ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Feb 2017

ਪੈਰਾਂ ਦਾ ਸਫ਼ਰ


ਕੁੱਕੜ ਬਾਂਗ ਨਾਲ ਹੀ ਉਹ ਉੱਠ ਖੜੋਂਦਾ। ਸਿਲਵਰ ਦੇ ਡੋਲੂ 'ਚ ਬੱਕਰੀਆਂ ਦਾ ਦੁੱਧ ਚੋਂਦਾ ਤੇ ਫੇਰ ਚਿੱਬੀ ਜਿਹੀ ਪਤੀਲੀ 'ਚ ਚਾਹ ਧਰ ਆਪਣੇ ਬੇਲੀ ਨੂੰ ਜਗਾਉਂਦਾ।ਰਾਤ ਦੀ ਬਚੀ ਮਿੱਸੀ ਰੋਟੀ ਬੇਬੇ ਪਰਨੇ ਦੇ ਲੜ ਬੰਨ੍ਹ ਦਿੰਦੀ। ਜਦੋਂ ਨੱਤੀਆਂ ਵਾਲਾ ਗੱਭਰੂ ਮੋਢੇ 'ਤੇ ਢਾਂਗੀ ਧਰ ਲੈਂਦਾ ਤਾਂ ਖੁੱਲ੍ਹੇ ਅੰਬਰ ਥੱਲੇ ਬਣੇ ਵਾੜੇ 'ਚ ਫਿਰਦੀਆਂ ਬੱਕਰੀਆਂ ਨੂੰ ਵੀ ਜਿਵੇਂ ਸੂਹ ਜਿਹੀ ਲੱਗ ਜਾਂਦੀ ਕਿ ਹੁਣ ਤੁਰਨ ਦਾ ਵੇਲ਼ਾ ਹੋ ਗਿਆ। ਬੱਕਰੀਆਂ ਵਾਹੋ -ਧਾਹੀ ਕਦੇ ਜ਼ਮੀਨ 'ਚ ਗੱਡੇ ਕੰਡਿਆਲੇ ਝਾਫਿਆਂ ਵਾਲੀ ਕੰਧ ਵੱਲ ਭੱਜਦੀਆਂ ਤੇ ਕਦੇ ਵਾੜੇ ਨੂੰ ਲੱਗੇ ਫਾਟਕ ਵੱਲ। ਉਹ ਦੋਵੇਂ ਟੁਅਰਰਰ- ਟੁਅਰਰਰ ਬੋਲਦੇ ਬੱਕਰੀਆਂ ਨੂੰ ਚਾਰਨ ਤੁਰ ਪੈਂਦੇ। ਸੂਰਜ ਦੀ ਟਿੱਕੀ ਚੜ੍ਹਨ ਤੱਕ ਉਹ ਕਈ ਕੋਹਾਂ ਦਾ ਪੈਂਡਾ ਮਾਰ ਲੈਂਦੇ। ਕਹਿੰਦੇ ਨੇ ਕਿ ਜਿਵੇਂ ਕੋਈ ਵੀ ਪੰਛੀ ਦਿਨ ਵੇਲ਼ੇ ਆਪਣੇ ਆਲ੍ਹਣੇ 'ਚ ਟਿਕਿਆ ਬੈਠਾ ਨਹੀਂ ਰਹਿੰਦਾ ਸਗੋਂ ਚੋਗੇ ਦੀ ਭਾਲ 'ਚ ਧਰਤੀ ਗਾਹ ਮਾਰਦੈ। ਇਸੇ ਤਰਾਂ ਉਹ ਦੋਵੇਂ ਵੀ ਸਾਰਾ ਦਿਨ ਛੜੱਪੇ ਮਾਰਦੇ ਨਿਰਛੱਲ ਹਾਸਾ ਹੱਸਦੇ ਬੱਕਰੀਆਂ ਨੂੰ ਉਜਾੜਾਂ, ਸ਼ਾਮਲਾਟਾਂ,ਰੋਹੀਆਂ, ਝਿੜੀਆਂ ਤੇ ਵਣ -ਵਣ ਚਾਰਨ ਲਈ ਲੈ ਜਾਂਦੇ ਤੇ ਆਥਣੇ ਘਰ ਮੁੜਦੇ। 
     ਸਿਖਰ ਦੁਪਹਿਰੇ ਨਹਿਰ ਜਾਂ ਕਿਸੇ ਸੂਏ ਦੇ ਕੰਢੇ ਰੁੱਖ ਦੀ ਸੰਘਣੀ ਛਾਂ ਥੱਲੇ ਬਹਿ ਰੋਟੀ ਖਾ ਲੈਂਦੇ। ਡੇਕਾਂ, ਕਿੱਕਰਾਂ ,ਬੇਰੀਆਂ ਜਾਂ ਤੂਤਾਂ ਦੀਆਂ ਲਗਰਾਂ ਵੱਢ ਕੇ ਮੇਮਣਿਆਂ ਨੂੰ ਪਾਉਣਾ ਉਹਨਾਂ ਦਾ ਨਿੱਤ ਦਾ ਕਰਮ ਸੀ। ਬੱਕਰੀਆਂ ਆਪੇ ਹੀ ਲੁੰਗ ਨੂੰ ਮੂੰਹ ਮਾਰਨ ਲੱਗ ਜਾਂਦੀਆਂ। ਓਥੇ ਹੀ ਇੱਟਾਂ ਦਾ ਚੁੱਲ੍ਹਾ ਬਣਾ ਚਾਹ ਧਰ ਲੈਂਦੇ। ਮੇਮਣਿਆਂ ਨੂੰ ਬੱਕਰੀਆਂ ਤੋਂ ਪਰਾਂ ਧਕੇਲਦਾ ਆਪਣੇ ਹੀ ਲੋਰ 'ਚ ਗੱਲਾਂ ਕਰਦਾ ਕਦੇ ਕਦੇ ਉਹ ਕਹਿੰਦਾ, "ਐਵੇਂ ਸੁੰਘ -ਸੁੰਘ ਢਿੱਡ ਨੀ ਭਰਨਾ ਥੋਡਾ ! ਓਏ ਮਾਰ ਲਓ ਲੁੰਗ ਨੂੰ ਮੂੰਹ ਹੁਣ ਤਾਂ , ਫੇਰ ਆਖੋਂਗੇ ਬਈ ਸਾਡੇ ਵੰਡੇ ਦੇ ਦੁੱਧ ਦੀ ਚਾਹ ਆਪ ਈ ਡੱਫਗੇ।" ਜਦੋਂ ਸਾਰਾ ਇੱਜੜ ਸੁਸਤਾਉਣ ਲਈ ਬਹਿ ਜਾਂਦਾ ਤਾਂ ਉਹ ਤੱਤੀ -ਤੱਤੀ ਚਾਹ ਦੇ ਸੜਾਕੇ ਮਾਰ ਮੁੜ ਚੁਸਤੀ ਫ਼ੜ ਲੈਂਦੇ। ਕਹਿੰਦੇ ਨੇ ਕਿ ਬੱਕਰੀ ਦੇ ਤਾਜ਼ੇ ਦੁੱਧ ਦੀ ਗੁੜ ਵਾਲੀ ਚਾਹ ਦਾ ਸੁਆਦ ਵੀ ਵੱਖਰਾ ਹੀ ਹੁੰਦੈ ਜਦੋਂ ਬਾਟੀਆਂ 'ਚ ਪਾ ਕੇ ਸੜਾਕੇ ਮਾਰ -ਮਾਰ ਪੀਤੀ ਜਾਵੇ। 
    ਤਿੱਖੀ ਧੁੱਪ ਨਾਲ ਉਨ੍ਹਾਂ ਦੇ ਸੰਵਲਾਏ ਰੰਗ ਟੋਬੇ ਦੇ ਘਸਮੈਲੇ ਪਾਣੀਆਂ 'ਚ ਘੁਲ ਅਠਖੇਲੀਆਂ ਕਰਦੇ ਜਿਵੇਂ ਕਹਿ ਰਹੇ ਹੋਣ, " ਇਹ ਬੱਕਰੀਆਂ ਦਾ ਇੱਜੜ ਨਹੀਂ ਸਾਡੇ ਟੱਬਰ ਦੇ ਜੀਅ ਨੇ, ਤਾਹੀਓਂ ਤਾਂ ਅਸੀਂ ਇਨ੍ਹਾਂ ਨੂੰ ਕਦੇ ਬੰਨਦੇ ਨਹੀਂ। ਸਾਡੇ ਪਿੰਡੇ ਦੀ ਗੰਧ ਤੋਂ ਚੰਗੀ ਤਰ੍ਹਾਂ ਜਾਣੂ ਨੇ ਇਹ ਪਠੋਰ ਤੇ ਅਸੀਂ ਇਨ੍ਹਾਂ ਤੋਂ।  ਇਹ ਸਾਡੇ ਨਾਲ ਹੀ ਜੇਠ -ਹਾੜ ਦੀਆਂ ਧੁੱਪਾਂ ਤੇ ਪੋਹ -ਮਾਘ ਦੇ ਕੱਕਰਾਂ ਨੂੰ ਹੰਢਾਉਂਦੀਆਂ  ਨੇ। ਜਾਣੋ ਸਾਡੇ ਨਾਲ ਈ ਰਹਿੰਦੀਆਂ ਨੇ, ਜਿਉਂਦੇ ਜਗਤ ਦਾ ਪਸਾਰਾ ਨੇ। ਪੈਰਾਂ ਦੇ ਸਫ਼ਰ ਦੇ ਰਾਹੀ ਆਪਣੇ ਅਮੁੱਕ ਸਫ਼ਰ ਦੀ ਉਘੜਵੀਂ ਲਕੀਰ ਉਮਰਾਂ ਦੀ ਵਹੀ 'ਤੇ ਪਾਉਂਦੇ ਇਹ ਦਰਵੇਸ਼ ਕੁਦਰਤ ਦੀ ਚਿਰ ਸਥਾਈ ਹੋਂਦ ਦਾ ਅੱਜ ਵੀ ਮੰਗਦੇ ਨੇ ਵਰਦਾਨ। 

ਛਿਪਦੀ ਟਿੱਕੀ 
ਬੱਕਰੀਆਂ ਤੇ ਅਸੀਂ 
ਘਰ ਨੂੰ ਮੁੜੇ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 195 ਵਾਰ ਪੜ੍ਹੀ ਗਈ ਹੈ।

9 comments:

 1. ਵਾਹ ! ਬਹੁਤ ਹੀ ਵਧੀਆ, ਡਾਕਟਰ ਹਰਦੀਪ ਕੌਰ ਜੀ। ਬੁਣਤਰ, ਬਣਤਰ ਅਤੇ ਕਮਾਲ ਦਾ ਵਾਰਾਲਾਪ। ਕਹਾਣੀ ਮੂੰਹੋਂ ਬੋਲਦੀ ਹੈ। ਸੰਵਾਦ: ” ਇਹ ਬੱਕਰੀਆਂ ਦਾ ਇੱਜੜ ਨਹੀਂ ਸਾਡੇ ਟੱਬਰ ਦੇ ਜੀਅ ਨੇ, ਤਾਹੀਉਂ ਤਾਂ ਅਸੀਂ ਇਨ੍ਹਾਂ ਨੂੰ ਕਦੇ ਬੰਨਦੇ ਨਹੀਂ।”....... ਬਹੁ-ਪ੍ਰਤੀ ਅਰਥਾਂ ਦਾ ਗ਼ੁਲਦਸਤਾ ਹਨ।

  ReplyDelete
  Replies
  1. ਹਾਇਬਨ ਨੂੰ ਪਸੰਦ ਕਰ ਸਾਰਥਕ ਹੁੰਗਾਰਾ ਭਰਨ ਤੇ ਇਸ ਦੀ ਰੂਹ ਤੱਕ ਅੱਪੜਨ ਲਈ ਬਹੁਤ ਬਹੁਤ ਧੰਨਵਾਦ ਅਮਰੀਕ ਜੀ। ਅੱਜ ਦੀ ਫੇਸਬੁੱਕ ਫੇਰੀ ਦੌਰਾਨ ਜਦੋਂ ਇਹ ਫ਼ੋਟੋ ਵੇਖੀ ਤਾਂ ਬਹੁਤ ਕੁਝ ਭੁੱਲਿਆ ਯਾਦ ਆ ਗਿਆ। ਜੋ ਇੱਕ ਹਾਇਬਨ ਦੇ ਰੂਪ 'ਚ ਪੇਸ਼ ਹੋਣੋ ਨਾ ਰਹਿ ਸਕਿਆ।

   Delete
 2. ਕੁਝ ਦੇਖ ਕੇ ਕੁਝ ਨ ਕੁਝ ਯਾਦ ਆ ਹੀ ਜਾਂਦਾ ਹੈ ।ਜਾਦਾਂ ਨੂ ਸਂਜੋਕੇ ਰਖਨ ਵਾਲਾ ਹੀ ਐਸੀ ਰਚਨਾ ਕਰ ਸਕਦਾ ਹੈ । ਚਿੱਤਰ ਨੂ ਦੇਖ ਕਰ ਉਸ ਕੇ ਉਪਰ ਕਹਾਨੀ ਕਹਨੇ ਕੀ ਕਲਾ ਹਰਦੀਪ ਜੀ ਅੱਛੀ ਲੱਗੀ ।

  ReplyDelete
  Replies
  1. ਕਮਲਾ ਜੀ ਨਿੱਘਾ ਹੁੰਗਾਰਾ ਭਰਨ ਲਈ ਬਹੁਤ ਬਹੁਤ ਸ਼ੁਕਰੀਆ।

   Delete
 3. ਮੇਰਾ ਨਿੱਜੀ ਵਿਚਾਰ: ‘ਪੈਰਾਂ ਦਾ ਸਫ਼ਰ’ -ਬਾਰੇ

  ਇਹ ਹਾਇਬਨ ਪੜ੍ਹਦਿਆਂ ਮੇਰੇ ਮਨ ਦੀ ਪਿੱਠ-ਭੂਮੀ ਪਿੱਛੇ ਬਹੁਤ ਸੁਖਦਾਇਕ ਸ਼ਾਂਤੀ ਦੀ ਹਲਕੀ ਜਿਹੀ ਲਹਿਰ ਤੈਰਦੀ ਮਹਿਸੂਸ ਹੋਈ, ਜਦੋਂ ਬਚਪਨ ਵਿਚ ਬੱਕਰੀ ਦੇ ਦੁੱਧ ਪੀਣ ਦੀ ਖ਼ਾਸ ਲੋੜ ਮਹਿਸੂਸ ਹੋਈ ਸੀ। ਇਸ ਦੇ ਨਾਲ ਹੀ ਬੀਤੇ ਯੁੱਗ ਦੀ ਯਾਦ ਵੀ ਤਾਜ਼ਾ ਹੋ ਗਈ, ਜੱਦੋ ਪੰਜਾਬ ਵਿਚ ਭੇਡਾਂ ਅਤੇ ਬੱਕਰੀਆਂ ਦੇ ਇੱਜੜ ਦੇਖਣ ਨੂੰ ਆਮ ਮਿਲਦੇ ਹੁੰਦੇ ਸਨ। ਸਰਦੇ ਪੁੱਜਦੇ ਲੋਕਾਂ ਦੇ ਘਰਾਂ ਵਿਚ ਗਾਈਆਂ,ਮੱਝਾਂ ਅਤੇ ਸਮਾਜ ਦੇ ਆਰਥਕ ਪੱਖੋਂ ਕਮਜ਼ੋਰ ਵਰਗ ਦੇ ਘਰਾਂ ਵਿੱਚ ਦੁੱਧ ਵਾਸਤੇ ਬੱਕਰੀਆਂ ਜਾਂ ਕਈਆਂ ਨੇ ਭੇਡਾਂ ਰੱਖੀਆਂ ਹੁੰਦੀਆਂ ਸਨ। ਸਵੇਰ ਵੇਲੇ ਇਨ੍ਹਾਂ ਨੂੰ ਵਾਗੀ- 'ਪੈਰਾਂ ਦੇ ਸਫ਼ਰ ਦੇ ਰਾਹੀ'-ਪਿੰਡ ਦੀ ਇੱਕ ਖ਼ਾਸ ਨਿਸ਼ਚਿਤ ਥਾਂ ਤੇ ਇਕੱਠਾ ਕਰਦੇ ਅਤੇ ਫਿਰ ਆਥਣ ਤਕ ਬਾਹਰ ਗੈਰ ਆਬਾਦ ਝਿੜੀਆਂ ਜਾਂ ਸ਼ਾਮਲਾਟ ਦੀਆਂ ਜ਼ਮੀਨਾਂ,ਜੂਹਾਂ ਵਿਚ ਚਾਰ ਕੇ,ਰੁੱਖਾ ਦੇ ਪੱਤੇ,ਜਾ ਨਹਿਰਾਂ,ਸੂਇਆ ਦੇ ਨਾਲ ਨਾਲ ਉੱਗਿਆ ਘਾਹ ਆਦਿ ਨਾਲ ਰਜਾ ਕੇ ਵਾਪਸ ਘਰੋਂ ਘਰੀਂ ਮੋੜ ਲਿਆਉਂਦੇ। ਇਨ੍ਹਾਂ ਵਾਗੀਆਂ ਨੂੰ ਹਾੜ੍ਹੀ,ਸਾਉਣੀ ਦੀ ਫ਼ਸਲ ਵਿਚੋਂ ਦਾਨਿਆਂ ਦੇ ਰੂਪ ਵਿਚ ਤਨਖ਼ਾਹ ਦਿੱਤੀ ਜਾਂਦੀ ਸੀ।

  ਇਸੇ ਤਰ੍ਹਾਂ ਹੀ ਪਿੰਡਾਂ ਵਿਚ ਕਈ ਲੋਕਾਂ ਕੋਲ ਹੌਲੀ ਹੌਲੀ ਆਪਣੇ ਇੱਜੜ ਬਣਦੇ ਗਏ,ਜਿਨ੍ਹਾਂ ਨੂੰ ਖੁੱਲ੍ਹੇ ਆਸਮਾਨ ਥੱਲੇ 'ਵਾੜਿਆਂ' ਵਿਚ ਰੱਖੀਆਂ ਜਾਂਦਾ।ਇਨ੍ਹਾਂ ਵਾੜਿਆਂ ਦੇ ਆਲ਼ੇ ਦੁਆਲੇ,ਕਿੱਕਰਾਂ,ਬੇਰੀਆਂ ਜਾ ਹੋਰ ਕੰਡਿਆਲੇ ਝਾਫਿਆਂ ਨੂੰ ਜ਼ਮੀਨ ਵਿਚ ਗੱਡ ਕੇ ਕੰਧ ਦਾ ਕੰਮ ਲਿਆ ਜਾਂਦਾ ਅਤੇ ਜਿਸ ਵਿਚ ਇੱਕ ਫਾਟਕ ਲਾਇਆ ਹੁੰਦਾ ਸੀ। ਇਹ ਸਭ ਕੁੱਝ ਅੱਜ ਕਲ ਤਾਂ ਅਲੋਪ ਹੋ ਗਿਆ ਹੈ,ਨਵੀਂ ਪੀੜ੍ਹੀ ਤਾਂ ਇਸ ਦਾ ਕਿਆਸ ਵੀ ਨਹੀਂ ਕਰ ਸਕਦੀ।

  ਮੈਂ ਸਮਝਦਾ ਹਾਂ ਕਿ ਇਸ ਜਾਣਕਾਰੀ ਦਾ ਇੱਥੇ ਕੋਈ ਬਹੁਤਾ ਮਹੱਤਵ ਨਹੀਂ,ਪਰ ਸ਼ਾਇਦ ਨਵੀਂ ਪੀੜ੍ਹੀ ਲਈ 'ਵਾਗੀ' ਦੇ ਕਿਤੇ ਪੱਖੋਂ, ਜੋ ਕਦੇ ਪਿੰਡ ਦਾ ਇੱਕ ਜ਼ਰੂਰੀ ਅੰਗ ਗਿਣਿਆ ਜਾਂਦਾ ਸੀ,ਉਸ ਬਾਰੇ ਗਿਆਨ ਹਿਤ,ਇਸ ਹਾਇਬਨ ਦੇ ਅੰਤਰੀਵ ਭਾਵਾਂ ਨੂੰ ਸਮਝਣ ਲਈ ਵਧੇਰੇ ਸਹਾਈ ਹੋ ਸਕੇ।

  ਇਹ ਹਾਇਬਨ ਉਸ ਸਮੇਂ ਦੇ ਸਮਾਜ ਵਿਚਲੀ ਇੱਕ ਦੂਜੇ ਪ੍ਰਤੀ ਸਾਂਝ ਦੀ ਸਹੀ ਤਸਵੀਰ ਚਿਤਰਨ ਅਤੇ ਰੂਪਮਾਨ ਕਰਨ ਵਿਚ ਅਤਿ ਸਫਲ ਲਿਖਤ ਹੈ। ਇਸ ਦੇ ਨਾਲ ਹੀ ਲੇਖਕਾ ਨੇ ਪੇਂਡੂ ਜੀਵਨ ਦੇ ਇੱਕ ਕਿੱਤੇ ਦੇ ਪਾਤਰ ਦਾ ਸਜੀਵ ਰੂਪ ਵਿਚ 'ਕੁੱਕੜ ਬਾਂਗ' ਨਾਲ ਉੱਠ ਕੇ 'ਛਿਪਦੀ ਟਿੱਕੀ /ਬੱਕਰੀਆਂ ਤੇ ਅਸੀਂ /ਘਰ ਨੂੰ ਮੁੜੇ'-ਤਕ ਸਫ਼ਰ ਦੀ ਧਰਤੀ ਅਤੇ ਬੱਕਰੀਆਂ ਦੀ ਗੰਦ-ਸੁਗੰਧ ਨੂੰ ਮਾਣਦੇ ਹੋਏ ਕਰਮ ਚੱਕਰ ਦੀ ਸਚਾਈ ਨੂੰ ਨਵੇਕਲੇ ਅੰਦਾਜ਼ ਨਾਲ ਦਿਖਾਇਆ ਹੈ। ਪੜ੍ਹਦਿਆਂ ਲੱਗਦਾ ਜਿਵੇਂ ਲੇਖਕਾ ਦੀ ਰੂਹ ਵੀ ਵਾਗੀ ਦੀ ਰੂਹ ਨਾਲ ਇੱਕ ਮਿੰਕ ਹੋ ਗਈ ਹੋਵੇ, ਜਿਸ ਕਾਰਨ ਉਸ ਦੇ ਅੰਦਰਲੇ ਤੇ ਬਾਹਰਲੇ ਪੱਖਾਂ ਦੀਆਂ ਸੰਭਾਵੀ ਭਾਵਨਾਵਾਂ ਨੂੰ ਖ਼ੂਬਸੂਰਤੀ ਨਾਲ ਅਭਿਵਿਅਕਤ ਕੀਤਾ ਹੈ।

  ਤੀਬਰ ਅਹਿਸਾਸਾਂ ਨੂੰ ਢੁਕਵੀਂ ਸ਼ਬਦਾਵਲੀ ਨਾਲ ਸਜਾ ਕੇ, ਸਮੇਂ,ਸਥਾਨ ਅਤੇ ਸਥਿਤੀ ਅਨੁਸਾਰ ਵਰਤ ਕੇ, ਵਿਸ਼ੇ ਨਾਲ ਪੂਰਾ ਇਨਸਾਫ਼ ਕੀਤਾ ਹੈ। ਦੇਖਿਆਂ ਜਾਵੇ ਤਾਂ ਇਹ ਹਾਇਬਨ ਵੀ ਉਸ ਬੀਤੇ ਸਮੇਂ ਦੇ ਕਿਸੇ ਇੱਕ ਇਤਿਹਾਸਕ ਪਹਿਲੂ ਨੂੰ ਚਰੰਜੀਵ ਹੋਣ ਦੀ ਸਮਰੱਥ ਰੱਖਦੀ ਹੈ,ਜਿਸ ਲਈ ਡਾ[ ਹਰਦੀਪ ਕੌਰ ਸੰਧੂ ਨੂੰ ਮੇਰੇ ਵੱਲੋਂ ਮੁਬਾਰਕ।
  -0-
  ਸੁਰਜੀਤ ਸਿੰਘ ਭੁੱਲਰ - 16-02-2017


  ReplyDelete
  Replies
  1. ਬਹੁਤ ਹੀ ਤਰਤੀਬ ਨਾਲ ਹਾਇਬਨ ਦੀ ਵਿਆਖਿਆ ਕਰਦਿਆਂ ਇਸ ਦੀ ਰੂਹ ਤੱਕ ਅੱਪੜ ਹੁੰਗਾਰਾ ਭਰਨ ਲਈ ਧੰਨਵਾਦ ਭੁੱਲਰ ਅੰਕਲ ਜੀ। ਇੱਥੇ ਇੱਕ ਆਜੜੀ ਦੀ ਜ਼ਿੰਦਗੀ ਨੂੰ ਬਿਆਨਣ ਦੀ ਕੋਸ਼ਿਸ਼ ਸੀ । ਆਪ ਨੂੰ ਇਹ ਹਾਇਬਨ ਬੀਤੇ ਕੱਲ 'ਚ ਲੈ ਗਿਆ ਜਿੱਥੇ ਆਪ ਨੂੰ ਸੁੱਖ ਤੇ ਸ਼ਾਂਤੀ ਦਾ ਅਹਿਸਾਸ ਹੋਇਆ। ਜੀ ਸਹੀ ਕਿਹਾ ਇਸ ਦਾ ਬਿਰਤਾਂਤ ਅੱਜਕੱਲ ਦੀ ਹਫ਼ੜਾ ਦਫ਼ੜੀ ਤੋਂ ਕੋਹਾਂ ਦੂਰ ਹੈ। ਆਪ ਦੇ ਭਰਵੇਂ ਹੁੰਗਾਰੇ ਨਾਲ ਮੈਂ ਆਪਣੀ ਲਿਖਤ ਨੂੰ ਪਾਠਕਾਂ ਤੱਕ ਅੱਪੜੀ ਸਮਝ ਸਕਦੀ ਹਾਂ।

   Delete
  2. ਆਪ ਦੀਆਂ ਲਿਖਤਾਂ ਮੇਰੇ ਲਈ ਹਮੇਸ਼ਾਪ੍ਰੇਰਨਾਤਮਕ ਹੁੰਦੀਆਂ ਹਨ, ਜੋ ਮੇਰੀ ਸੋਚ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰਸਪਰ ਧੰਨਵਾਦ ਸਵੀਕਾਰ ਹੈ,ਸਫਰ ਸਾਂਝ ਜੀ।
   -ਸੁਰਜੀਤ ਸਿੰਘ ਭੁੱਲਰ

   Delete
 4. ਪੈਰਾਂ ਦਾ ਸਫ਼ਰ -ਸੋਹਣੀ ਸ਼ਬਦਾਵਲੀ ਅਤੇ ਸੋਹਣੇ ਵਿਚਾਰਾਂ ਵਾਲੀ ਸੁੰਦਰ ਰਚਨਾ ਹੈ ਤੇ ਕਾਬਿਲੇ ਤਾਰੀਫ਼ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ