ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Oct 2014

ਪੰਜਾਬੀ ਬੋਲੀ (ਹਾਇਬਨ)

ਛੁੱਟੀ ਦਾ ਦਿਨ।  ਸਿਖਰ ਦੁਪਹਿਰਾ। ਸਿਡਨੀ ਦੀਆਂ ਸੜਕਾਂ 'ਤੇ ਕਾਰਾਂ ਦੀ ਭਰਪੂਰ ਆਵਾਜਾਈ। ਤਿੱਖੀ ਧੁੱਪ ਕਾਰਨ ਗਰਮੀ ਵੱਧ ਗਈ ਸੀ।  ਅਸੀਂ ਕਾਰ ਦੇ ਸ਼ੀਸ਼ੇ ਬੰਦ ਕਰਕੇ ਏ.ਸੀ. ਚਾਲੂ ਕਰ ਲਿਆ । ਟ੍ਰੈਫ਼ਿਕ ਬੱਤੀਆਂ ਲੰਘਦੇ ਅਸੀਂ ਆਪਣੀ ਮੰਜ਼ਿਲ ਵੱਲ ਵਧ ਰਹੇ ਸਾਂ।  ਇੱਕ ਲਾਲ ਬੱਤੀ 'ਤੇ ਆ ਕੇ ਸਾਡੀ ਕਾਰ ਰੁਕੀ।  ਓਦੋਂ ਹੀ ਪੈਦਲ ਯਾਤਰੂਆਂ ਲਈ ਸੜਕ ਪਾਰ ਕਰਨ ਲਈ ਹਰੀ ਬੱਤੀ ਦਾ ਸੰਕੇਤ ਹੋ ਗਿਆ ਸੀ। 
        ਸਿਰ 'ਤੇ ਕੇਸਰੀ ਪਰਨਾ ਤੇ ਤੇੜ ਚਿੱਟਾ ਕੁੜਤਾ -ਪਜਾਮਾ ਪਾਈ, ਸਾਨੂੰ ਇੱਕ ਸੱਜਣ ਸੜਕ ਪਾਰ ਕਰਦਾ ਵਿਖਾਈ ਦਿੱਤਾ। ਕਈ ਕਾਰਾਂ ਕੋਲੋਂ ਲੰਘਦਾ ਹੋਇਆ ਉਹ ਸਾਡੀ ਕਾਰ ਕੋਲ ਆ ਕੇ ਖੜੋ ਗਿਆ। ਉਸਦੇ ਚਿਹਰੇ ਤੋਂ ਪ੍ਰੇਸ਼ਾਨੀ ਸਾਫ਼ ਝਲਕ ਰਹੀ ਸੀ। ਮੇਰੇ ਚੁੰਨੀ ਲਈ ਵੇਖ ਕੇ ਜਾਂ ਫਿਰ ਇਹ ਸੋਚ ਕੇ ਕਿ ਕਾਰ ਚਲਾਉਣ ਵਾਲੇ ਕਾਕੇ ਨੂੰ ਕਿਹੜਾ ਪੰਜਾਬੀ /ਹਿੰਦੀ ਸਮਝ ਆਉਣੀ ਹੈ , ਉਸ ਮੇਰੇ ਵਾਲੇ ਪਾਸਿਓਂ ਕਾਰ ਦੀ ਤਾਕੀ ਖੜਕਾਈ। ਗੱਲ ਸੁਣਨ ਲਈ ਮੈਂ ਕਾਰ ਦਾ ਸ਼ੀਸ਼ਾ ਖੋਲ੍ਹਿਆ। "ਪਾਰਕਲੀ ਗੁਰੂਦੁਆਰਾ ਕਹਾਂ ਹੈ ? ਉਧਰ ਕੋ ਜਾਨੇ ਕਾ ਕੌਨ ਸਾ ਰਾਸਤਾ ਹੈ ?ਯਹਾਂ ਸੇ ਕਿਤਨੀ ਦੂਰ ਹੈ ?" ਇੱਕੋ ਸਾਹੇ ਹੀ ਉਸ ਨੇ ਸਵਾਲਾਂ ਦੀ ਝੜੀ ਲਾ ਦਿੱਤੀ। 
       ਬਿਨਾਂ ਵਕਤ ਗੁਆਏ ਤੇ ਬਿਨਾਂ ਇਹ ਸੋਚਿਆਂ ਕਿ ਪੁੱਛਣ ਵਾਲੇ ਨੂੰ ਪੰਜਾਬੀ 'ਚ ਬੋਲਿਆ ਸਮਝ ਵੀ ਆਵੇਗਾ ਜਾਂ ਨਹੀਂ, ਮੈਂ ਗੁਰਦੁਆਰੇ ਦਾ ਰਾਹ ਸਮਝਾਉਣ ਲੱਗੀ। ਮੇਰੇ ਬੇਟੇ ਨੇ ਓਥੋਂ ਗੁਰਦੁਆਰੇ ਦੀ ਸਹੀ ਦੂਰੀ ਤੇ ਜਾਣ ਲਈ ਅਨੁਮਾਨਿਤ ਸਮੇਂ ਬਾਰੇ ਦੱਸ ਦਿੱਤਾ। ਅਸੀਂ ਦੋਵੇਂ ਪੰਜਾਬੀ ਬੋਲ ਰਹੇ ਸਾਂ।  " ਅੱਛਾ -ਅੱਛਾ !ਬੱਸ ਆਹੀਓ ਸੜਕੇ -ਸੜਕ ਤੁਰੇ ਜਾਣਾ ਹੈ। ਨੱਕ ਦੀ ਸੇਧੇ, ਬੱਸ ਸਮਝ ਗਿਆ । "  ਧੰਨਵਾਦੀ ਸ਼ਬਦਾਂ ਵਜੋਂ ਮੁਸਕਰਾਉਂਦੇ ਹੋਏ ਹੁਣ ਓਹ ਠੇਠ ਪੰਜਾਬੀ ਬੋਲ ਰਿਹਾ ਸੀ। ਅਸੀਂ ਦੋਹਾਂ ਨੇ ਸਹਿਮਤੀ 'ਚ ਸਿਰ ਹਿਲਾਏ।  ਐਨੇ ਨੂੰ ਹਰੀ ਬੱਤੀ ਹੋ ਗਈ ਤੇ ਅਸੀਂ ਆਪਣੇ -ਆਪਣੇ ਰਾਹ ਪੈ ਗਏ। 
        ਉਹ ਅਣਜਾਣ ਰਾਹੀ ਤਾਂ ਕਦੋਂ ਦਾ ਗੁਰੁਦੁਆਰੇ ਅੱਪੜ ਤੇ ਸੁੱਖ -ਸਾਂਦ ਦੀ ਅਰਦਾਸ ਕਰ  ਕਿਤੇ ਸਕੂਨ 'ਚ ਬੈਠਾ ਹੋਣਾ।  ਪਰ ਉਸ ਦੀ ਪਲ ਭਰ ਦੀ ਮਿਲਣੀ ਮੈਨੂੰ ਹੁਣ ਤੱਕ ਪ੍ਰੇਸ਼ਾਨ ਕਰ ਰਹੀ ਹੈ ਕਿ ਪੰਜਾਬੀ ਬੋਲਣੀ ਆਉਣ ਦੇ ਬਾਵਜੂਦ ਵੀ ਉਸ ਨੇ ਹਿੰਦੀ 'ਚ ਗੱਲ ਕਰਨ ਨੂੰ ਤਰਜੀਹ ਦਿੱਤੀ। ਕੀ ਬਹੁਤੇਰੇ ਲੋਕਾਂ ਵਾਂਗ ਉਸ ਨੂੰ ਵੀ ਇਹੋ ਲੱਗਦਾ ਹੋਣਾ ਕਿ ਜੇ ਪੰਜਾਬ ਦੇ ਸ਼ਹਿਰੀ ਲੋਕ ਹਿੰਦੀ / ਅੰਗਰੇਜ਼ੀ 'ਚ ਗੱਲ ਕਰਨ ਨੂੰ ਆਪਣੀ ਸ਼ਾਨ ਸਮਝਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰਾਂ ਕਰਕੇ ਸ਼ਾਇਦ ਓਹ ਜ਼ਿਆਦਾ ਪੜ੍ਹੇ ਲਿਖੇ ਨਜ਼ਰ ਆਉਂਦੇ ਨੇ। ਇਹ ਤਾਂ ਹੈ ਹੀ ਫਿਰ ਵਿਦੇਸ਼। ਕਿੰਨੀ ਹੀਣ ਭਾਵਨਾ ਦੇ ਸ਼ਿਕਾਰ ਨੇ ਅਜਿਹੇ ਲੋਕ ਜਿੰਨਾ ਨੂੰ ਆਪਣੇ ਅਸਲ ਹੋਣ 'ਚ ਸ਼ਰਮ ਆਉਂਦੀ ਹੈ।


ਪੰਜਾਬੀ ਬੋਲੀ -
ਬਗੈਰ ਪਤਵਾਰ 
ਕਿਸ਼ਤੀ ਡੋਲੀ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 32 ਵਾਰ ਖੋਲ੍ਹ ਕੇ ਵੇਖੀ ਗਈ। 

ਪੰਜਾਬੀ ਲੋਕਧਾਰਾ 


4 comments:

  1. ਬਹੁਤ ਵਧਿਆ ਲਿਖਿਆ ਡਾਕਟਰ ਸੰਧੂ। ਵੈਸੇ ਪੰਜਾਬੀਆਂ ਦੀ ਫਿਤਰਤ ਹੈ ਦੂਜਿਆਂ ਦੀ ਮੱਦਦ ਕਰਨਾ ਤੇ ਦੂਜਿਆਂ ਦੇ ਸੁਖ ਸਹੁਲਤ ਦਾ ਖਿਆਲ ਰੱਖਣਾ| ਇਸੇ ਕਰਕੇ ਹੀ ਸ਼ਾਇਦ ਅਸੀਂ ਆਪਣੇ ਆਪ ਨੂੰ ਦੂਜਿਆਂ ਦੇ ਮਹੌਲ ਅਨੁਕੂਲ ਢਾਲ ਲੈਂਦੇ ਹਾਂ ਤਾਂਕੇ ਦੂਸਰੇ ਨੂੰ ਤਕ਼ਲੀਫ਼ ਨਾਂ ਹੋਵੇ।

    ReplyDelete
  2. ਸਵਾਲ ਤਾਂ ਤੁਸਾਂ ਠੀਕ ਉਠਾਇਆ ਹੈ ਪਰ ਇਸਦਾ ਹਲ ਨਾਂ ਅਜ ਤਕ ਮਿਲਿਆ ਹੈ ਨਾ ਹੀ ਮਿਲਣ ਦੀ ਉਮੀਦ ਹੈ ।

    ReplyDelete
  3. ਹਰਜਿੰਦਰ ਸਿੰਘ ਜੀ ਤੇ ਦਿਲਜੋਧ ਸਿੰਘ ਜੀ ਹੁੰਗਾਰਾ ਭਰਨ ਲਈ ਸ਼ੁਕਰੀਆ। ਜੇ ਲਿਖਿਆ ਹੋਇਆ ਇੱਕ ਬੰਦਾ ਵੀ ਪੜ੍ਹ ਲਵੇ ਤਾਂ ਲਿਖਣਾ ਸਾਕਾਰ ਹੋ ਜਾਂਦਾ ਹੈ ਇੱਥੇ ਤਾਂ ਦੂਹਰਾ ਹੁੰਗਾਰਾ ਮਿਲਿਆ ਹੈ।
    ਬਿਲਕੁਲ ਸਹੀ ਕਿਹਾ ਕਿ ਦੂਜਿਆਂ ਦੀ ਮਦਦ ਲਈ ਉਹਨਾਂ ਅਨੁਸਾਰ ਢਲਣਾ ਪੰਜਾਬੀਆਂ ਦੀ ਫਿਤਰਤ ਹੈ। ਸਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ। ਅਸੀਂ ਤਾਂ ਕਈ ਵਾਰ ਆਪਣਾ ਨੁਕਸਾਨ ਕਰਕੇ ਵੀ ਦੂਜਿਆਂ ਦੀ ਮਦਦ ਕਰ ਦਿੰਦੇ ਹਾਂ।
    ਮੈਂ ਆਪ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਇਸ ਹਾਇਬਨ ਦੀ ਕੋਈ ਵੀ ਗੱਲ ਮਨਘੜਤ ਨਹੀਂ ਹੈ ਇਸ 'ਚ ਲਿਖਿਆ ਅੱਖਰ -ਅੱਖਰ ਇੰਨ -ਬਿੰਨ ਮੇਰੇ ਨਾਲ ਵਾਪਰਿਆ ਹੈ। ਇਸ ਘਟਨਾ ਤੋਂ ਦੋ ਤਰਾਂ ਦੀ ਮਾਨਸਿਕਤਾ ਸਾਹਮਣੇ ਆਉਂਦੀ ਹੈ। ਪੰਜਾਬੀ ਦੀ ਪਰਵਾਹ ਕਰਨ ਵਾਲੇ ਤੇ ਅਤੇ ਨਾ ਕਰਨ ਵਾਲੇ।ਇੱਕ ਗੱਲ ਤਾਂ ਪੱਕੀ ਹੈ ਕਿ ਕਿਸੇ ਗੱਲ ਨੂੰ ਮਖੌਟਾ ਪਾ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਜਦੋਂ ਅਸੀਂ ਓਸ ਗੱਲ ਨੂੰ ਅਚਨਚੇਤ ਕਹੀਏ ਜਾਂ ਪ੍ਰੇਸ਼ਾਨੀ 'ਚ ਕਹੀਏ। ਬਸ਼ਰਤੇ ਤੁਹਾਡੀ ਮਾਨਸਿਕਤਾ ਇਸ ਗੱਲ ਦੀ ਹਾਮੀ ਭਰਦੀ ਹੋਵੇ। ਮੇਰਾ ਪੰਜਾਬੀ 'ਚ ਬੋਲਣਾ ਅਚਨਚੇਤ ਹੁੰਗਾਰਾ ਸੀ ਕਿਉਂਕਿ ਮੇਰਾ ਧਿਆਨ ਟ੍ਰੈਫ਼ਿਕ ਬੱਤੀਆਂ ਵੱਲ ਵੀ ਸੀ। ਉਹ ਵਿਅਕਤੀ ਤਾਂ ਕਦੋਂ ਦਾ ਪਰੇਸ਼ਾਨ ਫਿਰਦਾ ਹੋਵੇਗਾ ਪੁੱਛਣ ਲੱਗੇ ਸ਼ਾਇਦ ਓਸ ਦਾ ਧਿਆਨ ਵੀ ਬੱਤੀਆਂ ਵੱਲ ਹੋਵੇ ਪਰ ਉਸ ਨੂੰ ਇਹ ਜ਼ਰੂਰ ਲੱਗਦਾ ਹੋਣਾ ਕਿ ਉਸ ਦੇ ਆਲੇ -ਦੁਆਲੇ ਵਿਚਰਨ ਵਾਲੇ ਲੋਕ ਕੇਵਲ ਅੰਗ੍ਰੇਜ਼ੀ ਜਾਂ ਹਿੰਦੀ ਬੋਲਦੇ ਹੋਣਗੇ।
    ਸਾਡੀ ਮਾਨਸਿਕਤਾ ਹੀ ਇਹ ਬਣ ਗਈ ਹੈ ਜਾਂ ਬਣਦੀ ਜਾਂਦੀ ਹੈ ਕਿ ਪੰਜਾਬੀ ਤਾਂ ਕੇਵਲ ਅਨਪੜ੍ਹ ਜਾਂ ਪਿੰਡਾਂ ਵਾਲਿਆਂ ਦੀ ਭਾਸ਼ਾ ਹੈ। ਇਸ ਦਾ ਪ੍ਰਮਾਣ ਮੈਂ ਕਦੇ ਫਿਰ ਆਪ ਨਾਲ ਸਾਂਝਾ ਕਰਾਂਗੀ।
    ਹਿੰਦੀ ਜਾਂ ਅੰਗ੍ਰੇਜ਼ੀ 'ਚ ਮੈਂ ਵੀ ਗੱਲ ਕਰਦੀ ਹਾਂ ਪਰ ਓਦੋਂ ਜਦੋਂ ਸਾਹਮਣੇ ਵਾਲੇ ਨੂੰ ਪੰਜਾਬੀ ਸਮਝ ਨਾ ਆਉਂਦੀ ਹੋਵੇ। ਪੰਜਾਬੀ ਬੋਲਣ ਦਾ ਹੋਕਾ ਦੇਣਾ ਮੈਂ ਆਪਣਾ ਫਰਜ਼ ਸਮਝਦੀ ਹਾਂ ਸੋ ਇਹ ਹੋਕਾ ਮੈਂ ਦਿੰਦੀ ਰਹਾਂਗੀ। ਕਦੇ ਤਾਂ ਕਿਸੇ ਦੇ ਕੰਨੀ ਪਵੇਗਾ।

    ReplyDelete
  4. vadia peshkari hai..punjabi maa boli di behtari laee sanje upralian di jarurt hai ji

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ