ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Dec 2015

ਉਧਾਰੇ ਬੋਲ



            ਬਸੰਤੀ ਰੁੱਤ ਦਾ ਆਮ ਜਿਹਾ ਧੁੱਪੀਲਾ ਦਿਨ। ਖਿੜੇ ਫੁੱਲਾਂ ਜਿਹੀ ਹਾਸੀ  ਡੋਲ੍ਹਦੇ ਗੱਲਾਂ 'ਚ ਗੜੁਚ ਵਿਦਿਆਰਥੀ। ਪਰ ਉਹ ਤਾਂ ਅੱਜ ਵੀ ਹਮੇਸ਼ਾਂ ਵਾਂਗ ਇੱਕ ਪਾਸੇ ਚੁੱਪ -ਗੜੁੱਪ ਬੈਠੀ ਸੀ। ਉਹੀਓ ਭਾਵਹੀਣ ਚਿਹਰਾ, ਸਿਉਂਤੇ ਬੁੱਲ੍ਹ ਤੇ ਝੁਕੀਆਂ ਨਜ਼ਰਾਂ। ਲੱਗਦਾ ਸੀ ਕਿ ਉਸ ਨੇ ਉਮਰਾਂ ਲੰਬੀ ਚੁੱਪ ਨਾਲ ਸਾਂਝ ਪਾ ਲਈ ਹੈ। ਨਾ ਉਹ ਗੂੰਗੀ ਹੈ ਤੇ ਨਾ ਹੀ ਬੋਲੀ ਪਰ ਫਿਰ ਵੀ ਓਹ ਆਪਣੇ ਦੁਆਲੇ ਦੂਰ -ਦੂਰ ਤੱਕ ਪਸਰੀ ਚੁੱਪੀ ਦੇ ਮਾਰੂਥਲਾਂ ਦੇ ਪੈਂਡੇ ਨਿੱਤ ਤਹਿ ਕਰਦੀ ਜਾਪਦੀ ਹੈ ।
    ਪਹਿਲਾਂ -ਪਹਿਲਾਂ ਤਾਂ ਮੈਨੂੰ ਲੱਗਾ ਕਿ ਉਹ ਹੱਦ ਤੋਂ ਵੱਧ ਸ਼ਰਮੀਲੀ ਹੈ। ਹੌਲ਼ੀ  -ਹੌਲ਼ੀ ਖੁੱਲ੍ਹ ਜਾਵੇਗੀ। ਪਰ ਇਹ ਦਿਨ ਕਦੇ ਨਹੀਂ ਆਇਆ। ਪੰਦਰਾਂ ਕੁ ਸਾਲਾਂ ਨੂੰ ਢੁੱਕੀ ਇਸ ਅਣਭੋਲ ਜਿਹੀ ਕੁੜੀ ਨੂੰ ਮੈਂ ਤਾਂ ਸਦਾ ਹੀ ਚੁੱਪ ਦੀ ਬੁੱਕਲ ਮਾਰੀ ਖ਼ਾਮੋਸ਼ ਪਰਛਾਵਿਆਂ ਹੇਠ ਖੜ੍ਹੋਤੇ ਤੱਕਿਆ ਹੈ। ਕਦੇ -ਕਦੇ ਉਹ ਮੈਨੂੰ ਇੱਕ ਅਣਬੁੱਝ ਸੁਆਲ ਜਿਹੀ ਜਾਪਦੀ ਹੈ ਤੇ ਕਦੇ ਧਰਤ -ਅੰਬਰਾਂ ਦੇ ਡੂੰਘੇ ਰਹੱਸ ਵਰਗੀ । ਉਸ  ਦੇ ਕੋਮਲ ਬੁੱਲ੍ਹਾਂ 'ਤੇ ਹਾਸੀ ਨੇ ਕਦੇ ਦਸਤੱਕ ਨਹੀਂ ਦਿੱਤੀ ਸੀ, ਸ਼ਾਇਦ ਜਨਮੀ ਤਾਂ ਉਹ ਚੁੱਪੀ ਵਿੱਚ ਨਹੀਂ ਹੋਵੇਗੀ। ਸਧਾਰਨ ਜਿਹੇ ਨੈਣ -ਨਕਸ਼ਾਂ ਵਾਲੀ ਉਹ ਦੀਵਾਨਗੀ ਦੀ ਹੱਦ ਤੱਕ ਵਿਵਸਥਿਤ ਤੇ ਸਲੀਕੇ ਵਾਲੀ ਹੈ। ਹੁਣ ਵੀ ਉਹ ਸੂਹੇ -ਸੂਹੇ ਅੱਖਰਾਂ ਨੂੰ ਚਿਣ -ਚਿਣ ਕੇ ਕੋਰੇ ਪੰਨਿਆਂ 'ਤੇ ਸਜਾ ਰਹੀ ਹੈ।
        ਧੁਰ ਅੰਦਰ ਤੱਕ ਲਹਿੰਦੀ ਉਸਦੀ ਚੁੱਪੀ ਨੇ ਮੇਰੇ ਦਿਲ -ਦਿਮਾਗ ਦੀਆਂ ਪਰਤਾਂ ਫਰੋਲ ਦਿੱਤੀਆਂ। ਚੁੱਪੀ ਦੀ ਭਾਸ਼ਾ ਮਹਿਸੂਸਣ 'ਤੇ ਮੈਨੂੰ ਉਸ ਦੇ ਨਿੱਜ ਨਾਲ ਜੁੜੀ ਅੰਦਰੂਨੀ ਪੀੜ ਦਾ ਅਹਿਸਾਸ ਹੋਇਆ। ਉਹ ਤਾਂ 'ਸਿਲੈਕਟਿਵ ਮਿਊਟਿਜ਼ਮ' ਨਾਂ ਦੇ ਇੱਕ ਅਵੱਲੇ ਜਿਹੇ ਰੋਗ ਨਾਲ ਪੀੜਿਤ ਹੈ। ਉਸ ਨੇ ਆਪਣੇ ਬੋਲਾਂ ਦੀ ਸਾਂਝ ਸਿਰਫ਼ ਆਪਣੇ ਖੂਨੀ ਰਿਸ਼ਤਿਆਂ ਨਾਲ ਹੀ ਪਾਈ ਹੋਈ ਹੈ। ਘਰ ਦੀਆਂ ਬਰੂਹਾਂ ਤੋਂ ਬਾਹਰ ਪੈਰ ਧਰਦੇ ਹੀ ਉਹ ਚੁੱਪੀ ਦੀ ਹਨ੍ਹੇਰੀ ਗੁਫ਼ਾ 'ਚ ਕਿਧਰੇ ਗੁੰਮ ਹੋ ਜਾਂਦੀ ਹੈ। ਉਸ ਦੇ ਮੂੰਹੋਂ ਕਦੇ ਇੱਕ ਬੋਲ ਵੀ ਨਹੀਂ ਕਿਰਿਆ ਘਰ ਦੀ ਜੂਹ ਦੇ ਏਸ ਪਾਰ। ਉਹ ਤਾਂ ਇੱਕ ਬੰਦ ਸ਼ੀਸ਼ੇ ਦੇ ਡੱਬੇ ਵਿੱਚ ਜਿਉਂ ਰਹੀ ਹੈ ਜਿੱਥੋਂ ਉਹ ਦੁਨੀਆਂ ਨੂੰ ਵੇਖ ਤਾਂ ਸਕਦੀ ਹੈ ਪਰ ਆਪ ਬਾਹਰ ਨਹੀਂ ਨਿਕਲ ਸਕਦੀ। ਓਥੇ  ਬੈਠੀ ਉਹ ਚੀਖਦੀ ਤਾਂ ਹੈ ਪਰ ਕੋਈ ਉਸ ਨੂੰ ਸੁਣ ਨਹੀਂ ਸਕਦਾ।ਨਾ  ਕਿਸੇ ਨੇ ਉਸ ਨੂੰ ਕੁਝ ਖਾਂਦੇ -ਪੀਂਦੇ ਤੱਕਿਆ ਹੈ ਤੇ ਨਾ ਸੱਟ -ਫੇਟ ਲੱਗਣ 'ਤੇ ਕਦੇ  ਰੋਂਦੇ। ਸ਼ਾਇਦ ਆਪਣੇ ਹੰਝੂਆਂ ਨੂੰ ਉਹ ਅੰਦਰ ਹੀ ਪੀ ਜਾਂਦੀ ਹੋਵੇਗੀ । ਸ਼ਬਦ ਉਸ ਦੇ ਮੂੰਹ 'ਚ ਹੁੰਦੇ ਨੇ ਪਰ ਬਾਹਰ ਨਹੀਂ ਆਉਂਦੇ। ਸ਼ੋਰ -ਸ਼ਰਾਬਾ ਉਸ ਦੀ ਏਸ ਚੁੱਪੀ ਨੂੰ ਹੋਰ ਗਾੜ੍ਹਾ ਕਰ ਦਿੰਦਾ ਹੈ। ਹੁਣ ਤਾਂ ਚੁੱਪੀ ਹੀ ਉਸ ਦੀ ਪਛਾਣ ਬਣ ਗਈ ਹੈ।
        ਭਰੇ ਦਰਿਆਵਾਂ ਜਿਹੇ ਮਨ ਤੇ ਸੱਖਣੀਆਂ ਜਿਹੀਆਂ ਨਿਗ੍ਹਾਵਾਂ ਨਾਲ ਹੁਣ ਵੀ ਉਹ ਖਿੜਕੀ 'ਚੋਂ ਬਾਹਰ ਤੱਕ ਰਹੀ ਹੈ, ਰੁੱਖ ਦੀ ਟਹਿਣੀ ਬੈਠੀਆਂ ਰੰਗੀਨ ਚਿੜੀਆਂ ਵੱਲ । ਸ਼ਾਇਦ ਇਹ ਚਿੜੀਆਂ ਹੀ ਉਸ ਦੀ ਏਸ ਚੁੱਪੀ ਨੂੰ ਦੋ ਬੋਲ ਉਧਾਰੇ ਦੇ ਜਾਣ। 
ਡੂੰਘੀਆਂ ਸ਼ਾਮਾਂ
ਚਹਿਕਣ ਚਿੜੀਆਂ
ਛੰਡਦੀ ਚੁੱਪ।

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ

2 comments:

  1. ਹਰਦੀਪ ਅੱਜ ਤੇਰੀ ਆਵਾਜ ‘ਚ ਉਧਾਰੇ ਬੋਲ ਹਾਇਵਨ ਪੜ੍ਹਿਆ ਤੇ ਸੁਣਿਆ। ਬਹੁਤ ਭਾਵ ਭਰਿਆ ਹੈ। ਬੋਲਣ ਚ ਅਸਮਰਥ ਲੜਕੀ ਦੀ ਦਸ਼ਾ ਦਾ ਸ਼ਬਦ ਚਿਤ੍ਰ ਐਨਾ ਸੁੰਦਰ ਬਣਾ ਹੈ ਕਿ ਰੇਖਾਂਵਾ ਨਾਲ ਭੀ ਨਾ ਬਣ ਸਕੇ। … ਉਹ ਤਾਂ ਬੰਦ ਸ਼ੀਸ਼ੇ ਦੇ ਡੱਬੇ ਵਿੱਚ ਜਿਉਂ ਰਹੀ ਹੈ। ...ਇਸ ਲਾਇਨ ਨੇ ਤਾਂ ਸਾਰੇ ਹਾਇਵਨ ਬਿਚ ਛਿਪਿਆ ਦਰਦ ਵਿਆਂ ਕਰ ਦਿੱਤਾ ਹੈ । ਬਹੁਤ ਅਛਾ ਲੱਗਾ। ਢੇਰ ਸਾਰੀ ਮੁਬਾਰਕ ,ਇਸ ਸੁੰਦਰ ਰਚਨਾ ਕੇ ਲਿਏ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ