ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Jun 2015

ਪਰਛਾਵਾਂ

ਟੀ. ਵੀ. 'ਤੇ ਚੱਲ ਰਹੇ ਕੁਇਜ਼ ਪ੍ਰੋਗਰਾਮ ਵਿੱਚ ਬੱਚੇ ਨੂੰ ਇੱਕ ਸਵਾਲ ਕੀਤਾ ਗਿਆ, " ਘੜੀ ਦੀ ਕਾਢ ਤੋਂ ਪਹਿਲਾਂ ਸਮਾਂ ਕਿਵੇਂ ਵੇਖਿਆ ਜਾਂਦਾ ਸੀ ?" " ਪਰਛਾਵੇਂ ਨਾਲ" ਬੱਚੇ ਦਾ ਇੱਕ ਟੁੱਕ ਜਵਾਬ ਸੀ। ਸਵਾਲ -ਜਵਾਬ ਦਾ ਇਹ ਸਿਲਸਿਲਾ ਤਾਂ ਪਤਾ ਨਹੀਂ ਕਦੋਂ ਤੱਕ ਚੱਲਦਾ ਰਿਹਾ ਹੋਵੇਗਾ, ਪਰ ਇਹ ਸ਼ਬਦ 'ਪਰਛਾਵਾਂ' ਮੇਰੇ ਬੁੱਤ ਨੂੰ ਓਥੇ ਹੀ ਛੱਡ ਕੇ ਮੇਰੀ ਰੂਹ ਨੂੰ ਉਡਾਰੀ ਮਾਰ ਪਿੰਡ ਲੈ ਗਿਆ। ਹੁਣ ਮੈਂ ਓਸ ਕੰਧ ਨਾਲ ਢੋਹ ਲਾਈ ਖੜ੍ਹੀ ਸਾਂ ਜਿਸ ਦੇ ਪਰਛਾਵੇਂ ਦੀ ਮੇਰੇ ਰੰਗਲੇ ਬਚਪਨ ਨਾਲ ਇੱਕ ਮਿੱਠੜੀ ਸਾਂਝ ਹੈ। 
ਓਦੋਂ ਅਸੀਂ ਸਰਕਾਰੀ ਹਸਪਤਾਲ ਦੇ ਅਹਾਤੇ ਵਿੱਚ ਹੀ ਰਹਿੰਦੇ ਸਾਂ ਜਿੱਥੇ ਮੇਰੇ ਪਾਪਾ ਡਾਕਟਰ ਸਨ। ਮਾਂ ਨਾਲ ਦੇ ਸ਼ਹਿਰ 'ਚ ਅਧਿਆਪਕਾ ਸੀ। ਸਕੂਲੋਂ ਛੁੱਟੀ ਹੋਣ ਮਗਰੋਂ ਪਾਪਾ ਸਾਨੂੰ ਖਾਣਾ ਖੁਆ ਕੇ ਸ਼ਾਮ ਦੀ ਸ਼ਿਫਟ 'ਤੇ ਚਲੇ ਜਾਂਦੇ। ਅਸੀਂ ਆਪਣੇ ਹਾਣੀਆਂ ਨਾਲ ਖੇਡਣ 'ਚ ਮਸਤ ਹੋਏ ਕੱਪੜੇ ਵੀ ਮਿੱਟੋ -ਮਿੱਟੀ ਕਰ ਲੈਂਦੇ। ਅਸੀਂ ਹਸਪਤਾਲ ਜਾ ਕੇ ਪਾਪਾ ਤੋਂ ਵਾਰ -ਵਾਰ ਮਾਂ ਦੇ ਘਰ ਆਉਣ ਦਾ ਸਮਾਂ ਵੀ ਪੁੱਛਦੇ ਰਹਿੰਦੇ। " ਬੱਸ ਇੱਕ ਘੰਟਾ ਰਹਿ ਗਿਆ" ਪਾਪਾ ਸਾਡੀ ਉਡੀਕ ਨੂੰ ਠੁੰਮਣਾ ਲਾਉਣ ਦਾ ਅਸਫ਼ਲ ਯਤਨ ਕਰਦੇ। ਅਸੀਂ ਬਿੰਦ -ਝਟ ਟਪਾਉਂਦੇ ਤੇ ਫੇਰ ਪੁੱਛਣ ਚਲੇ ਜਾਂਦੇ, " ਹੁਣ ਇੱਕ ਘੰਟਾ ਹੋ ਗਿਆ ਕਿ ਨਹੀਂ ?" ਸ਼ਾਇਦ ਓਦੋਂ ਸਾਨੂੰ ਲੰਘਦੇ ਪਲਾਂ ਨੂੰ ਮਾਪਣ ਦੀ ਜਾਂਚ ਨਹੀਂ ਸੀ। ਇਸ ਤਰਾਂ ਪਾਪਾ ਦੇ ਕੰਮ 'ਚ ਵਿਘਨ ਪੈਂਦਾ। 
         ਵਿਹੜੇ ਦੀ ਕੰਧ ਕੋਲ਼ ਜ਼ਮੀਨ 'ਤੇ ਇੱਕ ਲਕੀਰ ਉਲੀਕ, ਇੱਕ ਪੱਕੀ ਇੱਟ ਰੱਖਦਿਆਂ ਪਾਪਾ ਨੇ ਕਿਹਾ, " ਜਦੋਂ ਕੰਧ ਦੀ ਛਾਂ ਏਸ ਇੱਟ 'ਤੇ ਪਵੇਗੀ..... ਮਾਂ ਤੁਹਾਡੇ ਕੋਲ਼ ਹੋਵੇਗੀ। ਪਰ ਹਾਂ ...ਮਾਂ ਦੇ ਆਉਣ ਤੋਂ ਪਹਿਲਾਂ -ਪਹਿਲਾਂ ਨਹਾ -ਧੋ ਕੇ ਸਕੂਲ ਦੇ ਕੰਮ 'ਚ ਜੁੱਟ ਜਾਣਾ ਹੈ। " ਏਸ ਅਖੀਰਲੀ ਗੱਲ 'ਚ ਇੱਕ ਹੁਕਮ ਵਰਗੀ ਮਿੱਠੀ ਹਦਾਇਤ ਹੁੰਦੀ । ਪਾਪਾ ਦੀ ਤਰਕੀਬ ਰੰਗ ਲਿਆਈ ਸੀ। 
            ਆਥਣ ਵੇਲੇ ਇੱਕ ਦੂਜੇ ਦੀਆਂ ਸ਼ਕਾਇਤਾਂ ਲਾਉਂਦੇ ਚਾਹੇ ਮਾਂ ਤੋਂ ਹੀ ਝਿੜਕਾਂ ਖਾਂਦੇ ਪਰ ਸਾਡੀਆਂ ਉਡੀਕਣਹਾਰ ਅੱਖਾਂ ਪਤਾ ਨਹੀਂ ਕਿਓਂ ਓਸ ਕੰਧ ਦੇ ਪਰਛਾਵੇਂ ਵੱਲ ਹੀ ਲੱਗੀਆਂ ਰਹਿੰਦੀਆਂ। ਏਸ ਕਿਓਂ ਦਾ ਜਵਾਬ ਜ਼ਿੰਦਗੀ ਦੇ ਗੁੰਝਲ ਰਾਹਵਾਂ 'ਤੇ ਚੱਲਦਿਆਂ ਹੌਲੀ -ਹੌਲੀ ਆਪੇ ਮਿਲ਼ਣ ਲੱਗਾ ਜਦੋ ਕੜਕਦੀਆਂ ਧੁੱਪਾਂ 'ਚ ਮਾਂ ਗੁਲਮੋਹਰ ਦੀ ਛਾਂ ਬਣ ਖਲੋਈ ਤੇ ਕੜਾਕੇ ਦੀ ਠੰਢ 'ਚ ਹੱਥੀਂ ਸੂਰਜ ਲੈ ਬਹੁੜੀ ਮਾਂ। 

ਢਲਦੀ ਸ਼ਾਮ 
ਕੰਧ ਦਾ ਪਰਛਾਵਾਂ 
ਮਾਂ ਦੀ ਆਮਦ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ।

3 comments:

  1. ਯਾਦਾਂ ਹੀ ਅਤੀਤ ਦਾ ਦਰਪਨ ਹੈ।ਸੁੰਦਰ ਹਾਈਬਨ ਲਈ
    ਵਧਾਈ !

    ReplyDelete
  2. ਤਾਂ ਹੀ ਤਾਂ ਇਹਨਾਂ ਨੂੰ ਯਾਦਾਂ ਦਾ ਨਾਮ ਦਿੱਤਾ ਜਾਂਦਾ ਹੈ ਜੋ ਕਿ ਹਰ ਨਿੱਕੀ -ਨਿੱਕੀ ਗੱਲ ਨਾਲ ਯਾਦ ਆ ਜਾਂਦੀਆਂ ਨੇ - ਇੱਕ ਸੋਹਣੀ ਯਾਦ।
    ਪਰਮ

    ReplyDelete
  3. ਜ਼ਿੰਦਗੀ ਦੀ ਨਿੱਘੀ ਜਿਹੀ ਰਚਨਾ ।ਜ਼ਿੰਦਗੀ ਦੇ ਬੀਤੇ ਹੋਏ ਪਲਾਂ ਨੂੰ ਸ਼ਬਦਾਂ ਵਿਚ ਲਿਖ ਕੇ ਮੰਨ ਨੂੰ ਬੜਾ ਸਕੂਨ ਮਿਲਦਾ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ