ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

11 Jul 2016

ਤਮਾਸ਼ਾ (ਹਾਇਬਨ)

ਸਿਆਲੂ ਦਿਨਾਂ ਦੀ ਢਲਦੀ ਦੁਪਹਿਰ ਦੀ ਪੀਲੀ ਹੁੰਦੀ ਧੁੱਪ। ਸੁਨਹਿਰੀ  ਰਿਸ਼ਮਾਂ ਦਾ ਨਿੱਘ ਸੇਕਦੀ ਚਾਰ-ਚੁਫੇਰੇ ਰੌਣਕ। ਉੱਚੇ ਪਿੱਪਲ ਥੱਲੇ ਆਣ ਜੁੜਿਆ ਸਾਰਾ ਪਿੰਡ । ਰੰਗ -ਪਰੰਗੀਆਂ ਚੁੰਨੀਆਂ ਵਾਲੜੀਆਂ ਨੇ ਭਰ ਦਿੱਤੇ ਕੋਠਿਆਂ ਦੇ ਬਨ੍ਹੇਰੇ । ਬੁੱਢੇ ਮੰਜੀਆਂ ਜੋੜ ਬਹਿ ਗਏ ਤੇ ਗੱਭਰੂ ਢਾਕਾਂ 'ਤੇ ਹੱਥ ਧਰੀ ਘੇਰਾ ਘੱਤੀ ਆ ਖੜ੍ਹੋਤੇ। ਤਮਾਸ਼ੇ ਦੇ ਚਾਅ 'ਚ ਨੰਗ -ਧੜੰਗੇ ਨਿਆਣੇ ਭੁੰਜੇ ਹੀ ਆ ਬੈਠੇ। ਸਜਿਆ ਹੋਇਆ ਮਜਮਾ ਤੇ ਵੱਜਦੀ ਡੁਗਡੁਗੀ ।  

ਇੱਕ  ਮਾੜਚੂ ਜਿਹਾ ਮਦਾਰੀ ਡਮਰੂ ਵਜਾ ਰਿਹਾ ਸੀ ਤੇ ਨਾਲ ਆਇਆ ਛੋਟੂ ਮੂਹਰੇ ਕੱਪੜਾ ਵਿਛਾ ਇੱਕ ਪਾਸੇ ਨੂੰ ਹੋ ਕੇ ਬਹਿ ਗਿਆ। ਇੱਕ ਬਾਂਦਰ ਤੇੜ ਲੰਗੋਟ, ਮੈਲਾ ਜਿਹਾ ਕੋਟ ਮੋਢੇ ਡਾਂਗ ਤੇ ਬਾਂਦਰੀ ਗੁਲਾਬੋ ਲੱਕ ਘੱਗਰੀ, ਚਮਕੀਲੀ ਕੁੜਤੀ ਤੇ ਸਿਰ 'ਤੇ ਲਾਲ ਚੁੰਨੀ। ਡਮਰੂ ਦੇ ਦੋਹੇਂ ਪਾਸੇ ਬੱਝੀ ਡੋਰੀ ਦੀ ਥਾਪ ਜਿਉਂ ਜਿਉਂ ਉੱਚੀ ਹੁੰਦੀ ਜਾਂਦੀ ਤਾਂ ਰੱਸੀ ਨਾਲ ਬੱਝੇ ਬਾਂਦਰ -ਬਾਂਦਰੀ ਦਾ ਟੱਪ -ਟੱਪਈਆ ਹੋਰ ਤੀਬਰ ਹੋ ਜਾਂਦਾ। ਚੌਧਰੀ ਬਾਂਦਰ ਕਦੇ ਸਾਰਿਆਂ ਨੂੰ ਸਲਾਮ ਕਰਦਾ, ਗੰਗਾ 'ਚ ਗੋਤੇ ਖਾਂਦਾ, ਗੋਲ ਛੱਲੇ 'ਚੋਂ ਛਾਲ ਮਾਰਦਾ,ਦਾਦਾਗਿਰੀ ਦਿਖਾਉਂਦਾ ਤੇ ਕਦੇ ਲੋਕਾਂ ਨਾਲ ਹੱਥ ਮਿਲਾਉਂਦਾ। ਗੁਲਾਬੋ ਸ਼ੀਸ਼ਾ ਵੇਖਦੀ, ਮਦਾਰੀ ਦੇ ਕੰਨ 'ਚ ਹੌਲੇ ਜਿਹੇ ਕੁਝ ਕਹਿੰਦੀ ਤੇ ਫੇਰ ਰੁੱਸ ਕੇ ਪੇਕੇ ਤੁਰ ਜਾਂਦੀ। ਰੁੱਸੀ ਗੁਲਾਬੋ ਨੂੰ ਚੌਧਰੀ ਮਨਾਉਂਦਾ। ਉਹ ਡਫਲੀ ਵਜਾਉਂਦਾ ਤੇ ਗੁਲਾਬੋ ਤਾਲ 'ਤੇ ਨੱਚਦੀ। ਕਦੇ ਇੱਕ ਦੂਜੇ ਦੇ ਜੂੰਆਂ ਕੱਢਦੇ। ਮਦਾਰੀ ਹਦਾਇਤਾਂ ਕਰਦਾ ਜਾਂਦਾ ਤੇ ਉਹ ਪੁੱਠੀਆਂ ਸਿੱਧੀਆਂ ਛਾਲਾਂ ਮਾਰੀ ਜਾਂਦੇ। ਉਨ੍ਹਾਂ ਜ਼ਰਾ ਜਿੰਨੀ ਸੁਸਤੀ ਦਿਖਾਈ ਨਹੀਂ ਕਿ ਮਦਾਰੀ ਦਾ ਛਾਂਟਾ ਆ ਪੈਂਦਾ। ਮਦਾਰੀ ਦੀਆਂ ਲੱਛੇਦਾਰ ਗੱਲਾਂ ਤਮਾਸ਼ਬੀਨਾਂ ਨੂੰ ਬੰਨੀ ਰੱਖਦੀਆਂ।ਸਭ ਖੁੱਲ੍ਹ ਕੇ ਹੱਸਦੇ, ਤਾੜੀਆਂ ਵੱਜਦੀਆਂ ਤੇ 'ਕੱਠਾ ਹੋਇਆ ਆਟਾ, ਚੌਲ, ਗੁੜ ਤੇ ਚੰਦ ਸਿੱਕੇ ਬੋਝੇ ਪਾ ਮਦਾਰੀ ਸਭ ਨੂੰ ਦੁਆਵਾਂ ਦਿੰਦਾ ਅਗਲੇ ਪਿੰਡ ਨੂੰ ਚਾਲੇ ਪਾ ਲੈਂਦਾ। 
       ਇਹ ਤਮਾਸ਼ਾ ਸਹਿਜੇ ਹੀ ਸਭ ਨੂੰ ਜੀਵਨ ਜੁਗਤ ਦੀ ਮੌਲਕਿਤਾ ਨਾਲ ਵੀ ਜੋੜ ਜਾਂਦਾ । ਬਾਂਦਰ -ਬਾਂਦਰੀ     ਦੇ ਰੁੱਸਣ -ਮਨਾਉਣ ਦਾ ਇਹ ਖੇਲ ਜਿਉਣ ਦੇ ਫ਼ਲਸਫ਼ੇ ਨੂੰ ਪ੍ਰਭਾਸ਼ਿਤ ਕਰਦਾ। ਹਉਮੈ ਜਿਹੀ ਮਨੋ ਵ੍ਰਿਤੀ ਨੂੰ ਤਿਆਗਣ ਦੀ ਜੁਗਤ ਦਰਸਾਉਂਦਾ ਜੋ ਅਜੋਕੀ ਪੀੜ੍ਹੀ 'ਚ ਅਤਿ ਹਾਵੀ ਹੋਈ ਘਰਾਂ ਦੇ ਟੁੱਟਣ ਦਾ ਨਿੱਤ ਕਾਰਨ ਹੋ ਨਿਬੜੀ ਹੈ। ਜ਼ਿੰਦਗੀ ਦੇ ਏਹ ਖੇਲ ਤਮਾਸ਼ੇ ਸਾਡੀ ਹੋਣੀ ਸਾਡਾ ਹਾਸਲ। ਇੱਕ ਦੂਜੇ ਦੇ ਪੂਰਕ ਹੋ ਇੱਕ ਦੂਜੇ ਨੂੰ ਆਪਣੇ ਵਿੱਚੋਂ ਨਿਹਾਰਨ ਤੇ ਵਿਸਥਾਰਨ ਦਾ ਚਾਅ ਜ਼ਿੰਦਗੀ 'ਚੋਂ ਕਦੇ ਮਨਫ਼ੀ ਨਾ ਹੋਵੇ , ਬੱਸ ਏਹੋ ਦੁਆ ਏ ! 

ਨੱਚੇ ਬਾਂਦਰ  
ਮਦਾਰੀ ਦੇ ਬੋਝੇ 'ਚ 
ਚੰਦ ਕੁ ਸਿੱਕੇ । 

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 183 ਵਾਰ ਪੜ੍ਹੀ ਗਈ

10 comments:

  1. ਹਾਂ ਜੀ ,, ਬਾਂਦਰੀ ਸਹੁਰੇ ਜਾਣ ਲਈ ਨਾ ਮੰਨਦੀ , ਬਾਧਰ ਪਸਤੌਲ ਤਾਣਦਾ, ਫਿਰ ਵੀ ਮਿੰਨਤਾਂ ਕਰਦਾ। ਆਖਿਰ ਘਰ ਵੀ ਵਾਸਾਉਣਾ ਹੋਇਆ। ਜਿਵੇਂ ਮਰਜੀ ਸਈ । ਬਾਂਦਰ ਅਤੇ ਮਨੁੱਖ ਵਿਚ ਕਰੋੜਾਂ ਸਾਲਾ ਵਿਚ ਹੋਇਆਂ ਵਿਕਾਸ ਦਾ ਫਾਸਲਾ ਮਿਟ ਜਾਂਦਾ ਅਜਿਹੇ ਮੌਕੇ ਮਿਨਤਾਂ ਅਤੇ ਧਮਕੀਆਂ ਦਾ ਮੁੱਲ ਇਕ ਹੋ ਜਾਂਦਾ। ਬਾਂਦਰੀ ਜਾਣ ਲਈ ਮੰਨਦੀ ਤਾਂ ਬਾਂਦਰ ਗੱਡੀ ਤੇ ਬਿਠਾ ਕੇ ਬਾਂਦਰੀ ਨੂੰ ਘਰ ਲੈ ਆਉਂਦਾ ਸਭ ਨੂੰ ਸੁਖ ਦਾ ਸਾਹ ਆਉਂਦਾ। ਉਹ ਮਾਤਵਾਂ ਦਿਲ ਨੂੰ ਧਰਵਾਸ ਦਿੰਦੀਆਂ ਜਿਨਾਂ ਦੀਆਂ ਕੁੜੀਆਂ ਸਹੁਰੇ ਤੋਂ ਗੁੱਸੇ ਹੋ ਪੇਕੇ ਆ ਬੈਠੀਆਂ ਹੁੰਦੀ । ਸ਼ਾਇਦ ਉਹ ਮਦਾਰੀ ਨੂੰ ਹੋਰਾਂ ਨਾਲੋਂ ਵੱਧ ਆਟਾ ਪਾਉਦੀਆਂ। ਆਪਣੇ ਮਨ ਨੂੰ ਧਰਵਾਸ ਦਿੰਦੀਆਂ ਸਾਇਦ ਇਹ ਹੋਣੀ ਸਭ ਦੀ ਹੁੰਦੀ ਹੋਵੇ। ,,,

    ReplyDelete
  2. Very nice.
    Jindagi v ek tamasha hai
    Rab madaari te asi insaan bandar bandariyan

    ReplyDelete
  3. ਸੋਚ ਰਹੀ ਸਾਂ ਕਿ ਤਮਾਸ਼ਾ ਦੇਖੇ ਨੂੰ ਤਾਂ ਬਹੁਤ ਚਿਰ ਹੋ ਗਿਆ। ਤੈਨੂੰ ਐਨਾ ਕੁਝ ਕਿਵੇਂ ਯਾਦ ਆ ਗਿਆ।
    ਵਧੀਆ ਰਚਨਾ ਤੇ ਬਹੁਤ ਹੀ ਵਧੀਆ ਨਿਚੋੜ !

    ReplyDelete
  4. ਏਹ ਤਮਾਸ਼ਾ ਇੰਝ ਲੱਗਾ ਜਿਮੇ ਹਰਦੀਪ ਦੇਖਣ ਦੇ ਨਾਲ ਲਿਖਦੀ ਵੀ ਜਾ ਰਹੀ ਹੋਵੇ । ਤਮਾਸ਼ੇ ਦਾ
    ਨਿਚੋੜ ਤਾਂ ਮਦਾਰੀ ਅਪਣੇ ਬਾਂਦਰ ਬਾਂਦਰੀ ਦੇ ਰੁਸਣ ਮਨਾਉਨ ਨਾਲ ਦਸ ਹੀ ਜਾੰਦਾ ਹੈ । ਜੇੜੀ ਸਿਖਿਆ ਦੇ ਜਾਂਦਾ ਹੈ ਅਨਮੋਲ ਹੈ । ਜੇ ਅਸੀਂ ਸਮਜਿਏ ਤੱਦ ਹੀ ।ਉਸ ਦੇ ਬੋਝੇ ਚ ਤਾਂ ਚੰਦ ਕੁ ਸਿਕੇ ਜਾਂਦੇ ਹਨ ।ਹਰਦੀਪ ਛੋਟੀ ਅਤੇ ਰੋਚਕ ਲਿਖਤ ਸ਼ਿਕਸ਼ਾ ਦੇਨ ਵਾਲੀ ।ਵਧਾਈ ।

    ReplyDelete
  5. ਅਜ ਕਲ ਨਾਂ ਮਦਾਰੀ ਅਤੇ ਨਾਂ ਉਸ ਦਾ ਬਾਂਦਰ | ਪਰ ਬਾਂਦਰ - ਬਾਂਦਰੀ ਦਾ ਤਮਾਸ਼ਾ ਸਾਡੇ ਇਰਦ ਗਿਰਦ ਰਜ ਕੇ ਹੋ ਰਿਹਾ ਹੈ | ਇਹ ਰੋਲ ਇਨਸਾਨਾਂ ਨੇ ਖੂਬ ਬੇਸ਼ਰਮੀ ਨਾਲ ਕਰਣਾ ਸ਼ੁਰੂ ਕਰ ਦਿੱਤਾ ਹੈ |ਕੋਈ ਡੁੱਗ ਡੁੱਗੀ ਵਜਾ ਰਿਹਾ ਅਤੇ ਭੀੜ ਉਸ ਦੇ ਤਾਲ 'ਤੇ ਖੂਬ ਨਚ ਰਹੀ ਹੈ , ਬਸ ਦੇਖਦੇ ਜਾਓ |

    ReplyDelete
  6. A message via whats app:
    ਪੁਰਾਣੀਆਂ ਖੇਡਾਂ ਯਾਦ ਕਰਵਾ ਦਿੱਤੀਆਂ। ਪੜ੍ਹ ਕੇ ਬਹੁਤ ਚੰਗਾ ਲੱਗਾ , ਇੱਕ ਵਧੀਆ ਹਾਇਬਨ !
    ਤੇਰੀ ਮੰਮੀ

    ReplyDelete
  7. ਜਿਵੇਂ ਕਿਸੇ ਰੰਗ ਮੰਚ 'ਤੇ ਅਸੀਂ ਸਭ ਬਾਂਦਰ ਵਾਲਾ ਖੇਲ ਖੇਲ੍ਹਦੇ ਹਾਂ ਜੇ ਇੱਕ ਲੋਹੇ ਦਾ ਬਣ ਗਿਆ ਤਾਂ ਦੂਜਾ ਮੋਮ ਬਣ ਜਾਵੇ। ਇਹੋ ਸਮਝਦਾਰੀ ਹੈ।

    ReplyDelete
  8. ਮੇਰਾ ਨਿੱਜੀ ਵਿਚਾਰ:- ਤਮਾਸ਼ਾ (ਹਾਇਬਨ) ਬਾਰੇ

    ਤਮਾਸ਼ਾ (ਹਾਇਬਨ) ਪੜ੍ਹ ਕੇ ਆਪਣੇ ਸਮੇਂ ਦੇ ਉਹ ਦਿਨ ਯਾਦ ਆ ਗਏ ਜਦੋਂ ਪਿੰਡਾਂ ਦੇ ਲੋਕਾਂ ਦੇ ਮਨੋਰੰਜਨ ਲਈ ਬਾਜ਼ੀਗਰ ਪਿੰਡ ਪਿੰਡ ਜਾ ਕੇ ਆਪਣੇ ਕਮਾਏ ਹੋਏ ਜਿਸਮਾਂ ਦੇ ਕਰਤੱਵ ਦਿਖਾਉਣ ਆਉਂਦੇ,ਸਪੇਰੇ ਗਲੀਆਂ ਵਿਚ ਤੁਰੇ ਫਿਰਦੇ ਬੀਨਾਂ ਰਾਹੀਂ ਮਿੱਠੀ ਮਿੱਠੀ ਕੋਈ ਧੁੰਨ ਸੁਣਾਉਂਦੇ ਤੇ ਆਪਣੀਆਂ ਪਟਾਰੀਆਂ 'ਚ,ਜਿੱਥੇ ਕੋਈ ਘਰ ਵਾਲਾ ਕਹਿੰਦਾ ਸੱਪ ਦਿਖਾਉਣ ਲੱਗ ਜਾਂਦੇ ਤੇ ਗਲੀਆਂ ਦੇ ਮੋੜਾ ਜਾਂ ਬੋਹੜਾਂ ਥੱਲੇ ਮਦਾਰੀ ਆਪਣੇ ਇੱਕ ਹੱਥ 'ਚ ਡੁਗਡੁਗੀ ਤੇ ਦੂਜੇ 'ਚ ਬੰਸਰੀ ਵਜਾਉਂਦਾ ਬਾਂਦਰ-ਬਾਂਦਰੀ ਦਾ ਤਮਾਸ਼ਾ ਦਿਖਾਉਣ ਲਈ ਛੋਟੇ ਵੱਡੇ ਸਾਰਿਆਂ ਲਈ ਖਿੱਚ ਦਾ ਕੇਂਦਰ ਹੁੰਦਾ।

    ਪਰ ਅੱਜ ਜਦ ਚੁਫੇਰੇ ਨਜ਼ਰ ਮਾਰੀਏ ਤਾਂ ਇਹ ਦਿਖਾਈ ਦਿੰਦਾ ਹੈ ਕਿ ਪੰਜਾਬੀਆਂ ਦੇ ਸੁਭਾਅ ਅਤੇ ਮਨ ਪ੍ਰਚਾਵੇ ਵਿੱਚ ਬਹੁਤ ਫ਼ਰਕ ਪੈ ਚੁੱਕਾ ਹੈ। ਮਨੋਰੰਜਨ ਦੀ ਵਿਧਾ ਬਦਲ ਗਈ ਹੈ।' ਮੋਬਾਈਲ ਕਲਚਰ' ਨੇ ਅੱਜ ਦੇ ਮਨੁੱਖ ਦੇ ਜੀਵਨ ਨੂੰ ਅਜਿਹਾ ਤੇਜ਼ ਰਫ਼ਤਾਰ ਵਿਚ ਤੋਰ ਦਿੱਤਾ ਹੈ ਕਿ ਉਹ ਆਪਣੇ ਵਿਰਸੇ ਨੂੰ ਬਹੁਤ ਪਿੱਛੇ ਛੱਡਦਾ ਜਾ ਰਿਹਾ ਹੈ।
    ਅਜਿਹੇ ਸਮੇਂ ਜਦ ਕੋਈ ਲਿਖਤ ਉਸ ਸਮੇਂ ਨੂੰ ਚਿਤਰਦੀ ਹੋਈ ਪੜ੍ਹਨ ਨੂੰ ਮਿਲਦੀ ਹੈ ਤਾਂ ਬਹੁਤ ਚੰਗੀ ਲੱਗਦੀ ਹੈ। ਬੱਸ,ਅਜਿਹੀ ਖਿੱਚ ਦੀ ਇੱਕ ਪੂਰੀ ਤਸਵੀਰ ਨੂੰ ਡਾ:ਹਰਦੀਪ ਕੌਰ ਸੰਧੂ ਜੀ ਨੇ ਸੁਚੱਜਤਾ ਨਾਲ ਸ਼ਬਦਾਂ ਰਾਹੀ ਢਾਲ ਕੇ ਪਾਠਕਾਂ ਦੇ ਪੇਸ਼ ਕਰ ਦਿੱਤਾ ਹੈ,ਜਿਸ ਨੂੰ ਪੜ੍ਹਦਿਆਂ ਕੁੱਝ ਪਲਾਂ ਲਈ ਪਿੰਡ ਦੇ ਉਸ ਮਾਹੌਲ 'ਚ ਪਹੁੰਚ ਕੇ ਸਕੂਨ ਮਿਲਿਆ,ਜਿਸ ਨੂੰ ਮਨ ਅਜੇ ਵੀ ਝੁਰਦਾ ਰਹਿੰਦਾ ਹੈ।

    ਇਹਨਾਂ ਕਬੀਲਿਆਂ ਬਾਰੇ ਇਹ ਹੀ ਕਹਿਣਾ ਹੈ ਕਿ ਇਹਨਾਂ ਲੋਕਾਂ ਕੋਲੇ ਜ਼ਮੀਨ ਦੇ ਸਾਧਨਾ ਨਾ ਹੋਣ ਕਾਰਨ ਅਜਿਹੇ ਧੰਦੇ ਮਜਬੂਰੀ ਹਿਤ ਅਪਣਾਉਣੇ ਪੈਂਦੇ ਸਨ,ਜੋ ਆਰਥਕ ਸਹਾਇਤਾ ਲਈ ਠੀਕ ਵੀ ਸਨ। ਪਰ ਆਮ ਤੌਰ ਤੇ ਮਦਾਰੀ ਦੀ ਮੰਗ ਅਤੇ ਉਸ ਦੀ ਮੰਗ ਪੂਰਤੀ ਵਿਚਕਾਰ ਸੁਰਮੇਲ ਉਨ੍ਹਾਂ ਚੰਗਾ ਨਹੀਂ ਬਣਦਾ ਹੁੰਦਾ ਸੀ,ਜਿਸ ਦੀ ਵਿਆਖਿਆ ਡਾ:ਹਰਦੀਪ ਕੌਰ ਸੰਧੂ ਜੀ ਦੇ ਇਹ ਬੋਲ ਬੋਲਦੇ ਹਨ:

    ਨੱਚੇ ਬਾਂਦਰ
    ਮਦਾਰੀ ਦੇ ਬੋਝੇ 'ਚ
    ਚੰਦ ਕੁ ਸਿੱਕੇ ।

    ਸਮੁੱਚੇ ਤੌਰ ਤੇ ਇਹ ਇੱਕ ਦਸਤਾਵੇਜ਼ੀ ਲਿਖਤ ਹੈ,ਜੋ ਅੱਜ ਦੇ ਬਚਿਆ ਲਈ ਆਪਣੇ ਸਭਿਆਚਾਰ ਵਿਰਸੇ ਨਾਲ ਜੁੜੀ ਇੱਕ ਪਰਤ ਵਾਰੇ ਜਾਣਕਾਰੀ ਭਰਪੂਰ ਹੈ।ਸ਼ਾਲ! ਅਜਿਹੀਆਂ ਹੋਰ ਗਿਆਨ ਭਰਪੂਰ ਲਿਖਤਾਂ ਦੇ ਵੀ ਦਰਸ਼ਨ ਹੁੰਦੇ ਰਹਿਣ।

    -ਸੁਰਜੀਤ ਸਿੰਘ ਭੁੱਲਰ-11-07-2016

    ReplyDelete
  9. Jagroop kaur31.10.16

    ਬਹੁਤ ਹੀ ਵਧੀਆ ਢੰਗ ਨਾਲ ਬਾਂਦਰ ਬਾਂਦਰੀ ਦੇ ਤਮਾਸ਼ੇ ਵਿੱਚੋਂ ਜਿੰਦਗੀ ਦੀ ਅਸਲੀਅਤ ਨੂੰ ਦਰਸਾਇਆ ਹੈ ।
    ਵਾਕਿਆ ਹੀ ਹੁਣ ਸਹਿਣਸ਼ੀਲਤਾ ਦੀ ਬਹੁਤ ਕਮੀ ਹੈ ਭੈਣ ਜੀ ।

    ReplyDelete
  10. ਪੁਰਾਤਨ ਯੁਗ ਦੀ ਜਿੰਦਗੀ ਇਹੋ ਹੀ ਸੀ . ਆਮ ਇਨਸਾਨ ਬਾਂਦਰ ਬਾਂਦਰੀ ਤੋਂ ਕੁਛ ਸਿਖ ਭੀ ਲੈਂਦਾ ਸੀ . ਅੱਜ ਦੇ ਯੁਗ ਵਿਚ ਬਾਂਦਰ ਬਾਂਦਰੀ ਦੀ ਭੂਮਿਕਾ ਬੇਲੋੜੀ ਹੋ ਗਈ ਹੈ . ਨਾ ਤਾਂ ਰੁੱਸ ਕੇ ਆਉਂਦੀਆਂ ਧੀਆਂ ਹੀ ਹਨ ਅਤੇ ਨਾ ਹੀ ਉਹ ਸਾਊ ਮੁੰਡੇ ਹਨ ਜੋ ਪੰਚਾਯਤ ਦੇ ਆਖੇ ਲੱਗਦੇ ਹਨ ਅਤੇ ਪੰਚਾਯਤ ਵਿਚ ਭੀ ਹੁਣ ਉਹ ਹਿਮਤ ਨਹੀਂ ਗਈ ਕਿ ਰੁੱਸਿਆਂ ਨੂੰ ਮਨਾ ਸਕਣ . ਅੱਜ ਕਲ ਤਾਂ ਬਾਂਦਰ ਬਾਂਦਰੀ ਕੋਲ ਇੱਕੋ ਹੀ ਜਵਾਬ ਘੜਿਆ ਘੜਾਇਆ ਹੈ ,mind your own bussiness !!!

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ