ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Apr 2015

ਪਲਕ ਝਲਕ ਦਾ ਮੇਲਾ

ਅੱਜ ਤਾਂ ਨਿੱਕੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਜਾਗ ਗਈ ਸੀ।  ਅੱਖਾਂ ਮਲਦੀ ਮੇਰੇ ਕੋਲ ਆ ਕੇ ਕਹਿਣ ਲੱਗੀ, " ਛੇਤੀ ਬਾਹਰ ਚੱਲੋ ........ਮੈਂ ਸ਼ਬਨਮ ਦੇਖਣੀ ਏ ........ਫੇਰ ਧੁੱਪ 'ਚ ਆਪਾਂ ਨੂੰ ਲੱਭਣੀ ਨੀ। "
           ਦੂਜੇ ਹੀ ਪਲ ਅਸੀਂ ਘਰ ਦੀ ਬਗੀਚੀ ਵਿੱਚ ਸਾਂ। ਘਾਹ 'ਤੇ ਪਈ ਸ਼ਬਨਮ ਦੀ ਕੂਲੀ -ਕੂਲੀ ਚਾਦਰ 'ਤੇ ਨੰਗੇ ਪੈਰੀਂ ਚਹਿਲ ਕਦਮੀ ਕਰਨਾ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਸੀ। ਮੇਰੀ ਉਂਗਲ ਫੜੀ ਉਹ ਨਿੱਕੇ -ਨਿੱਕੇ ਸੁਆਲ ਕਰਦੀ ਗਈ ਤੇ ਮੈਂ ਹੁੰਗਾਰਾ ਭਰਦੀ ਜਾਵਾਂ ......." ਕਿੰਨੀ ਸੋਹਣੀ ਲੱਗ ਰਹੀ ਹੈ ਸ਼ਬਨਮ ਘਾਹ 'ਤੇ ਬਿਖਰੀ .......ਇਸ ਦੀ ਹੋਂਦ ਬੱਸ ਕੁਝ ਪਲਾਂ ਦੀ ਪ੍ਰਾਹੁਣੀ ਹੈ। ਇਹੀ ਛਿਣ ਇਸ ਨੂੰ ਜੀਣ ਜੋਗਾ ਬਣਾ ਦਿੰਦੇ ਨੇ। ਇਸ ਦੇ ਇਹ ਪਲ ਕਿਸੇ ਦੇ ਲੇਖੇ ਲੱਗ ਗਏ ਨੇ। " 
          ਸੁਖਦ -ਸੁਖਦ ਸਵੇਰ 'ਚ ਤ੍ਰੇਲ ਸੰਗ ਵਿਚਰਦਿਆਂ ਮੈਂ ਸੋਚਾਂ ਦੇ ਵਹਿਣ 'ਚ ਵਹਿ ਗਈ........" ਹੋਂਦ ਮੇਰੀ ਵੀ ਜੀਣ ਜੋਗੀ ਬਣ ਜਾਵੇ ਜੇ ਇੱਕ ਪਲ ਵੀ ਲੇਖੇ ਲੱਗ ਜਾਵੇ। ਕਾਸ਼ ਮੇਰਾ ਇੱਕ ਪਲ ਇੱਕ ਛਿਣ ਮਨੁੱਖਤਾ ਦੇ ਨਾਂ ਲੱਗ ਜਾਵੇ। ਕਾਸ਼ ਮੈਂ ਸ਼ਬਨਮ ਬਣ ਮਨੁੱਖਤਾ ਦੇ ਪੈਰੀਂ ਵਿਛ ਜਾਵਾਂ, ਐ ਕੁਦਰਤ, ਐ ਕਾਦਰ ਮੈਨੂੰ ਇੱਕ ਪਲ ਹੀ ਐਸਾ ਦੇ ਦੇ। "
          ਮੈਨੂੰ ਪਤਾ ਹੀ ਨਾ ਲੱਗਾ ਨਿੱਕੀ ਕਦੋਂ ਮੇਰੀ ਉਂਗਲ ਛੁੱਡਾ ਕੇ ਪੱਤਿਆਂ 'ਤੇ ਪਈ ਤ੍ਰੇਲ ਨੂੰ ਜਾ ਫੜ੍ਹਨ ਲੱਗੀ।  ਮੇਰੀ ਬਿਰਤੀ ਓਦੋਂ ਟੁੱਟੀ ਜਦੋਂ ਰੋਣਹਾਕੀ ਜਿਹੀ ਹੋਈ ਮੇਰੀ ਚੁੰਨੀ ਖਿੱਚਦਿਆਂ ਉਹ ਬੋਲੀ, "..........ਵੇਖੋ ਮਸਾਂ ਮੈਂ ਮੋਤੀ ਲੱਭੇ ਸਨ  ਪਤਾ ਨਹੀਂ ਕਿੱਥੇ ਚਲੇ ਗਏ?" ਗੋਦੀ ਚੁੱਕ ਮੈਂ ਉਸ ਨੂੰ ਵਰਾਉਂਦਿਆਂ ਸਮਝਾਇਆ , " ਘਾਹ ਦੀਆਂ ਸੋਹਲ ਪੱਤੀਆਂ ਨੂੰ ਨੁਹਾ ਕੇ , ਨੈਣਾਂ ਨੂੰ ਠੰਡਕ ਦੇ ਕੇ , ਮਹੌਲ ਨੂੰ ਖੁਸ਼ਗਵਾਰ ਕਰਕੇ ਇਹ ਮੋਤੀ ਕਿਤੇ ਗਵਾਚੇ ਨਹੀਂ ..... ਸਗੋਂ ਕੁਦਰਤ ਰਾਣੀ ਦੀ ਮਾਣਮੱਤੀ ਗੋਦ 'ਚ ਸੌਣ ਲਈ ਚਲੇ ਗਏ ਨੇ .....ਜਿਵੇਂ ਤੂੰ ਮੇਰੀ ਗੋਦੀ 'ਚ ਸੌਂ ਜਾਂਦੀ ਏਂ। ਕੱਲ ਫਿਰ ਜਾਗਣਗੇ , ਜਿੰਦ ਵਿੱਚ ਜਾਨ ਪਾਉਣਗੇ, ਜੀਣ ਜੋਗਾ ਬਨਾਉਣਗੇ , ਕੁਦਰਤ ਸੰਗ ਮੇਲ ਕਰਾਉਣਗੇ। " " ਸੱਚੀ ......ਹਾਂ ......ਮੁੱਚੀ ......। "ਨਿੱਕੀ ਦੀਆਂ ਅੱਖਾਂ ਦੇ ਤਰਲ ਮੋਤੀ ਮੈਂ ਬੋਚ ਲਏ ਸਨ। 

ਰੁਮਕਦੀ 'ਵਾ 
ਕਤਰਾ ਸ਼ਬਨਮ 
ਚੁੱਗਦੀ ਮੋਤੀ। 

ਪ੍ਰੋ. ਦਵਿੰਦਰ ਕੌਰ ਸਿੱਧੂ 
ਦੌਧਰ -ਮੋਗਾ 
ਨੋਟ: ਇਹ ਪੋਸਟ ਹੁਣ ਤੱਕ 23 ਵਾਰ ਪੜ੍ਹੀ ਗਈ ਹੈ । 

4 comments:

  1. Good explaination of natural work for
    Shortliving things
    Chawla

    ReplyDelete
  2. ਦਵਿੰਦਰ ਭੈਣ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ ਤ੍ਰੇਲ ਬੂੰਦਾਂ ਨੂੰ ਆਪਣੇ ਹਾਇਬਨ ਵਿੱਚ ਬਿਆਨਿਆ ਹੈ.........."ਕਿ ਮੈਂ ਸ਼ਬਨਮ ਬਣ ਪੈਰਾਂ 'ਚ ਵਿਛ ਜਾਵਾਂ" ..........ਆਪ ਦਾ ਕੁਦਰਤ ਨਾਲ ਮੋਹ ਦੇ ਨਾਲ -ਨਾਲ ਆਪ ਦੇ ਕੋਮਲ ਤੇ ਨਿਮਰ ਸੁਭਾਅ ਨੂੰ ਬਿਆਨਦਾ ਹੈ।
    ਭੈਣ ਜੀ ਦੀਆਂ ਲਿਖਤਾਂ ਹਮੇਸ਼ਾਂ ਹੀ ਕਾਬਿਲੇ -ਏ ਤਾਰੀਫ਼ ਹੁੰਦੀਆਂ ਹਨ।

    ReplyDelete
  3. ਕੋਮਲ ਅਤੇ ਸੋਹਨੀ ਲਿਖਤ

    ReplyDelete
  4. ਹਾਇਬਨ ਪੜ੍ਹ ਕੇ ਲੱਗਾ ਕਿ ਮੈਂ ਹੀ ਨਿੱਕੀ ਕੁੜੀ ਹਾਂ ਜੋ ਉਂਗਲ ਫੜ੍ਹ ਕੇ ਤੁਰੀ ਜਾ ਰਹੀ ਹਾਂ ਸ਼ਬਨਮ ਦੇ ਮੋਤੀ ਫੜ੍ਹਨ।
    ਪਰਮ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ