ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Oct 2016

ਪਿੰਡ ਦੇ ਸਿਵੇ

ਅੰਗਾਰ ਵਾਂਗ ਤਪਦਾ ਹਾੜ ਦਾ ਸੂਰਜ ਗਰਮੀ ਦਾ ਕਹਿਰ ਵਰ੍ਹਾ ਰਿਹਾ ਸੀ। ਮੀਂਹ ਤੋਂ ਬਾਦ ਚਾਰ ਚੁਫੇਰਾ ਹੁੰਮਸ ਨਾਲ ਭਰਿਆ ਪਿਆ ਸੀ। ਤਪਸ਼ ਨਾਲ ਬੇਹਾਲ ਹੋਈ ਬੇਬੇ ਹੌਲ਼ੀ -ਹੌਲ਼ੀ ਸਿਵਿਆਂ 'ਚ ਝਾੜੂ ਲਾ ਰਹੀ ਸੀ। ਮੁੜ੍ਹਕੇ ਨਾਲ ਭਿੱਜੀ ਉਸ ਦੀ ਕੁੜਤੀ ਪਿੰਡੇ ਨਾਲ ਚਿਪਕੀ ਪਈ ਸੀ। ਮੱਥੇ ਤੋਂ ਤਿਪ -ਤਿਪ ਵਹਿੰਦੇ ਮੁੜ੍ਹਕੇ ਨੂੰ ਉਹ ਘੜੀ ਮੁੜੀ ਆਪਣੀ ਆਪਣੀ ਚੁੰਨੀ ਦੇ ਲੜ ਨਾਲ ਪੂੰਝ ਲੈਂਦੀ ਸੀ। 
    ਸਤਰਾਂ ਕੁ ਵਰ੍ਹਿਆਂ ਦੇ ਨੇੜੇ ਢੁਕੀ ਉਸ ਅੰਮ੍ਰਿਤਧਾਰੀ ਬੇਬੇ ਦਾ ਕਮਜ਼ੋਰ ਸਰੀਰ ਤੇ ਅੰਦਰ ਨੂੰ ਧੱਸੀਆਂ ਅੱਖਾਂ ਜ਼ਿੰਦਗੀ ਦੇ ਸਫ਼ਰ 'ਚ ਉਗੇ ਫਾਸਲਿਆਂ ਦੀ ਗਵਾਹੀ ਭਰਦੀਆਂ ਸਨ। ਕਹਿੰਦੇ ਨੇ ਕਿ ਜੇ ਜੀਵਨ ਸਫ਼ਰ 'ਚ ਪੀੜਾਂ ਉਗ ਆਉਣ ਤਾਂ ਕੋਈ ਤੌਖ਼ਲਾ ਨਿੱਤ ਸਾਹ ਪੀਣ ਲੱਗਦਾ ਏ। ਬੇਬੇ ਦੀਆਂ ਉਮੀਦਾਂ ਦੀ ਤਵਾਰੀਖ਼ ਵੀ ਹੁਣ ਉਸ ਵਾਂਗ ਵਿਧਵਾ ਹੋ ਗਈ ਸੀ। ਉਹ ਇਹਨਾਂ ਸਿਵਿਆਂ 'ਚ ਪਿਛਲੇ ਵੀਹ ਤੋਂ ਵੀ ਜ਼ਿਆਦਾ ਵਰ੍ਹਿਆਂ ਤੋਂ ਰਹਿ ਰਹੀ ਹੈ। ਓਦੋਂ ਉਹ ਜੁਆਨ ਸੀ ਤੇ ਅੱਜ ਉਸ ਦੀ ਧੀ ਜਵਾਨ ਹੈ ਜੋ ਆਪਣੀ ਉਮਰ ਨਾਲੋਂ ਕਾਫ਼ੀ ਵੱਡੇਰੀ ਲੱਗ ਰਹੀ ਸੀ। ਉਸ ਦਾ ਧੁਆਂਖਿਆ ਚਿਹਰਾ ਤੇ ਬੁੱਝੀਆਂ ਅੱਖਾਂ ਜ਼ਿੰਦਗੀ ਦੀ ਨਿਰਾਸ਼ਤਾ ਦੀ ਗਾਥਾ ਹੋ ਨਿਬੜੀਆਂ ਨੇ। 
   ਕਹਿੰਦੇ ਨੇ ਜ਼ਿੰਦਗੀ ਦੋ ਘੜੀਆਂ ਤੇ ਆਖ਼ਿਰ ਨੂੰ ਮੜ੍ਹੀਆਂ। ਪਰ ਉਹ ਤਾਂ ਜਿਉਂਦੇ ਜੀਅ ਹੀ ਇਹਨਾਂ ਸਿਵਿਆਂ ਦੀ ਹੋ ਕੇ ਰਹਿ ਗਈ ਸੀ। ਜਿੱਥੇ ਲੋਕ ਦਿਨ ਵੇਲ਼ੇ ਵੀ ਜਾਣ ਤੋਂ ਕਤਰਾਉਂਦੇ ਨੇ ਤੇ ਰਾਤ -ਬਰਾਤੇ ਓਧਰੋਂ ਲੰਘਣ ਦੀ ਬਜਾਏ ਆਪਣਾ ਰਾਹ ਬਦਲ ਲੈਂਦੇ ਨੇ। ਪਿੰਡ ਦੇ ਸਿਵੇ ਹੀ ਉਸ ਦੇ ਸਿਰ ਦੀ ਛੱਤ ਨੇ। ਹੁਣ ਉਸ ਦਾ ਘਰ ਨੇ ਇਹ ਸਿਵੇ -ਜਿਸ ਵਿਹੜੇ ਸਿਸਕੀਆਂ ਉਗਮਦੀਆਂ ਨੇ ਤੇ ਸ਼ਾਹ ਕਾਲੀਆਂ ਡਰਾਉਣੀਆਂ ਰਾਤਾਂ ਸਾਂ -ਸਾਂ ਕਰਦੀਆਂ ਨੇ। ਜਿੱਥੇ ਮੁਰਦਿਆਂ ਦੇ ਮੱਚੇ ਹੋਏ ਸਿਵੇ ਤੇ ਸੁਆਹ ਦੀਆਂ ਧੜਾਂ ਉਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਆਪਣੇ ਪਤੀ ਦੀ ਮੌਤ ਤੋਂ ਬਾਦ ਉਹ ਮਾਂਵਾਂ -ਧੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਤਾਂ ਕਰ ਰਹੀਆਂ ਨੇ ,ਪਰ ਉਹਨਾਂ ਨੂੰ ਰਹਿਣ ਜੋਗੀ ਜਗ੍ਹਾ ਨਸੀਬ ਨਹੀਂ ਹੋਈ। 
  ਜੀਵਨ ਰਾਹਾਂ 'ਚ ਪਸਰੇ 'ਨੇਰ੍ਹਿਆਂ ਨਾਲ ਬਹੁਤ ਕੁਝ ਅਣਕਿਆਸਿਆ ਵਾਪਰ ਜਾਂਦਾ ਹੈ। ਕਿਸੇ ਨਾ ਕਿਸੇ ਦੀ ਲੱਟ -ਲੱਟ ਮੱਚਦੀ ਚਿਖ਼ਾ ਵੇਖਦਿਆਂ ਬੇਬੇ ਦਾ ਆਪਾ ਕਿਸੇ ਬਲਦੇ ਸਿਵੇ ਦਾ ਸੇਕ ਬਣ ਗਿਆ ਹੈ। ਪਤਾ ਨਹੀਂ ਉਹ ਕਿਹੜੀ ਮਜ਼ਬੂਰੀ ਹੋਵੇਗੀ ਜਿਹੜੀ ਉਸ ਨੂੰ ਸਿਵਿਆਂ ਤੱਕ ਲੈ ਆਈ। ਲੱਗਦਾ ਹੈ ਓਸ ਪਿੰਡ 'ਚੋਂ ਇਨਸਾਨੀਅਤ ਹੀ ਮੁੱਕ ਗਈ ਏ ਜਾਂ ਵਾਸ਼ਪ ਹੋ ਗਏ ਨੇ ਮਨੁੱਖੀ ਅਹਿਸਾਸ। ਪਤਾ ਨਹੀਂ ਉਸ ਦਾ ਕੋਈ ਸਕਾ ਸਬੰਧੀ ਹੈ ਹੀ ਨਹੀਂ ਜਾਂ ਉਹ ਚੁੱਪੀ ਵੱਟੀ ਬੈਠੇ ਨੇ। ਕਿੰਨੇ ਨਿਰਮੋਹੇ ਹੋ ਗਏ ਨੇ ਲੋਕ। ਕੋਈ ਉਸ ਨੂੰ ਕੱਖ -ਕਾਨਿਆਂ ਦੀ ਝੁੱਗੀ ਵੀ ਪਾ ਕੇ ਨਹੀਂ ਦੇ ਸਕਿਆ। 
  ਹੁਣ ਬੇਬੇ ਦੇ ਅੰਤਰੀਵ 'ਚ ਨਿੱਤ ਇੱਕ ਸਿਵਾ ਬਲਦਾ ਹੈ ਤੇ ਬੇਰੋਕ ਵਗਦੀਆਂ ਨੇ ਸੇਕ ਮਾਰਦੀਆਂ ਹਵਾਵਾਂ। ਉਸ ਦੇ ਚਾਰੇ ਪਾਸੇ ਪਸਰੀ ਹੈ ਸੁੰਨ -ਮਸਾਣ। ਇੱਕ ਹੀਣ ਭਾਵਨਾ ਉਸ ਦੇ ਬੁੱਲਾਂ ਨੂੰ ਸਿਉਂਦੀ ਤੇ ਮਰ -ਮਰ ਕੇ ਹੈ ਉਹ ਅੱਜ ਜਿਉਂਦੀ। ਉਸ ਕਿਸ ਕੋਲ਼ ਫ਼ਰਿਆਦ ਕਰੇ ? ਕੋਈ ਨਹੀਂ ਸੁਣਦਾ ਉਸ ਦੇ ਦੁੱਖੜੇ ਨੂੰ। ਕਿਸੇ ਕੋਲ਼ ਵਿਹਲ ਨਹੀਂ ਉਸ ਦੇ ਚਸਕਦੇ ਜ਼ਖਮਾਂ 'ਤੇ ਮਰਹਮ ਲਾਉਣ ਦੀ। ਰੱਬ ਕਰੇ ਪੱਥਰਾਂ ਦੇ ਨਾਲ ਪੱਥਰ ਹੋਏ ਉਹਨਾਂ ਲੋਕਾਂ ਦਾ ਦਿਲ ਪਸੀਜ਼ ਜਾਵੇ। ਬੇਬੇ ਦਾ ਦਰਦ ਸਾਰਿਆਂ ਦਾ ਦਰਦ ਬਣ ਜਾਵੇ। 

ਪਿੰਡ ਦੇ ਸਿਵੇ -
ਸ਼ਾਂਤ ਬੈਠੀ ਤੱਕਦੀ 
ਬਰੂਹਾਂ ਵੱਲ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 503 ਵਾਰ ਪੜ੍ਹੀ ਗਈ ਹੈ। 

16 comments:

 1. ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਦੇਖਿਆ ਤਾਂ ਅਣਗਿਣਤ ਲੋਗਾਂ ਨੇ ਸੀ ਪਰ ਇਸ ਦਰਦ ਨੂੰ ਲਫ਼ਜ਼ ਤੁਸੀਂ ਦਿੱਤੇ ਹਨ । ਇਸ ਦੁਖਾਂਤ ਨੂੰ ਬਹੁਤ ਸਹੀ ਢੰਗ ਨਾਲ ਪੇਸ਼ ਕੀਤਾ ਹੈ ।

  ReplyDelete
  Replies
  1. ਬਹੁਤ ਬਹੁਤ ਧੰਨਵਾਦ ਦਿਲਜੋਧ ਸਿੰਘ ਜੀ। ਇਸ ਦਰਦ ਭਰੀ ਫੋਟੋ ਤੋਂ ਮੈਂ ਜਦੋਂ ਜਾਣੂ ਹੋਈ ਮੇਰੀ ਕਲਮ ਆਪ ਮੁਹਾਰੇ ਹੀ ਵਹਿ ਤੁਰੀ , ਬੇਰੋਕ -ਬੇਬੇ ਦੇ ਦੁੱਖ ਦਾ ਹੁੰਗਾਰਾ ਭਰਨ ਲਈ।

   Delete
 2. ਪਿੰਡ ਦੇ ਸਿਵੇ ਕਮਾਲ ਦੀ ਭਾਵਪੂਰਵਕ ਕਹਾਣੀ ਜੀ ।

  ReplyDelete
  Replies
  1. ਨਿਰਮਲ ਭੈਣ ਜੀ ਇਹ ਕਹਾਣੀ ਨਹੀਂ ਕਿਸੇ ਦੀ ਹੱਡਬੀਤੀ ਹੈ।

   Delete
 3. A sentimental truth... it relays the hopeless

  ReplyDelete
  Replies
  1. ਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ ! ਜੀ ਹਾਂ , ਅਜਿਹੀ ਹੱਡਬੀਤੀ ਸਭ ਦੇ ਦਿਲ ਨੂੰ ਧੂਹ ਪਾਉਂਦੀ ਹੈ।

   Delete
 4. A very heart touching story. You have the caliber and all essential qualities of a good writer. You have started writing about the pain of others. Nothing bad about it, but sometimes we start empathizing with others, when it affects our mood, then it is not good. We are to master our mind. Bulle Shah says, Rab da ki pauna, ethro putna te ether launa.Same is true for mind and our thinking.
  Do not stop writing of Dard but also try your hand on lighter things.You can write stories for children. There is scarcity of such srtuff in the market Thus you can cater to larger readers kids and their parents. It is just a suggestion.
  God bless you. My heart felt good wishes. Always with you.
  Your massi

  ReplyDelete
  Replies
  1. ਮਾਸੀ ਜੀ ਆਪ ਦਾ ਸੁਝਾ ਬਹੁਤ ਹੀ ਵਧੀਆ ਤੇ ਵੱਡਮੁੱਲਾ ਹੈ। ਆਪ ਦੀ ਹੱਲਾਸ਼ੇਰੀ ਲਈ ਧੰਨਵਾਦ !

   Delete
 5. ਕਮਾਲ ਦੀ ਲਿਖਤ ਜੀ ਪੱਥਰ ਦਿਲ ਵੀ ਪਸੀਜ਼ ਜਾਏ ਪਡ਼ ਕੇ ।ਉਮਦਾ ਲਿਖਦੇ ਨੇ ।ਭੈਣ ਹਰਦੀਪ ਨਾਲ ਜੁਡ਼ਿਆ ਅਜੇ ਕੁਝ ਦਿਨ ਹੀ ਹੋਏ ਨੇ ਪਰ ਇੰਝ ਲੱਗਦਾ ਜਿਵੇ ਉਮਰਾਂ ਸਾਥ ਹਵੇ।ਮੈ ਲੇਖਿਕਾ ਨਹੀ ਹਾ । ਆਪਣੇ ਜ਼ਜ਼ਬਾਤਾਂ ਨੂੰ ਉਲੀਕ ਦਿੰਦੀ ਹਾਂ।ਜੋ ਭੈਣ ਜੀ ਹੁਰਾ ਦੇ ਮਨ ਦੇ ਮੇਚ ਆ ਗਏ।

  ReplyDelete
  Replies
  1. ਨਿਰਮਲ ਭੈਣ ਜੀ ਇਹ ਤਾਂ ਪੜ੍ਹਨ ਵਾਲੇ ਦੀ ਸੋਚ 'ਤੇ ਵੀ ਨਿਰਭਰ ਕਰਦਾ ਹੈ ਕਿ ਉਹ ਲਿਖਤ ਨੂੰ ਕਿਸ ਦ੍ਰਿਸ਼ਟੀਕੋਣ ਤੋਂ ਪੜ੍ਹ ਰਿਹਾ ਹੈ।
   ਜੀ ਸਹੀ ਕਿਹਾ ਜਦੋਂ ਕੋਈ ਕਿਸੇ ਨੂੰ ਸੱਚੇ ਮਨੋਂ ਜੁੜੇ ਤਾਂ ਇੰਝ ਹੀ ਲੱਗਦਾ ਹੈ ਕਿ ਅਸੀਂ ਉਸ ਨੂੰ ਜਾਂ ਉਹ ਮੈਨੂੰ ਚਿਰਾਂ ਤੋਂ ਜਾਣਦਾ ਹੈ।
   ਆਪ ਦੇ ਵਧੀਆ ਵਿਚਾਰਾਂ ਲਈ ਸ਼ੁਕਰੀਆ।

   Delete
 6. ਪਿੰਡ ਦੇ ਸਿਵੇ' ਪੜ੍ਹ ਕੇ ਇਹ ਗੱਲ ਤਾਂ ਪ੍ਰਤੱਖ ਸਾਹਮਣੇ ਆਉਂਦੀ ਹੈ ਕਿ ਲੇਖਕਾ ਆਪਣੀ ਪਰਵੀਨ ਬੁੱਧ ਨਾਲ ਸੂਖਮ ਭਾਵਾਂ ਨੂੰ ਸੁਹਜ ਬਿੰਬਾਂ ਦਾ ਸਹਾਰਾ ਲੈ ਕੇ ਅਜਿਹੀ ਸਚਿਆਰੇ ਰੂਪ ਵਿਚ ਗੁੰਨ੍ਹ ਕੇ ਪਾਠਕਾਂ ਅੱਗੇ ਪੇਸ਼ ਕਰਦੀ ਹੈ ਕਿ ਉਸ ਦਾ ਅਸਰ ਕਬੂਲੇ ਬਿਨ ਨਹੀਂ ਰਿਹਾ ਜਾ ਸਕਦਾ।ਬੇਬੇ ਦੀ ਮੁੱਢਲੀ ਜ਼ਿੰਦਗੀ ਤੋਂ ਲੈ ਕੇ ਹੁਣ ਤਕ ਦਾ ਸਫ਼ਰ ਕਮਾਲ ਦਾ ਚਿਤਰਿਆ ਹੈ।ਇਸ ਕਹਾਣੀ ਰਾਹੀ ਸਮਾਜ ਤੇ ਵੀ ਭਰਪੂਰ ਕਟਾਖਸ਼ ਕੀਤਾ ਹੈ ਜਦ ਉਹ ਕਹਿੰਦੀ ਹੈ, ਪਿੰਡ 'ਚੋਂ ਇਨਸਾਨੀਅਤ ਹੀ ਮੁੱਕ ਗਈ ਏ ਜਾਂ ਵਾਸ਼ਪ ਹੋ ਗਏ ਨੇ ਮਨੁੱਖੀ ਅਹਿਸਾਸ ਤੇ ਕਿੰਨੇ ਨਿਰਮੋਹੇ ਹੋ ਗਏ ਨੇ ਲੋਕ।' ਇਹ ਉਹੀ ਪਿੰਡ ਨੇ ਜਿੱਥੇ ਲੋਕੀਂ ਕਹਿੰਦੇ ਹੁੰਦੇ ਸੀ ਕਿ "ਪਿੰਡਾਂ ਵਿਚ ਰੱਬ ਵੱਸਦਾ' ਪਰ ਹੁਣ ਤਾਂ ਇਹ ਸਵਾਰਥੀ ਲੋਕਾਂ ਦੇ ਦਿਲ ਪੱਥਰ ਦੇ ਹੋ ਗਏ ਹਨ, ਪਰ ਅੰਮ੍ਰਿਤਧਾਰੀ ਬੇਬੇ ਨੇ ਅਜੇ ਵੀ ਹਿੰਮਤ ਨਹੀਂ ਹਾਰੀ।'ਪਿੰਡ ਦੇ ਸਿਵੇ ਹੀ ਉਸ ਦੇ ਸਿਰ ਦੀ ਛੱਤ ਨੇ। ਹੁਣ ਬੇਬੇ ਦਾ ਘਰ ਨੇ ਇਹ ਸਿਵੇ।'ਇਹ ਹੈ ਤਾਂ ਬਹੁਤ ਦੁਖਦਾਈ ਜੀਵਨ,ਪਰ ਬੇਬੇ ਇੱਕ ਅਜਿਹਾ ਪ੍ਰਤੀਕ ਹੈ,ਜਿਸ ਨੇ ਜ਼ਿੰਦਗੀ ਨਾਲ ਘੋਲ ਜਾਰੀ ਰੱਖਿਆ ਹੈ।

  ਦਿਲ ਨੂੰ ਧੂਹ ਪਾਉਂਦੀ ਤੇ ਅੱਖਾਂ ਚੋਂ ਦਿਲ ਦਾ ਦਰਦ ਹੰਝੂਆਂ 'ਚ ਬਦਲਣ ਦੀ ਸ਼ਕਤੀ ਰੱਖਦੀ ਹੈ ਇਹ ਨਾਰੀਤਵ ਸੰਵੇਦਨਾ ਰਾਹੀਂ ਰਚੀ ਕਿਰਤ।
  -0-
  -ਸੁਰਜੀਤ ਸਿੰਘ ਭੁੱਲਰ -1-10-2016

  ReplyDelete
  Replies
  1. ਭੁੱਲਰ ਜੀ ਆਪ ਜੀ ਦੇ ਵੱਡਮੁਲੇ ਵਿਚਾਰ ਮੇਰੀ ਲਿਖਤ ਨੂੰ ਹੋਰ ਸਾਰਥਕ ਬਣਾ ਜਾਂਦੇ ਨੇ। ਆਪ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ। ਬੇਬੇ ਦੇ ਦੁੱਖ 'ਚ ਸ਼ਰੀਕ ਹੋਣ ਲਈ ਤੇ ਮੇਰੇ ਵਿਚਾਰਾਂ ਦੀ ਪ੍ਰੌੜਤਾ ਕਰਨ ਲਈ।

   Delete
 7. समाज की हृदय हीनता की साक्षी यह सिवे वाली महिला की वह कहानी है जो किसी पत्थर से पत्थर दिल को भी मोम की तरह पिघला दे ।यह स्वार्थी संसार किसी के दुख को दुख समझता ही नहीं । उसका दिल किसी के दर्द से भीगने को मजबूर करे तो भी वह उधर से ध्यान हटा कर आगे बढ़ जाता है । वह वृद्धा सिवे वाली भयावह जगह में रह कर जीवन के दिन पूरे कर रही है । उसके दुखों और उसके अन्तर की छवि को सामने लाने में हरदीप की कलम कहीं भी चूकी नहीं । उसने उस दर्द को समाज के सामने ला कर उन के अन्दर की इन्सानियत जगाने का सफल प्रयास किया है ।
  हरदीप के करूणाभरे दिल को ऐसे दृष्य छूये बिना जा ही नहीं सकते । जब उसकी लेखनी लिखना शुरू करती है तो लिखना
  साप्रयास नहीं होता स्वत: लेखनी चलती रहती है । पूरा चित्र सामने आ जाता है । एक एक रेखा इतनी स्पष्ट होती है कि कोई अनुमान ही नहीं लगा सकता कि यह चित्र देख कर लिखी रचना है या उस माता के मुख से सुन कर लिखी है ।
  उस अमृतधारी माता का बड़ा दुखदाई वह पल है जो उसकी बेटी का उसके साथ जुड़ा है । वह उसकी फिकर में कल्पते कल्पते जाने कितनी भखती चिताओं को अन्दर सुलगता देख रही है । बाहर की चितायों की गर्महवा को वह महसूसना ही छोड़ चुकी है । इस करूणापूर्ण चित्र को कौन ऐसा पत्थर दिल होगा कि उसकी पीड़ा से पसीजेगा नहीं । यह कितनी दुखपूर्ण बात है कि गाँव वाले उस माँ बेटी के लिये एक छत भी मुहैया नहीं करा सके । कोई तो उसका अपना रहा होगा । ऐसा कौन सा उससे अपराध हो गया कि मायके और सुसराल वालों सब ने उससे किनारा कर लिया । बहुत दुख भरा यह वृतांत है ।


  Kamla Ghataaura

  ReplyDelete
  Replies
  1. ਆਪ ਨੇ ਬੜੇ ਹੀ ਗੌਰ ਨਾਲ ਅੱਖਰ ਅੱਖਰ ਪੜ੍ਹ ਕੇ ਹਰ ਦ੍ਰਿਸ਼ਟੀਕੋਣ ਤੋਂ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਭਾਵਪੂਰਣ ਵਿਚਾਰ ਸਾਂਝੇ ਕਰਨ ਲਈ ਕਮਲਾ ਜੀ ਬਹੁਤ ਬਹੁਤ ਧੰਨਵਾਦ। ਆਪ ਨੇ ਸਹੀ ਕਿਹਾ ਕਮਲਾ ਜੀ ਅਜਿਹੇ ਦੁਖਾਂਤ ਨੂੰ ਅੱਖੋਂ ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ। ਆਪ ਦੇ ਸਮੇਂ 'ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਇੱਕ ਵਾਰ ਫਿਰ ਤਹਿ ਦਿਲੋਂ ਸ਼ੁਕਰੀਆ।

   Delete
 8. ਲਜਵਾਬ ਰਚਨਾ

  ReplyDelete
 9. ਬਹੁਤ ਬਹੁਤ ਪਿਆਰ ਆਪ ਜੀ ਦੀ ਲਿਖਤ ਨੂੰ । ਆਪ ਜੀ ਦੇ ਦਿਲ ਦੀ ਸੂਖਮਤਾ ਦਾ ਵਰਨਣ ਕਲਮ ਨੇ ਬਾਖੂਬੀ ਨਿਭਾਇਆ ਹੈ ਜੀ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ