ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Apr 2016

ਜੁਗਨੀਨਾਮਾ -4. ਤੀਲ੍ਹੇ -ਤੀਲ੍ਹੇ ਆਲ੍ਹਣਾ


Click on the arrow to listen Teele -Teele Aalna 

ਹਲਕੀ -ਹਲਕੀ ਧੁੰਦ ਦੀ ਚਾਦਰ ਦੀ ਝੁੰਬ ਮਾਰੀ ਘਰਾਂ ਦੇ ਉੱਤੋਂ ਦੀ ਝਾਕਦਾ ਸੂਰਜ। ਖੇਸ ਦੇ ਬੰਬਲ ਵੱਟਦੀ ਬੇਬੇ। "ਅੰਮਾ ਜੀ ਲੱਸੀ," ਛਿੰਦੋ ਨੇ ਡੋਲੂ ਨੂੰ ਓਟੇ 'ਤੇ ਧਰਦਿਆਂ ਕਿਹਾ। "ਕੁੜੇ ਜੁਗਨੀ ਪੁੱਤ, ਛਿੰਦੋ ਨੂੰ ਲੱਸੀ ਪਾਈਂ ਆ ਕੇ। " ਬੇਬੇ ਨੇ ਉੱਚੀ ਦੇਣੇ ਹਾਕ ਮਾਰਦਿਆਂ ਕਿਹਾ। ਅੱਜ ਫੇਰ ਛਿੰਦੋ ਦੀ ਆਮਦ ਜੁਗਨੀ ਦੇ ਖਿਆਲਾਂ ਦੇ ਦਰ 'ਤੇ ਇੱਕ ਦਸਤਕ ਦੇ ਗਈ। ਉਹ ਆਪਣੇ ਦਿਮਾਗ ਦੇ ਬਾਲਪੁਣੇ ਦੇ ਜਾਲੇ ਲਾਹ ਕੇ ਕੁਝ ਅਣਬੁੱਝ ਸੁਆਲਾਂ ਦੇ ਜਵਾਬ ਲੱਭਣ ਲੱਗੀ। ਜਦੋਂ  ਕੁਝ ਵੀ ਹੱਥ ਪੱਲੇ ਨਾ ਪਿਆ ਤਾਂ ਆਪਣੇ ਸੁਆਲਾਂ ਦਾ ਪੱਲਾ ਬੇਬੇ ਮੂਹਰੇ ਆ ਝਾੜਿਆ, " ਭਲਾ ਬੇਬੇ ਛਿੰਦੋ ਦੀ ਬੀਬੀ ਨੂੰ ਮਿਲਟਰੀ ਆਲੇ ਫ਼ੌਜੀ ਕਿਧਰ ਲੈ ਗਏ ਸੀ ? ਉਹ ਹੁਣ ਕਿੱਥੇ ਆ ? ਕਦੋਂ ਮੁੜ ਕੇ ਆਊਗੀ ?" 
         "ਪੁੱਤ ਓਸ ਕਰਮਾਂ -ਮਾਰੀ ਨੇ ਹੁਣ ਕਿੱਥੋਂ ਮੁੜਨਾ ?" ਜੁਗਨੀ ਦੇ ਸੁਆਲ ਬੇਬੇ ਨੂੰ ਕਈ ਵਰ੍ਹੇ ਪਿਛਾਂਹ ਲੈ ਗਏ। ਚੇਤੇ ਦੇ ਵਹਿਣਾਂ 'ਚ ਵਹਿ ਤੁਰੀ ਬੇਬੇ। " ਛਿੰਦੋ ਦੀ ਬੀਬੀ ਆਪਣੇ ਨਾਲ ਦੇ ਪਿੰਡ ਵਾਲੇ ਜੁਲਾਹੇ ਫਜਲੇ ਦੀ ਪੰਜਾਂ ਧੀਆਂ 'ਚੋਂ ਸਭ ਤੋਂ ਵੱਡੀ ਧੀ ਸੀ। ਨਾਂ ਤਾਂ ਉਹਦਾ ਫਾਤਿਮਾ ਸੀ , ਪਰ ਸਾਰੇ ਫੱਤੋ ਹੀ ਬੁਲਾਉਂਦੇ। ਬਲਾਂ ਈ ਸੋਹਣੀ , ਲੰਮੀ -ਲੰਝੀ ਕੈਲ ਅਰਗੀ। ਹੱਲਿਆਂ ਵੇਲ਼ੇ ਲਾਹੌਰ ਨੂੰ ਜਾਂਦੇ ਉਨ੍ਹਾਂ ਦੇ ਕਾਫ਼ਲੇ 'ਤੇ ਹੱਲਾ ਹੋ ਗਿਆ। ਟੱਬਰ ਤੋਂ ਨਿਖੜੀ ਫੱਤੋ, ਕਈ ਦਿਨਾਂ ਮਗਰੋਂ ਲੁਕਦੀ -ਲੁਕਾਉਂਦੀ ਆਪਣੇ ਪਿੰਡ ਆ ਵੜੀ। ਭਲਾ ਹੋਵੇ ਪੈਂਚ ਨਰੰਜਣ ਸਿਉਂ ਦਾ। ਬਲਾਂ ਈ ਪੁੰਨ ਆਲਾ ਕੰਮ ਕੀਤਾ। ਪਹਿਲਾਂ ਤਾਂ ਫੱਤੋ ਨੂੰ ਆਵਦੇ ਘਰ ਢੋਈ ਦਿੱਤੀ , ਫੇਰ ਫੁੰਮਣ ਨਾਲ ਉਸ ਦਾ ਘਰ ਵਸਾ ਤਾ। ਫਤਿਹ ਕੁਰ ਬਣੀ ਫੱਤੋ, ਫੁੰਮਣ ਦੇ ਦੋ ਜੁਆਕਾਂ ਪੋਪੀ ਤੇ ਛਿੰਦੋ ਦੀ ਹੁਣ ਮਾਂ ਸੀ। ਆਵਦੇ ਟੱਬਰ 'ਚ ਸੋਹਣੀ ਰਚੀ -ਬੱਸੀ, ਉਹ ਤਾਂ ਸ਼ਾਇਦ ਭੁੱਲ ਹੀ ਗਈ ਹੋਊ ਪਾਕਿਸਤਾਨ ਗਏ ਆਪਣੇ ਭਾਈ -ਭੈਣਾਂ ਨੂੰ ਕਿ ਇੱਕ ਦਿਨ ਮਿਲਟਰੀ ਆਲ਼ੇ ਆ ਧਮਕੇ ਉਸ ਦਾ ਖ਼ੁਰਾ -ਖੋਜ ਕੱਢਦੇ। ਅਖੇ ਸਾਡੀ ਸਰਕਾਰ ਐਧਰ ਰਹਿ ਗਈਆਂ ਮੁਸਲਮਾਨ ਕੁੜੀਆਂ ਨੂੰ ਓਧਰ ਭੇਜ ਰਹੀ ਹੈ ਤੇ ਓਧਰੋਂ ਹਿੰਦੂ -ਸਿੱਖਾਂ ਦੀਆਂ ਧੀਆਂ -ਭੈਣਾਂ ਨੂੰ ਏਧਰ। ਮੱਤ ਮਾਰੀ ਵੀ ਸੀ ਇਹਨਾਂ ਕਲ਼ਮੂੰਹੀਆਂ ਸਰਕਾਰਾਂ ਦੀ। ਬਥੇਰੇ ਤਰਲੇ ਕੀਤੇ ਫੱਤੋ ਨੇ ," ਹਾੜਾ ਵੇ ਭਾਈਓ , ਮੈਨੂੰ ਮੇਰੇ ਟੱਬਰ ਤੋਂ ਅੱਡ ਨਾ ਕਰੋ।" ਇੱਕ ਨੀ ਸੁਣੀ। ਧੂਹ ਕੇ ਲੈ ਗਏ ਉਹਨੂੰ।"
          "ਫੇਰ ਤਾਂ ਫੱਤੋ ਚਾਚੀ ਆਵਦੇ ਮਾਪਿਆਂ ਨੂੰ ਜਾ ਮਿਲੀ ਹੋਣੀ ਆ", ਡਾਢੀ ਸੰਸਾ ਦੇ ਘੇਰੇ ਨੂੰ ਤੋੜਦੀ ਜੁਗਨੀ ਬੋਲੀ। "ਕਾਹਨੂੰ ਪੁੱਤ , ਓਸ ਕਰਮਾਂਮਾਰੀ ਦੀ ਕਿਸਮਤ 'ਚ ਅਜੇ ਹੋਰ ਰੁਲਣਾ ਬਾਕੀ ਸੀ। ਤਿੰਨੀ -ਚੌਂਹ ਮਹੀਨਿਆਂ ਬਾਅਦ ਕਿਸੇ ਜਾਣੂ ਨੇ ਨਹਿਰ 'ਚ ਰੁੜੀ ਆਉਂਦੀ ਫੱਤੋ ਨੂੰ ਸਿਆਣ ਲਿਆ। ਪਿੰਡ ਲਿਆਂਦੀ , ਸਾਹ ਚੱਲਦੇ ਸੀ। ਦਾਰੂ -ਬੂਟੀ ਕੀਤੀ। ਬਸੁਰਤੀ ਜਿਹੀ 'ਚ ਬੜਬੜਾਉਂਦੀ ਨੇ ਉਹਨੇ ਆਪਾ ਫਰੋਲਿਆ, "ਓਧਰ ਗਈ ਨੂੰ ਪਿਓ ਨੇ ਦੇਹਲ੍ਹੀ ਨੀ ਟੱਪਣ ਦਿੱਤੀ। ਅਖੇ ਤੈਨੂੰ ਘਰ ਬਠਾ ਲਿਆ ਤਾਂ ਬਾਕੀ ਚੌਹਾਂ ਨੂੰ ਕਿੱਥੇ ਤੋਰੂੰ। ਓਥੋਂ ਧੱਕੀ ਕਿਧਰ ਜਾਂਦੀ। ਨਹਿਰ 'ਚ ਛਾਲ ਮਾਰਤੀ। ਮੈਥੋਂ ਨਿਕਰਮੀ ਤੋਂ ਤਾਂ ਮੌਤ ਨੇ ਵੀ ਮੂੰਹ ਮੋੜ ਲਿਆ। ਮੈਨੂੰ ਪੋਪੀ ਤੇ ਛਿੰਦੋ ਦਾ ਮੂੰਹ ਦਿਖਾਲ ਦਿਓ। ਖਵਨੀ ਉਹਨਾਂ ਨੂੰ ਦੇਖਣ ਖਾਤਰ ਈ ਇਹ ਜਾਨ ਅਟਕੀ ਵੀ ਐ। ਆਵਦੇ ਜਵਾਕਾਂ ਨੂੰ ਗਲ਼ ਨਾਲ ਲਾਉਂਦਿਆਂ ਈ ਥਾਂਏਂ ਪੂਰੀ ਹੋਗੀ।"
     ਅੰਦਰੋਂ ਉੱਠੇ ਦਰਦ ਦੀ ਕਸਕ ਨੇ ਬੇਬੇ ਦੀਆਂ ਅੱਖਾਂ 'ਚ ਕੋਸਾ ਪਾਣੀ ਭਰ ਦਿੱਤਾ ਸੀ। ਜੁਗਨੀ ਦੀਆਂ ਅੱਖਾਂ ਦੇ ਕੋਏ ਵੀ ਮੱਲੋ -ਮੱਲੀ ਚੋਅ  ਪਏ। 

ਹਵਾ ਬਰੂਦੀ -
ਤੀਲ੍ਹੇ -ਤੀਲ੍ਹੇ ਆਲ੍ਹਣਾ 
ਮੋਇਆ ਪੰਛੀ। 

ਡਾ. ਹਰਦੀਪ ਕੌਰ ਸੰਧੂ 

(ਜੁਗਨੀਨਾਮਾ ਦੀ ਪਿਛਲੀ ਕੜੀ ਜੋੜਨ ਲਈ ਇੱਥੇ ਕਲਿੱਕ ਕਰੋ )

ਨੋਟ: ਇਹ ਪੋਸਟ ਹੁਣ ਤੱਕ 80 ਵਾਰ ਖੋਲ੍ਹੀ ਗਈ 

5 comments:

 1. ਵਾਹ ਸੰਧੂ ਭੈਣ ਜੀ ! ਬਹੁਤ ਵਧੀਆ ।

  ReplyDelete
 2. ਹਰਦੀਪ ਜਿਨਾਂ ਦਰਦ ਭਰਿਆ ਇਹ ਹਾਇਬਨ ਹੈ ਉਨੀ ਹੀ ਦਰਦੀਲੀ ਆਵਾਜ 'ਚ ਏਨੂ ਪੇਸ਼ ਕਰਕੇ ਬੇਬੇ ਦਿਆਂ ਅੱਖਾ ਨਾਲ ਪੜਨ ਵਾਲਿਆਂ ਦੀ ਅੱਖਾ ਵੀ ਤੀਲ੍ਹੇ ਤੀਲ੍ਹੇ ਹੋਏ ਆਲ੍ਹਣੇ ਨੂ ਸਾਮਨੇ ਵੇਖ ਨਮ ਹੋ ਗਇਆਂ। ਸ਼ੁਭਕਾਮਨਾਮਾਂ । ਵਧਾਈ ।

  ReplyDelete
 3. A message via e-mail:
  जुगनी १ में कई शब्द बिल्कुल अलग लगे थे । जैसे -विडी, और हाजरी बेले । लेकिन बिम्ब बहुत कमाल का लगा । सदा बोलने वाली बेबे की चुप्पी जुगनी को असहय थी ।जब वे बोली तो जो हाइकु लिखा वह बहुत स्टीक लगा -तरेले ठंड/बेबे ने तोड़ी चुप/लिशकी धुप ।लिशकी धुप यानी बेबे बोल पड़ी ।जुगनी का मन खुश हो गया ।

  जुगनी २ वाला हाइबन में बार दी जूहे में भी चित्रण बहुत खूब लगा जब व्यक्ति ख्यालों में खो जाता है तो कहीं का कहीँ पहुँच जाता है,- कतदी बेबे / छोह पूनी जा पुज्जी /बार दी जूहे ।
  अब तीसरा जुगनी नामा -खूह दी खेल / खड़ा गंदला पानी/ पियासा राही ।
  खेल शब्द की व्याख्या अच्छे से समझ आ गई। बेबे की चिट्ठी की बातें बहुत मीठी और प्यारी लगी ।उस वक्त के सियाने लोग बच्चों को समझाना अपना फ़र्ज समझते थे । वाखूबी निभाते थे और बच्चे भी उन का कहा मानते थे ।आज कल तो जितना समझाओ उन्हें यह बातें सदियों पुरानी लगती हैं ,उनके काम की नहीं।
  बस एक बात इसमें भी जानना चाहूँगी कि बेबे के जिन्दा रहने के वक्त तक क्या कमप्यूटर का इतना चलन था ?हाँ फोन तो जरूर होगा ।
  Kamla Ghataaura

  ReplyDelete
 4. A message via e-mail:
  ਮੈਂ ਮਿਲ ਲਈ ਬੇਬੇ ਨੂੰ। ਪੜ੍ਹ ਕੇ ਮੈਨੂੰ ਇਓਂ ਲੱਗਾ ਜਿਵੇਂ ਮੇਰੀ ਨਾਨੀ ਮੇਰੇ ਨਾਲ ਗੱਲਾਂ ਕਰਦੀ ਹੋਵੇ। ਬਹੁਤ -ਬਹੁਤ ਸ਼ੁਕਰੀਆ ਬੇਬੇ ਨਾਲ ਮਿਲਾਉਣ ਲਈ। ਪੁਰਾਣੇ ਸ਼ਬਦ ਪੜ੍ਹ ਕੇ ਮੈਨੂੰ ਮੇਰੀ ਨਾਨੀ ਯਾਦ ਆ ਗਈ। ਜਿਵੇਂ 'ਜਾਦੀ' ਵਗੈਰਾ ਸ਼ਬਦ ਨਾਨੀ ਬੋਲਦੀ ਸੀ। ਬਹੁਤ ਵਧੀਆ ਲੱਗਾ ਪੜ੍ਹ ਕੇ । ਇਹ ਸ਼ਬਦ ਹੁਣ ਅਲੋਪ ਹੋਣ ਵਾਲੇ ਨੇ। ਹੁਣ ਵਾਲੀਆਂ ਨਾਨੀਆਂ ਤਾਂ ਮਾਡਰਨ ਨੇ।
  ਪ੍ਰੀਤਮ ਕੌਰ
  (ਬਰਨਾਲਾ)

  ReplyDelete
 5. ਜੁਗਨੀਨਾਮਾ ਪਸੰਦ ਕਰਨ ਲਈ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ।
  ਬੇਬੇ ਨੂੰ ਮਿਲਣਾ ਸਭ ਨੂੰ ਚੰਗਾ ਲੱਗਾ, ਬੜੀ ਖੁਸ਼ੀ ਹੋਈ ਇਹ ਜਾਣ ਕੇ।
  ਕਮਲਾ ਜੀ ਨੇ ਲੱਗਦਾ ਹੈ ਜੁਗਨੀਨਾਮਾ ਦੀਆਂ ਸਾਰੀਆਂ ਕੜੀਆਂ ਬਹੁਤ ਹੀ ਧਿਆਨ ਨਾਲ ਤੇ ਦਿਲਚਸਪੀ ਨਾਲ ਪੜ੍ਹੀਆਂ ਨੇ।
  ਅੰਤ 'ਚ ਆਪ ਨੇ ਬੜਾ ਹੀ ਢੁੱਕਵਾਂ ਸੁਆਲ ਵੀ ਕੀਤਾ ਹੈ ਕਿ ਬੇਬੇ ਦੇ ਜਿਉਂਦੇ ਰਹਿਣ ਤੱਕ ਕੰਪਿਊਟਰ ਦਾ ਰੁਝਾਨ ਸੀ ਜਾਂ ਨਹੀਂ।
  ਜੀ ਨਹੀਂ , ਓਦੋਂ ਤੱਕ ਕੰਪਿਊਟਰ ਬਹੁਤਾ ਪ੍ਰਚਲਿਤ ਨਹੀਂ ਸੀ। ਪਰ ਬੇਬੇ ਤਾਂ ਕਿਤੇ ਗਈ ਹੀ ਨਹੀਂ। ਉਹ ਤਾਂ ਅੱਜ ਵੀ ਮੇਰੇ ਨਾਲ ਹੈ ਤੇ ਮੇਰੇ ਨਾਲ ਗੱਲਾਂ ਕਰਦੀ ਹੈ। ਜਦੋਂ ਮੈਂ ਇਹ ਲਿਖਤ ਪਾਠਕਾਂ ਨਾਲ ਸਾਂਝਾ ਕਰ ਰਹੀ ਸਾਂ ਤਾਂ ਬੇਬੇ ਹੀ ਤਾਂ ਸੀ ਜੋ ਕੋਲ ਬੈਠ ਕੇ ਮੇਰੇ ਕੋਲੋਂ ਲਿਖਵਾ ਰਹੀ ਸੀ।
  ਜਦ ਮੇਰੀ ਮੰਮੀ ਨੇ ਜੁਗਨੀਨਾਮਾ ਪੜ੍ਹਿਆ ਤਾਂ ਉਹਨਾਂ ਕਿਹਾ ਕਿ ਤੂੰ ਤਾਂ ਬੇਬੇ ਨੂੰ ਮੁੜ ਜਿਉਂਦਾ ਕਰ ਦਿੱਤਾ ਹੈ। ਮੈਂ ਇਸ ਨੂੰ ਆਪਣੀ ਲਿਖਤ ਦੀ ਕਾਮਯਾਬੀ ਮੰਨਦੀ ਹਾਂ। ਆਉਂਦੇ ਦਿਨਾਂ 'ਚ ਬੇਬੇ ਦੀਆਂ ਹੋਰ ਡੂੰਘੀਆਂ ਗੱਲਾਂ ਸਾਂਝੀਆਂ ਕਰਨ ਦਾ ਉਪਰਾਲਾ ਕਰਦੀ ਰਹਾਂਗੀ।
  ਇੱਕ ਵਾਰ ਫਿਰ ਸਾਰਿਆਂ ਦਾ ਸ਼ੁਕਰੀਆ।
  ਹਰਦੀਪ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ