ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Nov 2014

ਇੱਕਲਾਪਣ (ਹਾਇਬਨ)

ਹਾਇਬਨ ਸੁਣਨ ਲਈ ਫੋਟੋ 'ਤੇ ਬਣੇ ਤੀਰ ਦੇ ਨਿਸ਼ਾਨ ਨੂੰ ਕਲਿੱਕ ਕਰੋ 


ਇੱਕਲਾਪਣ 
ਛੁੱਟੀਆਂ ਦੇ ਦਿਨ ਚੱਲ ਰਹੇ ਸਨ। ਨਵੇਂ -ਨਵੇਂ ਤਜ਼ਰਬੇ ਕਰਨ ਦੇ ਆਦੀ ਮਨ ਨੂੰ ਇਸ ਵਾਰ ਮਨਨਕਰਨ ਦੀ ਸੁੱਝੀ। ਅੱਖਾਂ ਤੇ ਕੰਨ ਬੰਦ ਕਰਕੇ ਹਨ੍ਹੇਰੇ ਕਮਰੇ ਵਿੱਚ ਬੈਠ ਜਦੋਂ ਅੰਤਰ ਧਿਆਨ ਹੋਣ ਦੀ ਕੋਸ਼ਿਸ਼ ਵਿੱਚ ਸਾਂ ਤਾਂ ਕਿਸੇ ਅਣਕਿਆਸੀ ਜਿਹੀ ਆਵਾਜ਼ ਦਾ ਅਹਿਸਾਸ ਹੋਇਆ। ਸੁੰਨੀਆਂ ਥਾਵਾਂ ਤੋਂ ਆਉਣ ਵਾਲ਼ੀ ਬੀਂਡਿਆਂ ਦੀ ਆਵਾਜ਼ ਜਿਹੀ। ਲੱਗਾ ਕਿ ਮੈਂ ਪੂਰਣ ਰੂਪ 'ਚ ਅੰਤਰ ਧਿਆਨ ਹੋ ਗਈ ਹਾਂ। ਪਰ ਇਹ ਕੀ ? ਇਹ ਆਵਾਜ਼ ਤਾਂ ਹਰ ਪਲ ਹਰ ਘੜੀ ਉਠਦੇ ਬਹਿੰਦੇ ਸੁਣਾਈ ਦੇ ਰਹੀ ਸੀ।  ਇਸੇ ਤਰਾਂ ਕਈ ਹਫ਼ਤੇ ਲੰਘ ਗਏ। ਤੇ ਫ਼ੇਰ ਇੱਕ ਦਿਨ ਅਣਚਾਹੇ ਮਹਿਮਾਨਾਂ ਵਾਂਗ ਆਏ ਮੌਸਮੀ ਫਲੂ ਕਰਕੇ ਮੇਰੇ ਕੰਨ ਖੁਦ -ਬ -ਖੁਦ ਬੰਦ ਹੋ ਗਏ। ਹੁਣ ਮੈਨੂੰ ਬਾਹਰਲਾ ਸ਼ੋਰ ਬਹੁਤ ਘੱਟ ਸੁਣਾਈ ਦੇ ਰਿਹਾ ਸੀ। ਪਤਾ ਨਹੀਂ ਇਹ ਸ਼ੋਰ ਮੈਥੋਂ ਦੂਰ ਹੋ ਗਿਆ ਸੀ ਜਾਂ ਮੈਂ ਸ਼ੋਰ ਤੋਂ ਦੂਰ ਹੋ ਗਈ ਸਾਂ। ਇਉਂ ਲੱਗਦਾ ਸੀ ਜਿਵੇਂ ਮੇਰੇ ਅੰਤਰ ਮਨ ਦੇ ਉਡਣ ਖਟੋਲੇ 'ਤੇ ਮੋਟੇ ਕਾਲ਼ੇ ਪਰਦੇ ਟੰਗੇ ਗਏ ਹੋਣ। ਬਾਹਰਲੇ ਸੰਸਾਰ -ਅਸੰਸਾਰ ਨਾਲ਼ੋਂ ਨਾਤਾ ਤੋੜਨ ਲਈ। ਮਨ ਅੰਬਰ 'ਤੇ ਛਾਈਆਂ ਕਾਲ਼ੀਆਂ ਬਦਲੋਟੀਆਂ ਦੇ ਸਰਕਦੇ ਟੁਕੜਿਆਂ ਕਰਕੇ ਮਨ ਦਾ ਮੌਸਮ ਘਸਮੈਲਾ -ਘਸਮੈਲਾ ਹੋ ਗਿਆ ਸੀ। ਢਹਿੰਦਾ ਸਰੀਰ ਤੇ ਚਿਹਰੇ 'ਤੇ ਪਸਰੀ ਅਦਿੱਖ ਪੀੜ ਕਰਕੇ ਬੇਮੌਸਮੀ ਝੜੇ ਰੁੱਖ ਦੇ ਪੱਤਿਆਂ ਵਾਂਗ ਚਿਹਰਾ ਮਟਮੈਲਾ ਹੋ ਗਿਆ। ਮੈਨੂੰ ਗੱਲਾਂ ਕਰਦੇ ਲੋਕਾਂ ਦੇ ਸਿਰਫ਼ ਬੁੱਲ ਫਰਕਦੇ ਦਿੱਸਦੇ। ਬਹੁਤ ਨੇੜੇ ਜਾ ਕੇ ਬੋਲ ਸੁਣਾਈ ਦਿੰਦੇ। ਫੋਨ ਦੀ ਘੰਟੀ, ਵਹਿੰਦੇ ਪਾਣੀ ਤੇ ਚੱਲਦੇ ਵਾਹਨਾਂ ਦੀਆਂ ਅਵਾਜ਼ਾਂ ਜਾਂ ਫਿਰ ਬੂਹੇ 'ਤੇ ਹੋਈ ਠੱਕ ਠੱਕ, ਸਭ ਕੁਝ ਬਹੁਤ ਮੱਧਮ ਸੁਣਾਈ ਦਿੰਦਾ।  ਲੱਗਦਾ ਸੀ ਕਿ ਇਹ ਅਵਾਜ਼ਾਂ ਕਿਸੇ ਡੂੰਘੇ ਪਾਤਾਲ 'ਚੋਂ  ਆ ਰਹੀਆਂ ਹੋਣ। ਬਹੁਤ ਉੱਚੇ ਸੁਰ 'ਚ ਜੇ ਕੁਝ ਸੁਣਾਈ ਦੇ ਰਿਹਾ ਸੀ ਤਾਂ ਉਹ ਸੀ ਮੇਰੀ ਆਪਣੀ ਹੀ ਪੈੜ ਚਾਲ ਦੀ ਧਮਕ, ਆਪਣੇ ਹੀ ਬੋਲਾਂ ਦੀ ਗੂੰਜ ਜਾਂ ਫ਼ਿਰ ਬੀਂਡਿਆਂ ਦਾ ਅਮੁੱਕ ਤਾਨ। ਦਿਲ ਦਰਿਆ ਦਾ ਪਾਣੀ ਉਪਰੋਂ ਅਹਿੱਲ ਅਡੋਲ ਸੀ ਪਰ ਗਹਿਰਾਈ 'ਚ ਇਹ ਤੇਜ਼ੀ ਨਾਲ਼ ਡੋਲ ਰਿਹਾ ਸੀ। ਮੇਰੀ ਅਦਿੱਖ ਅਰੋਗਤਾ ਦੇ ਪ੍ਰਗਟ ਹੋ ਜਾਣ ਦੀ ਹੋਣੀ ਦੀ ਕੰਧ ਮੇਰੇ ਦੁਆਲ਼ੇ ਉਸਰ ਗਈ ਸੀ।ਇੱਕ ਹੋਰ ਡਾਢੀ ਦੁਬਿਧਾ ਦੇ ਸ਼ਿਕੰਜੇ ਨੇ ਮੇਰੇ ਆਪੇ ਨੂੰ ਜਕੜ ਲਿਆ ਕਿ ਸਾਹਮਣੇ ਵਾਲ਼ੇ  ਨੂੰ ਮੇਰਾ  ਬੋਲਿਆ ਸੁਣਾਈ ਦੇ ਰਿਹਾ ਜਾਂ ਨਹੀਂ ? ਜਦੋਂ ਮੈਂ ਬੋਲਦੀ ਹਾਂ ਲੱਗਦਾ ਹੈ ਕਿ ਮੈਂ ਆਪੇ ਨਾਲ਼ ਹੀ ਗੱਲਾਂ ਕਰੀ ਜਾ ਰਹੀ ਹਾਂ। ਸਹਿਜ ਹੋ ਕੇ ਵੀ ਮੈਂ ਆਪਣੀ ਇਸ ਅੰਦਰੂਨੀ ਪੀੜ ਨਾਲ਼ ਫਿਰ ਤੜਫਣ ਲੱਗ ਜਾਂਦੀ। " ਚੱਲੋ ਵਧੀਆ ਜੇ ਸੁਣਾਈ ਨਹੀਂ ਦਿੰਦਾ। ਕੁਝ ਦਿਨ ਅਰਾਮ ਕਰੋ।" ਮੇਰੀ ਅਦਿੱਖ ਤੇ ਅਕਹਿ ਪੀੜ ਨੂੰ ਅਹਿਸਾਸਣ ਤੋਂ ਬਿਨਾਂ ਹੀ ਕਿਸੇ ਸ਼ੁਭਚਿੰਤਕ ਦੇ ਕਹੇ ਇਹਨਾਂ ਬੋਲਾਂ ਨੇ ਮੇਰਾ ਆਪਾ ਝੰਜੋੜ ਸੁੱਟਿਆ। ਇੱਕ ਪਲ ਮੈਨੂੰ ਇਹ ਇੱਕ ਕੋਝਾ ਮਜ਼ਾਕ ਲੱਗਿਆ। ਪਰ ਅਗਲੇ ਹੀ ਪਲ ਇਹਨਾਂ ਬੋਲਾਂ 'ਚੋਂ ਹੀ ਸਾਰਥਕਤਾ ਲੱਭਣ ਦੇ ਯਤਨ ਮਨ ਨੂੰ ਸਕੂਨ ਦੇ ਗਏ। ਚੱਲੋ ਏਸ ਬਹਾਨੇ ਕੁਝ ਘੜੀਆਂ ਲਈ ਏਸ ਬੇਰਿਹਮ ਦੁਨੀਆਂ ਦੇ ਕੁਸੈਲ਼ੇ ਬੋਲਾਂ ਤੋਂ ਕੁਝ ਰਾਹਤ ਤਾਂ ਮਿਲ਼ੀ। ਪਰ ਮਨ ਅੰਦਰ ਫ਼ਿਰ ਵੀ ਭਿਆਨਕ ਸੰਨਾਟਾ ਸੀ। ਬਾਹਰਲੇ ਸ਼ੋਰ ਦੇ ਆਦੀ ਮਨ ਨੂੰ ਭਰਿਆ ਭਕੁੰਨਿਆਂ ਆਲ਼ਾ ਦੁਆਲ਼ਾ ਸੁੰਨਾ -ਸੁੰਨਾ ਪ੍ਰਤੀਤ ਹੋ ਰਿਹਾ ਸੀ। ਸਮੇ ਦੀ ਹਥੇਲ਼ੀ 'ਤੇ ਊਣੇ ਜਿਹੇ ਲੰਘਦੇ ਦਿਨਾਂ ਨੂੰ ਵੇਖ ਕੇ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਹੱਸਾਂ ਜਾਂ  ਰੋਵਾਂ ? ਮੇਰਾ ਵਕਤੀ ਰੋਗ ਤਾਂ ਡਾਕਟਰੀ ਓਹੜ -ਪੋਹੜ ਕਰਕੇ ਕੁਝ ਦਿਨਾਂ ਬਾਅਦ ਠੀਕ ਹੋ ਗਿਆ ਪਰ ਉਹਨਾਂ ਪਲਾਂ 'ਚ ਮੈਂ ਸੁਣਨ ਤੋਂ ਅਸਮਰੱਥ ਲੋਕਾਂ ਦੀ ਜ਼ਿੰਦਗੀ ਕਿਆਸੀ। ਜਿਨ੍ਹਾਂ ਨੂੰ ਇਸ ਰੰਗੀਲੇ ਤੇ ਸ਼ੋਰੀਲੇ ਜੱਗ ਅੰਦਰ ਟੁੱਟ ਚੱਕਰ ਘੁੰਗਰੂਆਂ ਦੀ ਛਣਕ ਕਦੇ ਵੀ ਸੁਣਾਈ ਨਹੀਂ ਦਿੰਦੀ। 


ਇੱਕਲਾਪਣ -
ਰੋਹੀਆਂ ਸੁੰਨਸਾਨ 
ਬੀਂਡੇ ਦਾ ਤਾਨ। 

ਡਾ. ਹਰਦੀਪ ਕੌਰ ਸੰਧੂ  

ਨੋਟ : ਇਹ ਪੋਸਟ ਹੁਣ ਤੱਕ 55 ਵਾਰ ਸੁਣੀ ਗਈ। 

6 comments:

  1. इकल्लापन हाइबन का वाचन बहुत प्रभावशाली है। श्रवण की असमर्थता कितनी पीड़ादायक होती है , इसका चित्रण बहुत बारीकी से किया गया है। बेरहम दुनिया के कड़वे -कसैले बोल सुनाई न पड़ें तो क्या हर्ज़ है । लेकिन साथ ही उन लोगों की बेचारगी मन को चीर जाती है , जो स्थायी रूप से अपनी श्रवण शक्ति खो चुके हैं। यह रचना अपने आप में पूर्ण ही नहीं बल्कि उत्कृष्ट भी है।
    रामेश्वर काम्बोज ‘हिमांशु’

    ReplyDelete
  2. ਕੁਲਦੀਪ ਮਹਿਰੋਕ5.11.14

    ਤੁਹਾਡੇ ਹਾਇਬਨ ਇੱਕਲਾਪਣ ਨੂੰ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਔਖਾ ਹੈ ਬਹੁਤ ਹੀ ਖੂਬਸੂਰਤ ਹਮੇਸ਼ਾਂ ਦੀ ਤਰਾਂ ,ਜਿਵੇਂ ਤੁਸੀਂ ਸੁਣਨ ਤੋਂ ਅਸਮਰੱਥ ਦੀ ਪੀੜ ਨੂੰ ਬਿਆਨ ਕੀਤਾ ਹੈ ਤੇ ਸੋਚਣ ਲਈ ਮਜਬੂਰ ਕੀਤਾ ਹੈ ਕਿ ਅਸੀਂ ਸਭ ਕੁਝ ਹੁੰਦੇ ਹੋਏ ਵੀ ਇਹਨਾਂ ਦੇ ਮਹੱਤਵ ਨੂੰ ਨਹੀਂ ਜਾਣਦੇ।

    ਕੁਲਦੀਪ ਮਹਿਰੋਕ

    ReplyDelete
  3. ਹਰਦੀਪ ਤੂੰ ਕਮਾਲ ਦਾ ਲਿਖਦੀ ਹੈਂ। ਤੇਰੀ ਭਾਸ਼ਾ ਤੇ ਬੋਲੀ ਦੋਨੋ ਅਤਿ ਸੁੰਦਰ ਤੇ ਉਦੇਸ਼ਪੂਰਣ ਹਨ। ਦਿਲ 'ਚੋਂ ਨਿਕਲਿਆ ਹਰ ਸ਼ਬਦ ...ਉਹੀ ਰਚਨਾ ਵਧੀਆ ਬਣਦੀ ਹੈ ਜੋ ਦਿਲ 'ਤੋਂ ਲਿਖੀ ਜਾਵੇ। ਅਲੰਕਾਰਾਂ ਦੀ ਵਰਤੋਂ ਹਾਇਬਨ ਨੂੰ ਕਾਵਿਕ ਬਣਾਉਂਦੀ ਹੈ ....ਜਿਵੇਂ ਅਣਚਾਹੇ ਮਹਿਮਾਨਾਂ ਵਾਂਗ ......... ਅੰਤਰ ਮਨ ਦਾ ਅੰਬਰ .......... ਮਨ ਦਾ ਮੌਸਮ। ............ ਬੇਮੌਸਮੇ ਝੜੇ ਪੱਤਿਆਂ ਵਾਂਗ ਚਿਹਰਾ ਮਟਮੈਲਾ ਆਦਿ। ਇੱਕ ਵਧੀਆ ਹਾਇਬਨ !

    ReplyDelete
  4. ਇਕੱਲਾਪਣ ਲਭਣ ਲਈ ਇਨਸਾਨ ਕਈਂ ਵਾਰੀ ਖੁਦ ਵੀ ਕਦੀ ਕਦੀ ਯਤਨ ਕਰਦਾ ਹੈ ਅਤੇ ਕਈੰ ਵਾਰੀ ਜਿੰਦਗੀ ਵੀ ਸਾਨੂੰ ਇੱਕਲਾ ਕਰਣ ਲਈ ਸਾਡੇ ਤੇ ਕਈੰ ਤਰਾਂ ਦੇ ਤਜਰਬੇ ਕਰਦੀ ਹੈ । ਰਚਨਾ ਨਵੇਕਲੀ ਅਤੇ ਦਿਲ ਖਿਚਵੀਂ ਹੈ ।

    ReplyDelete
  5. हरदीप तेरे साथ इक्कलापन सुना नहीं जिया भी । कितनी खूब सूरती से इस स्थिति का वर्णन किया है । आबाज की मधुरता और शब्दों की आलंकरिक भाषा ने मुझे कितनी बार सुनने को उकसाया नहीं गिना और मैं सुनती गई सुनती गई । जितनी देर जी न भरा । ਪਂਜਾਬੀ ਮੇਂ ਕਹੂੰ ਤੋ ਏਹ ਦਿਲ ਜਕੜਵੀਂ ਰਚਨਾ ਹੈ । ਬਧਾਈ ਜੀ । ਇਸੀ ਤਰਹ ਔਰ ਭੀ ਕੁੜ ਸੁਨਨੇ ਕੋ ਮਿਲਤਾ ਰਹੇਗਾ ਆਸ਼ਾ ਕਰਤੀ ਹੂੰ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ