ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Feb 2017

ਯਾਦ ਹੁੰਗਾਰੇ


ਸਿਆਲ ਦੀ ਮਹਿਕਾਂ ਗੜੁੱਚੀ ਰੁੱਤੇ ਚਾਂਦੀ ਰੰਗਾ ਦਿਨ ਆਥਣ ਦੀ ਸਰਦਲ ਵੱਲ ਵਧ ਰਿਹਾ ਸੀ। ਹਲਕੀ ਧੁੰਦ ਨਾਲ ਲੁੱਕਣ-ਮੀਟੀ ਖੇਡਦਾ ਸੂਰਜ ਕਦੇ ਕਦੇ ਬੱਦਲਾਂ ਤੋਂ ਪਾਰ ਲਿਸ਼ਕਾਂ ਮਾਰਦਾ ਦਿਖਾਈ ਦੇ ਜਾਂਦਾ ਸੀ। ਸਾਡੇ ਪਿੰਡ ਦੀ ਗੁੱਠ 'ਚੋਂ ਆਉਂਦੀਆਂ ਹਵਾਵਾਂ ਨੇ ਸ਼ਾਇਦ ਉਸ ਨੂੰ ਸਾਡੇ ਆਉਣ ਦਾ ਸੁਨੇਹਾ ਪਹਿਲਾਂ ਹੀ ਦੇ ਦਿੱਤਾ ਹੋਣਾ। ਕਹਿੰਦੇ ਨੇ ਕਿ ਦੂਰੋਂ ਆਉਂਦੇ ਸੱਜਣਾਂ ਦੀ ਪੈੜਚਾਲ ਮਨ ਦੇ ਬੂਹੇ ਚਾਵਾਂ ਦੇ ਦੀਵੇ ਧਰ ਜਾਂਦੀ ਹੈ, ਤਾਹੀਓਂ ਖੁਸ਼ ਆਮਦੀਦ ਕਹਿਣ ਲਈ ਆਪਣਾ ਆਪਾ ਸਾਡੇ ਕਦਮਾਂ 'ਚ ਵਿਛਾਈ ਉਹ ਬੂਹੇ 'ਤੇ ਸ਼ਗਨਾਂ ਦਾ ਤੇਲ ਚੋਣ ਲਈ ਖੜ੍ਹੀ ਸੀ। 
           ਗਲਵਕੜੀਆਂ ਤੇ ਹੱਥ ਘੁੱਟਣੀਆਂ ਦੇ ਪ੍ਰਵਾਹ 'ਚ ਵਗਦੀ ਠੰਡੀ ਸੀਤ ਹਵਾ ਵੀ ਜਿਵੇਂ ਨਿੱਘੀ ਹੋ ਗਈ ਜਾਪਦੀ ਸੀ। ਉਸ ਦੀ ਬਗੀਚੀ 'ਚ ਲੱਗੇ ਫੁੱਲ -ਬੂਟਿਆਂ ਨੇ ਕੁਦਰਤ ਦੀ ਰੂਹ 'ਤੇ ਸਰੂਰ ਲਿਆਉਣ ਲਈ ਇੱਕ ਖ਼ਾਸ ਗੁਲਦਸਤਾ ਸਜਾਇਆ ਹੋਇਆ ਸੀ। ਉਸ ਦੇ ਚਿਹਰੇ ਤੋਂ ਖੁਸ਼ੀ ਤੇ ਚਾਅ ਦੇ ਫੁਹਾਰੇ ਫੁੱਟ ਰਹੇ ਸਨ। ਉਸ ਦੇ ਮੋਹਵੰਤੇ ਸ਼ਫਾਫ ਬੋਲ ਫਿਜ਼ਾ 'ਚ ਖਿਲਰ ਕਿਸੇ ਸੰਗੀਤਕ ਰਹਿਬਰੀ ਨੂੰ ਛੋਹ ਰਹੇ ਸਨ।ਨੈਣਾਂ 'ਚ ਤੈਰਦਾ ਹਾਸਾ ਫੁੱਲ ਕੇਰਦਾ ਲੱਗਿਆ। ਫਿਰ ਉਸ ਦੀ ਸੰਗਤ 'ਚ ਕੋਈ ਉਦਾਸ ਜਾਂ ਮੁਰਝਾਇਆ ਜਿਹਾ ਕਿਵੇਂ ਰਹਿ ਸਕਦੈ। 
          ਕਹਿੰਦੇ ਨੇ ਕਿ ਘਰ ਸਾਡੀਆਂ ਭਾਵਨਾਵਾਂ ਦਾ ਰਾਜ਼ਦਾਰ ਵੀ ਹੁੰਦੈ। ਉਸ ਦੇ ਘਰ ਦੀ ਦਹਿਲੀਜ਼ ਅੰਦਰ ਪੈਰ ਧਰਦਿਆਂ ਹੀ ਮੈਂ ਕਈ ਦਹਾਕੇ ਪਿਛਾਂਹ ਪਰਤ ਗਈ ਸੀ। ਓਥੇ ਪਈ ਹਰ ਵਸਤ ਸੁਚੱਜਤਾ ਨਾਲ ਸ਼ਿੰਗਾਰੀ ਸੰਵਾਰੀ ਕਿਸੇ ਅਜਾਇਬ ਘਰ ਦਾ ਨਜ਼ਾਰਾ ਪੇਸ਼ ਕਰ ਰਹੀ ਸੀ। ਪੁਸ਼ਤੈਨੀ ਵਿਰਾਸਤ ਦਾ ਪ੍ਰਤੀਰੂਪ ਸਾਂਭੀ ਬੀਤੇ ਕੱਲ ਦਾ ਹੁੰਗਾਰਾ ਭਰ ਰਹੀ ਸੀ। ਹਮੇਸ਼ਾਂ ਵਾਂਗ ਹਵਾ ਦੀ ਰੁਮਕਣੀ ਨਾਲ ਰਸੋਈ 'ਚੋਂ ਆਉਂਦੀ ਕੋਸੀ ਤੇ ਸੁਆਦ ਸੁਗੰਧ ਵਿਹੜਾ ਭਰ ਰਹੀ ਸੀ। ਇਹ ਮਹਿਕ ਤਾਂ ਮੇਰੇ ਜ਼ਿਹਨ 'ਚ ਓਦੋਂ ਦੀ ਘੁਲ਼ੀ ਹੋਈ ਹੈ ਜਦੋਂ ਅਸੀਂ ਇੱਕੋ ਸੰਸਥਾ 'ਚ ਕਾਰਜਸ਼ੀਲ ਸਾਂ। ਓਦੋਂ ਹੀ ਸਾਡੀ ਦੁਨਿਆਵੀ ਰਿਸ਼ਤੇ ਦੀ ਸਾਂਝ ਉਮਰਾਂ ਦੀ ਹੱਦ ਪਾਰ ਕਰਦੀ ਉਮਰੋਂ ਲੰਮੇਰੀ ਹੋ ਗਈ ਸੀ। ਕਹਿੰਦੇ ਨੇ ਕਿ ਰੂਹ ਦੀ ਬੱਤੀ ਨਾਲ ਦਿਲਾਂ 'ਚ ਚਿਰਾਗ ਜਗਾਉਣ ਵਾਲੇ ਆਪਣੇ ਸੁੱਚੇ ਚਾਨਣ ਨਾਲ ਦਿਲਾਂ 'ਚ ਸਾਂਝ ਦੇ ਪੁਲ ਉਸਾਰ ਲੈਂਦੇ ਨੇ। ਪਰ ਜੀਵਨ ਸਫ਼ਰ ਦੀ ਸਾਰਥਿਕਤਾ ਨੂੰ ਵਿਸਥਾਰਨ ਦੇ ਵੇਗ ਨੇ ਸਾਡੀਆਂ ਰਾਹਾਂ ਅੱਡੋ ਅੱਡਰੀਆਂ ਕਰ ਦਿੱਤੀਆਂ ਤੇ ਮੁੜ ਓਸ ਸਾਂਝੇ ਪੁਲ ਤੋਂ ਗੁਜ਼ਰਨਾ ਹੀ ਨਾ ਹੋਇਆ। 
     ਮਿੱਠੀਆਂ ਯਾਦਾਂ ਦੀ ਵਾੜ ਕਰਕੇ ਬਣਾਈ ਉਸ ਦੀ ਅਰਾਮ ਬਗੀਚੀ 'ਚ ਬੈਠ ਫਿਰ ਸ਼ੁਰੂ ਹੋਇਆ ਸਾਡੀਆਂ ਅਣਕਹੀਆਂ ਗੱਲਾਂ ਦਾ ਅਮੁੱਕ ਸਫ਼ਰ। ਉਸ ਦੇ ਬੋਲਾਂ 'ਚ ਤੇਜ਼ੀ ਤੇ ਸੁਰ ਸੁਭਾਵਿਕ ਨਾਲੋਂ ਉੱਚਾ ਸੀ। ਇਓਂ ਲੱਗਦਾ ਸੀ ਕਿ ਜਿਵੇਂ ਉਹ ਹਵਾ ਨੂੰ ਸ਼ਬਦਾਂ ਅਰਥਾਂ 'ਚ ਢਾਲਦੀ ਢਾਈ ਦਹਾਕਿਆਂ ਦੀ ਦਾਸਤਾਨ ਕੁਝ ਪਲਾਂ 'ਚ ਬਿਆਨ ਕਰ ਦੇਣ ਦੀ ਕੋਸ਼ਿਸ਼ 'ਚ ਹੋਵੇ। ਅਸੀਂ ਇੱਕ ਦੂਜੇ ਦੇ ਚੇਤਿਆਂ ਤੇ ਦੁਆਵਾਂ 'ਚ ਹਮੇਸ਼ਾਂ ਹੀ ਵੱਸੇ ਰਹੇ। ਆਪਣੇ ਆਪੇ ਨਾਲ ਤਾਂ ਇੱਕ ਦੂਜੇ ਦੀਆਂ ਬਾਤਾਂ ਪਾਉਂਦੇ ਰਹੇ ਪਰ ਇਹ ਮੋਹਵੰਤੇ ਅਹਿਸਾਸਾਂ ਨੂੰ ਕਦੇ ਸਾਂਝੇ ਨਾ ਕੀਤਾ । ਅੱਜ ਨਿੱਘ ਮਿਲਣੀ ਦੀ ਇਹ ਸੱਦ ਮੋਹ ਵਿਗੁੱਤੀ ਰੂਹ 'ਚੋਂ ਉੱਠ ਫਿਜ਼ਾ ਦੀ ਤਲੀ 'ਤੇ ਇੱਕ ਮੂਕ ਸੁਨੇਹਾ ਧਰ ਆਈ ਸੀ ਤੇ ਵਕਤੋਂ ਬੇ ਵਕਤ ਹੋਏ ਪਲਾਂ ਨੂੰ ਮੋੜ ਲਿਆਈ ਸੀ। 
       ਕਿਸੇ ਕਿਸੇ ਸਵਾਣੀ ਦੇ ਹੱਥਾਂ 'ਚ ਤਾਂ ਜਾਦੂਈ ਸਵਾਦ ਲਰਜ਼ਦੈ। ਉਨ੍ਹਾਂ ਹੱਥਾਂ ਨੂੰ ਚੁੰਮ ਮੱਥੇ ਲਾਈਏ ਜਿੰਨ੍ਹਾਂ ਹੱਥੀਂ ਮਿਲੇ ਸੁਆਦ। ਮੋਹ ਤੇ ਅਪਣੱਤ ਦਾ ਮਿੱਠਾ ਪਾ ਬਣਾਇਆ ਕੇਕ ਖਾਂਦਿਆਂ ਪਤਾ ਹੀ ਨਾ ਲੱਗਾ ਹਵਾਵਾਂ ਨੇ ਕਦੋਂ ਆਪਣਾ ਸਫ਼ਰ ਰੋਕ ਅੰਬਰ ਦੇ ਹਨ੍ਹੇਰੇ ਗੁੰਬਦ 'ਚ ਨਿੱਕੇ ਨਿੱਕੇ ਛੇਕ ਕਰ ਦਿੱਤੇ ਸਨ ਜਿੱਥੋਂ ਤਾਰੇ ਕਿਰਦੇ ਰਹੇ ਤੇ ਅਸੀਂ ਅਰਸਿਆਂ ਲੰਮੀ ਚੁੱਪ ਤੋੜਦਿਆਂ ਆਪਣੇ ਵਲਵਲਿਆਂ ਤੇ ਭਾਵਨਾਵਾਂ ਦੇ ਅਬੋਲ ਬੋਲਾਂ ਨਾਲ ਅਕੀਦਤੀ -ਇਬਾਦਤਾਂ ਸੰਗ ਝੋਲੀਆਂ ਭਰਦੇ ਰਹੇ। 

ਪੋਹ ਦੀ ਰਾਤ 
ਤਾਰਿਆਂ ਦੀ ਲੋਅ 'ਚ 
ਯਾਦ ਹੁੰਗਾਰੇ। 

ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 188 ਵਾਰ ਪੜ੍ਹੀ ਗਈ ਹੈ।

10 comments:

 1. ਅਸੀਂ ਸਭ ਲੋਗ ਚਾਹਣੇ ਹਾਂ ਕੇ ਸਾਡੀ ਮਾਂ ਬੋਲੀ ਦਾ ਵਿਸਥਾਰ ਹੋਵੇ, ਲੋਗੀ ਇਸ ਨੂੰ ਇਕ ਆਸਾਨ ਅਤੇ ਸਮਝ ਆਂ ਵਾਲੇ ਤਰੀਕੇ ਦੇ ਨਾਲ ਪੜ੍ਹਨ।
  ਤੁਹਾਡਾ ਲੇਖ ਇਕ ਸੁੰਦਰ ਸੁਪਨੇ ਨੂੰ ਸੰਜੋ ਰਿਹਾ ਹੈ।ਅਲਫਾਜ਼ਾਂ ਦਾ ਚੁਣਾਵ ਬਹੁਤ ਸੋਹਣਾ ਹੈ ਅਤੇ ਇਕ ਉੱਚ ਕੋਟਿ ਦੇ ਲੇਖਕ ਵਾਲ ਇਸ਼ਾਰਾ ਕਰਦਾ ਹੈ ! ਇਕ ਸਾਧਾਰਨ ਪੜ੍ਹਨ ਵਾਲੇ ਬੰਦੇ ਲਾਇ ਕੁਛ ਲਫ਼ਜ਼ ਮੁਸ਼ਕਿਲ ਹਨ, ਮੇਂ ਇਹ ਮਹਿਸੂਸ ਕੀਤਾ ਹੈ।

  ReplyDelete
  Replies
  1. ਯਾਦ ਹੁੰਗਾਰੇ ਨੂੰ ਪਸੰਦ ਕਰਨ ਤੇ ਆਪ ਦੇ ਨਿੱਘੇ ਹੁੰਗਾਰੇ ਲਈ ਯਸ਼ ਸ਼ਰਮਾ ਜੀ ਆਪ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਆਪ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹਾਂ। ਆਪ ਨੂੰ ਲੱਗਾ ਕਿ ਕੁਝ ਸ਼ਬਦ ਔਖੇ ਨੇ ਤੇ ਇੱਕ ਸਧਾਰਨ ਪਾਠਕ ਦੀ ਸਮਝੋ ਬਾਹਰ ਨੇ। ਮੈਂ ਵੀ ਇੱਕ ਸਧਾਰਨ ਪਾਠਕ ਹੀ ਹਾਂ। ਪੰਜਾਬੀ ਸਾਹਿਤ ਨੂੰ ਪੜ੍ਹਨ ਦਾ ਸ਼ੌਕ ਰੱਖਣ ਦੇ ਨਾਲ ਨਾਲ ਇਸ ਭਾਸ਼ਾ ਦੇ ਚੰਗੇ ਸ਼ਬਦਾਂ ਨੂੰ ਸਮਝਣ ਅਤੇ ਸਾਂਭਣ ਦਾ ਵੀ ਸ਼ੌਕ ਰੱਖਦੀ ਹਾਂ। ਮੈਂ ਸਮਝਦੀ ਹਾਂ ਕਿ ਜੇ ਅਸੀਂ ਪੰਜਾਬੀ ਬੋਲੀ ਨੂੰ ਪਿਆਰਦੇ ਹਾਂ ਤਾਂ ਕੁਝ ਵੀ ਸਮਝਣਾ ਔਖਾ ਨਹੀਂ। ਬਾਕੀ ਆਪਣੀ ਆਪਣੀ ਸੋਚ ਹੈ। ਲਿਖਣ ਵਾਲਾ ਆਪਣੀ ਸੋਚ ਮੁਤਾਬਿਕ ਸ਼ਬਦ ਚੋਣ ਕਰਕੇ ਪਾਠਕਾਂ ਨੂੰ ਪਰੋਸਦਾ ਹੈ। ਪਾਠਕ ਦੀ ਸੋਚ ਤੇ ਸਮਝ ਓਸ ਲਿਖਤ ਚੋਂ ਉਸ ਦਾ ਹਾਸਿਲ ਹੈ।

   Delete
 2. ਪਿਆਰੀ ਹਰਦੀਪ
  ਸਤਿਸਿਰੀ ਅਕਾਲ ।
  ਤੇਰਾ ਯਾਦਾਂ ਦਾ ਹੁੰਗਾਰਾ ਪੜ ਲਿਆ ।
  ਇਂਤਜਾਰ ਸੀ ਦੇਸ਼ ਫੇਰੀ ਤੋਂ ਤੂੰ ਅਪਨੇ ਪਾਠਕਾਂ ਲਈ ਕੁਝ ਨ ਕੁਝ ਜਰੂਰ ਲੈ ਕੇ ਆਓਗੀ ।
  ਉਹ ਯਾਦਾਂ ਦਾ ਹੁੰਗਾਰਾ ਰੂਪੀ ਸੌਗਾਤ ਮਿਲ ਗਈ ।ਮਨ ਖੁਸ਼ ਹੋ ਗਿਆ । ਦੇਸ਼ ਦੀ ਮਿੱਟੀ ਦੀ ਸੁਗਂਧ ਪਾਕੇ ।

  ਕਮਲਾ

  ReplyDelete
 3. ਜਗਰੂਪ ਕੌਰ23.2.17

  ਬਹੁਤ ਪਿਆਰੇ ਲਫਜਾਂ ਵਿੱਚ ਸੰਜੋਇਆ ਲਿਖਤ ਨੂੰ , ਬਹੁ ਵਧੀਆ ਚਿੱਤਰਣ....ਜੀਓ ਜੀ

  ReplyDelete
 4. ਤੇਰੀਆਂ ਉਸ ਲਈ ਮੋਹ ਭਰੀਆਂ ਭਾਵਨਾਵਾਂ ਪੜ੍ਹ ਕੇ ਮਨ ਭਰ ਆਇਆ। ਬਹੁਤ ਹੀ ਵਧੀਆ ਪੇਸ਼ਕਾਰੀ।
  ਤੇਰੀ ਮੰਮੀ

  ReplyDelete
 5. ਸਤਿ ਸਿਰੀ ਅਕਾਲ ਮਾਮੀ ਜੀ।
  ਹਾਇਬਨ ਪੜ੍ਹਿਆ, ਬਹੁਤ ਹੀ ਵਧੀਆ ਲੱਗਾ। ਇੰਝ ਲੱਗਾ ਜਿਵੇਂ ਤੁਸੀਂ ਕੱਲ ਹੀ ਸਾਡੇ ਕੋਲੋਂ ਗਏ ਹੋਵੋਂ। ਸਭ ਕੁਝ ਦੁਬਾਰਾ ਵਾਪਰਿਆ ਮਹਿਸੂਸ ਹੋਇਆ। ਤੁਸੀਂ ਸਭ ਕੁਝ ਇੰਨ ਬਿੰਨ ਬਿਆਨ ਕੀਤਾ ਹੈ। ਸਭ ਕੁਝ ਓਵੇਂ ਹੀ ਪਿਆ ਹੈ, ਪੁਰਾਣਾ ਸਾਂਭਿਆ ਹੋਇਆ, ਜਿਸ 'ਚੋਂ ਮੈਨੂੰ ਮੇਰੇ ਬੀਜੀ -ਬਾਬਾ ਜੀ ਇੱਥੇ ਬੈਠੇ ਹੁਣ ਵੀ ਦਿਖਾਈ ਦਿੰਦੇ ਨੇ, ਚਾਹੇ ਹੁਣ ਉਹ ਇਸ ਦੁਨੀਆਂ 'ਚ ਨਹੀਂ ਰਹੇ। ਆਪ ਸਾਡੇ ਕੋਲ ਆਏ, ਆਪਾਂ ਖੂਬ ਅਨੰਦ ਮਾਣਿਆ। ਰੱਬ ਕਰੇ ਅਜਿਹੇ ਦਿਨ ਮੁੜ -ਮੁੜ ਆਉਂਦੇ ਰਹਿਣ।

  ReplyDelete
 6. ਹਰਦੀਪ, ਮੈਂ ਇਸ ਹਾਇਬਨ ਨੂੰ ਵਾਰ -ਵਾਰ ਪੜ੍ਹਿਆ। ਮੈਂ ਤੈਨੂੰ ਕਿ ਕਹਾਂ , ਤੈਨੂੰ ਕਿੰਨਾਂ ਸ਼ਬਦਾਂ ਨਾਲ ਨਿਵਾਜ਼ਾਂ , ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹਨ। ਜੇ ਤੂੰ ਇੱਥੇ ਕੁਝ ਹੋਰ ਸਮਾਂ ਮੇਰੇ ਨਾਲ ਕਾਲਜ 'ਚ ਪੜਾਉਂਦੀ ਤਾਂ ਸਟੇਜ 'ਤੇ ਤਾਂ ਤੇਰਾ ਹੀ ਬੋਲ -ਬਾਲਾ ਹੋਣਾ ਸੀ , ਤੂੰ ਹੀ ਸਟੇਜ ਸੰਭਾਲਿਆ ਕਰਨਾ ਸੀ। ਇੱਥੇ ਜੋ ਤੇਰੇ ਪਿੱਛੋਂ ਸਟੇਜ ਸੰਭਾਲਦੇ ਰਹੇ ਨੇ, ਉਹ ਤਾਂ ਤੇਰੇ ਅੱਗੇ ਕੁਝ ਵੀ ਨਹੀਂ ਸਨ। ਤੇਰੇ ਕੋਲ ਸ਼ਬਦਾਂ ਦਾ ਭੰਡਾਰ ਹੈ, ਜਾਣਕਾਰੀ ਹੈ ਤੇ ਗੱਲ ਕਹਿਣ ਦਾ ਤਰੀਕਾ। ਸਭ ਕੁਝ ਸਾਫ਼ ਵਿਖਾਈ ਦਿੰਦਾ ਹੈ। ਉਹਨਾਂ ਪਲਾਂ ਨੂੰ ਕਿੰਨੀ ਸੁਚੱਜਤਾ ਨਾਲ ਸੋਹਣੇ ਸ਼ਬਦਾਂ 'ਚ ਪਰੋਇਆ ਹੈ। ਬਹੁਤ ਵਧਾਈ।
  ਤੇਰੀ ਵੱਡੀ ਭੈਣ

  ReplyDelete
 7. ਸ਼ਬਦਾਂ ਦੇ ਦਰਪਣ ਰਾਹੀ,ਪ੍ਰਕ੍ਰਿਤੀ ਦੀ ਸੁੰਦਰਤਾ ਨੂੰ,ਐਨਾ ਗੁਲਕਾਰੀ ਕਰਨਾ ਅਤੇ ਕਲਪਨਾ ਦੀ ਮਹਿੰਦੀ ਨਾਲ ਇੱਕ ਦਿਨ ਦੇ ਆਥਣ ਵੇਲੇ ਦੀ ਮਿਲਣੀ ਦੀ ਤੀਬਰ ਉਡੀਕ ਨੂੰ ਲੇਖਕਾ ਨੇ ਮਨੋਵਿਗਿਆਨਕ ਅਤੇ ਸਭਿਆਚਾਰਕ ਦ੍ਰਿਸ਼ਟੀ ਨਾਲ ਚਿੱਤਰ ਕੇ ਅਜਿਹੀ ਯਾਦਗਾਰੀ ਤਸਵੀਰ ਨੂੰ ਮਨ ਮੋਹਕ ਰੰਗਰੇਜ਼ ਕਾਰੀ ਕਰ ਦੇਣਾ, ਕੋਈ ਸੌਖਾ ਹੁਨਰ ਨਹੀਂ ਹੁੰਦਾ।ਇਹ ਤਾਂ ਸਭ ਸ੍ਰੇਸ਼ਟ ਲਿਖਣ ਸ਼ਕਤੀ ਦਾ ਕ੍ਰਿਸ਼ਮਾ ਹੁੰਦਾ ਹੈ, ਜੋ ਡਾ ਹਰਦੀਪ ਕੌਰ ਸੰਧੂ ਦੀ ਲੇਖਣੀ ਦਾ ਉੱਤਮ ਗੁਣ ਹੈ।

  'ਯਾਦ ਹੁੰਗਾਰੇ' ਹਾਇਬਨ ਪੜ੍ਹ ਕੇ, ਲੇਖਕਾ ਦੀ ਲਿਖਣ ਸ਼ਕਤੀ ਨੂੰ ਪ੍ਰਨਾਮ।

  ਸੁਰਜੀਤ ਸਿੰਘ ਭੁਲੱਰ- 26-02-2017

  ReplyDelete
 8. ਸ਼ਬਦਾਂ ਦਾ ਗੁਲਦਸਤਾ , ਸੁੰਦਰ ਵਿਚਾਰ ਅਤੇ ਕਹਿਣ ਦਾ ਸੁੱਚਜਾ ਢੰਗ ।

  ReplyDelete
 9. ਯਾਦ ਹੁੰਗਾਰੇ ਹਾਇਬਨ ਕਾਵਿਕ ਸ਼ੈਲੀ ਵਿੱਚ ਲਿਖੀ ਇੱਕ ਉੱਚ ਪਾਏ ਦੀ ਸੁੰਦਰ ਸਾਹਿਤਿਕ ਕ੍ਰਿਤੀ ਹੈ। ਕਵਿਤਾ ਵਾਂਗ ਹੀ ਭਾਵੁਕਤਾ ਦੀ ਚਾਸ਼ਨੀ ਵਿੱਚ ਡੁੱਬੋ ਢੁੱਕਵੇਂ ਅਲੰਕਾਰ, ਬਿੰਬ, ਪ੍ਰਤੀਕ ਚੁਣ ਚੁਣ ਕੇ ਸੋਹਣੀ ਸ਼ਬਦਾਵਲੀ ਰਹਿਣ ਰਚਨਾ ਵਿੱਚ ਮਿਠਾਸ ਭਰ ਦਿੱਤੀ ਹੈ। ਚਾਂਦੀ ਰੰਗਾ ਦਿਨ ,ਆਥਣ ਦੀ ਸਰਦਲ, ਰੂਹ ਦੀ ਬੱਤੀ, ਦਿਲ ਦਾ ਚਿਰਾਗ ਬਹੁਤ ਸੁੰਦਰ ਅਲੰਕਾਰ ਮੜ ਦਿੱਤੇ ਨੇ। ਆਉਂਦੇ ਸਮੇਂ ਵਿੱਚ ਤੁਹਾਡੇ ਵੱਲੋਂ ਪੰਜਾਬੀ ਸਾਹਿਤ ਨੂੰ ਹੋਰ ਵੀ ਅਜਿਹੀਆਂ ਰਚਨਾਵਾਂ ਦੀ ਆਸ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ