ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Oct 2014

ਬੋਹੜ ਤੇ ਬਜ਼ੁਰਗ (ਹਾਇਬਨ)

ਧਰਮਸ਼ਾਲਾ ਦਾ ਬੋਹੜ ਤੇ ਗੁਰਮੁੱਖ ਸਿਓਂ ਪੁਰਾਣੇ ਸਾਥੀ ਨੇ। ਦੋਨਾਂ ਨੇ ਲੰਬੀ ਉਮਰ ਇੱਕਠਿਆਂ ਲੰਘਾਈ ਹੈ। ਬੋਹੜ ਨੇ ਕਈ ਪੀੜ੍ਹੀਆਂ ਨੂੰ ਆਪਣੀ ਬੁੱਕਲ ਦੀ ਠੰਢੀ ਛਾਂ ਦੇ ਹੁਲਾਰੇ ਦਿੱਤੇ ਨੇ। ਗੁਰਮੁੱਖ ਸਿਓਂ ਜਵਾਨੀ ਵੇਲੇ ਬੋਹੜ ਥੱਲੇ ਬੈਠ ਆਪਣੇ ਸਾਥੀਆਂ ਨਾਲ ਤਾਸ਼ ਕੁੱਟਿਆ ਕਰਦਾ ਸੀ। ਅੱਜ ਬੁਢਾਪੇ ਵਿੱਚ ਪੁੱਜਿਆ ਗੁਰਮੁੱਖ ਸਿਓਂ ਘਰੋਂ ਬੇਕਦਰੀ ਹੁੰਦੀ ਵੇਖ ਆਪਣੇ ਪੁਰਾਣੇ ਸਾਥੀ ਬੋਹੜ ਦੀਆਂ ਜੜ੍ਹਾਂ 'ਤੇ ਬੈਠ ਚਾਰ ਹੂੰਝ ਸੁੱਟ ਦੁੱਖ ਵੰਡਾ ਰਿਹਾ ਸੀ।ਐਨੇ ਨੂੰ ਕੁਝ ਮਜ਼ਦੂਰ ਕੁਹਾੜੇ ਚੁੱਕੀ ਬੋਹੜ ਦਾ ਸਫ਼ਾਇਆ ਕਰਨ ਆ ਪਹੁੰਚੇ। ਅਨਿਆਂ ਹੁੰਦਾ ਵੇਖ ਕੁਦਰਤ ਦੀ ਕਰੋਪੀ ਹੋ ਗਈ। ਬਹੁਤ ਹੀ ਜ਼ੋਰਦਾਰ ਮੀਂਹ ਆ ਗਿਆ ਤੇ ਮਜ਼ਦੂਰ ਆਪਣੇ ਕੁਹਾੜੇ ਚੁੱਕ ਵਾਪਸ ਚੱਲੇ ਗਏ।
  ਗੁਰਮੁੱਖ ਸਿਓਂ ਦੇ ਸੰਗੀ -ਸਾਥੀ ਇੱਕ -ਇੱਕ ਕਰ ਕੇ ਇਸ ਦੁਨੀਆਂ 'ਚੋਂ ਤੁਰ ਗਏ। ਹੁਣ ਓਹ ਇੱਕਲਾ ਹੀ ਬੋਹੜ ਥੱਲੇ ਆ ਕੇ ਬੈਠਾ ਰਹਿੰਦਾ।ਇੱਕ ਦਿਨ ਉੱਥੇ ਬੈਠੇ ਉਸ ਨੂੰ ਲੱਗਾ ਕਿ ਜਿਵੇਂ  ਬਾਬਾ ਬੋਹੜ ਸਮਾਧੀ ਵਿੱਚ ਬੈਠਾ ਹੋਵੇ ਤੇ ਅਚਾਨਕ  ਟਹਿਣੀਆਂ ਦੇ ਹੁਲਾਰੇ ਉਦਾਸੀਨ ਹੋ ਕੇ ਬੰਦ ਹੋ ਗਏ। ਉਸ ਨੂੰ ਲੱਗਾ ਕਿ ਬੋਹੜ ਨੇ ਉਸ ਦੀਆਂ ਤਰਲ ਅੱਖਾਂ ਵੇਖ ਲਈਆਂ ਨੇ ਤੇ ਉਹ ਸਮਾਧੀ 'ਚੋਂ ਨਿਕਲ ਕੇ ਉਸ ਨਾਲ ਦੁੱਖ -ਸੁੱਖ ਵੰਡਾ ਰਿਹਾ ਹੋਵੇ, " ਯਾਰ ਜ਼ਮਾਨਾ ਗੁਜ਼ਰ ਗਿਆ ਲੋਕਾਂ ਦੀ ਸੇਵਾ 'ਚ ਲੱਗਿਆਂ।  ਇਹਨਾਂ ਨੂੰ ਵਾਤਾਵਰਨ ਦੀ ਪਰਵਾਹ ਹੀ ਕੋਈ ਨਹੀਂ। ਪਤਾ ਨਹੀਂ ਕਦੋਂ ਕੁਹਾੜੀ ਚੱਲ ਜਾਵੇ।ਬਜ਼ੁਰਗਾ ਤੂੰ ਹੀ ਕੁਝ ਕਰ।" ਅਗਲੇ ਹੀ ਪਲ   ਬਜ਼ੁਰਗ ਧਾਹੀਂ ਰੋਣ ਲੱਗਾ ਤੇ ਬੋਹੜ ਨੂੰ ਜੱਫੀ ਪਾ ਕਹਿਣ ਲੱਗਾ, " ਮਿੱਤਰਾ ਮੇਰੀ ਹੁਣ ਕੋਈ ਨਹੀਂ ਸੁਣਦਾ, ਇਹ ਲੋਕੀਂ ਤਾਂ ਤੇਰੀ ਛਾਂ ਵੇਚ ਕੇ ਅੱਗ ਖਰੀਦ ਰਹੇ ਨੇ। ਨਾਲੇ ਭਰਾਵਾ ਮੈਨੂੰ ਤਾਂ ਘਰ ਵੀ ਕੋਈ ਨਹੀਂ ਪੁੱਛਦਾ, ਮੈਂ ਤਾਂ ਤੇਰੇ ਤੋਂ ਵੀ ਵੱਧ ਹਮਦਰਦੀ ਦਾ ਪਾਤਰ ਹਾਂ।"

ਬੁੱਢਾ ਬੋਹੜ 
ਬਜ਼ੁਰਗ ਨਿਰਾਸ਼
ਦੋਵੇਂ  ਲਾਚਾਰ। 

ਪ੍ਰੋ. ਦਵਿੰਦਰ ਕੌਰ ਸਿੱਧੂ  
(ਦੌਧਰ -ਮੋਗਾ )

ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ। 

2 comments:

  1. ਸੰਮੇ ਦੇ ਸਭ ਰੰਗ ਨੇ ।ਹਰ ਇਨਸਾਨ ਅਤੇ ਆਲੇ ਦੁਵਾਲੇ ਦੀ ਕਦਰ ਕੀਮਤ ਵਕਤ ਬਦਲ ਰਿਹਾ ਹੈ । ਲੇਖਕ ਦੇ ਮੰਨ ਦੀ ਪੀੜ ਹੈ , ਸੁੰਦਰ ਬਿਆਨ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ