ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Oct 2016

ਇਹ ਕੇਹੀ ਸੋਚ ? (ਵਾਰਤਾ)


Image result for question mark clipart
ਰਮਨੇ ਦੀ ਉਮਰ ਬਾਈ ਕੁ ਸਾਲ ਦੀ ਹੋਈ ਤਾਂ ਘਰਦਿਆਂ ਨੇ ਉਸਦੀ ਮੰਗਣੀ ਕਰ ਦਿੱਤੀ ਅਤੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ। ਸਾਰੇ ਟੱਬਰ ਦੇ ਮੂੰਹ 'ਤੇ ਇੱਕੋ ਗੱਲ, " ਵਿਆਹ ਪੂਰਾ 'ਬੰਬ ਕਰਨਾ'। 'ਬਹਿਜਾ ਬਹਿਜਾ' ਕਰਵਾ ਦੇਣੀ ਏ ਪੂਰੇ ਪਿੰਡ 'ਚ।" ਹੋਵੇ ਵੀ ਕਿਉਂ ਨਾ ? ਸਾਰਾ ਟੱਬਰ ਜੋ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ ਸੀ।
ਖੈਰ ਵਿਆਹ ਦੇ ਦਿਨ ਹਾਲੇ ਕਾਫੀ ਦੂਰ ਸੀ। ਕਿਸੇ ਨੇ ਸਲਾਹ ਦਿੱਤੀ ਕਿ ਆਰਕੈਸਟਰਾ ਜਲਦੀ ਬੁੱਕ ਕਰ ਲਵੋ। ਨਹੀਂ ਕੋਈ ਵਧੀਆ ਗਰੁੱਪ ਨੀ ਮਿਲਣਾ ਟਾਈਮ 'ਤੇ। 

ਰਮਨੇ ਦਾ ਮਾਸਟਰ ਪਿਓ ਦੂਸਰੇ ਦਿਨ ਈ ਪਹੁੰਚ ਗਿਆ ਕੰਜਰਖਾਨੇ ਦੇ ਦਫਤਰ 'ਚ। ਉਪਰੋਂ ਗਰੁੱਪ ਵਾਲੇ ਅੱਧ ਨੰਗੀਆਂ ਕੁੜੀਆਂ ਦੀ ਵੀਡੀਓ ਲਾ- ਲਾ ਕੇ ਦਿਖਾਉਣ, "ਆਹ ਦੇਖੋ ਜੀ, ਸਾਰੀਆਂ ਕੁੜੀਆਂ ਅੱਤ ਨੇ। "  ਮਾਸਟਰ ਨੇ ਬੜੇ ਸਵਾਦ ਲੈ ਕੇ ਵੀਡੀਓ ਦੇਖਦਿਆਂ ਪੁੱਛਿਆ, "ਪੈਸੇ ਕਿੰਨੇ ਲੱਗਣਗੇ?"  ਗਰੁੱਪ ਵਾਲਿਆਂ ਨੇ ਬੜੇ ਰੋਅਬ ਨਾਲ ਕਿਹਾ," ਜੇ ਪੂਰੀਆਂ ਛੇ ਵਧੀਆ ਕੁੜੀਆਂ ਲੈਣੀਆਂ ਤਾਂ 70,000 ਹਜਾਰ ਰੁਪਈਆ ਲੱਗੂ, ਨਹੀਂ ਤਾਂ ਕੁੜੀਆਂ ਘੱਟ ਆਉਣਗੀਆਂ। "
ਮਾਸਟਰ ਕਹਿੰਦਾ, "ਨਾ ਜੀ ਨਾ, ਰੁਪਏ ਚਾਹੇ ਹਜਾਰ ਵੱਧ ਲੈ ਲਿਓ ਪਰ ਕੁੜੀਆਂ ਪੂਰੀਆਂ ਆਉਣ।" ਚਲੋ ਗੱਲ ਬਾਤ ਹੋਈ ਮਾਸਟਰ ਸਾਈ ਦੇ ਕੇ ਏਦਾਂ ਬਾਹਰ ਆਇਆ ਜਿਵੇਂ ਬਹੁਤ ਵੱਡੀ ਜੰਗ ਜਿੱਤ ਕੇ ਆਇਆ ਹੋਵੇ। ਅਖੇ ਜੀ ਸਭ ਤੋਂ ਮੇਨ ਕੰਮ ਤਾਂ ਹੋ ਗਿਆ। 

ਹੁਣ ਵਿਆਹ ਬਹੁਤ ਨੇੜੇ ਆਉਂਦਾ ਵੇਖ ਦਾਦੀ ਨੇ ਕਿਹਾ,"ਪਹਿਲਾ ਵਿਆਹ ਆ ! ਘਰੇ ਅਖੰਡ ਪਾਠ ਕਰਵਾ ਲੋ। "ਮਾਸਟਰ ਬੋਲਿਆ,"ਕਰਵਾ ਲਾਂਗੇ, ਖੰਡ ਪਾਠ ਕਿਤੇ ਭੱਜਿਆ ਜਾਂਦਾ। ਬਥੇਰੇ ਪਾਠੀ ਤੁਰੇ ਫਿਰਦੇ ਨੇ, ਜੀਹਨੂੰ ਮਰਜੀ ਫੜਲਾ।"

ਗੱਲ ਮੁਕਾਓ ਜੀ! ਮਾਸਟਰ ਪਹੁੰਚ ਗਿਆ ਗੁਰਦੁਆਰੇ ਭਾਈ ਸਾਹਬ ਕੋਲ ਅਖੇ "ਬਾਬਾ ਖੰਡ ਪਾਠ ਦਾ ਕੀ ਰੇਟ ਚੱਲਦਾ  ਅੱਜਕੱਲ।" ਅੱਗੋਂ ਭਾਈ ਸਾਹਬ ਵੀ ਵਿਚਾਰਾ ਓਹਦੇ ਮੂਹਰੇ ਐਦਾਂ ਹੱਥ ਜੋੜੀ ਬੈਠਾ ਜਿਵੇਂ ਕੋਈ ਮਜਦੂਰ ਹੋਵੇ।

ਖੈਰ, ਭਾਈ ਜੀ ਬੋਲੇ, "ਸਰਦਾਰ ਜੀ ਇਕਵੰਜਾ ਸੌ ਭੇਟਾ ਚੱਲਦੀ ਏ ਜੀ। ਬਾਕੀ ਥੋਡੀ ਜੋ ਸਰਧਾ ਦੇ ਦਿਓ। "ਮਾਸਟਰ ਬੋਲਿਆ, "ਤੇ ਕੀਰਤਨ ਦੇ ਕਿੰਨੇ ਪੈਸੇ?" ਭਾਈ ਜੀ ਕਹਿੰਦੇ ,"ਜੇ ਦੋ ਬੰਦੇ ਆਉਣਗੇ ਤਾਂ ਹਜਾਰ ਰੁਪਏ, ਜੇ ਤਿੰਨ ਬੁਲਾਉਣੇ ਆ ਤਾਂ ਪੰਦਰਾਂ ਸੌ। "

ਮਾਸਟਰ ਬੋਲਿਆ, "ਤਿੰਨ ਕੀ ਕਰਨੇ ਆ, ਢੋਲਕੀ ਹੀ ਖੜਕਾਉਣੀ ਆ, ਤੁਸੀਂ ਦੋ ਹੀ ਆ ਜਿਓ, ਨਾਲੇ ਗੱਲ ਸੁਣ ਸਾਡੇ ਕੋਲ ਟਾਈਮ ਹੈਨੀ, ਤੂੰ ਠੇਕਾ ਹੀ ਕਰਲਾ, ਦੇਗ ਦੂਗ ਵਾਲਾ ਬੰਦਾ ਵੀ ਆਪਦਾ ਹੀ ਲੈ ਆਵੀਂ। "

ਚਲੋ ਜੀ ਭਾਈ ਸਾਹਬ ਕੀ ਕਹਿੰਦੇ, ਅਖੇ, "ਜੀ ਮਾਸਟਰ ਦਸ ਹਜਾਰ ਦੇ ਦਿਓ। "

ਮਾਸਟਰ ਚਿੱਬੇ ਜਿਹੇ ਮੂੰਹ ਨਾਲ ਕਹਿੰਦਾ, "ਦਸ ਹਜਾਰ ਕਾਹਦਾ? ਤੁਸੀਂ ਗਹਾਂ ਘੁਲਣ ਲੱਗਣਾ? ਰੁਪਈਆ ਤੈਨੂੰ ਅੱਠ ਹਜਾਰ ਦੇਣਾ, ਲੈਣਾ ਕਿ ਕਰਾਂ ਪ੍ਰਧਾਨ ਨਾਲ ਗੱਲ।" ਭਾਈ ਜੀ ਕਹਿੰਦੇ, "ਚਲੋ ਜੀ ਜਿਵੇਂ ਥੋਡੀ ਮਰਜੀ ਜੀ, ਅਸੀਂ ਤਾਂ ਥੋਡੇ ਸੇਵਕ ਆਂ।"

ਮਾਸਟਰ ਕਹਿੰਦਾ, "ਚੰਗਾ ਫੇਰ ਟਾਈਮ ਨਾਲ ਆਜੀਂ। ਤੂੰ ਆਪੈ ਸਾਂਭਣਾ ਸਾਰਾ ਕੁਛ, ਅਸੀਂ ਤਾਂ ਖਾਣ ਪੀਣ ਵਾਲੇ ਬੰਦੇ ਆਂ।"

ਇਹ ਕਹਿ ਕੇ ਮਾਸਟਰ ਗੁਰਦੁਆਰੇ ਤੋਂ ਘਰ ਆ ਗਿਆ ਤੇ ਕਹਿੰਦਾ, "ਅੱਜ ਪਾਠੀ ਦੀ ਰੇਲ ਬਣਾਤੀ, ਨਾਲੇ ਰੇਟ ਪੂਰਾ ਘੱਟ ਕੀਤਾ, ਨਾਲੇ ਜਿੰਮੇਵਾਰੀ ਸਾਰੀ ਓਹਦੀ, ਆਪਾਂ ਨੂੰ ਕੋਈ ਟੈਨਸਨ ਨੀ ਹੁਣ ਖੰਡ ਪਾਠ ਦੀ।"
ਏਹ ਸੁਣ ਕੇ ਪੂਰੇ ਪਰਿਵਾਰ ਨੇ ਖੁਸ਼ੀ ਮਹਿਸੂਸ ਕੀਤੀ, ਪਰ ਦਾਦੀ ਦਾ ਮਨ ਜਰੂਰ ਉਦਾਸ ਹੋਇਆ।

ਗੁਰਪ੍ਰੀਤ ਕੌਰ ਔਲ਼ਖ 
(ਪਟਿਆਲਾ)  
ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।

3 comments:

  1. ਵਾਰਤਾ ਸਾਡੀ ਅਜੋਕੀ ਸੋਚ 'ਤੇ ਇੱਕ ਡੂੰਘਾ ਕਟਾਖਸ਼ ਹੈ ਤੇ ਬਹੁਤ ਜ਼ੋਰਦਾਰ ਸ਼ਬਦਾਂ ਨਾਲ ਸਮਾਜ 'ਚ ਹੋ ਰਹੀਆਂ ਕੁਰੀਤੀਆਂ ਨੂੰ ਉਜਾਗਰ ਕੀਤਾ ਹੈ। ਵਾਰਤਾ ਵਿਚਲਾ ਮੁੱਦਾ ਪਾਠਕਾਂ ਦੀ ਰੂਹ ਨੂੰ ਝੰਜੋੜਦਾ ਹੋਇਆ ਦਾਦੀ ਦੀ ਸੋਚ ਨੂੰ ਸਲਾਮ ਕਰਦਾ ਹੈ। ਸਮਾਜ ਦੀ ਗਿਰਾਵਟ ਇਸ ਤੋਂ ਵੱਡੀ ਕੀ ਹੋ ਸਕਦੀ ਹੈ ? ਅੱਜ ਲੋੜ ਹੈ ਸਾਨੂੰ ਦਾਦੀ ਦੀ ਸੋਚ ਨੂੰ ਜਿਉਂਦਾ ਰੱਖਣ ਦੀ। ਆਓ ਅਸੀਂ ਸਾਰੇ ਹੰਭਲਾ ਮਾਰੀਏ ਤੇ ਆਪਣਾ ਬਣਦਾ ਯੋਗਦਾਨ ਪਾਈਏ। ਗੁਰਪ੍ਰੀਤ ਜੀ ਵਧਾਈ ਦੇ ਪਾਤਰ ਨੇ ਇੱਕ ਵਧੀਆ ਵਾਰਤਾ ਸਾਂਝੀ ਕਰਨ ਲਈ।

    ReplyDelete
  2. Congratulations beta Gurpreet Kaur ji

    ReplyDelete
  3. ਅੱਜ ਕਲ ਥਾਂ ਥਾਂ ਇਸਤਰਾਂ ਦੇ ਮੇਲੇ ਹੀ ਚਲ ਰਹੇ ਹਨ । ਵਿਆਹ ਅੱਜ ਕਲ ਐਸ਼ ਪ੍ਰਸਤੀ ਦੇ ਮੇਲੇ ਹਨ । ਇਹ ਸਭ ਕਮਜ਼ੋਰ ਕਦਰ- ਕੀਮਤਾਂ ਦੇ ਨਤੀਜੇ ਹਨ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ