਹੜੀ ਸਾਨੂੰ ਆਪਣਾ ਮੁਲਖ ਛੱਡ ਕੇ ਮਿਲੀ ਆ। ਘਰੋਂ ਬੇਘਰ ਕਰਤਾ ਸੀ ਏਸ ਖਸਮਾਂ -ਖਾਣੀ 'ਜਾਦੀ ਨੇ। ਉਦੋਂ ਤਾਂ ਲੱਗੇ ਖਬਨੀ ਲੋਟ ਹੀ ਹੋ ਹੋਜੂ ਸਾਰਾ ਕੁਝ.....ਖਬਨੀ  ਮੁੜ ਹੀ ਪਮਾਂਗੇ ਘਰਾਂ ਨੂੰ।  ਪਰ ਕੀ ਪਤਾ ਸੀ ਉਹਨਾਂ ਘਰਾਂ ਦਾ ਮੂੰਹ ਮੁੜ ਕੇ ਦੇਖਣ ਨੂੰ ਨਹੀਂ ਮਿਲਣਾ। ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ......ਇਹ ਖਸਮਾਂ ਖਾਣੀ 'ਜਾਦੀ।
ਲਹੂ ਪੀਣੀਆਂ ਨੰਗੀਆਂ ਤਲਵਾਰਾਂ ਨਾਲ ਵੱਢ -ਟੁੱਕ ਹੋ ਰਹੀ ਸੀ । ਬਾਬੇ ਨਾਨਕ ਤੇ ਪੀਰਾਂ- ਪੰਗਬਰਾਂ ਦੀ ਧਰਤੀ ਰੱਤ ਨਾਲ ਲਾਲੋ- ਲਾਲ ਹੋ ਗਈ ਸੀ। ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ।  ਓਦੋਂ ਤਾਂ ਸਾਡਾ ਰੱਬ ਵੀ ਨਹੀਂ ਸੀ ਬੌਹੜਿਆ।  ਉਹ ਵੀ ਪਤਾ ਨੀ ਕਿਹੜੀ ਗੱਲੋਂ ਡਰਿਆ ਕਿਸੇ ਕਾਲ -ਕੋਠੜੀ 'ਚ ਜਾ ਲੁਕਿਆ ਸੀ ਕਿਧਰੇ। ਧੀਆਂ -ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਕਈਆਂ ਨੇ ਆਪਣੀਆਂ ਧੀਆਂ -ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੇ ਹੱਥੀਂ ਆਪ ਕਰਪਾਨਾਂ ਨਾਲ ਵੱਢਤਾ ਸੀ ਤੇ ਕਈਆਂ ਨੇ ਆਪਣੀਆਂ ਜਿਉਂਦੀਆਂ ਕੁੜੀਆਂ ਨੂੰ ਨਹਿਰਾਂ 'ਚ ਰੋੜਤਾ ਸੀ.............ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ ਤੇ ਕਈਆਂ ਨੂੰ ਕਮਲੇ ਹੋਏ ਮੈਂ ਆਪ ਦੇਖਿਆ। ਆਪਣੇ ਟੱਬਰ ਨੂੰ .......ਆਪਣੇ ਹੱਥੀਂ ਮਾਰ ਕੇ ਕਿਵੇਂ ਕੋਈ ਜਿਉਂ ਲੂਗਾ ਭਲਾ।  ਮਨ 'ਤੇ ਪਿਆ ਵਜਨ ਕਮਲਾ ਨੀ ਕਰੂ ਤਾਂ ਹੋਰ ਕੀ ਕਰੂ ? ਨਾਲੇ ਆਵਦਾ ਮੁਲਖ ਛੱਡਣਾ ਕੀ ਸੁਖਾਲਾ ਪਿਆ।"

ਬੇਬੇ ਦੀਆਂ ਅੱਖਾਂ 'ਚੋਂ ਧਰਲ -ਧਰਲ ਹੰਝੂ ਵਹਿ ਰਹੇ ਸੀ। ਉਸਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਨਾਲੇ ਐਨਕ ਨੂੰ। ਫੇਰ ਉਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਉਹਨੂੰ ਦਰਵਾਜ਼ੇ ਦੇ ਪਰਲੇ ਪਾਸੇ 'ਸਾਂਦਲ ਬਾਰ' ਨੂੰ ਜਾਂਦਾ ਖੌਰੇ ਕੋਈ ਰਾਹ ਹੀ ਦਿੱਖ ਜਾਊ। 

ਆਪਣਾ ਪਿੰਡ ਫਿਰ ਤੋਂ ਦੋਬਾਰਾ ਦੇਖੇ ਬਿਨਾਂ ਹੀ ਬੇਬੇ ਤਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਓਸ ਦੇ ਹੰਝੂ ਜੁਗਨੀ ਦੀਆਂ ਅੱਖਾਂ ਰਾਹੀਂ ਅੱਜ ਵੀ ਵਹਿ ਰਹੇ ਨੇ। ਜੁਗਨੀ ਕੋਲ਼ ਤਾਂ ਹੁਣ ਬੇਬੇ ਦੀ ਮਲਮਲ ਦੀ ਚੁੰਨੀ ਵੀ ਨਹੀਂ ਜਿਸ ਨਾਲ ਅੱਖਾਂ ਪੂੰਝ ਕੇ ਉਹ ਬੇਬੇ ਦੀ ਸਾਂਦਲ ਬਾਰ ਵੇਖ ਸਕੇ। 

ਕੱਤਦੀ ਬੇਬੇ 
ਛੋਹ ਪੂਣੀ ਜਾ ਪੁੱਜੀ 
ਬਾਰ ਦੀ ਜੂਹੇ।  

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ। 

ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ 

4 comments:

  1. ਨੇਤਾ ਲੋਗ ਜਿੰਨਾ ਦਾ ਕੋਈ ਮਾਲ /ਜਾਨ ਦਾ ਨੁਕਸਾਨ ਨਹੀਂ ਸੀ ਹੋਇਆ , ਆਜ਼ਾਦੀ ਤੋ ਬਾਅਦ ਸਤਾ ਤੇ ਕਾਬਜ਼ ਹੋ ਗਏ ਅਤੇ ਉਹਨਾ ਦੇ ਮਰਨ ਬਾਦ ਉਹਨਾ ਦੀਆਂ ਯਾਦਗਾਰਾਂ ਦੀ ਉਸਾਰੀ ਹੋ ਗਈ । ਪਰ ਉਸ ਵੇਲੇ ਦੀ ਹਿੰਸਾ ਵਿਚ ਦਸ ਲਖ ਦੇ ਕਰੀਬ ਮਰ ਗਏ , ਘਰ ,ਇਜ਼ਤ ਗੁਵਾ ਬੈਠੇ ਲੋਗ , ਉਹਨਾ ਦੀ ਕਿਸੇ ਨੇ ਕੋਈ ਯਾਦਗਰ ਨਹੀਂ ਉਸਾਰੀ । ਉਹਨਾ ਸਾਰਿਆਂ ਦੀਆਂ ਯਾਦਾਂ ਬਸ ਲਿਖੀਆਂ ਗਈਆਂ ਲਿਖਤਾਂ ਦੀਆਂ ਸਤਰਾਂ ਵਿਚ ਹੀ ਜੀਵਤ ਹਨ । ਇਹਨਾ ਸਤਰਾਂ ਨੂੰ ਵੀ ਅਜ ਕਲ ਕੋਈ ਨਹੀਂ ਪੜਦਾ । ਉਹੀ ਕੁਝ ਕੁ ਲੋਗ ਪੜ ਲੈਂਦੇ ਹਨ ਜਿਹੜੇ ਸਿਧੇ ਜਾਂ ਅਸਿਧੇ ਤੌਰ ਤੇ ਉਸ ਦੁਖ ਨਾਲ ਜੁੜੇ ਹੋਏ ਹਨ ਅਤੇ ਅਜੇ ਜੀਵਤ ਹਨ । ਬਾਕੀ ਰਬ ਰਾਖਾ । ਤੁਹਾਡੀ ਰਚਨਾ ਮੰਨ ਨੂੰ ਛੂੰਹਦੀ ਹੈ ।
    ਮੈਨੂੰ ਇਸਤਰਾਂ ਲਗਦਾ ਹੈ ਅਜਕਲ ਆਮ ਲੇਖਕ ਦੂਸਰੇ ਦੀ ਰਚਨਾ ਪੜਨ ਵਿਚ ਰੁਚੀ ਨਹੀਂ ਰਖਦਾ ਬਸ ਆਪਣੀ ਹੀ ਰਚਨਾ ਜੇ ਪੋਸਟ /ਛਪੀ ਹੋਵੇ ਤਾਂ ਹੀ site ਖੋਲ ਕੇ ਉਸਨੂੰ ਹੀ ਪੜਦਾ ਹੈ ।

    ReplyDelete
  2. ਦਿਲਜੋਧ ਸਿੰਘ ਜੀ,
    ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਨ ਲਈ ਬਹੁਤ -ਬਹੁਤ ਸ਼ੁਕਰੀਆ।
    ਆਪ ਨੇ ਬਿਲਕੁਲ ਸਹੀ ਕਿਹਾ ਹੈ ਕਿ ਇਸ ਵੰਡ ਤੇ ਵਿਛੋੜੇ ਦਾ ਦਰਦ ਸਿਰਫ਼ ਓਹੀ ਸਮਝਦੇ ਨੇ ਜੋ ਇਸ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਹਨ। ਬਾਕੀਆਂ ਨੂੰ ਇਹ ਵਾਰਤਾ ਐਵੇਂ ਬੇਕਾਰ ਹੀ ਲੱਗਦੀ ਹੋਵੇਗੀ। ਪਰ ਇੱਕ ਸੰਵੇਦਨਸ਼ੀਲ ਵਿਅਕਤੀ ਹੀ ਇਸ ਦਰਦ ਨੂੰ ਸਮਝ ਸਕਦਾ ਹੈ ਚਾਹੇ ਇਹ ਦਰਦ ਉਸ ਦਾ ਆਪਣਾ ਨਾ ਹੋਵੇ। ਲੋਕ ਬਹੁਤ ਸੁਆਰਥੀ ਹੋ ਗਏ ਨੇ ਉਹਨਾਂ ਨੂੰ ਆਪਣੇ ਸਿਵਾਏ ਕੁਝ ਦਿਖਾਈ ਨਹੀਂ ਦਿੰਦਾ। ......ਫਿਰ ਉਹਨਾਂ ਨੂੰ ਕਿਸੇ ਦਾ ਦੁੱਖ ਕਿਵੇਂ ਦਿਖਾਈ ਦੇਵੇਗਾ।
    ਪਰ ਆਪਣਿਆਂ ਨੂੰ ਇਸ ਦਰਦ ਤੋਂ ਜਾਣੂ ਕਰਵਾਉਣਾ ਮੈਂ ਆਪਣਾ ਫਰਜ਼ ਸਮਝਦੀ ਹਾਂ। ਕਦੇ ਤਾਂ ਲੋਕਾਂ ਨੂੰ ਸਮਝ ਆਵੇਗੀ ਕਿ ਇਸ ਤਰਾਂ ਜੋ ਕੁਝ ਹੁੰਦਾ ਹੈ ਗਲਤ ਹੁੰਦਾ ਹੈ। ਮੇਰੀ ਕਲਮ ਇਹ ਵਾਰ -ਵਾਰ ਲਿਖੇਗੀ ਤੇ ਆਪ ਜਿਹੇ ਸੱਜਣ ਇਸ ਨੂੰ ਵਾਰ -ਵਾਰ ਪੜ੍ਹ ਕੇ ਦੁੱਖ ਵੰਡਾਉਣ ਜ਼ਰੂਰ ਆਉਣਗੇ।

    ਹਰਦੀਪ

    ReplyDelete
  3. ਹਰਦੀਪ ਜੀ,
    ਤੁਹਾਡੀ ਲਿਖਤ ਪੜ੍ਹਕੇ ਮੈਨੂੰ ਅਪਨੇ ਨਾਲ ਵਾਪਰੀ ਤੇ ਅਖੀਂ ਡਿਠੀ, ਯਾਦ ਆਗਈ। ਇਸ ਬਲਾਗ ਤੇ ਉਸ ਵੇਲੇ ਦਾ ਵਰਣਨ ਕਰਨ ਲਈ ਲਿਖਨਾ ਸ਼ੁਰੂ ਕੀਤਾ ਸੀ ਤੇ ਕੁਝ ਰੁਝੇਵੇਆਂ ਕਰਕੇ ਅੱਗੇ ਨਾ ਲਿਖ ਸੱਕਿਆ। ਪਰ ਤੁਹਾਡਾ ਹਾਇਬਨ ਪੜ੍ਹਕੇ ਫਿਰ ਉਤਸ਼ਾਹ ਮਿਲਿਆ ਹੈ ਕਿ ਉਸ ਲਿਖਤ ਨੂੰ ਪੂਰਾ ਕੀਤਾ ਜਾਵੇ । ਤੁਹਾਡਾ ਸ਼ੁਕਰੀਆ।

    ReplyDelete
  4. हरदीप बेबे के दर्द ने सोलह आने उस बन्टबारे का सही चित्र् खीन्चा है उसे कभी नही भुलाया जा सकता इस जादी का बाद की पीढ़ी को कुछ याद चित नही ।वह मार काट का जनून कहां खतम हुआ । अगर उस से हमने कुछ सबक लिया होता तो हमारे उन दर्द के दौर से गुजरे लोगों की आत्मा को कुछ तो शान्ती मिली होती ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ