ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Dec 2016

ਵਿਦਰੋਹ (ਮਿੰਨੀ ਕਹਾਣੀ)

Surjit Bhullar's Profile Photoਪੰਜ ਕੁ ਸਾਲਾਂ ਦੀ ਦੀਪੀ ਆਪਣੀਆਂ ਦੋਵੇਂ ਵੱਡੀਆਂ ਭੈਣਾਂ ਨਾਲ ਵਿਹੜੇ ਵਿੱਚ ਬੈਠੀ ਦੀਵਾਲੀ ਦੇ ਦੀਵਿਆਂ,ਹਟੜੀਆਂ,ਘੁੱਗੂ-ਘੋੜੇ ਤੇ ਹੋਰ ਖਿਡਾਉਣਿਆਂ ਵਾਸਤੇ ਕੱਚੀ ਨਰਮ ਮੁਲਾਇਮ ਗੁੰਨ੍ਹੀਂ ਮਿੱਟੀ ਨਾਲ ਨਿੱਕੇ ਨਿੱਕੇ ਭਾਂਡੇ ਬਣਾ ਕੇ ਖ਼ੁਸ਼ ਹੋ ਰਹੀ ਸੀ। ਖੇਡਣ ਪਿੱਛੋਂ ਉਸ ਨੇ ਮਿੱਟੀ ਦੇ ਪੇੜੇ ਦੀ ਰੋਟੀ ਬਣਾਈ ਤੇ ਵੱਡੀ ਭੈਣ ਛਿੰਦੀ ਨੂੰ ਕਹਿਣ ਲੱਗੀ, 'ਆ ਦੇਖ, ਮੈਂ ਮੋਟੀ ਰੋਟੀ ਤਵੇ ਤੇ ਬਾਪੂ ਲਈ ਪਾ ਦਿੱਤੀ ਹੈ,ਜਦ ਉਹ ਦੇਖੂ ਤਾਂ ਕਿਨ੍ਹਾਂ ਖ਼ੁਸ਼ ਹੋਊ।'

'ਰਹਿਣ ਦੇ ਨੀ ਵੱਡੀਏ,ਬਾਪੂ ਦੀ ਹੇਜਲੀਏ। ਉਹ ਤਾਂ ਵੀਰ ਮੀਤੇ ਨੂੰ ਹੀ ਪਿਆਰ ਕਰਦਾ। ਤੂੰ ਦੱਸ, ਕੀ ਕਦੇ ਆਪਾਂ ਨੂੰ ਬਾਪੂ ਨੇ ਆਪਣੀ ਗੋਦੀ 'ਚ ਬਿਠਾ ਕੇ ਪਿਆਰ ਕੀਤੈ ?'


'ਲੈ ਦੇਖ ਲਈਂ,ਹੁਣੇ ਬਾਪੂ ਦੀਵਾਲੀ ਦੇ ਦੀਵੇ ਤੇ ਹੋਰ ਭਾਂਡੇ ਵੇਚ ਕੇ ਆਉਣ ਵਾਲਾ। ਜਦੋਂ ਮੈਂ ਉਹ ਨੂੰ ਇਹ ਰੋਟੀ ਦਿਖਾਊ,ਤਾਂ ਖ਼ੁਸ਼ ਹੋ ਕੇ ਮੈਨੂੰ ਵੀ ਪਿਆਰ ਕਰੂ ਤੇ ਝੋਲੀ 'ਚ ਬਿਠਾ ਲਊ।'

ਐਨੇ ਨੂੰ ਬਾਪੂ ਨੇ ਬਾਹਰੋਂ ਆ ਕੁੰਡਾ ਖੜਕਾਇਆ। ਛਿੰਦੋ ਨੇ ਦਰਵਾਜ਼ਾ ਖੋਲ੍ਹਿਆ। ਅਜੇ ਉਸ ਨੇ ਸਾਈਕਲ ਕੰਧ ਨਾਲ ਲਾਇਆ ਹੀ ਸੀ ਕਿ ਦੀਪੀ ਨੇ ਆਪਣੇ ਲਿੱਬੜੇ ਤਿੱਬੜੇ ਹੱਥਾਂ ਨਾਲ ਬਾਪੂ ਦਾ ਹੱਥ ਆ ਖਿੱਚਿਆ। ਉਹ ਕੁਝ ਦਿਖਾਉਣਾ ਚਾਹੁੰਦੀ ਸੀ ਪਰ ਉਸ ਦੇ ਲਿੱਬੜੇ ਹੱਥ ਦੇਖ ਕੇ ਬਾਪੂ ਨੇ ਸਖ਼ਤੀ ਨਾਲ ਪਰ੍ਹਾਂ ਕਰ ਦਿੱਤੇ। ਦੀਪੀ ਸੰਭਲ ਨਾ ਸਕੀ ਤੇ ਉਹ ਆਪਣੇ ਬਣਾਏ ਹੋਏ ਖਿਡਾਉਣਿਆਂ ਉੱਤੇ ਜਾ ਡਿੱਗੀ,ਜਿਨ੍ਹਾਂ 'ਚੋਂ ਬਹੁਤ ਸਾਰੇ ਵਿੰਗੇ ਟੇਢੇ ਹੋ ਗਏ। ਬਾਪੂ ਆਪ ਮੁਹਾਰੇ ਕਹਿਣ ਲੱਗਾ,'ਘਰ 'ਚ ਵੜਦਿਆਂ ਹੀ ਇਹ ਮਨਹੂਸ ਸੂਰਤਾਂ ਸਾਹਮਣੇ ਆ ਖੜ੍ਹਦੀਆਂ ਨੇ। ਸਾਹ ਵੀ ਨੀ ਲੈਣ ਦਿੰਦੀਆਂ।'ਬਾਪੂ ਨੂੰ ਗ਼ੁੱਸੇ 'ਚ ਦੇਖ ਕੇ ਸਾਰੀਆਂ ਭੈਣਾਂ ਸਹਿਮ ਗਈਆਂ।
ਬਾਪੂ ਥੱਕਿਆ ਹਾਰਿਆ ਹੋਇਆ ਮੰਜੀ 'ਤੇ ਆ ਡਿੱਗਾ। ਐਨੇ ਨੂੰ ਛੋਟਾ ਮੁੰਡਾ ਮੀਤਾ ਵਿਹੜੇ 'ਚੋਂ ਰਿੜ੍ਹਦਾ ਰੁੜ੍ਹਦਾ ਲਿੱਬੜਿਆ ਤਿਬੜਿਆ ਆ ਕੇ ਬਾਪੂ ਦੀਆਂ ਲੱਤਾਂ ਨੂੰ ਚਿੰਬੜ ਗਿਆ। ਉਸ ਨੇ ਪਿਆਰ ਨਾਲ ਚੁੱਕ ਕੇ ਛਾਤੀ ਨਾਲ ਲਾ ਲਿਆ। ਜੇਬ 'ਚੋਂ ਗੱਚਕ ਕੱਢੀ ਤੇ ਗੋਦੀ ਵਿਚ ਬਿਠਾ ਕੇ ਲਾਡ ਪਿਆਰ ਨਾਲ ਉਹ ਦੇ ਮੂੰਹ 'ਚ ਪਾਉਣ ਲੱਗਾ।
ਦੀਪੀ ਹੁਣ ਤਾਈਂ ਸੰਭਲ ਚੁੱਕੀ ਸੀ। ਉਸ ਨੇ ਜਦ ਵੀਰ ਮੀਤ ਨੂੰ ਬਾਪੂ ਦੀ ਬੁੱਕਲ 'ਚ ਦੇਖਿਆਂ ਤਾਂ ਉਹ ਇੱਕ ਦਮ ਉੱਠੀ ਤੇ ਬਣਾਈ ਹੋਈ ਮਿੱਟੀ ਦੀ ਰੋਟੀ ਨੂੰ ਤਵੇ ਤੋਂ ਲਾਹ ਕੇ ਮੁੜ ਪੇੜਾ ਬਣਾ ਲਿਆ ਤੇ ਭੋਲ਼ੇਪਣ 'ਚ ਆਪਣੇ ਆਪ ਨੂੰ ਕਹਿਣ ਲੱਗੀ, 'ਮੈਂ ਵੀ ਬਾਪੂ ਨੂੰ ਅੱਜ ਰੋਟੀ ਨੀਂ ਦੇਣੀ ,ਭੁੱਖਾ ਹੀ ਰੱਖੂ। ਸਾਨੂੰ ਵੀ ਤਾਂ ਉਹ ਵੀਰ ਜਿਨ੍ਹਾਂ ਪਿਆਰ ਨਹੀਂ ਕਰਦਾ। ਸਾਨੂੰ ਕਿਉਂ ਚੰਗਾ ਨੀ ਸਮਝਦਾ?'
ਹੰਝੂ ਦੀਪੀ ਦੀਆਂ ਅੱਖਾਂ 'ਚੋਂ ਨਿਕਲ ਗੱਲ੍ਹਾਂ 'ਤੇ ਵਗ ਤੁਰੇ। ਦੋਵੇਂ ਭੈਣਾਂ ਨੇ ਉਹ ਦੇ ਮਨ ਅੰਦਰੋਂ ਉੱਠੀ ਵਿਦਰੋਹ ਦੀ ਸੁਨਾਮੀ ਨੂੰ ਜਾਣਿਆ, ਜਿਸ ਨੂੰ ਉਹ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਪਲੋਸ ਪਲੋਸ ਰੋਕਣ ਦਾ ਯਤਨ ਕਰਨ ਲੱਗੀਆਂ।
-0-
ਸੁਰਜੀਤ ਸਿੰਘ ਭੁੱਲਰ
06-12-2014/16
ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ ਹੈ।

2 comments:

  1. ਅਜੇ ਵੀ ਬੇਟੇ ਬੇਟੀ 'ਚ ਭੇਦਭਾਵ ਖਤਮ ਨਹੀ ਹੋਇਆ । ਧਨ ਜਿਗਰਾਂ ਉਨ੍ਹਾਂ ਬੇਟਿਆਂ ਦਾ ਜੋ ਅਪਨੇ ਨਾਲ ਹੋਰਹੇ ਫਰਕ ਨੂ ਸਮਜ ਕੇ ਅਪਨੇ ਦੁਖ ਨੂ ਅਂਦਰ ਹੀ ਅਂਦਰ ਪੀ ਲੈਂਦਿਆ ਹਨ ।ਬਹੁਤ ਸੁੰਦਰ ਲਿਖਤ ਹੈ । ਉਹ ਯੁਗ ਕਦੌਂ ਆਉਗਾ ਜਦ ਹਰ ਮਾਤਾ ਪਿਤਾ ਅਪਨੀ ਸੋਚ ਨੂੰ ਬਦਲੂਗੇ ।ਅ ੱਛੀ ਲਗੀ ਕਹਾਨੀ ।

    ReplyDelete
  2. ਆਮਤੋਰ ਤੇ ਧੀਆਂ ਬਾਪ ਦੇ ਜ਼ਿਆਦਾ ਨੇੜੇ ਹੁੰਦੀਆਂ ਹਨ ,ਪਰ ਸਮਾਜਿਕ ਅਤੇ ਆਰਥਿਕ ਮਜਬੂਰੀਆਂ ਸ਼ਾਇਦ ਬਾਪ ਕੋਲੋਂ ਇੰਝ ਦਾ , ਧੀਆਂ ਪ੍ਰਤੀ ਸਲੂਕ ਕਰਣ ਲਈ ਇਕ ਕਾਰਨ ਹੋ ਸਕਦੀਆਂ ਹਨ । ਕਹਾਣੀ ਸੁੰਦਰ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ