ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Sep 2016

ਦੋਸਤੀ ਦੀ ਗੰਢ

Image result for shaking hands drawing
ਸਾਡਾ ਵਿਹੜਾ ਕਾਫ਼ੀ ਵੱਡਾ ਸੀ। ਸ਼ਾਮ ਦੇ ਸਮੇਂ ਮੈਂ ਤੇ ਮੇਰੀ ਸਹੇਲੀਆਂ ਇੱਕਠੀਆਂ ਹੋ ਕੇ ਉੱਥੇ ਆਪਣੇ ਮਨ -ਪਸੰਦ ਖੇਲ ਖੇਡਦੀਆਂ। ਕਦੇ ਦੋ ਕੁੜੀਆਂ ਰੱਸੀ ਘੁੰਮਾਉਂਦੀਆਂ ਤੇ ਅਸੀਂ ਵਾਰੋ -ਵਾਰੀ ਵਿੱਚ ਜਾ ਕੇ ਬਿਨਾਂ ਆਊਟ ਹੋਏ ਬਾਹਰ ਆ ਜਾਂਦੀਆਂ। ਕਦੇ ਸਟਾਪੂ ਖੇਡਦੀਆਂ ਤੇ ਕਦੇ ਕਿੱਕਲੀ। ਬੈਠ ਕੇ ਗੀਟੇ ਖੇਲਣਾ ਸਾਨੂੰ ਪਸੰਦ ਨਹੀਂ ਸੀ। ਇਹ ਛੋਟੀਆਂ  ਕੁੜੀਆਂ ਖੇਡਦੀਆਂ। 
     ਉਸ ਦਿਨ ਅਸੀਂ  ਸਟਾਪੂ ਖੇਡ ਰਹੀਆਂ ਸਾਂ। ਮੇਰੀ ਇੱਕ ਸਹੇਲੀ ਤੋਂ ਖੇਡ 'ਚ ਉਸਦਾ ਸਟਾਪੂ ਏਸ ਪਾਰ ਰਹਿ ਗਿਆ ਤੇ ਲਕੀਰ ਨੂੰ ਛੂਹ ਰਿਹਾ ਸੀ। ਸਾਰਿਆਂ ਨੇ ਰੌਲ਼ਾ ਪਾ ਦਿੱਤਾ ਕਿ ਉਹ ਆਊਟ ਹੋ ਗਈ ਹੈ। ਇੱਕ ਹੋਰ ਕੁੜੀ ਬੋਲੀ, "ਹੱਟ ਪਾਸੇ , ਹੁਣ ਮੇਰੀ ਵਾਰੀ ਹੈ। " ਉਸ ਨੇ ਆਊਟ ਹੋਈ ਮੇਰੀ ਸਹੇਲੀ ਨੂੰ ਖਾਨਿਆਂ ਤੋਂ ਬਾਹਰ ਕੱਢ ਦਿੱਤਾ। ਉਹ ਪੈਰ ਪਟਕਾਉਂਦੀ ਗੁੱਸੇ ਹੋ ਕੇ ਘਰ ਚੱਲੀ ਗਈ। ਅਸੀਂ ਖੇਡਣਾ ਜਾਰੀ ਰੱਖਿਆ। ਉਸ ਨੇ ਨਹੀਂ ਖੇਡਣਾ, ਜਾਣ ਦਿਓ -ਅਸੀਂ ਸੋਚਿਆ। 
      ਪਰ ਜਾਣ ਕਿੱਥੇ ਦੇ ਸਕਦੀ ਸੀ ਉਹ। ਉਹ ਤਾਂ ਆਪਣੀ ਮਾਂ ਨੂੰ ਲੈ ਆਈ ਸਾਡੀ ਸ਼ਕਾਇਤ ਕਰਕੇ ਕਿ ਅਸੀਂ ਉਸ ਨੂੰ ਆਪਣੇ ਨਾਲ ਨਹੀਂ ਖਿਡਾਉਂਦੀਆਂ। ਉਸ ਦੀ ਮਾਂ ਬੋਲੀ ," ਕੀ ਗੱਲ ਹੈ ਬਈ ? ਇਸ ਨੂੰ ਨਾਲ ਕਿਉਂ ਨਹੀਂ ਖਿਡਾਉਂਦੀਆਂ ਤੁਸੀਂ ?"
ਮੈਂ ਕਿਹਾ, "ਆਂਟੀ , ਸਾਡੇ ਨਾਲ ਖੇਡਦੇ -ਖੇਡਦੇ ਖੁਦ ਹੀ ਉਹ ਖੇਡ ਛੱਡ ਕੇ ਚਲੀ ਗਈ। "
ਆਂਟੀ ਨੇ ਓਸ ਵੱਲ ਅੱਖਾਂ ਨਾਲ ਘੂਰਦਿਆਂ ਪੁੱਛਿਆ, " ਕੀ ਇਹ  ਸੱਚ ਬੋਲਦੀਆਂ ਨੇ ?"
ਉਸ ਨੇ ਹਾਂ 'ਚ ਸਿਰ  ਝੁਕਾ ਲਿਆ। 
ਆਂਟੀ ਬੋਲੀ ," ਚੱਲੋ ਹੱਥ ਮਿਲਾਓ , ਕਰੋ ਸੁਲਾਹ। "
ਉਹ ਆਪਣੇ ਭਰਾਵਾਂ ਦੀ ਲਾਡਲੀ ਛੋਟੀ ਭੈਣ ਕੁਝ ਜ਼ਿਆਦਾ ਹੀ ਜਿੱਦੀ ਸੀ। ਮੈਂ ਹੱਥ ਅੱਗੇ ਕਰਕੇ ਖੜੀ ਰਹੀ। ਪਰ ਉਹ ਸੁਲਾਹ ਕਰਨ ਨੂੰ ਤਿਆਰ ਨਹੀਂ ਸੀ। ਆਂਟੀ ਨੇ ਦੁਬਾਰਾ ਕੁਝ ਨਹੀਂ ਕਿਹਾ। ਬੱਸ ਸਾਡੀਆਂ  ਦੋਹਾਂ ਦੀਆਂ ਗੁੱਤਾਂ ਬੰਨ ਦਿੱਤੀਆਂ। ਮੇਰੀ ਮਾਂ ਵੀ ਉੱਥੇ ਸਾਨੂੰ ਵੇਖ ਰਹੀ ਸੀ। ਆਂਟੀ ਨੇ ਕਿਹਾ, " ਜਦ ਤੱਕ ਇਹ ਹੱਥ ਮਿਲਾ ਕੇ ਫੇਰ ਤੋਂ ਦੋਸਤੀ ਨਹੀਂ ਕਰਦੀ ਇਸੇ ਤਰਾਂ ਰਹਿਣਗੀਆਂ। ਤੁਸੀਂ  ਵੀ ਇਹਨਾਂ ਨੂੰ ਅਲੱਗ ਨਾ ਕਰਨਾ। "
ਫਿਰ ਆਂਟੀ ਨੇ ਸਾਨੂੰ ਕਿਹਾ ," ਕੁੜੇ ਬੇਫਕੂਫ਼ੋ ! ਬਚਪਨ ਹੱਸਣ ਖੇਡਣ ਲਈ ਹੁੰਦਾ ਹੈ ਜਾਂ ਰੁੱਸ ਕੇ ਆਪਣਾ ਤੇ ਆਪਣੇ ਦੋਸਤਾਂ ਦਾ ਮਨ ਦੁਖਾਉਣ ਲਈ। " ਅਸੀਂ ਜਿਉਂ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਦੂਰ ਕਰਦੀਆਂ ਸਾਡੇ ਵਾਲ਼ ਖਿੱਚ ਹੋ ਜਾਂਦੇ ਤੇ ਅਸੀਂ ਫੇਰ ਨੇੜੇ ਆ ਜਾਂਦੀਆਂ। ਇਸੇ ਚੱਕਰ 'ਚ ਸਾਡੀ ਹਾਸੀ ਨਿਕਲ ਗਈ। ਅਸੀਂ ਦੋਸਤੀ ਲਈ ਹੱਥ ਅੱਗੇ ਕਰ ਦਿੱਤੇ। ਜਦ ਤੱਕ ਸਾਡੇ ਬਚਪਨ ਨੇ ਸਾਥ ਨਹੀਂ ਛੱਡਿਆ ਦੁਬਾਰਾ ਅਜਿਹੀ ਨੌਬਤ ਨਹੀਂ ਆਈ। ਆਂਟੀ ਦੀ ਦਿੱਤੀ ਸਿੱਖਿਆ ਹੁਣ ਵੀ ਯਾਦ ਹੈ। ਦੋਸਤੀ ਤੋੜਨ ਨਾਲ ਇੱਕ ਦਾ ਨਹੀਂ ਦੋਹਾਂ ਦਾ ਮਨ ਦੁੱਖਦਾ ਹੈ ਜਿਵੇਂ ਖਿੱਚਣ ਨਾਲ ਵਾਲ਼। 

ਸ਼ਾਮ ਦਾ ਸਮਾਂ 
ਖੇਡਦੀਆਂ ਕੁੜੀਆਂ 
ਗੰਢ ਦੋਸਤੀ । 

ਕਮਲਾ ਘਟਾਔਰਾ 
ਯੂ ਕੇ 
ਅਨੁਵਾਦ : ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ


2 comments:

  1. ਬੜੇ ਚੰਗੇ ਵਿਸ਼ੇ 'ਤੇ ਲਿਖਿਆ ਹੈ , ਲਿਖਤ ਕਈਂ ਪੁਰਾਣੀਆਂ ਰਵਾਇਤਾਂ ਯਾਦ ਕਰਾ ਗਈ

    ReplyDelete
  2. ਕਮਲਾ ਜੀ ਦਾ ਇਹ ਹਾਇਬਨ ਮੈਨੂੰ ਮੇਰੇ ਪਿੰਡ ਦੇ ਵਿਹੜੇ ਲੈ ਗਿਆ। ਮੈਨੂੰ ਲੱਗਾ ਜਿਵੇਂ ਮੈਂ ਕਦੇ ਆਪਣੇ ਨਾਨਕਿਆਂ ਦੇ ਤੇ ਕਦੇ ਦਾਦਕਿਆਂ ਦੇ ਵਿਹੜੇ 'ਚ ਟਪੂਸੀਆਂ ਮਾਰਦੀ ਫਿਰ ਰਹੀ ਹੋਵਾਂ। ਸਹੇਲੀਆਂ ਨਾਲ ਘਿਰੀ ਹੋਵਾਂ ਤੇ ਕੋਈ ਵੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹਿਸ , ਮੈਂ ਤਾਂ ਇਹ ਖੇਡਣਾ , ਨਹੀਂ ਮੈਂ ਤਾਂ ਓਹ ਖੇਡਣਾ।
    ਕਮਲਾ ਜੀ ਨੇ ਤਾਂ ਕਮਾਲ ਦੀ ਘਟਨਾ ਦਾ ਜ਼ਿਕਰ ਕੀਤਾ ਹੈ। ਕਿੰਨੀਆਂ ਚੰਗੀ ਸੋਚ ਸੀ , ਇੱਕ ਦੂਜੇ ਦੇ ਬੱਚਿਆਂ 'ਤੇ ਆਪਣੇ ਬੱਚਿਆਂ ਜਿੰਨਾ ਹੀ ਹੱਕ ਸੀ। ਕੋਈ ਵੀ ਘੂਰ ਝਿੜਕ ਲੈਂਦਾ , ਬੁਰਾ ਨਹੀਂ ਮੰਨਾਇਆ ਜਾਂਦਾ ਸੀ। ਤਾਂ ਹੀ ਤਾਂ ਸਹਿਣਸ਼ੀਲਤਾ ਜਿਹੇ ਚੰਗੇ ਗੁਣ ਖੁਦ ਬ ਖੁਦ ਹੀ ਆ ਜਾਂਦੇ। ਜੋ ਸਿੱਖਿਆ ਇਸ ਨੂੰ ਆਪਣਾ ਕੇ ਅਗਲੇਰੀਆਂ ਪੀੜ੍ਹੀਆਂ 'ਚ ਵਿਕਸਿਤ ਕਰਨ ਦੀ ਕੋਸ਼ਿਸ਼ 'ਚ ਲੱਗੇ ਰਹਿਣਾ ਚਾਹੀਦਾ ਹੈ। ਕਮਲਾ ਜੀ ਸੋਹਣੇ ਤੇ ਭਾਵਪੂਰਣ ਹਾਇਬਨ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ