ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jul 2017

ਦਿਨ ਤੀਆਂ ਦੇ (ਹਾਇਬਨ)

ਕੱਲ੍ਹ ਦੁਪਹਿਰੇ ਅੱਭੜਵਾਹੇ ਅੱਧ ਸੁੱਤੀ ਜਿਹੀ ਨੇ ਵੀਰ ਨੂੰ ਫੋਨ 'ਤੇ ਕਿਹਾ, ਵੱਡੀ ਬੈਠਕ ਦੀ ਅਲਮਾਰੀ ਦੇ ਥੱਲੜੇ ਰੱਖਣੇ 'ਚ ਮੇਰਾ ਵੰਙਾਂ ਦਾ ਡੱਬਾ ਪਿਆ ਸੀ ।
ਵੀਰ ਨੇ ਜਵਾਬ ਦਿੱਤਾ, ਹਾਂ ਰੂਪਾਂ ਪਿਆ ਤਾਂ ਹੁੰਦਾ ਸੀ । ਹੈਂ ਵੀਰੇ ਹੁਣ ਕਿੱਥੇ ਆ?
ਵੀਰ ਨੇ ਕਿਹਾ ਹੋਊਗਾ ਤਾਂ ਘਰੇ ਹੀ ਪਰ ਪਤਾ ਨਹੀਂ ਕਿੱਥੇ ਹੋਣਾ ।ਲੈ ਵੀਰੇ ਉਹਦੇ 'ਚ ਮੇਰੀਆਂ ਬਾਹਲੀਆਂ ਸੋਹਣੀਆਂ ਵੰਙਾਂ ਨੇ , ਅੱਡ ਅੱਡ ਰੰਗਾਂ ਦੀਆਂ..ਪੀਲਾ ਚੌਰਸ ਡੱਬਾ ਸੀ ਉੰਨ ਵਾਲਾ ।
ਵੀਰੇ ਨੇ ਕਿਹਾ ਹਾਂ ਸੱਚੀਂ ਮੈਨੂੰ ਡੱਬਾ ਵੀ ਯਾਦ ਆ ਤੇ ਵੰਙਾਂ ਵੀ ,ਪਤਾ ਬਹੁਤ ਸੋਹਣੀਆਂ ਸੀ।
ਵੀਰੇ ਭਾਬੀ ਨੂੰ ਪੁੱਛ ਕਿੱਥੇ ਆ?
ਭਾਬੀ ਨੇ ਕਿਹਾ ਮੈਂ ਤੇਰੇ ਵਿਆਹ ਮਗਰੋਂ ਸਾਰਾ ਸਮਾਨ ਕੁੜੀਆਂ ਨੂੰ ਵੰਡਤਾ ਸੀ, ਹੁਣ ਕਿੱਥੇ ਤੇਰੀਆਂ ਵੰਙਾਂ ?
ਹੋਸ਼ ਆਇਆ, ਸੋਚੀਂ ਪੈਗੀ' ਇਹ ਕੀ ਮੈਂ ਵੀ ਨਿਆਣਿਆਂ ਆਲੀ ਗੱਲ ਕਰਤੀ, ਇਹ ਗੱਲ ਕੋਈ ਤਿੰਨ ਦਿਨ, ਤਿੰਨ ਹਫਤੇ ਜਾਂ ਮਹੀਨਿਆਂ ਦੀ ਨਹੀਂ ਸੀ ਪੂਰੇ ਤੀਹ ਸਾਲ ਪਹਿਲਾਂ ਦੀ ਸੀ ।
ਮੇਰਾ ਵਿਰਾਸਤੀ ਵੰਙਾਂ ਦਾ ਡੱਬਾ, ਵੱਡੇ ਭੈਣ ਜੀ ਨੇ ਆਗਰੇ ਤੋਂ ਲਿਆਂਦੀਆਂ ਵੰਙਾਂ ਸ਼ਿੰਗਾਰ ਸਨ ਡੱਬੇ ਦਾ , ਬੜੇ ਸਲੀਕੇ ਨਾਲ ਡੱਬੇ ਦੀ ਤਹਿ 'ਤੇ ਕਾਗਜ਼ ਰੱਖਿਆ ਸੀ ਫਿਰ ਰੂੰ ਵਿਛਾ ਕੇ ਵੰਙਾਂ ਰੱਖੀਆਂ ਸੀ ।
ਬਹੁਤੀਆਂ ਸੋਹਣੀਆਂ ਹੋਣ ਕਰਕੇ ਡੱਬੇ 'ਚ ਹੀ ਪਈਆਂ ਰਹੀਆਂ, ਕਦੇ ਉਹ ਸਾਡੀ ਵੀਣੀ ਦਾ ਸ਼ਿੰਗਾਰ ਨਾ ਬਣੀਆਂ । ਭੈਣ ਜੀ ਦਾ ਕਹਿਣਾ ਸੀ ਇਹਦੇ ਨਾਲ ਦੀਆਂ ਹੁਣ ਕਿਧਰੇ ਵੀ ਨਹੀਂ ਮਿਲਦੀਆਂ । ਇਹ ਗੱਲ ਸੱਚ ਵੀ ਸੀ, ਤਿੰਨ ਰੰਗ ਤਾਂ ਮੈਨੂੰ ਹੁਣ ਵੀ ਯਾਦ ਨੇ ਪਾਣੀ ਰੰਗੇ ਰੰਗ ਵਿੱਚ, ਇੱਕ ਫਿਰੋਜ਼ੀ ਧਾਰੀ ਸੀ,ਇੱਕ ਪੀਲੀ ਤੇ ਚਿੱਟੀ ਧਾਰੀ ਵਾਲੀਆਂ ਸਨ।
ਮੈਂ ਦੇਖਦੀ ਨੀਝ ਲਾ ਕੇ ਪਰ ਬਿਨਸ ਜਾਣ ਦੇ ਡਰੋਂ ਫਿਰ ਪੋਲੇ ਹੱਥੀਂ ਡੱਬੇ ਵਿੱਚ ਟਿਕਾ ਦਿੰਦੀ । ਮੇਰੇ ਕੋਲ ਆਈਆਂ ਕੁੜੀਆਂ ਨੂੰ ਮੈਂ ਆਪਣਾ ਡੱਬਾ ਜਰੂਰ ਦਿਖਾਉਂਦੀ, ਉਹ ਵੀ ਕਹਿੰਦੀਆਂ ਹੁਣ ਅਸੀਂ ਵੀ ਡੱਬਾ ਲਾਵਾਂਗੇ। ਮੇਰੇ ਲਈ ਉਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ, ਕੁਆਰੀ ਰੀਝਾਂ ਕਿੰਨੀਆਂ ਪ੍ਰਬਲ ਹੁੰਦੀਆਂ ਨੇ, ਹੁਣ ਸੋਚਦੀ ਹਾਂ ...ਪਤਾ ਨਹੀਂ ਕੀਹਦੀ ਵੀਣੀ ਦਾ ਸ਼ਿੰਗਾਰ ਉਹ ਬਣੀਆਂ, ਬਣੀਆਂ ਵੀ ਜਾਂ ਬੇਰਹਿਮੀ ਦਾ ਸ਼ਿਕਾਰ ਹੋ ਕੱਚ ਦੇ ਟੁਕੜੇ ਬਣੀਆਂ ।

ਦਿਨ ਤੀਆਂ ਦੇ
ਰੰਗ ਬਿਰੰਗੀ ਵੰਙਾਂ
ਯਾਦਾਂ ਦੀ ਗੰਢ।

ਜਗਰੂਪ ਕੌਰ ਗਰੇਵਾਲ

ਨੋਟ : ਇਹ ਪੋਸਟ ਹੁਣ ਤੱਕ 715 ਵਾਰ ਪੜ੍ਹੀ ਗਈ ਹੈ।

3 comments:

 1. ਆਮ ਬੋਲ ਚਾਲ ਦੀ ਬੋਲੀ 'ਚ ਲਿਖਿਆ ਬੜਾ ਹੀ ਦਿਲ ਟੁੰਬਦਾ ਹਾਇਬਨ ਹੈ 'ਦਿਨ ਤੀਆਂ ਦੇ '
  ਅੱਡ ਅੱਡ ਰੰਗਾਂ ਦੀਆਂ ਵੰਗਾਂ ਦੀ ਬਾਤ ਪਾਉਂਦਾ ਹਾਇਬਨ। ਇਹ ਸ਼ਬਦ ਮੇਰੇ ਬਹੁਤ ਨੇੜੇ ਨੇ -ਬਾਹਲ਼ਾ /ਨਿਆਣੇ /ਥੱਲੜਾ
  ਵਿਰਾਸਤੀ ਵੰਗਾਂ ਵਾਲਾ ਸਾਂਭ ਸਾਂਭ ਰੱਖਿਆ ਡੱਬਾ ਜੋ ਅਜੇ ਵੀ ਯਾਦਾਂ 'ਚ ਛਣਕਦੈ। ਪਾਣੀ ਰੰਗੇ ਰੰਗ ਦੀਆਂ ਖੂਬਸੂਰਤ ਵੰਗਾਂ ਕਿਤੋਂ ਨਹੀਂ ਲੱਭਣੀਆਂ ਹੁਣ। ਪਰ ਮੈਨੂੰ ਲੱਗਦੈ ਕਿ ਇਹ ਵੰਗਾਂ ਤਾਂ ਅਜੇ ਵੀ ਲੇਖਿਕਾ ਦੀ ਵੀਣੀ 'ਚ ਹੀ ਛਣਕ ਰਹੀਆਂ ਨੇ ਜੇ ਨਾ ਹੁੰਦੀਆਂ ਤਾਂ ਇਹ ਛਣਕਾਟਾ ਮੈਨੂੰ ਕਦੇ ਨਾ ਸੁਣਾਈ ਦਿੰਦਾ।
  ਵਧੀਆ ਹਾਇਬਨ ਨਾਲ ਸਾਂਝ ਪਾਉਣ ਲਈ ਜਗਰੂਪ ਭੈਣ ਹੀ ਵਧਾਈ ਦੇ ਪਾਤਰ ਨੇ।
  ਹਰਦੀਪ ਕੌਰ ਸੰਧੂ (ਡਾ)

  ReplyDelete
 2. Jagroop Kaur Grewal28.7.17

  ਬਹੁਤ ਬਹੁਤ ਸ਼ੁਕਰੀਆ ਹਰਦੀਪ ਭੈਣ ਜੀ ,ਮੇਰੀ ਪਿਆਰੀ ਜਿਹੀ ਸਾਂਝ ਨੂੰ ਆਪਣੇ ਰਸਾਲੇ ਸਫ਼ਰ ਸਾਂਝ ਦਾ ਹਮਸਫ਼ਰ ਬਣਾਇਆ ।

  ReplyDelete
 3. ਇਹ ਰਸਾਲਾ ਆਪ ਸਭ ਦਾ ਆਪਣਾ ਹੈ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਭੈਣ ਭਰਾ ਐਨੇ ਮੋਹ ਨਾਲ ਸ਼ਾਮਿਲ ਹੋ ਕੇ ਇਸ ਦਾ ਮਾਣ ਵਧਾਉਂਦੇ ਨੇ। ਰੱਬ ਕਰੇ ਸਾਰੇ ਇਓਂ ਹੀ ਸਾਂਝ ਪਾਉਂਦੇ ਰਹਿਣ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ