ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Jul 2017

ਨਿਰਮੋਹੇ (ਮਿੰਨੀ ਕਹਾਣੀ )


Image result for old hands

ਉਸ ਦੀ ਜ਼ਿੰਦਗੀ ਦੀ ਸਾਰੀ ਪੂੰਜੀ ਦੋ ਖੱਦਰ ਦੇ ਝੋਲ਼ਿਆਂ 'ਚ ਸਿਮਟ ਗਈ ਸੀ। ਨੱਬਿਆਂ ਨੂੰ ਢੁੱਕਿਆ ਬਾਪੂ ਅੱਜ ਸ਼ਹਿਰ ਦੇ ਕਿਸੇ ਚੌਂਕ 'ਚ ਬੇਘਰ ਹੋਇਆ ਬੈਠਾ ਸੀ। ਨਿਰਬਲ ਕਮਜ਼ੋਰ ਜ਼ਖਮੀ ਦੇਹੀ ਤੇ ਅੱਖਾਂ 'ਚੋਂ ਨਿਰੰਤਰ ਵਹਿ ਰਹੀ ਸੀ ਬੇਵੱਸੀ। ਘਟੀ ਯਾਦਦਾਸ਼ਤ ਕਰਕੇ ਉਸ ਨੂੰ ਓਸ ਜਗ੍ਹਾ ਦੀ ਵੀ ਪਛਾਣ ਨਹੀਂ ਰਹੀ ਸੀ ਜਿੱਥੇ ਕਦੇ ਉਹ ਰਹਿੰਦਾ ਹੋਵੇਗਾ। ਪੈਲ਼ੀ ਘੱਟ ਹੋਣ ਕਾਰਨ ਉਸ ਆਪਣਾ ਜੱਦੀ ਪਿੰਡ ਤਾਂ ਜਵਾਨੀ ਵੇਲ਼ੇ ਹੀ ਛੱਡ ਦਿੱਤਾ ਸੀ ਤੇ ਸਾਰੀ ਉਮਰ ਠੇਕੇਦਾਰੀ ਕਰ ਕੇ ਟੱਬਰ ਪਾਲ਼ਿਆ। ਦੋ ਪੁੱਤਾਂ ਦੇ ਆਲੀਸ਼ਾਨ ਮਕਾਨਾਂ 'ਚ ਹੁਣ ਉਸ ਦੇ ਰਹਿਣ ਲਈ ਕੋਈ ਖੱਲ -ਖੂੰਜਾ ਬਾਕੀ ਨਹੀਂ ਸੀ ਬਚਿਆ। ਬੇਬੇ ਵੀ ਕੋਲ਼ ਹੀ ਨੀਵੀਂ ਪਾਈ ਬੈਠੀ ਸੀ ਤੇ ਸ਼ਾਇਦ ਉਹ ਅੱਜ ਵੀ ਘਰ ਦੇ ਪਰਦੇ ਕੱਜਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸੀ। 
ਭੁੱਖਾਂ -ਦੁੱਖਾਂ ਦਾ ਭੰਨਿਆ ਲਾਚਾਰ ਬਿਰਧ ਜੋੜਾ ਅੱਜ ਦਰ -ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋ ਗਿਆ ਸੀ। ਬਾਪੂ ਦੇ ਚੀਸਾਂ ਭਰੇ ਜੀਵਨ ਦੇ ਅੱਲੇ ਜ਼ਖਮ ਆਪੂੰ ਫਿੱਸ ਪਏ," ਘਰ ਦੇ ਬਾਹਰ ਐਡਾ ਜਿੰਦਾ ਲਮਕਦੈ ਤੇ ਹੈਗੇ ਉਹ ਅੰਦਰੇ ਪਰ ਸਾਨੂੰ ਬਾਰ ਨੀ ਖੋਲ੍ਹਦੇ।" ਬੇਬੇ ਦੇ ਪੈਰਾਂ ਦੇ ਰਿਸਦੇ ਜ਼ਖਮ ਵੀ ਉਸ ਦੀ ਗੁੱਝੀ ਚੁੱਪੀ ਨੂੰ ਤੋੜ ਰਹੇ ਸਨ। ਬੇਬੇ -ਬਾਪੂ ਦੀ ਸੱਜਰੀ ਟੀਸ ਦੇ ਜ਼ਖਮਾਂ ਨੂੰ ਤਾਂ ਅੱਜ ਚੌਂਕ 'ਚ ਮੂਕ ਦਰਸ਼ਕ ਬਣੀ ਭੀੜ ਨਿਹਾਰ ਰਹੀ ਸੀ ਪਰ ਇਸ ਨਿਰਮੋਹੇ ਜੱਗ ਵਿੱਚ ਉਨ੍ਹਾਂ ਦੇ ਅੰਤਰੀਵ 'ਚ ਉਗੀਆਂ ਪੀੜਾਂ ਦੀ ਸਾਰ ਲੈਣ ਵਾਲਾ ਕੋਈ ਕਿੱਥੋਂ ਬਹੁੜੇਗਾ ? 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 360 ਵਾਰ ਪੜ੍ਹੀ ਗਈ ਹੈ।

   ਲਿੰਕ         ਲਿੰਕ 1         ਲਿੰਕ 2          ਲਿੰਕ 3

17 comments:

  1. ਬਹੁਤ ਦੁਖਦਾਈ ਤੇ ਕੌੜਾ ਸੱਚ ਹੈ ਅਜੋਕੇ ਸਮਾਜ ਦਾ।

    ReplyDelete
    Replies
    1. ਸਹੀ ਕਿਹਾ ਭਿੰਡਰ ਜੀ ਬਹੁਤ ਹੀ ਦੁੱਖ ਹੁੰਦੈ ਅਜਿਹਾ ਕੁਝ ਹੁੰਦਾ ਵੇਖ ਕੇ।

      Delete
  2. A very painful story.

    ReplyDelete
    Replies
    1. ਸਹੀ ਕਿਹਾ ਪਰਮ, ਇਹ ਇੱਕ ਦਰਦ ਭਰੀ ਸੱਚੀ ਕਹਾਣੀ ਹੈ। ਇਸ ਕਹਾਣੀ 'ਚ ਕੁਝ ਵੀ ਮਨਘੜਤ ਨਹੀਂ ਹੈ।

      Delete
  3. ਬਹੁਤ ਹੀ ਦਰਦ ਭਰੀ ਤੇ ਦਿਲ ਨੂੰ ਟੁੰਬਦੀ ਕਹਾਣੀ ਹੈ। ਜੋ ਮਾਂ ਬਾਪ ਬੱਚਿਆਂ ਦੀ ਪਰਵਰਿਸ਼ ਤੇ ਉਜਲੇ ਭਵਿੱਖ ਲਈ ਆਪਣੀ ਜ਼ਿੰਦਗੀ ,ਆਪਣੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੇ ਹਨ। ਆਪਣਾ ਸਭ ਕੁਝ ਲੁਟਾ ਕੇ ਬੱਚਿਆਂ ਨੂੰ ਹਰ ਸੁੱਖ ,ਹਰ ਖੁਸ਼ੀ ਦਿੰਦੇ ਹਨ। ਘਰ ਬਾਰ ਬਣਾ ਕੇ ਦਿੰਦੇ ਹਨ। ਜਦੋਂ ਮਾਂ ਬਾਪ ਬਿਰਧ ਹੋ ਜਾਂਦੇ ਹਨ , ਉਹ ਕਮਜ਼ੋਰ ਤੇ ਲਾਚਾਰ ਹੋ ਜਾਂਦੇ ਹਨ ,ਜਦੋਂ ਉਹਨਾਂ ਨੂੰ ਬੱਚਿਆਂ ਦੀ ਲੋੜ ਪੈਂਦੀ ਹੈ ਤਾਂ ਬੱਚੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਉਹਨਾਂ ਦਾ ਧਿਆਨ ਤਾਂ ਕੀ ਰੱਖਣਾ ਉਹਨਾਂ ਦੀ ਇਜ਼ਤ ਵੀ ਨਹੀਂ ਕਰਦੇ ਤੇ ਸਭ ਕੁਝ ਖੋਹ ਲੈਂਦੇ ਹਨ। ਜਿਸ ਬਾਪ ਨੇ ਮੋਢਿਆਂ 'ਤੇ ਚੁੱਕ ਕੇ ਜੱਗ ਦਿਖਾਇਆ ਹੁੰਦਾ ਉਸੇ ਬਾਪ ਨੂੰ ਜਦੋਂ ਉਹਨਾਂ ਦੇ ਮੋਢਿਆਂ ਦੀ ਲੋੜ ਪੈਂਦੀ ਹੈ ਤਾਂ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਛੱਡ ਦਿੰਦੇ ਹਨ। ਬਹੁਤ ਦੁੱਖ ਲੱਗਦਾ ਹੈ ਸਭ ਦੇਖ ਕੇ। ਇੱਕ ਮਾਂ ਬਾਪ ਦੇ ਬਜ਼ੁਰਗ ਹੋਣ 'ਤੇ ਉਹਨਾਂ ਦਾ ਆਪਣੇ ਬੱਚਿਆਂ 'ਤੇ ਕੋਈ ਹੱਕ ਨਹੀਂ ਹੁੰਦਾ। ਸਿਰਫ ਉਸ ਦੀ ਬੀਵੀ ਬੱਚੇ ਹੀ ਉਸ ਦੇ ਆਪਣੇ ਹੁੰਦੇ ਨੇ। ਕੱਲ ਨੂੰ ਉਹਨਾਂ ਬੱਚਿਆਂ ਨੇ ਵੀ ਇਸੇ ਸਟੇਜ 'ਚ ਆਉਣਾ ਹੁੰਦਾ ਹੈ। ਉਹਨਾਂ ਦੇ ਬੱਚੇ ਵੀ ਉਹੀ ਕੁਝ ਕਰਨਗੇ ਉਹਨਾਂ ਨਾਲ। ਇਨਸਾਨ ਨੂੰ ਸਭ ਕੁਝ ਮਿਲ ਜਾਂਦਾ ਪਰ ਜਨਮ ਦੇਣ ਵਾਲੇ ਮਾਪੇ ਨਹੀਂ ਮਿਲਦੇ। ਆਪਣੇ ਮਾਪਿਆਂ ਦੀ ਇਜ਼ਤ ਕਰੋ। ਉਹਨਾਂ ਨੂੰ ਪੂਰਾ ਸਤਿਕਾਰ ਦਿਓ ਤੇ ਉਹਨਾਂ ਦੀ ਤਨ ਮਨ ਨਾਲ ਸੇਵਾ ਕਰੋ। ਉਹਨਾਂ ਨੂੰ ਘਰੋਂ ਨਾ ਕੱਢੋ।
    ਡਾ. ਹਰਦੀਪ ਨੇ ਬਹੁਤ ਵਧੀਆ ਲਿਖਿਆ ਹੈ। ਹਮੇਸ਼ਾਂ ਦੀ ਤਰਾਂ ਇਹ ਕਹਾਣੀ ਵੀ ਬਹੁਤ ਉਮਦਾ ਤੇ ਦਿਲ ਨੂੰ ਛੂਹਣ ਵਾਲੀ ਹੈ। ਆਸ ਹੈ ਕਿ ਹਰਦੀਪ ਇਸ ਤਰਾਂ ਹੀ ਸ਼ਬਦਾਂ ਨੂੰ ਜੋੜ ਕੇ ਉੱਤਮ ਰਚਨਾਵਾਂ ਪਾਠਕਾਂ ਦੀ ਝੋਲੀ ਪਾਉਂਦੀ ਰਹੇ।
    ਸੁਖਜਿੰਦਰ ਸਹੋਤਾ।

    ReplyDelete
    Replies
    1. ਸੁਖਜਿੰਦਰ ਭੈਣ ਜੀ ਨੇ ਬਹੁਤ ਹੀ ਬਰੀਕੀ ਨਾਲ ਕਹਾਣੀ ਦੀ ਰੂਹ ਤੱਕ ਅੱਪੜ ਵਿਆਖਿਆ ਕੀਤੀ ਹੈ। ਕਹਾਣੀ ਦੇ ਹਰ ਪਹਿਲੂ ਨੂੰ ਆਪਣੇ ਸ਼ਬਦਾਂ 'ਚ ਢਾਲਿਆ ਹੈ। ਕਹਾਣੀ ਦੇ ਪਾਤਰਾਂ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਸਮਝਦਿਆਂ ਅਜੋਕੀ ਪੀੜ੍ਹੀ ਨੂੰ ਲਾਹਣਤਾਂ ਪੈਣ ਨੇ ਜਿਹੜੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ।
      ਭੈਣ ਜੀ ਵਰਗੇ ਸੁਹਿਰਦ ਪਾਠਕਾਂ ਨੂੰ ਇਹ ਕਹਾਣੀ ਪੜ੍ਹ ਕੇ ਬਹੁਤ ਦੁੱਖ ਹੋਇਆ ਹੈ ਜੋ ਸੁਭਾਵਿਕ ਵੀ ਹੈ। ਆਪ ਨੇ ਨੇਕ ਸਲਾਹ ਦਿੰਦਿਆਂ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਹੈ।
      ਭੈਣ ਜੀ ਦੇ ਵੱਡਮੁੱਲੇ ਵਿਚਾਰਾਂ ਦੀ ਮੈਂ ਕਦਰ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਰਹਿਣਗੇ।

      Delete
  4. ਕਹਾਣੀਕਾਰਾ ਨੇ ਅਜਿਹੇ ਲੋਕਾਂ ਦੇ ਅੰਤਹਿਕਰਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਆਪਣੇ ਬਜਰੰਗ ਮਾਪਿਆਂ ਨਾਲ ਬੁਰਾ ਸਲੂਕ ਕਰਦੇ ਹਨ। ਇਹ ਕੌੜਾ ਸੱਚ ਅਜੋਕੇ ਸਮਾਜ ਉੱਤੇ ਬਹੁਤ ਵੱਡਾ ਧੱਬਾ ਹੈ,ਜੋ ਛੂਤ ਦੀ ਬਿਮਾਰੀ ਵਾਂਗ ਫੈਲ ਰਿਹਾ ਹੈ। ਇਸ ਦੀ ਰੋਕ-ਥਾਮ ਸਮੇਂ ਦੀ ਲੋੜ ਹੈ।

    ਇਹ ਖੇਦ ਯੁਕਤ 'ਨਿਰਮੋਹੇ' ਕਹਾਣੀ ਨਵੀਂ ਪੀਹੜੀ ਨੂੰ ਇੱਕ ਵਧੀਆ ਸੰਦੇਸ਼ ਦੇ ਰਹੀ ਹੈ ਅਤੇ ਸਾਰਿਆਂ ਦੀ ਸੋਚ ਨੂੰ ਸੁਚੇਤ ਕਰਨ ਸਮਰੱਥ ਹੈ।
    -0-
    ਸੁਰਜੀਤ ਸਿੰਘ ਭੁੱਲਰ-23-07-2017

    ReplyDelete
  5. ਨਿਰਮੋਹੇ
    ਹਰਦੀਪ ਜੀ ਇਨਸਾਨੀ ਦੁਖ ਦਰਦ ਨੂੰ ਏਨੀ ਖੂਬ ਸੁਰਤੀ ਨਾਲ ਕਲਮ ਬਧ ਕਰਦੀ ਹੈ ਕਿ ਵਰਵਸ ਮਨ ਰੋ ਉਠਦਾ ਹੈ । ਮਾਂ ਬਾਪ ਸਂਤਾਨੋ ਦਵਾਰਾ ਠੁਕਰਾਏ ਜਾਕਰ ਕਿਸ ਤਰਹ ਦਰ ਦਰ ਭਟਕਦੇ ਦੱੁਖਾਂ- ਭੱੁਖਾਂ 'ਚ ਜੀ ਰਹੇ ਹਨ ਇਸ ਕਹਾਨੀ ਨੂੰ ਇਨ ਮਾਂਪਿਆ ਦੀ ਸਨਤਾਨ ਜੇ ਪੜੇ ਤਾਂ ਸ਼ਾਯਦ ਉਨ੍ਹਾਂ ਦਾ ਦਿਲ ਵੀ ਪਿਘਲ ਜਾਉ ।ਪਰ ਉਹ ਬੱਚੇ ਅੱਖਾਂ ਬਂਦ ਕਰਕੇ ਤੇ ਕਨਾਂ 'ਚ ਰੂੰ ਡਾਲ ਕੇ ਜਿਮੇ ਬੈਠ ੇ ਹੋਣ ਉਨਹਾਂ ਨੂੰ ਕੋਈ ਫਰਕ ਨਹੀ ਪੈਂਦਾ। ਮਾਤਾ ਪਿਤਾ ਦੇ ਲੇਈ ਉਨਹਾਂ 'ਚ ਰੱਤੀ ਪਿਆਰ ਸਤਕਾਰ ਨਹੀਂ ਬਚਿਆ । ਸਗੋਂ ਬੁਹੇ ਨੂੰ ਬਾਹਰੋ ਤਾਲਾ ਲਗਵਾ ਕਰ ਬੈਠੇ ਹਨ ।ਪਤਾ ਚਲੇ ਕਿ ਵੇ ਤਾਂ ਘਰ 'ਚ ਹੈ ਨਹੀਂ ।ਉਨਹਾਂ ਨੂੰ ਕਿਸ ਗਲ ਦਾ ਗਰੂਰ ਹੈ ਉਹ ਕੋਠਿਆਂ ਵਾਲੇ ਬਨ ਗਏ ਹੈਂ ਯਾ ਉਨਹੋਂਨੇ ਕਦੇ ਵਿਰਧ ਨਹੀ ਹੋਣਾ?
    ਨਿਤ ਮਾਤਾ ਪਿਤਾ ਦਿਆਂ ਏਸੀ ਕਹਾਨਿਆਂ ਸਾਮਨੇ ਆਉਂਦਿਆਂ ਹਨ ਪਰ ਫੇਰ ਵੀ
    ਸਮਾਜ ਨੂੰ ਕੋਈ ਸਮਜ ਨਹੀ ਆਉਦੀ । ਮਾਪੇ ਹਮੇਸ਼ਾ ਬੱਚੋਂ ਕੇ ਲਿਏ ਖੂਨ ਪਸੀਨਾ ਏਕ ਕਰਕੇ ਪਰਵਰਿਸ਼ ਕਰਤੇ ਹੈਂ ।ਉਨਕੋ ਬੱਚੋਂ ਦਵਾਰਾ ਯਹ ਸਿਲਾ! ਕੋਨ ਦੋਸ਼ੀ ਸਮਝਾ ਜਾਏ ਮਾਪੇ ਯਾ ਸ਼ਿਖਿਆ ਯਾ ਫਿਰ ਦੁਨਿਆ ਦੀ ਹਵਾ ਜੋ ਸਿਰਫ ਅਪਨੇ ਲਿਏ ਜੀਨੇ ਕੇ ਪਥ ਪਰ ਚਲ ਪੜੀ ਹੈ । ਮਾਪੇ ਵੀ ਵਹੀ ਢਂਗ ਅਪਨਾ ਲੇਤੇ ਤੋ ਕਿਆ ਇਨ ਚੌਂਕ 'ਚ ਰੁਲਣ ਵਾਲੇ ਮਾਪੋਂ ਕੇ ਵਿਨਾ ਇਨ ਕੇ ਬੱਚੇ ਵੇ ਮਹਲ ਘਰ ਬਨਾ ਸੁਖ ਸੇ ਜੀ ਪਾਤੇ । ਏਸੀ ਨਿਰਮੋਹੀ ਸਨਤਾਨ ਕਭੀ ਆਨੇ ਵਾਲੇ ਅਪਨੇ ਦਿਨੋ ਪਰ ਹੀ ਵਿਚਾਰ ਕਰ ਲੇਤੀ ਤੋ ਸ਼ਾਯਦ ਅਪਨੇ ਮਾਪੋਂ ਕਾ ਨਾ ਸਹੀ ਅਪਨਾ ਹੀ ਭਵਿਖ ਸੁਖਾਲਾ ਬਨਾ ਲੇਤੀ ।
    ਹਰਦੀਪ ਜੀ ਕਹਾਨੀ ਬਹੁਤ ਜਾਨ ਦਾਰ ਹੈ ਜੀ ।ਇਨ ਕੇ ਨਾ ਸਹੀ ਔਰ ਬੱਚੇ ਪੜਕਰ ਅਗਰ ਕੁਛ ਸਿਖਿਆ ਲੇ ਸਕੇਂ ਤੋ ਤੇਰੀ ਕਲਮ ਆਨੇ ਵਾਲੀ ਵਿਰਧ ਹੋਣ ਵਾਲੀ ਪੀੜੀ ਕਾ ਕੁਝ ਭਲਾ ਜਰੂਰ ਕਰੇਗੀ ।



    Kamla Ghataaura

    ReplyDelete
  6. ਜ਼ਿੰਦਗੀ ਦੀ ਦੌੜ ਵਿੱਚ ਬੁਢਾਪਾ ਹਾਰਦਾ ਹੀ ਹੈ ।

    ReplyDelete
  7. ਜ਼ਿੰਦਗੀ ਦੀ ਦੌੜ ਵਿੱਚ ਬੁਢਾਪਾ ਹਾਰਦਾ ਹੀ ਹੈ ।

    ReplyDelete
  8. Anonymous25.7.17

    .ਕਹਾਣੀ ਬਹੁਤ ਹੀ ਖੂਬਸੂਰਤ ਹੈ ..ਯਕੀਨ ਨਹੀਂ ਆਉਂਦਾ ਰਿਸ਼ੀਆਂ ਮੁਨਿਆਂ ਦੀ ਧਰਤੀ ਤੇ ਅਜਿਹੇ ਸੱਚ ਸੜਕਾਂ ਤੇ ਭਟਕ ਰਹੇ ਨੇ
    Parvez sandhu

    ReplyDelete
    Replies
    1. Anonymous25.7.17

      .ਕਹਾਣੀ ਬਹੁਤ ਹੀ ਖੂਬਸੂਰਤ ਹੈ ..ਯਕੀਨ ਨਹੀਂ ਆਉਂਦਾ ਰਿਸ਼ੀਆਂ ਮੁਨੀਆਂ ਦੀ ਧਰਤੀ ਤੇ ਅਜਿਹੇ ਸੱਚ ਸੜਕਾਂ ਤੇ ਭਟਕ ਰਹੇ ਨੇ
      Parvez Sandhu

      Delete
    2. ਸਹੀ ਕਿਹਾ ਪਰਵੇਜ਼ ਜੀ ਤੁਸਾਂ ਨੇ , ਇਹ ਕੋਝੀ ਸਚਾਈ ਸਾਡੇ ਸਮਾਜ ਦਾ ਹਿੱਸਾ ਬਣ ਗਈ ਹੈ।

      Delete
  9. ਇਸ ਕਹਾਣੀ ਦੇ ਸੰਧਰਵ ਵਿੱਚ ਮੈਂ ਕਿਸੇ ਪੋਸਟ ਵਾਰੇ ਆਪਣਾ ਸਵੇਰ ਦਾ ਲਿਖਿਆ ਕਮੈਂਟ ਹੀ ਕਾਪੀ ਪੇਸਟ ਕਰ ਰਿਹਾ ਹਾਂ: "ਮਾਪੇ ਮਿੱਥ ਨਹੀਂ ਬਲਕਿ ਅੱਖਾਂ ਸਾਹਮਣੇ ਸਾਡੇ ਜੀਵਨ ਦਾਤੇ, ਦੁੱਖ ਸੁੱਖ ਸਹਿੰਦੇ, ਕੁਰਬਾਨੀਆਂ ਕਰਦੇ ਅਤੇ ਸਾਹੀਂ ਜਿਉਂਦੇ ਇੱਕ ਸਮੁੱਚੀ ਅਤੇ ਸੱਚੀ ਇਕਾਈ ਦਾ ਨਿਰਮਲ ਸਰੂਪ ਹਨ। ਉਹ ਜੋ ਵੀ ਸਾਡੇ ਲਈ ਕਰਦੇ ਹਨ ਕਿਸੇ ਵਾਪਸੀ ਦੀ ਭਾਵਨਾ ਨਾਲ ਨਹੀਂ, ਸਗੋਂ ਬਿਲਕੁੱਲ ਹੀ ਨਿਰਸਵਾਰਥ ਭਾਵਨਾ ਅਧੀਨ ਕਰਦੇ ਹਨ। ਬੜਾ ਹੀ ਦੁੱਖ ਹੁੰਦਾ ਹੈ ਜਦੋਂ ਮਾਪਿਆਂ ਦੇ ਅਤਿ ਲੋੜੀਂਦੇ ਸਮੇਂ, ਉਹਨਾ ਦੇ ਬੱਚੇ ਜਾਂ ਸਾਡਾ ਸਮਾਜ ਉਹਨਾ ਨੁੰ ਮਹੱਬਤ ਅਤੇ ਸਤਿਕਾਰ ਤੋਂ ਵਾਂਝੇ ਕਰਕੇ, ਤ੍ਰਿਸਕਾਰ ਦੇ ਪਾਤਰ ਬਣਾ ਦਿੰਦਾ ਹੈ। ਇਹ ਵਰਤਾਰਾ ਇੰਨਸਾਨੀਅਤ ਦੇ ਸੱਭ ਤੋਂ ਕਮਜ਼ੋਰ ਪਲਾਂ ਦੀ ਨਿਸ਼ਾਨਦੇਹੀ ਕਰਦਾ ਹੈ। ਜਿਹਨਾ ਇੰਨਸਾਨਾ ਨੇ ਆਪਣਾ ਜੀਵਨ ਆਪਣੇ ਪ੍ਰੀਵਾਰ ਅਤੇ ਸਮਾਜਿਕ ਉਸਾਰੀ ਦੇ ਲੇਖੇ ਲਾਇਆ ਹੋਵੇ, ਉਹਨਾ ਦਾ ਅੰਤਮ ਪਹਿਰ ਸ਼ਾਨਾ ਮੱਤਾ ਅਤੇ ਪੁਰ ਸਕੂਨ ਹੋਣਾ ਚਾਹੀਦਾ ਹੈ। ਮਾਪੇ ਹੀ ਸਾਡਾ ਰੱਬ ਹਨ।“ ਕਹਾਣੀ ਦੀ ਪਹਿਲੀ ਲਾਈਨ "ਉਸ ਦੀ ਜ਼ਿੰਦਗੀ ਦੀ ਸਾਰੀ ਪੂੰਜੀ ਦੋ ਖੱਦਰ ਦੇ ਝੋਲ਼ਿਆਂ ’ਚ ਸਿਮਟ ਗਈ ਸੀ” ਦਿਲ ਵਿੱਚੋਂ ਰੁੱਗ ਭਰ ਕੇ ਲੈ ਗਈ। ਵਾਹ ਗੁਰਦੀਪ ਜੀ, ਕਿੰਨੀਆਂ ਪਰਤਾਂ ਦ੍ਰਿਸ਼ਟਮਾਨ ਹੁੰਦੀਆਂ ਹਨ ਇੱਕ ਸਧਾਰਣ ਜਿਹੀ ਸਤਰ ਵਿੱਚੋਂ !!! ਜੀਓ !

    ReplyDelete
  10. Jagroop kaur26.7.17

    ਮੌਜੂਦਾ ਸਮਾਂ ਹੀ ਪਤਾ ਨਹੀਂ ਕਿਹੋ ਜਿਹਾ ਹੈ, ਬੱਚੇ ਮਾਪਿਆਂ ਨਾਲ ਕਿਓਂ ਇਦਾਂ ਦਾ ਸਲੂਕ ਕਰਦੇ ਹਨ । ਪਿਛਲੇ ਦਿਨੀਂ ਮੇਰੀ ਮੁਲਾਕਾਤ ਇਕ ਬਹੁ ਹੀ ਲਾਚਾਰ ਤੇ ਦ੍ਰਿਸ਼ਟੀ ਹੀਣ ਹੋ ਚੁੱਕੇ ਬਜੁਰਗ ਨਾਲ ਹੋਈ । ਮੈਂ ਪਰੇਸ਼ਾਨ ਹਾਂ ਉਸ ਬਜੁਰਗ ਬਾਰੇ ਸੋਚ ਸੋਚ ਕੇ''
    ਜਿਹੜੇ ਮਾਪਿਆਂ ਸਾਨੂੰ ਜੱਗ ਦਿਖਾਇਆ, ਧੀਆਂ ਪੁੱਤਾਂ ਹੀ ਉਹਨਾਂ ਨੂੰ ਨਰਕ ਦਿਖਾਇਆ''
    ਉਸ ਬਜੁਰਗ ਦੇ ਬੋਲ ਸਨ,,
    ਲੇ ਲੋ.. ਲੇ ਲੋ ਰੇ ਦੁਆਏਂ ਮਾਂ ਬਾਪ ਕੀ,

    ReplyDelete
    Replies
    1. ਸਹੀ ਕਿਹਾ ਭੈਣ ਜੀ; ਕਿੰਨੀ ਦਰਦੀਲੀ ਦਾਸਤਾਨ ਹੈ । ਪਤਾ ਨਹੀਂ ਇਸ ਦਾ ਦੇਣਾ ਉਹ ਕਿਥੇ ਭਰਨਗੇ ।

      Delete
  11. ਬਹੁਤ ਦੁਖ ਭਰੀ ਵਾਰਤਾ , ਇਸ ਤੇ ਕੁਛ ਭੀ ਕਹਿਣ ਦੀ ਹਿਮ੍ਮਤ ਨਹੀਂ, ਬਸ ਪੜ੍ਹਕੇ ਸੋਚ ਲੈਣਾ ਹੀ ਕਾਫੀ ਹੈ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ