ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Mar 2016

ਧਰਤ

         ਖੇਤ ਪਹੁੰਚ ਕੇ ਮੈਂ ਦੂਰ ਤੱਕ ਨਿਗ੍ਹਾ ਘੁਮਾਈ। ਹੁਣ ਕਣਕ ਨਿੱਸਰ ਚੁੱਕੀ ਸੀ,ਭਰ ਜੋਬਨ 'ਤੇ ਸੀ। ਨਿੱਕਾ ਜਿਹਾ ਬੀਜ ਧਰਤੀ ਦੀ ਕੁੱਖ 'ਚੋਂ  ਸਿੱਲ੍ਹ ਲੈ ਅੰਗੂਰਦਾ ਹੈ, ਵਧਦਾ ਫੁੱਲਦਾ ਹੈ । ਨਿੱਕਾ ਜਿਹਾ ਬੀਜ ਆਪਣਾ ਜੀਵਨ ਜਿਉਂਦਾ ਕਿੰਨੇ ਪਲ ਹੰਢਾਉਂਦਾ । ਕਣਕ ਨੇ ਹਰੀ ਤੋਂ ਸੁਨਹਿਰੀ ਹੋਣਾ ਹੈ, ਕਣਕ ਦੇ ਸਿੱਟਿਆਂ 'ਚ ਸੋਨਾ ਭਰਨਾ ਹੈ ਕੁਦਰਤ ਨੇ। ਮੈਂ ਧਰਤੀ ਸ਼ਿੰਗਾਰਦਾ ਹਾਂ, ਫਸਲਾਂ ਨੂੰ ਧੀਆਂ ਪੁੱਤਰਾਂ  ਵਾਂਗ ਪਿਆਰਦਾ ਹਾਂ, ਰੁੱਤਾਂ ਮੌਸਮਾਂ ਨੂੰ ਬਜੁਰਗਾਂ ਵਾਂਗ ਸਤਿਕਾਰਦਾ ਹਾਂ, ਮੈਂ ਕਿਰਸਾਣ ਹਾਂ । ਮਨ 'ਚ ਇਹ ਖਿਆਲ ਆਉਂਦਿਆਂ ਹੀ ਹਿਕੜੀ 'ਚ ਦਿਲ ਦੇ ਵਿਹੜੇ ਖੁਸ਼ੀ ਨੱਚ ਉੱਠੀ ਸੀ। 
        ਕਿਸੇ ਨੇ ਠੀਕ ਕਿਹਾ ਹੈ ਕਿ ਘਰ, ਆਲ੍ਹਣੇ, ਰੈਣ ਬਸੇਰੇ ਨੂੰ ਹਰ ਕੋਈ ਲੋਚਦਾ । ਹਰ ਘਰ 'ਚ ਇੱਕ ਲਾਣੇਦਾਰ, ਹਰ ਝੁੰਡ 'ਚ ਇੱਕ ਮੋਹਰੀ ਹੁੰਦਾ । ਮਧੂਮੱਖੀਆ ਦੇ ਝੁੰਡ, ਸ਼ੇਰਾਂ ਦੇ ਝੁੰਡ । ਕਿਸੇ ਵੀ ਤਰਾਂ ਦਾ ਕੰਮ ਹੋਵੇ, ਹਰ ਸ਼ੈਅ ਕਿਸੇ ਨਾ ਕਿਸੇ ਦੇ ਕੰਟਰੋਲ 'ਚ ਹੈ । ਕੀ ਕੁਦਰਤ ਦੀ ਖੂਬਸੂਰਤੀ ਨਾਲ ਸ਼ਿੰਗਾਰਿਆ ਸਾਡਾ ਗ੍ਰਹਿ ਨੀਲਾ ਤਾਰਾ  ਵੀ ਕਿਸੇ ਅਸੀਮ ਸ਼ਕਤੀ ਦੇ ਵੱਸ 'ਚ ਹੈ ? ਇਹ ਸੁਆਲ ਮੈਨੂੰ ਸੋਚੀਂ ਪਾ ਗਿਆ। 
    ਮੇਰੇ ਖਿਆਲ ਮੈਨੂੰ ਮੇਰੇ ਨਾਨਕੇ ਪਿੰਡ ਲੈ ਗਏ। ਚੱਕ 14 ਪੀ ਪਤਰੋੜਾ, ਮੇਰੇ ਮਾਮਿਆਂ ਦਾ ਪਿੰਡ , ਸ਼੍ਰੀ ਗੰਗਾ ਨਗਰ,ਰਾਜਸਥਾਨ। ਇਹ ਪਿੰਡ ਮੇਰੇ ਦਿਲ ਵੱਸਦਾ ਧੜਕਦਾ । ਕੱਚੇ ਰਾਹ, ਰੇਤ ਦੇ ਟਿੱਬੇ, ਮਲ੍ਹੇ ਝਾੜੀਆਂ, ਸਰੋਂ ਦੇ ਫੁੱਲਾਂ ਸੰਗ ਭਰੇ ਖੇਤ, ਕਰੀਰ ਦੇ ਰੁੱਖ। ਇੱਥੇ ਕੁਦਰਤ ਦੀ ਬੁੱਕਲ ਦਾ ਨਿੱਘ ਮਿਲਦਾ, ਪਿਆਰ ਮਿਲਦਾ । ਕੁਦਰਤ ਐਵੇਂ ਪਿਆਰਦੀ ਲੱਗਦੀ ਏ ਜਿਵੇਂ  ਮਾਂ ਨਿੱਕੇ ਜਿਹੇ ਲਾਡਲੇ ਪੁੱਤ ਨੂੰ ਪਿਆਰਦੀ ਹੋਵੇ । 
             ਕਿਸ ਨੇ  ਸ਼ਿੰਗਾਰਿਆ ਹੋਣਾ ਇਸ ਧਰਤ ਨੂੰ ? ਤੂੰ ਅਸੀਮ ਹੈ, ਦੂਰ ਹੈ ਕਰੀਬ ਹੈ ਭੇਦ ਹੈ ਡੂੰਘਾ। 


ਜੋਬਨ ਰੁੱਤ -
ਫੁੱਲਾਂ ਸੰਗ ਭਰਿਆ 
ਸਰੋਂ ਦਾ ਖੇਤ। 

ਬਾਜਵਾ ਸੁਖਵਿੰਦਰ 

ਨੋਟ: ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ 

5 comments:

 1. ਬਹੁਤ ਹੀ ਬਾਰੀਕੀ ਨਾਲ ਕੁਦਰਤ ਦੀ ਖੂਬਸੂਰਤੀ ਨੂੰ ਬਿਆਨਿਆ ਹੈ। ਮਲ੍ਹੇ -ਝਾੜੀਆਂ ਤੇ ਕਰੀਰ ਵਰਗੇ ਭੁੱਲਦੇ ਜਾ ਰਹੇ ਬਿੰਬਾਂ ਦਾ ਪ੍ਰਯੋਗ ਸ਼ਲਾਘਾਯੋਗ ਹੈ। ਇੰਝ ਹੀ ਲਿਖਦੇ ਰਹੋ।
  ਹਰਦੀਪ

  ReplyDelete
 2. ਕੁਦਰਤ ਦੀ ਕਲਾ ਦਾ ਵਰਨਨ ਖੂਬਸੂਰਤ ਢਂਗ ਨਾਲ ਲਿਖੀਆ ਹੈ ਵਧਾਈ ਸੁਖਵਿੰਦਰ ਜੀ

  ReplyDelete
 3. ਤੁਹਾਡੀ ਲਿਖਤ ਪੜ ਕੇ ਕੁਦਰਤ ਨਾਲ ਗੱਲਾਂ ਕਰਣ ਨੂੰ ਜੀ ਕਰ ਰਿਹਾ ਏ ।

  ReplyDelete
 4. Anonymous24.7.16

  ਸਾਰੇ ਹੀ ਸਤਿਕਾਰਯੋਗ ਦੋਸਤਾ ਦਾ ਦਿਲ ਤੋਂ ਸ਼ੁਕਰੀਆ.... ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ