ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Aug 2016

ਚਾਹ ਦਾ ਕੱਪ (ਹਾਇਬਨ )

Image result for a cup of tea spillsਨਿਖਰੇ ਜਿਹੇ ਦਿਨ ਨੇ ਰਾਤ ਨੂੰ ਅਲਵਿਦਾ ਆਖ ਨਵੇਂ ਰਾਹਾਂ 'ਤੇ ਚਾਨਣ ਤਰੌਂਕ ਦਿੱਤਾ ਸੀ। ਚੁਫੇਰੇ ਬਿਖਰਿਆ ਸੂਹਾ ਚਾਨਣ ਮਨ ਤੇ ਰੂਹ ਨੂੰ ਟੁੰਬਦਾ ਜਾਪ ਰਿਹਾ ਸੀ। ਚਾਨਣ ਸੰਧਾਰਾ ਵੰਡਦੇ ਕਿਰਮਚੀ ਰੰਗ ਉਸ ਦੀ ਜ਼ਿੰਦਗੀ ਨੂੰ ਨਵੇਂ ਅਰਥਾਂ ਨਾਲ ਪ੍ਰਭਾਸ਼ਿਤ ਕਰ ਰਹੇ ਸਨ। ਉਸ ਦੇ ਮਨ ਵਿਹੜੇ ਸੁੱਚੇ ਸੁਪਨਿਆਂ ਦੀ ਪੌਣ ਰੁਮਕ ਰਹੀ ਸੀ। ਉਹ ਅੱਜ ਆਪਣੀ ਚਾਹਤ ਤੋਂ ਮੋਹ ਦਾ ਨਿਉਂਦਾ ਪਵਾਉਣ ਉਸ ਦੇ ਐਨ ਸਾਹਮਣੇ ਬੈਠਾ ਸੀ।

ਚੁੱਪੀ ਦਾ ਆਲਮ ਸੀ ਪਰ ਦਿਲ ਦੀ ਜ਼ੁਬਾਨ ਬੇਹਰਕਤ ਨਹੀਂ ਸੀ। ਉਹ ਸੋਚ ਰਿਹਾ ਸੀ ਕਿ ਅੱਜ ਉਹ ਅਣਗਿਣਤ ਸੁਆਲਾਂ ਦੀ ਬੁਛਾੜ ਕਰੇਗੀ ਜਿੰਨਾਂ ਦਾ ਉਸ ਕੋਲ ਸ਼ਾਇਦ ਕੋਈ ਜਵਾਬ ਵੀ ਨਹੀਂ ਹੋਣਾ। ਪਤਾ ਨਹੀਂ ਉਹ ਮੇਰੀ ਜੀਵਨ ਸਾਥਣ ਬਣ ਮੇਰੀ ਜ਼ਿੰਦਗੀ ਨੂੰ ਭਾਗ ਲਾਉਣ ਦੀ ਹਾਮੀ ਭਰੇਗੀ ਵੀ ਜਾਂ ਨਹੀਂ।

ਉਹ ਇੱਕ ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ।  ਉਹ ਇੱਕ ਅਮੀਰਜ਼ਾਦਾ ਸੀ ਤੇ ਸਾਰੇ ਮੁੰਡੇ -ਕੁੜੀਆਂ ਦਾ ਚਹੇਤਾ। ਸਭ ਉਸ ਦੁਆਲੇ ਮੰਡਰਾਉਂਦੇ ਰਹਿੰਦੇ। ਬੇਰੋਕ -ਟੋਕ ਜ਼ਿੰਦਗੀ ਉਸ ਦੇ ਸੁਭਾਅ 'ਚ ਖੁੱਲ੍ਹਾਪਣ ਲੈ ਆਈ ਤੇ ਧਨ ਦੀ ਬਹੁਲਤਾ ਐਸ਼ਪ੍ਰਸਤੀ। ਮਹਿੰਗੇ ਕੱਪੜੇ , ਬੇਸ਼ਕੀਮਤੀ ਕਾਰ ਤੇ ਆਸ਼ਕ ਮਿਜ਼ਾਜ ਉਸ ਦੀ ਪਛਾਣ। ਉਹ ਸੋਚ ਉਡਾਣਾਂ ਨੂੰ ਤਾਰਿਆਂ ਦਾ ਹਾਣੀ ਬਣਾ ਸਭ ਨੂੰ ਕੀਲਣ ਦਾ ਪੂਰਾ ਟਿੱਲ ਲਾਉਂਦਾ , ਪਰ ਉਹ ਉਸ ਤੋਂ ਕਦੇ ਪ੍ਰਭਾਵਿਤ ਨਾ ਹੁੰਦੀ। 

ਉਹ ਮੱਧ ਵਰਗੀ ਪਰਿਵਾਰ ਤੋਂ ਸੀ। ਕੁਦਰਤੀ ਸੁਹੱਪਣ ਦੀ ਮਲਿਕਾ ਤੇ ਇੱਕ ਆਤਮਵਿਸ਼ਵਾਸੀ ਕੁੜੀ। ਮਿਹਨਤਕਸ਼ , ਪੜ੍ਹਾਈ 'ਚ ਅਵੱਲ ਤੇ ਘਰੇਲੂ ਕੰਮਾਂ  'ਚ ਨਿਪੁੰਨ। ਸਾਦੇ ਲਿਬਾਸ ਤੇ ਉਚੇ ਇਖਲਾਕ ਵਾਲੀ। ਉਹ ਕਿਸੇ ਵੀ ਸਫ਼ਰ ਤੇ ਤੁਰਨ ਤੋਂ ਪਹਿਲਾਂ ਆਪਣੀ ਕਮਜ਼ੋਰੀ ਤੇ ਸਮਰੱਥਾ ਨੂੰ ਜੋਖਣ 'ਚ ਵਿਸ਼ਵਾਸ ਰੱਖਦੀ ਸੀ। ਅੱਜ ਉਹ ਉਚ ਅਹੁਦੇ 'ਤੇ ਕਾਰਜਸ਼ੀਲ ਸੀ। 

ਜ਼ਿੰਦਗੀ ਅੱਜ ਫੇਰ ਉਹਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਲੈ ਆਈ ਸੀ, ਦਿਲਾਂ ਦੀਆਂ ਬਾਤਾਂ ਪਾਉਣ। ਸੋਚਾਂ ਦਾ ਪ੍ਰਵਾਹ ਉਸ ਨੂੰ ਡਾਹਢਾ ਪ੍ਰੇਸ਼ਾਨ ਕਰ ਰਿਹਾ ਸੀ। ਉਹਨਾਂ ਦੋਹਾਂ ਦਰਮਿਆਨ ਕੁਝ ਵੀ ਤਾਂ ਇੱਕਸਮਾਨ ਨਹੀਂ ਸੀ ਜੋ ਉਹਨਾਂ ਦੀਆਂ ਰੂਹਾਂ ਦੇ ਮਿਲਾਪ ਦਾ ਸਬੱਬ ਬਣੇ। ਉਹ ਤਾਂ ਉਸ ਨੂੰ ਬੇਲੋੜਾ ਦਿਖਾਵਾ ਕਰਨ ਵਾਲਾ ਇੱਕ ਅਮੀਰਜ਼ਾਦਾ ਸਮਝਦੀ ਸੀ ਜਿਸ ਨੂੰ ਜੀਵਨ ਸੱਚ ਦੇ ਕਰੀਬ ਹੋ ਕੇ ਜਿਉਣ ਦਾ ਹੁਨਰ ਕਦੇ ਨਹੀਂ ਆਇਆ। ਹੁਣ ਬੋਝਲ ਸੋਚਾਂ ਉਸ ਦੇ ਸਾਹ ਪੀਂਦੀਆਂ ਜਾਪ ਰਹੀਆਂ ਸਨ। ਅਚਾਨਕ ਗਰਮ ਚਾਹ ਦਾ ਕੱਪ ਫੜਦਿਆਂ ਉਸ ਹੱਥੋਂ ਛੁੱਟ ਗਿਆ। ਉਸ ਦਾ ਕੋਮਲ ਹੱਥ ਤਾਂ ਲੱਗਭੱਗ ਸੜ ਹੀ ਜਾਂਦਾ ਜੇ ਉਹ ਆਪਣਾ ਹੱਥ ਮੂਹਰੇ ਕਰਕੇ ਉਸ ਨੂੰ ਨਾ ਬਚਾਉਂਦਾ। 

ਕਹਿੰਦੇ ਨੇ ਕਿ ਕਿਸੇ ਦੇ ਦਿਲ 'ਚ ਸਦੀਵੀ ਜਗ੍ਹਾ ਬਨਾਉਣ ਲਈ ਯੁੱਗਾਂ ਲੱਗ ਜਾਂਦੇ ਨੇ। ਪਰ ਚਾਹ ਦਾ ਡੁੱਲਣਾ ਇੱਕ ਦੇ ਸਾਹੀਂ ਦੂਜੇ ਦੀ ਰਵਾਨੀ ਧਰ ਗਿਆ। ਅਮੀਰੀ ਠਾਠ ਪਿੱਛੇ ਲੁਕੇ ਸੁੱਚੇ ਦਿਲ ਦੀ ਲੋਅ ਉਜਾਗਰ ਕਰ ਗਿਆ ਜਿਸ ਨੂੰ ਉਹ ਹੁਣ ਤੱਕ ਕਦੇ ਵੇਖ ਹੀ ਨਹੀਂ ਸਕੀ ਸੀ। ਆਪਣੀ ਜ਼ਿੰਦਗੀ 'ਚ ਆਉਣ ਵਾਲੇ ਤੱਤੇ ਬੁੱਲਿਆਂ ਨੂੰ ਰੋਕਣ ਲਈ ਅੱਜ ਉਸ ਨੇ ਕਿਸੇ ਨੂੰ ਢਾਲ ਬਣਦੇ ਤੱਕਿਆ ਸੀ। ਉਸ ਦੇ ਜੀਵਨ ਦੀ ਢਾਲ ਉਦੋਂ ਤਿੜਕ ਗਈ ਸੀ ਜਦੋਂ ਉਸ ਦੇ ਬਾਪ ਨੇ ਪੁੱਤਰ ਨਾ ਹੋਣ ਕਰਕੇ ਉਸਦੀ ਮਾਂ ਤੇ ਭੈਣਾਂ ਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਿਆ ਸੀ। ਮਰਦ ਜਾਤ ਤੋਂ ਉਸ ਦਾ ਵਿਸ਼ਵਾਸ ਉਠ ਗਿਆ ਸੀ। 

ਅੱਜ ਦੋਹਾਂ ਦੀ ਮਨ ਲੋਚਾ ਇੱਕ ਹੋ ਗਈ ਸੀ। ਸੂਹੀ ਭਾਅ ਮਾਰਦੀਆਂ ਨਵੀਨ ਉਮੀਦਾਂ ਮਨ 'ਚ ਉਗਮ ਆਈਆਂ ਸਨ। ਦਿਲ 'ਚ ਯਕੀਨੀ ਖੁਸ਼ੀ ਦਾ ਰਲਿਆ ਮਿਲਿਆ ਅਹਿਸਾਸ ਹੰਝੂ ਬਣ ਅੱਖਾਂ 'ਚੋਂ  ਵਹਿ ਤੁਰਿਆ ਸੀ । 

ਚਾਹ ਦਾ ਕੱਪ 
ਪਹਿਲੀ ਮੁਲਾਕਾਤ 
ਸੂਹੀ ਪ੍ਰਭਾਤ। 

ਡਾ ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 220 ਵਾਰ ਪੜ੍ਹੀ ਗਈ

10 comments:

  1. ਦਿੱਲਾਂ ਦੇ ਰਿਸ਼ਤਿਆਂ ਦੀ ਹਾਇਬਨ, ਪੜ ਕੇ ਸਕੂਨ ਮਿਲਿਆ ਕਿ ਰਿਸ਼ਤੇ ਇੱਕ ਛੋਟੀ ਜਿਹੀ ਗੱਲ ਵੀ ਜੋੜ ਦੇਂਦੇ ਹਨ । ਸੋਹਣੇ ਤਰੀਕੇ ਨਾਲ ਲਿਖੀ ਸੋਹਨੀ ਰਚਨਾ ।

    ReplyDelete
    Replies
    1. ਹਾਇਬਨ ਪਸੰਦ ਕਰਨ ਲਈ ਧੰਨਵਾਦ ਜੀਓ। ਸਹੀ ਕਿਹਾ ਆਪ ਜੀ ਨੇ ਰਿਸ਼ਤੇ ਇੱਕ ਛੋਟੀ ਜਿਹੀ ਗੱਲ ਵੀ ਜੋੜ ਦਿੰਦੇ ਨੇ ਜਾਂ ਕਹਿ ਲਓ ਕਿ ਛੋਟੀ ਜਿਹੀ ਗੱਲ ਨਾਲ ਰਿਸ਼ਤੇ ਜੁੜ ਜਾਂਦੇ ਨੇ।

      Delete
  2. ਮੇਰਾ ਨਿੱਜੀ ਵਿਚਾਰ- - ਚਾਹ ਦਾ ਕੱਪ (ਹਾਇਬਨ )

    ਕਿਸੇ ਵਿਅਕਤੀ ਦੇ ਮਨ ਵਿਚ ਦੂਜੇ ਪ੍ਰਤੀ ਕਦ ਸੱਚਾ ਸੁੱਚਾ ਪਿਆਰ ਜਾਗ ਪਵੇ ਤੇ ਉਹ ਮਨ ਦੇ ਵੇਗ ਦੁਆਰਾ ਮੋਹ ਦਾ ਜਵਾਰ ਭਾਟਾ ਲੈ ਆਵੇ,ਇਸ ਬਾਰੇ ਪਹਿਲਾਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸਾਡਾ ਕਿੱਸਾ ਕਾਵਿ ਅਜਿਹੀਆਂ ਪ੍ਰੇਮ ਕਹਾਣੀਆਂ ਨਾਲ ਭਰਿਆ ਪਿਆ ਹੈ। ਕਦੋਂ ਤੇ ਕਿਵੇਂ ਕੋਈ ਸਾਧਾਰਨ ਛੋਟੀ ਤੋਂ ਛੋਟੀ ਘਟਨਾ ਵੀ ਕਿਸੇ ਦੇ ਜੀਵਨ ਦਾ ਰੁੱਖ ਬਦਲ ਕੇ ਰੱਖ ਦਿੰਦੀ ਹੈ।

    ਇਸ ਹਾਇਬਨ ਨੂੰ ਪੜ੍ਹਦਿਆਂ ਮੈਨੂੰ ਮਹਿਬੂਬ ਖ਼ਾਨ ਦੀ ਫ਼ਿਲਮ ਮਦਰ ਇੰਡੀਆ (1957) ਦੇ ਸੈੱਟ ਤੇ ਇਕਦਮ ਅੱਗ ਲੱਗਣ ਵਾਲੀ ਘਟਨਾ ਯਾਦ ਆ ਗਈ,ਜਿਸ ਵਿਚ ਨਰਗਸ ਉਸ ਦੇ ਅੰਦਰ ਫਸ ਗਈ ਸੀ ਤੇ ਸੁਨੀਲ ਦੱਤ ਨੇ ਉਸ ਨੂੰ ਬਹਾਦਰੀ ਨਾਲ ਬਾਹਰ ਕੱਢ ਕੇ ਬਚਾ ਲਿਆ, ਭਾਵੇਂ ਆਪ ਉਹ ਇਹ ਕਰਦਿਆਂ ਕੁੱਝ ਝੁਲਸਿਆ ਵੀ ਗਿਆ ਸੀ।ਇਸ ਘਟਨਾ ਨੇ ਨਰਗਸ ਦਾ ਜੀਵਨ ਹੀ ਬਦਲ ਦਿੱਤਾ ਅਤੇ ਉਸ ਨੇ ਸੁਨੀਲ ਦੱਤ ਨਾਲ ਵਿਆਹ ਕਰਵਾ ਲਿਆ। ਇਹ ਸੱਚਾ ਵਾਕਿਆ ਜਿੰਦਾ ਦਿਲੀ ਦਾ ਇੱਕ ਸਬੂਤ ਸੀ,ਜਿਸ ਦੀ ਤੁਲਨਾ ਹੋਰ ਕਿਸੇ ਘਟਨਾ ਨਾਲ ਕਰਨੀ ਤਾਂ ਨਹੀਂ ਬਣਦੀ ਸੀ, ਪਰ ਮੈਂ ਕਿਸੇ ਹੱਦ ਤਕ ਇਸ ਹਾਇਬਨ ਦੇ ਸੰਬੱਧ ਵਿਚ ਕਰ ਦਿੱਤੀ ਹੈ।

    ਚਾਹ ਦਾ ਕੱਪ (ਹਾਇਬਨ )'ਚ ਕੱਪ ਦਾ ਹੱਥੋਂ ਛੁੱਟਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ,ਪਰ ਜਿਸ ਛਿਣ ਪਲ ਵਿਚ ਇਹ ਘਟਨਾ ਵਾਪਰੀ ਹੋਵੇਗੀ,ਉਸ ਬਾਰੇ ਹਾਇਬਨ ਦੀ ਨਾਇਕਾ ਨੇ ਇਹ ਮਹਿਸੂਸ ਕੀਤਾ,'- - ਉਹ ਹੁਣ ਤੱਕ ਕਦੇ ਵੇਖ ਹੀ ਨਹੀਂ ਸਕੀ ਸੀ। ਆਪਣੀ ਜ਼ਿੰਦਗੀ 'ਚ ਆਉਣ ਵਾਲੇ ਤੱਤੇ ਬੁੱਲਿਆਂ ਨੂੰ ਰੋਕਣ ਲਈ ਅੱਜ ਉਸ ਨੇ ਕਿਸੇ ਨੂੰ ਢਾਲ ਬਣਦੇ ਤੱਕਿਆ ਸੀ।'ਬੱਸ ਇੱਕ ਇਹਸਾਸ, ਇੱਕ ਤੱਕਣੀ ਕਿਸੇ ਦੀ ਦੁਨੀਆ ਬਦਲ ਕੇ ਰੱਖ ਦਿੰਦੀ ਹੈ।'ਜਦ ਨਾਇਕਾ ਖ਼ੁਦ ਆਪਣੇ ਮਨੋਭਾਵਾਂ ਨੂੰ ਇਸ ਤਰ੍ਹਾਂ ਉਜਾਗਰ ਕਰਦੀ ਹੈ,ਤਾਂ ਉਸ ਦੀ ਇਹ ਸੋਚ ਕੀ ਇੱਕ ਦਮ ਬਦਲੀ ਜਾਂ ਇਸ ਤੋਂ ਪਹਿਲਾਂ ਉਸ ਦੇ ਅਚੇਤ ਮਨ ਵਿਚ ਬੀਜ ਰੂਪੀ ਪਿਆਰ ਪੁੰਗਰਨ ਲਈ ਖ਼ਾਸ ਘਟਣਾ ਦਾ ਇੰਤਜ਼ਾਰ ਕਰ ਰਿਹਾ ਸੀ? ਅਜਿਹੀ ਸਥਿਤੀ ਹਿੰਦੀ ਫ਼ਿਲਮਾਂ ਵਿਚ ਤਾਂ ਆਮ ਦੇਖੀ ਗਈ ਹੈ।

    ਇਸ ਤਸਵੀਰ ਦੇ ਦੂਜਾ ਰੁਖ਼ ਵਿਚ ਨਾਇਕਾ ਨੂੰ ਮਿਲਣ ਜਾਣ ਵਾਲਾ "ਉਹ" ਵੀ ਸੋਚ ਰਿਹਾ ਸੀ, '- - ਕਿ ਅੱਜ ਉਹ ਅਣਗਿਣਤ ਸੁਆਲਾਂ ਦੀ ਬੁਛਾੜ ਕਰੇਗੀ, ਜਿਨ੍ਹਾਂ ਦਾ ਉਸ ਕੋਲ ਸ਼ਾਇਦ ਕੋਈ ਜਵਾਬ ਵੀ ਨਹੀਂ ਹੋਣਾ। ਪਤਾ ਨਹੀਂ ਉਹ ਮੇਰੀ ਜੀਵਨ ਸਾਥਣ ਬਣ ਮੇਰੀ ਜ਼ਿੰਦਗੀ ਨੂੰ ਭਾਗ ਲਾਉਣ ਦੀ ਹਾਮੀ ਭਰੇਗੀ ਵੀ ਜਾਂ ਨਹੀਂ।'

    ਇਸ ਨਿੱਕੀ ਜਿਹੀ ਘਟਨਾ ਕਰਮ ਨਾਲ ਲੜਕੀ ਦੀ ਸੋਚ ਦਾ ਇਕਦਮ ਇਸ ਨਤੀਜੇ ਤੇ ਨਿਰਨਾ ਲੈਣਾ,ਪਾਠਕ ਦੇ ਦਿਲ ਦਿਮਾਗ਼ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰਦਾ ਹੈ,ਪਰ ਜਿਵੇਂ ਮੈਂ ਉੱਪਰ ਦੱਸਿਆ ਹੈ,ਇਹ ਪਿਆਰ ਦੀ ਚਿਣਗ 'ਚਾਹ ਦੇ ਕੱਪ' ਦਾ ਹੱਥੋਂ ਛੁੱਟਣ ਨਾਲ ਭਾਂਬੜ ਬਣ ਗਈ ਅਤੇ 'ਮਦਰ ਇੰਡੀਆ' ਵਾਲੀ ਕਹਾਣੀ ਇਨ੍ਹਾਂ ਦੋਹਾ ਦੇ ਦਿਲਾਂ ਦੇ ਪਰਦੇ ਤੇ ਦੁਹਰਾਈ ਗਈ ਹੈ,ਜੋ ਪਾਠਕਾਂ ਲਈ ਸੁਹਜ ਸਵਾਦ ਪੱਖੋਂ ਸਫਲ ਹੇ। ਲੇਖਕਾ ਵੀ ਇਸ ਨਜ਼ਰੀਏ ਨੂੰ ਠੋਸ ਬਣਾਉਣ ਲਈ ਕਹਿੰਦੀ ਹੈ,’ ਕਿਸੇ ਦੇ ਦਿਲ 'ਚ ਸਦੀਵੀ ਜਗ੍ਹਾ ਬਣਾਉਣ ਲਈ ਯੁੱਗਾਂ ਲੱਗ ਜਾਂਦੇ ਨੇ। ਪਰ ਚਾਹ ਦਾ ਡੁੱਲ੍ਹਣਾ ਇੱਕ ਦੇ ਸਾਹੀਂ ਦੂਜੇ ਦੀ ਰਵਾਨੀ ਧਰ ਗਿਆ।‘

    ਇਸ ਘਟਨਾ ਦਾ ਬਿਰਤਾਂਤਿਕ ਪੱਖ ਬਹੁਤ ਗੁਣਾਤਮਿਕ ਹੈ,ਜੋ ਲੇਖਕਾ ਨੇ ਬਹੁਤ ਸੁੰਦਰ ਤਰੀਕੇ ਨਾਲ ਚਿਤਰਿਆ ਹੈ,ਜਿਵੇਂ ਚੜ੍ਹਦੇ ਦਿਨ ਦਾ ਸੂਹਾ ਰੰਗ,ਮੋਹ ਦਾ ਨਿਉਂਦਾ,ਚੁੱਪੀ ਦਾ ਆਲਮ,ਕਾਲਜ ਦਾ ਸਮਾ,ਵਿਦਿਆਰਥੀ ਵਰਗ ਵਿਚਲੀ ਅਮੀਰੀ ਗ਼ਰੀਬੀ ਦਾ ਜ਼ਿਕਰ,ਅਤੇ ਇੱਕ ਇੱਕ ਪਾਸੜੇ ਪਿਆਰ ਦਾ ਆਕਰਸ਼ਨ ਆਦਿ ਆਦਿ, ਜੋ ਵਾਰਤਕ ਤੇ ਕਵਿਤਾ ਦਾ ਸੁੰਦਰ ਸੁਮੇਲ ਹੈ।
    ਮੈਂ ਡਾ. ਹਰਦੀਪ ਕੌਰ ਸੰਧੂ ਨੂੰ ਇਸ ਕਿਰਤ ਤੇ ਦਿਲੋਂ ਵਧਾਈ ਦਿੰਦਾ ਹਾਂ।
    -0-
    -ਸੁਰਜੀਤ ਸਿੰਘ ਭੁੱਲਰ
    -26-08-2016

    ReplyDelete
    Replies
    1. ਆਪ ਜੀ ਨੇ ਹਮੇਸ਼ਾਂ ਦੀ ਤਰ੍ਹਾਂ ਇਸ ਬਾਰ ਵੀ ਬੜੀ ਹੀ ਬਰੀਕੀ ਨਾਲ ਹਾਇਬਨ ਦੀ ਵਿਆਖਿਆ ਕੀਤੀ ਹੈ। ਆਪ ਦੇ ਵੱਡਮੁੱਲੇ ਸਮੇਂ ਤੇ ਵਿਚਾਰਾਂ ਨੂੰ ਸਲਾਮ।
      ਆਪ ਨੇ ਮਦਰ ਇੰਡੀਆ ਫਿਲਮ ਵਾਲੀ ਘਟਨਾ ਦਾ ਚੇਤਾ ਕਰਵਾਇਆ ਹੈ। ਉਹ ਇੱਕ ਹਕੀਕਤ ਸੀ ਤੇ ਹਿੰਦੀ ਫ਼ਿਲਮਾਂ 'ਚ ਅਜਿਹੀਆਂ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ। ਇਹ ਘਟਨਾਵਾਂ ਕਿਤੇ ਨਾ ਕਿਤੇ ਆਮ ਲੋਕਾਂ ਦੀ ਜ਼ਿੰਦਗੀ 'ਚੋਂ ਹੀ ਨਿਕਲ ਕੇ ਆਉਂਦੀਆਂ ਹਨ ਜੋ ਕਿਸੇ ਫਿਲਮ ਦਾ ਹਿੱਸਾ ਬਣ ਜਾਂਦੀਆਂ ਨੇ।
      ਇਸ ਹਾਇਬਨ 'ਤੇ ਜੇ ਨਾਇਕਾ ਦੇ ਜੀਵਨ 'ਤੇ ਗੌਰ ਕੀਤਾ ਜਾਵੇ ਤਾਂ ਸਮਝਣਾ ਪਵੇਗਾ ਕਿ ਕਿਓਂ ਉਹ ਆਮ ਕੁੜੀਆਂ ਵਾਂਗ ਉਸ ਅਮੀਰਜ਼ਾਦੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਸੀ ਹੁੰਦੀ। ਉਹ ਬਾਪ ਦੇ ਹੁੰਦੇ ਹੋਏ ਵੀ ਬਿਨ ਬਾਪ ਦੀ ਜ਼ਿੰਦਗੀ ਗੁਜ਼ਾਰ ਰਹੀ ਸੀ। ਬਾਪ ਦੇ ਦੂਜੇ ਵਿਆਹ ਨੇ ਉਸ ਦੀ ਜ਼ਿੰਦਗੀ 'ਚ ਕੜਵਾਹਟ ਲੈ ਆਂਦੀ ਸੀ।
      ਕੋਈ ਨਾ ਕੋਈ ਮਜ਼ਬੂਰੀ ਹੋਵੇਗੀ ਜੋ ਉਹ ਇਸ ਅਮੀਰਜ਼ਾਦੇ ਨੂੰ ਮਿਲਣ ਲਈ ਤਿਆਰ ਹੋ ਗਈ। ਅੱਜ ਉਹ ਆਪ ਉਸ ਨੂੰ ਮਿਲਣ ਨਹੀਂ ਆਈ ਸੀ ਸਗੋਂ ਜ਼ਿੰਦਗੀ ਉਸ ਨੂੰ ਇਸ ਮੋੜ 'ਤੇ ਲੈ ਆਈ ਸੀ। ਉਸ ਉਸ ਦੇ ਰੂਬਰੂ ਹੁੰਦੀ ਕੋਈ ਬਹੁਤੀ ਸਕੂਨ ਵਾਲੀ ਅਵਸਥਾ 'ਚ ਨਹੀਂ ਸੀ ਜਿਵੇਂ ਆਮ ਪ੍ਰੇਮੀ ਜੋੜੇ ਹੋਇਆ ਕਰਦੇ ਨੇ। ਪਰ ਅਮੀਰਜ਼ਾਦੇ ਨੂੰ ਉਸ ਦੀ ਸ਼ਕਸੀਅਤ ਪ੍ਰਭਾਵਿਤ ਕਰ ਗਈ ਸੀ। ਸ਼ਾਇਦ ਉਹ ਆਪਣੇ ਆਲੇ ਦੁਆਲੇ ਦੇ ਖੁੱਲ੍ਹੇਪਣ ਤੋਂ ਅਕੇਵਾਂ ਮਹਿਸੂਸ ਕਰਦਾ ਸੀ। ਉਸ ਨੂੰ ਜ਼ਿੰਦਗੀ 'ਚ ਕੁਝ ਸਲੀਕਾ, ਕਾਇਦਾ ਤੇ ਘਰੇਲੂ ਆਪਣਾਪਣ ਲੋੜੀਂਦਾ ਸੀ।
      ...........ਤੇ ਜੇ ਸ਼ਾਇਦ ਚਾਹ ਡੁੱਲਣ ਵਾਲਾ ਵਰਤਾਰਾ ਨਾ ਵਾਪਰਦਾ ਉਹ ਉਸਨੂੰ ਨਾ ਕਹਿ ਕੇ ਚਲੀ ਜਾਂਦੀ।

      Delete
  3. A message via e-mail:
    ਚਾਹ ਦਾ ਕੱਪ ਗਰਮ ਤਾਂ ਬਹੁਤ ਸੀ ,ਪਰ ਫਿੱਕਾ ਨਹੀਂ ਸੀ। ਇਸ ਦਾ ਡੁੱਲਣਾ ਤਾਂ ਜਿਵੇਂ ਦਿਲਾਂ ਦੇ ਬੂਹੇ ਸ਼ਗਨਾਂ ਦਾ ਤੇਲ ਚੋ ਗਿਆ। ਰੂਹਾਂ ਦੇ ਮਿਲਾਪ ਦੀ ਆਉਣ ਵਾਲੀ ਖੁਸ਼ੀ ਵਿੱਚ। ਕੁਦਰਤ ਦਾ ਹਰ ਇਸ਼ਾਰਾ ਭਵਿੱਖ ਵਿਖਾ ਦਿੰਦਾ ਹੈ ਪਰ ਵੇਖਣ ਵਾਲੀ ਅੱਖ ਚਾਹੀਦੀ ਹੈ।
    ਕਮਲਾ ਘਟਾਔਰਾ

    ReplyDelete
    Replies
    1. ਮਿੱਠੀ ਚਾਹ ਦਾ ਆਨੰਦ ਲੈਣ ਲਈ ਸ਼ੁਕਰੀਆ ਜੀ। ਸਹੀ ਕਿਹਾ ਚਾਹ ਨਹੀਂ ਡੁੱਲੀ ਸਗੋਂ ਦਿਲਾਂ ਦੇ ਬੂਹੇ ਸ਼ਗਨਾਂ ਦਾ ਤੇਲ ਚੋਇਆ ਗਿਆ। ਹਾਇਬਨ ਦਾ ਸਹੀ ਨਿਚੋੜ ਇਸੇ ਇੱਕੋ ਸਤਰ 'ਚ ਸਮਾ ਗਿਆ ਹੈ। ਆਪ ਦੇ ਵਿਚਾਰ ਪੜ੍ਹ ਕੇ ਮੈਨੂੰ ਹਮੇਸ਼ਾਂ ਹੀ ਚੰਗਾ ਲੱਗਦਾ ਹੈ।

      Delete
    2. A message via e-mail:

      टिप्पणी चाय का कप पर

      प्राकृतिक दृष्यों को ही चित्रित करने में नहीं मन की गाथा कहने में भी हरदीप जी माहिर हैं । चाय के कप को माध्यम बना कर इस हाइबन में विमुग्धकारी ढंग से मन की गाथा कही गई है । यह दर्शाया गया है कि मन उसी ओर आकर्षित होता है जो आप्राप्य हो । कालेज के दिनों का नायिका का सहपाठी सबके आकर्षण का केंद्र बना हुआ था अपनी अमीरी और खुलेपन के कारण । लेकिन नायिका उससे अप्राभावित रहीं उसके पीछे एक बड़ा कारण था उसका मरद जात से विश्वास का उठ जाना । दूसरा वह संस्कारी लड़की थी । जीवन सीधा सपाट तो चलता नहीं कभी कभी जीवन में आने वाले गर्म हवाओं के झौंकों से बचाने वाली ढाल की आवश्यकता भी पड़ती है । यही कारण था जो नायक और नायिक आमने सामने बैठे थे । चाय का कप था मन की बात कहने सुनने के लिये एक माध्यम । यहाँ कह सकते हैं एक मध्यस्त यानी बिचौला रिश्ते जोड़ने का काम करने वाला । बिचौला पूरी कोशिश करता है कि जो रिश्ता वह जोड़ने चला है वह बन जाये । यहाँ चाय के कप ने जी जान लगा दी अपनी भूमिका निभाने में । नायिका के मन की अस्थिरता ने चाय गिरा कर । दूसरी ओर नायिक के अन्तर की छबि मन की कोमलता को सामने लाकर । नायिका के हाथ को जलने से बचाकर अपना हाथ आगे करके । इस एक पल ने दोनों के मन में जो विचार द्वन्द चल रहा था समाप्त कर दिया । रूह से रूह के तार जुड़ गये ।इस अप्रयातिश मन मिलन ने जीवन में स्वर्ण प्रभात दिखा दिया ।और नायक को अप्राप्य सुलभ करा दिया जिसकी उसे आशा नहीं थी ।
      अपनी अद्भुत भाषा शैली ने रचना को और सुन्दर बना दिया ।
      वाह हरदीप जी तुसीं तां ग्रेट हो । हाइबन मन विमुग्ध कर गया । बधाई बनती है ना ?

      Kamla Ghataaura

      Delete
  4. ਚਾਹ ਦਾ ਕੱਪ ਹਾਇਬਨ ਦੀ ਭਾਸ਼ਾ ਤੇ ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਹੈ। ਖੂਬਸੂਰਤ ਰਚਨਾ ਹੈ।
    ਦਵਿੰਦਰ ਕੌਰ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ