ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Mar 2017

ਚਾਨਣ ਲੀਕ

Image result for chinese man with doll as his daughter
ਬੇਰੰਗ ਜਿਹਾ ਮੌਸਮ ਸੀ। ਸਲੇਟੀ ਬੱਦਲਾਂ ਨੇ ਘੁਲ ਕੇ ਅੰਬਰ ਨੂੰ ਹੋਰ ਗਹਿਰਾ ਕਰ ਦਿੱਤਾ ਸੀ। ਹੁਣ ਹਵਾ ਵੀ ਸਿੱਲੀ ਜਿਹੀ ਹੋ ਗਈ ਸੀ। ਇਓਂ ਲੱਗਦਾ ਸੀ ਕਿ ਜਿਵੇਂ ਸੁੰਨੇ ਜਿਹੇ ਘਰ ਦੀ ਕੰਧੀਂ ਲੱਗ ਹੁਣੇ ਹੁਣੇ ਕੋਈ ਰੋਇਆ ਹੋਵੇ। ਉਸ ਨੇ ਖੁੱਲ੍ਹੇ ਅਸਮਾਨ ਵੱਲ ਝਾਕਿਆ। ਉਸ ਨੂੰ ਆਪਣੀ ਉਮੀਦ ਦਾ ਪੰਛੀ ਫੜਫੜਾਉਂਦਾ ਨਜ਼ਰ ਆਇਆ। ਉਸ ਨੂੰ ਲੱਗਾ ਕਿ ਉਦਾਸ ਰੁੱਖਾਂ ਦੀਆਂ ਸੁੱਕੀਆਂ ਟਹਿਣੀਆਂ ਦੇ ਹਉਕੇ ਉਸ ਦੀ ਬੇਰਸ ਜ਼ਿੰਦਗੀ ਦੀ ਨੀਰਸਤਾ ਹੋਰ ਵਧਾ ਰਹੇ ਨੇ  ਇੱਕ ਬੇਰੰਗ ਅਹਿਸਾਸ ਉਸ ਦੇ ਚੁਫੇਰੇ ਪਸਰ ਗਿਆ ਸੀ
          ਉਹ ਕਿਸੇ ਗੰਭੀਰ ਰੋਗ ਨਾਲ ਪੀੜਤ ਸੀ। ਪਿਛਲੇ ਦੋ ਵਰ੍ਹਿਆਂ ਤੋਂ ਨਿਰੰਤਰ ਹੁੰਦੀ ਸਿਰ ਪੀੜ ਉਸ ਦੀ ਉਪਰਾਮਤਾ ਹੋਰ ਵਧਾ ਦਿੰਦੀ। ਇਲਾਜ ਲਈ ਹੋਏ ਅਪ੍ਰੇਸ਼ਨ ਕਰਕੇ ਉਸ ਨੂੰ ਹਸਪਤਾਲ ਕਾਫ਼ੀ ਦਿਨਾਂ ਤੱਕ ਦਰਦ ਭਰੀ ਜ਼ਿੰਦਗੀ ਬਿਤਾਉਣੀ ਪਈ। ਨਿਰਾਸ਼ਾ ਤੇ ਨਮੋਸ਼ੀ ਉਸ 'ਤੇ ਓਦੋਂ ਹੋਰ ਭਾਰੂ ਹੋ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਹੁਣ ਉਹ ਕਦੇ ਪਿਤਾ ਨਹੀਂ ਬਣ ਸਕਦਾ। ਰੋਜ਼ਮਰ੍ਹਾ ਦੇ ਕੰਮਕਾਰਾਂ ' ਉਸ ਦੀ ਦਿਲਚਸਪੀ ਹੁਣ ਘੱਟ ਗਈ ਸੀ।  ਉਹ ਕਿਸੇ ਨੂੰ ਵੀ ਮਿਲਣ ਤੋਂ ਗੁਰੇਜ਼ ਕਰਦਾ। ਸੱਖਣਾ ਤੇ ਇੱਕਲਤਾ ਨਾਲ ਭਰਿਆ ਘਰ ਉਸ ਨੂੰ ਹੋਰ ਡਰਾਉਂਦਾ। ਕਦੇ ਕਦੇ ਉਸ ਦਾ ਖ਼ਾਲੀਪਣ ਟੁੱਟੇ ਖ਼ਾਲੀ ਪੀਪੇ ਵਾਂਗ ਖੜਕਣ ਲੱਗਦਾ। ਭੁੱਖ -ਤ੍ਰੇਹ ਤੋਂ ਉਹ ਸੀ ਬੇਨਿਆਜ਼ ਤੇ ਮਨ ਵਿਹੜੇ ਉਤਰਦੀ ਸੀ ਹਰ ਪਲ ਘੋਰ ਹਨ੍ਹੇਰੀ ਰਾਤ। 
           
ਕਹਿੰਦੇ ਨੇ ਜਦੋਂ ਜੀਵਨ ਆਸਥਾ ਡਗਮਗਾਉਣ ਲੱਗੇ ਤਾਂ ਅੱਕੀਂ ਪਲਾਹੀਂ ਹੱਥ ਮਾਰਨਾ ਹੀ ਪੈਂਦੈ। ਉਸ ਨੇ ਵੀ ਹੇਠ ਉਤਲੀ ਇੱਕ ਕਰ ਦਿੱਤੀ। ਇੰਟਰਨੈਟ ਤੋਂ ਵੱਡ ਆਕਾਰੀ ਗੁੱਡੀਆਂ ਸਬੰਧੀ ਮਿਲੀ ਜਾਣਕਾਰੀ ਉਸ ਦੇ ਦਰਦ ਦੀ ਦਵਾ ਹੋ ਨਿਬੜੀ। ਬੇਆਰਾਮ ਚੁੱਪੀ ਤੇ ਆਪਣੇ ਇਕੱਲੇਪਣ ਦੇ ਘੇਰੇ ਨੂੰ ਤੋੜਨ ਲਈ ਉਹ ਇੱਕ ਰਬੜ ਦੀ ਗੁੱਡੀ ਖਰੀਦ ਲਿਆਇਆ ਚਾਰ ਫੁੱਟ ਦੱਸ ਇੰਚ ਉੱਚੀ ਇਹ ਪਰੀਆਂ ਜਿਹੀ ਗੁੱਡੀ ਅਮਲੀ ਰੂਪ ' ਸੁਭਾਵਿਕਤਾ ਦੇ ਬਹੁਤ ਨੇੜੇ ਸੀ। ਜਾਂ ਫੇਰ ਉਸ ਨੇ ਆਪਣੇ ਮਨ ਨਾਲ ਓਸ ਗੁੱਡੀ ਦੀ ਵਾਸਤਵਿਕਤਾ ਘੜ ਆਪਣੀ ਧੀ ਬਣਾ ਲਿਆ ਸੀ। ਉਸ ਦਾ ਨਾਂ ਰੱਖਿਆ ਜ਼ਿਆਓ ਡਾਈ ਜਾਣੀ ਨੰਨ੍ਹੀ ਤਿੱਤਲੀ। 
         ਉਹ ਆਪਣੀ ਨੰਨ੍ਹੀ ਤਿੱਤਲੀ ਨੂੰ ਨਿੱਤ ਨਵੀਆਂ ਪੋਸ਼ਾਕਾਂ ਨਾਲ ਸਜਾਉਂਦਾ। ਉਹ ਜਿੱਥੇ ਵੀ ਘੁੰਮਣ ਜਾਂਦਾ,ਉਸ ਨੂੰ ਆਪਣੇ ਨਾਲ ਹੀ ਲੈ ਕੇ ਜਾਂਦਾ। ਫੇਰ ਚਾਹੇ ਉਹ ਸੈਰ ਕਰਨ ਜਾ ਰਿਹਾ ਹੋਵੇ ਜਾਂ ਫੇਰ ਬਾਜ਼ਾਰ।ਕਦੇ ਰੈਸਟੋਰੈਂਟ ' ਆਪਣੇ ਨਾਲ ਖਾਣਾ ਖੁਆਉਂਦਾ ਤੇ ਕਦੇ ਸਿਨਮਾ ' ਫਿਲਮ ਦਿਖਾਉਂਦਾ। ਉਸ ਦਾ ਚਿਹਰਾ ਚਾਹਤ ਤੇ ਮੋਹ ਦੇ ਝਲਕਾਰਿਆਂ ਦੀ ਹਾਮੀ ਭਰ ਰਿਹਾ ਸੀ ਜਿਵੇਂ ਕਿ ਉਹ ਕਿਸੇ ਅਸਲੀ ਬੱਚੇ ਦੇ ਨਾਲ ਵਿਚਰ ਰਿਹਾ ਹੋਵੇ। ਪਿਓ -ਧੀ ਦੇ ਅਮੁੱਲੇ ਰਿਸ਼ਤੇ ਦੀ ਤੰਦ ' ਬੱਝਿਆ ਉਹ ਤਾਂ ਹੁਣ ਕਿਸੇ ਰੂਹ ਦੇ ਰਿਸ਼ਤੇ ਦੀ ਬਾਤ ਪਾਉਂਦੈ। 
         ਉਸ ਦੇ ਪਿਆਰ ਕਰਨ ਦੀ ਇਹ ਅਦਾ ਹਰ ਕਿਸੇ ਦੇ ਦਿਲ ' ਉਤਰ ਗਈ ਸੀ। ਨਿਰਾਸ਼ ਪੁੱਤਰ ਦੀ ਖੁਸ਼ੀ ਲਈ ਅਜਿਹੇ ਅਵੱਲੇ ਜਿਹੇ ਵਰਤਾਰੇ ਤੋਂ ਉਸ ਦੀ ਮਾਂ ਨੂੰ ਵੀ ਕੋਈ ਏਤਰਾਜ਼ ਨਹੀਂ ਸੀ ।ਭਾਵੇਂ ਇਹ ਕੋਈ ਸਿਹਤਮੰਦ ਵਰਤਾਰਾ ਨਹੀਂ ਸੀ ਪਰ ਫੇਰ ਵੀ ਉਸ ਦੀ ਮਾਂ ਨੇ ਨਾ ਤਾਂ ਇਸ ਨੂੰ ਕਦੇ ਨਿੰਦਿਆ ਤੇ ਨਾ ਹੀ ਨਕਾਰਿਆ। ਸ਼ਾਇਦ ਮਾਂ ਨੂੰ ਉਸ ਦੇ ਮਨ 'ਤੇ ਛਾਈਆਂ ਕਾਲੀਆਂ ਬੱਦਲੋਟੀਆਂ ਦੇ ਪਾਰ ਚਾਨਣ ਦੀ ਕੋਈ ਲੀਕ ਨਜ਼ਰ ਆਉਂਦੀ ਹੋਵੇ। 

ਧੁੰਦਲੀ ਸ਼ਾਮ 
ਖਿੰਡੇ ਬੱਦਲਾਂ ਪਿੱਛੇ 
ਚਾਨਣ ਲੀਕ। 

ਡਾ. ਹਰਦੀਪ ਕੌਰ ਸੰਧੂ  

ਨੋਟ : ਇਹ ਪੋਸਟ ਹੁਣ ਤੱਕ 238 ਵਾਰ ਪੜ੍ਹੀ ਗਈ ਹੈ।


11 comments:

 1. Jagroop kaur23.3.17

  ਨਿਰਾਸ਼ਾਜਨਕ ਹਾਲਾਤਾ ਨੂੰ ਸੋਹਣੇ ਰੰਗਾਂ ਨਾਲ ਸਜਾ ਕੇ ਇਕ ਨਵੇਂ ਪਹਿਲੂ ਦੀ ਸਿਰਜਣਾ ਕੀਤੀ ਗਈ । ਬੇਜਾਨ ਗੁੱਡੀ ਵਿੱਚ ਵੀ ਰੂਹ ਵੱਸਦੀ ਜਾਪਣ ਲੱਗ ਪਈ ।
  ਬਹੁਤ ਵਧੀਆ ਕਹਾਣੀ ਭੈਣ ਜੀ

  ReplyDelete
  Replies
  1. ਇਹ ਹਾਇਬਨ 100 % ਸੱਚੇ ਤੱਥਾਂ 'ਤੇ ਅਧਾਰਿਤ ਹੈ। ਇਹ ਚੀਨ ਦੇ ਕਿਸੇ ਸ਼ਹਿਰ ਦੀ ਘਟਨਾ ਹੈ। ਉਸ ਵਿਅਕਤੀ ਦਾ ਨਾਂ ਸੋਂਗ ਬੋ ਹੈ। ਇਹ ਖਬਰ ਮਈ 2015 ਦੀ ਹੈ। ਉਸ ਸਮੇਂ ਤੱਕ ਉਹ ਪਿਛਲੇ ਦੋ ਸਾਲਾਂ ਤੋਂ ਬਿਮਾਰੀ ਦੀ ਹਾਲਤ 'ਚ ਸੀ।

   Delete
 2. ਹਰਦੀਪ ਕੌਰ ਜੀ, ਮੈਂ ਇਹ ਖ਼ਬਰ ਪੜ੍ਹੀ ਸੀ। ਜਿਸ ਭਾਵਨਾਤਮਿਕ ਸ਼ਿਲਪ ਨਾਲ ਤੁਸੀਂ ਖ਼ਬਰ ਨੂੰ ਹਾਈਬਨ ਦੇ ਰੂਪ ਵਿੱਚ ਪਾਠਕਾਂ ਦੇ ਰੂਬਰੂ ਕੀਤਾ ਹੈ, ਉਸ ਤੁਹਾਡੀ ਰਚਨਾਤਮਿਕ ਪ੍ਰਤਿਭਾ ਦਾ ਕਮਾਲ ਹੈ।”ਇਓਂ ਲੱਗਦਾ ਸੀ ਕਿ ਜਿਵੇਂ ਸੁੰਨੇ ਜਿਹੇ ਘਰ ਦੀ ਕੰਧੀਂ ਲੱਗ ਹੁਣੇ ਹੁਣੇ ਕੋਈ ਰੋਇਆ ਹੋਵੇ।” ਇਹ ਸਧਾਰਣ ਜਿਹਾ ਵਾਕ ਪੀੜ੍ਹ ਦੀਆਂ ਕਿੰਨੀ ਅਸਧਾਰਣ ਗੱਲ ਨੁੰ ਕਿੰਨਾ ਸਹਿਜ ਸੁਭਾਅ ਦ੍ਰਿਸਟਮਾਨ ਕਰਦਾ ਹੈ। ਜੀਓ !

  ReplyDelete
  Replies
  1. ਹਾਇਬਨ ਦੀ ਰੂਹ ਤੱਕ ਅੱਪੜ ਇਸ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਅਮਰੀਕ ਜੀ। ਇਸ ਖਬਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਜਿਸ ਦੇ ਪ੍ਰਭਾਵ ਨੂੰ ਕਬੂਲਦਿਆਂ ਇਸ ਨੇ ਹਾਇਬਨ ਦਾ ਰੂਪ ਲੈ ਲਿਆ। ਦੁਨੀਆਂ ਰੰਗ ਬਿਰੰਗੀ ਹੈ ਤੇ ਵੱਖੋ ਵੱਖਰੇ ਸੁਭਾਅ ਵਾਲੀ ਵੀ। ਅਸੀਂ ਜ਼ਰਾ ਜਿਨ੍ਹਾਂ ਬਿਮਾਰ ਹੋ ਜਾਈਏ ਕਿਵੇਂ ਘਬਰਾ ਜਾਂਦੇ ਹਾਂ। ਦੇਖੋ ਇੱਥੇ ਆਪਣੀ ਨਿਰਾਸ਼ਤਾ ਨੂੰ ਠੱਲ ਪਾਉਣ ਲਈ ਕਿਹੋ ਜਿਹਾ ਉਪਾਅ ਸੋਚਿਆ ਗਿਆ ਜੋ ਮੇਰੇ ਵਰਗੇ ਦੀ ਸੋਚ ਤੋਂ ਤਾਂ ਬਹੁਤ ਪਰ੍ਹੇ ਹੈ। ਉਸ ਦੀ ਮਾਂ ਨੂੰ ਵੀ ਪਤਾ ਹੈ ਕਿ ਉਹ ਮਾਨਸਿਕ ਤੌਰ 'ਤੇ ਅਜੇ ਵੀ ਰਾਜੀ ਨਹੀਂ ਪਰ ਫੇਰ ਵੀ ਉਸ ਨੇ ਇਸ ਸਚਾਈ ਨੂੰ ਸਵੀਕਾਰਦੇ ਹੋਏ ਉਸ ਦੀ ਹਾਮੀ ਭਰੀ ਹੈ। ਧੰਨ ਹੈ ਉਹ ਮਾਂ ਵੀ।
   ਅਮਰੀਕ ਜੀ ਆਪਣੇ ਅਣਮੁੱਲੇ ਵਿਚਾਰਾਂ ਨਾਲ ਸਾਂਝ ਪਾਉਣ ਲਈ ਤਹਿ ਦਿਲੋਂ ਧੰਨਵਾਦ।

   Delete
  2. ਜਾਂ ਫ਼ਿਰ ਇਉਂ ਕਹਿ ਲਈਏ ਹਰਦੀਪ ਜੀ, ਕਿ ਜਿਉਂ ਜਿਉਂ ਅਸੀੰ ਪ੍ਰੋੜ ਅਵਸਥਾ ਵਿੱਚ ਪਰਵੇਸ਼ ਕਰ ਰਹੇ ਹਾਂ, ਤਿੳੁਂ ਤਿੳੁਂ ਅਸੀਂ ਆਪਣੇ ਅਨੁਭਵ ਅਤੇ ਆਪਣੇ ਚੋਗਿਰਦੇ ਵਿੱਚ ਹੋ ਰਹੇ ਵਰਤਾਰਿਆਂ ਵਿੱਚੋਂ , ਸਧਾਰਣ ਲੱਗਦੀ ਸਥਿੱਤੀ ਨੂੰ ਵੀ ਅਸਧਾਰਣ ਨੁਕਤੇ ਨਿਗਾਹ ਤੋਂ ਦੇਖਣ ਦੇ ਸਮਰੱਥ ਹੋ ਰਹੇ ਹਾਂ। ਇਹ ਅਦੁੱਤੀ ਪ੍ਰਤਿਭਾ ਹੀ ਸ਼ਾਇਦ ਸਾਨੂੰ ਸਾਡੇ ਸਹੀ ਆਪੇ ਨੂੰ ਪ੍ਰੀਭਾਸ਼ਿਤ ਕਰਦੀ ਹੈ। ਸਾਡੀ ਆਪਣੇ ਆਪ ਵਿੱਚ ਦੱਬੀ ਹੋਈ ਕਿਸੇ ਅਸੀਮ ਸ਼ਕਤੀ ਨਾਲ ਜਾਣ ਪਹਿਚਾਣ ਕਰਵਾਉਂਦੀ ਹੈ।

   Delete
 3. ਜੀਵਨ ਜੀਣ ਦੀ ਉਤਕਟ ਇੱਛਾ ਨਿਰਾਸ਼ਾ ਚੌਂ ਵਾਹਰ ਨਿਕਲਨ ਦਾ ਰਾਹ ਦਿਖਾ ਹੀ ਦਿਂਦੀ ਹੈ ।
  ਬੜੇ ਭਾਵ ਪੂਰਣ ਤਰੀਕੇ ਨਾਲ ਲਿਖਾ ਏਹ ਹਾਈਬਨ ਲੇਖਕ ਦੀ ਕਲਮ ਦਾ ਕਰਿਸ਼ਮਾ ਹੈ ਜੋ ਸਾਣੂਂ ਨਿਰਾਸ਼ ਮਨ ਦੀ ਹੀ ਨਹੀ ਉਸ ਨੂੰ ਮਿਲੀ ਖੁਸ਼ੀ ਸੇ ਵੀ ਰੂਬਰੂ ਕਰਾ ਦੇਤੀ ਹੈ । ਉਹ ਭੀ ਸੁਂਦਰ ਉਪਮਾਨੋ ਦਵਾਰਾ ਲਿਖ ਕਰ । ਏਹ ਇਕ ਸੱਚੀ ਘਟਨਾ ਤੇ ਅਧਾਰਿਤ ਕਹਾਨੀ ਹੈ ।ਖਬਰ ਨੂੰ ਸਰਸਰੀ ਨਜਰ ਨਾਲ ਦੇਖ ਹਮ ਭੁਲ ਭੂਲਾ ਜਾਂਦੇ ਹੈਂ । ਲੇਖਕ ਕਾ ਭਾਵੁਕ ਮਨ ਉਸੇ ਕਿੱਨਾ ਸੁਂਦਰ ਰੂਪ ਦੇ ਕਰ ਏਕ ਰਚਨਾ ਬਨਾ ਸਕਤਾ ਹੈ । ਅਸੀਂ ਹਰਦੀਪ ਜੀ ਕਾ ਏਹ ਹਾਇਬਨ ਪੜ ਕਰ ਜਾਨ ਸਕਤੇ ਹੈਂ, ਜੋ ਸ਼ਲਾਘਾ ਯੋਗ ਹੈ ।

  ReplyDelete
  Replies
  1. ਹਾਇਬਨ ਦੀ ਰੂਹ ਤੱਕ ਅੱਪੜ ਇਸ ਨੂੰ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਕਮਲਾ ਜੀ। ਆਪ ਨੇ ਮੇਰੀ ਲਿਖਤ ਨੂੰ ਸਲਾਹਿਆ, ਮਾਣ ਦਿੱਤਾ ਜਿਸ ਲਈ ਆਪ ਜੀ ਦਾ ਦਿਲੋਂ ਧੰਨਵਾਦ। ਆਪ ਜੀ ਦੇ ਸ਼ਬਦ ਮੈਨੂੰ ਹੋਰ ਅੱਗੇ ਲਿਖਣ ਲਈ ਪ੍ਰੇਰਦੇ ਹਨ। ਆਪਣੇ ਸ਼ਬਦਾਂ ਦੀ ਸਾਂਝ ਇਸੇ ਤਰਾਂ ਪਾਉਂਦੇ ਰਹਿਣਾ ਜੀ।

   Delete
 4. ਮੇਰਾ ਨਿੱਜੀ ਵਿਚਾਰ: ਚਾਨਣ ਲੀਕ (ਹਾਇਬਨ)

  ਇੱਕ ਮਨੋਰੋਗ ਵਿਅਕਤੀ,ਜਿਸ ਨੂੰ ਇਲਾਜ ਪਿੱਛੋਂ ਇਹ ਪਤਾ ਲੱਗਦਾ ਹੈ ਕਿ ਉਹ ਹੁਣ ਕਦੇ ਵੀ ਪਿਤਾ ਨਹੀਂ ਬਣ ਸਕਦਾ ਦੀ ਅਸਲੀਅਤ ਦੇ ਆਧਾਰਿਤ ਨਿਰਾਸ਼ਾਮਈ ਘਟਨਾ ਨੂੰ ਅਤਿ ਕਲਾਤਮਕਤਾ ਅਤੇ ਸਚਿੱਤਰਤਾ ਨਾਲ ਚਿਤਰਿਆ ਹੈ।

  ਇਸ ਦੁੱਖ ਭਰੀ ਖ਼ਬਰ ਦੇ ਸੱਚ ਨੂੰ ਉਹ ਵਿਅਕਤੀ ਗੈਰ-ਅਨੋਖੇ ਢੰਗ ਨਾਲ ਕਲਪਨਾ ਦੇ ਭਰਮ ਨੂੰ ਵਿਸ਼ਵਾਸ ਦਾ ਆਧਾਰ ਬਣਾ ਕੇ ਆਪਣੇ ਮਨ ਦੇ ਤਣਾਅ ਨੂੰ 'ਰਬੜ ਦੀ ਗੁੱਡੀ' ਖ਼ਰੀਦ ਕੇ ਵਿਵਹਾਰਿਕ ਤੋਰ ਤੇ ਅਸਲੀਅਤ ਦੇ ਰੂਪ ਰੰਗ ਭਰ ਕੇ ਉਸ ਦੇ ਨਾਲ 'ਪਿਓ-ਧੀ' ਦੇ ਅਮੁੱਲੇ ਰਿਸ਼ਤੇ ਦੀ ਤੰਦ 'ਚ ਬੰਨ੍ਹ ਕੇ ਰੂਹ ਦੇ ਰਿਸ਼ਤੇ ਦੀ ਬਾਤ ਪਾਉਂਦਾ ਰਹਿੰਦਾ ਹੈ,ਜਿਸ ਨਾਲ ਉਸ ਨੂੰ ਪੂਰਨ ਸੰਤੁਸ਼ਟੀ ਮਿਲਦੀ ਹੈ।

  ਇਹ ਵਿਸ਼ਵਾਸ ਦੀ ਕਹਾਣੀ ਹੈ,ਮਨ 'ਚ ਜੋਤ ਜਗਾਉਣ ਦੀ ਕਹਾਣੀ,ਧੰਨੇ ਭਗਤ ਦੇ ਵਿਸ਼ਵਾਸ ਦੀ ਕਹਾਣੀ,ਜਿਸ ਨੂੰ ਲੇਖਕਾ ਨੇ ਭਾਵਕਤਾ ਪੂਰਨ ਅਨੁਭਵ ਰਾਹੀਂ ਮਨੋਵਿਗਿਆਨਿਕ ਵਿਸ਼ੇ ਦੇ ਇੱਕ ਤੱਥ ਨੂੰ ਹਾਇਬਨ ਦਾ ਰੂਪ ਦੇ ਕੇ ਸਜੀਵ ਕਰ ਦਿਖਾਇਆ ਹੈ,ਜੋ ਬਹੁਤ ਸਰਾਹੁਣਾ ਯੋਗ ਹੈ।

  ਮੇਰੇ ਵੱਲੋਂ ਇਸ ਸਰਵ ਉੱਚਤਮ ਪੱਧਰ ਦੀ ਰਚਨਕਾਰਾ ਨੂੰ ਬਹੁਤ ਬਹੁਤ ਵਧਾਈ ਪਹੁੰਚੇ।
  -0-
  ਸੁਰਜੀਤ ਸਿੰਘ ਭੁੱਲਰ-25-03-2017

  ReplyDelete
  Replies
  1. ਬਿਲਕੁਲ ਸਹੀ ਕਿਹਾ ਆਪ ਨੇ ਭੁੱਲਰ ਜੀ ਇਹ ਮਨ ਦੇ ਵਿਸ਼ਵਾਸ਼ ਦੀ ਕਹਾਣੀ ਹੈ। ਬਹੁਤ ਸੁੱਚਜੇ ਢੰਗ ਨਾਲ ਧੰਨੇ ਭਗਤ ਦੇ ਵਿਸ਼ਵਾਸ਼ ਦੀ ਇੱਕ ਸੋਹਣੀ ਉਦਾਹਰਣ ਦੇ ਕੇ ਆਪ ਨੇ ਹਾਇਬਨ ਦੀ ਬਾਖੂਬੀ ਵਿਆਖਿਆ ਕੀਤੀ ਹੈ। ਆਪ ਦੇ ਸ਼ਬਦ ਹਮੇਸ਼ਾਂ ਦੀ ਤਰਾਂ ਹੋਰ ਅਗੇਰੇ ਲਿਖਣ ਲਈ ਪ੍ਰੇਰਦੇ ਨੇ। ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ।

   Delete
 5. ਜ਼ਿੰਦਗੀ ਵਗਦੇ ਪਾਣੀ ਦੀ ਤਰਾਂ ਆਪਣੇ ਸਫ਼ਰ ਲਈ ਕੋਈ ਰਾਹ ਢੂੰਡ ਹੀ ਲੈਂਦੀ ਹੈ ।

  ReplyDelete
  Replies
  1. ਬਿਲਕੁਲ ਸਹੀ ਕਿਹਾ ਆਪ ਨੇ ਦਿਲਜੋਧ ਸਿੰਘ ਜੀ ਜ਼ਿੰਦਗੀ ਨੂੰ ਚੱਲਦੇ ਰਹਿਣ ਲਈ ਕੋਈ ਨਾ ਕੋਈ ਰਾਹ ਲੱਭਣਾ ਹੀ ਪੈਣਾ। ਵਿਚਾਰਾਂ ਦੀ ਸਾਂਝ ਪਾਉਣ ਲਈ ਧੰਨਵਾਦ ਜੀ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ