ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Aug 2017

ਮੇਰੀ ਨਜ਼ਰ 'ਚ -ਡਾ. ਹਰਦੀਪ ਕੌਰ ਸੰਧੂ ਦੀਆਂ ਮਿੰਨੀ ਕਹਾਣੀਆਂ

Image result for my thoughts clipart
ਉਹੀਓ ਸਾਹਿਤ ਲੰਬੇ ਸਮੇਂ ਤੱਕ ਟਿਕਿਆ ਰਹਿ ਸਕਦਾ ਹੈ ਜੋ ਸਮੇਂ ਦੇ ਨਾਲ ਚੱਲਦਾ ਹੈ। ਜਿਹੜਾ ਲੋਕਾਂ ਨੂੰ ਝੰਜੋੜ ਕੇ ਰੱਖ ਦੇਵੇ ਤੇ ਦਿਲਾਂ 'ਚ ਵੱਸ ਜਾਏ। ਕਦੇ ਭਾਵਕ ਕਰ ਦੇਵੇ ਤੇ ਕਦੇ ਅੱਖਾਂ 'ਚ ਪਾਣੀ ਭਰ ਦੇਵੇ। ਇਨਸਾਨ ਦੇ ਅੰਦਰ ਸੁੱਤੀ ਮਾਨਵਤਾ ਨੂੰ ਜਗਾ ਦੇਵੇ। ਸਕਰਾਤਮਿਕ ਸੋਚ ਨੂੰ ਲੋਕਾਂ ਤੱਕ ਪਹੁੰਚਾਏ। 
    ਅੱਜ ਮਨੁੱਖ ਐਨਾ ਰਸਤੇ ਤੋਂ ਭਟਕ ਚੁੱਕਿਆ ਹੈ ਕਿ ਉਸ ਨੂੰ ਕਿਸੇ ਰਿਸ਼ਤੇ ਦੀ ਕਦਰ ਹੀ ਨਹੀਂ ਰਹੀ। ਸੁਆਰਥ ਤੇ ਸੁੱਖ ਅਰਾਮ ਨੇ ਉਸ ਨੂੰ ਖੁਦਗਰਜ਼ ਬਣਾ ਦਿੱਤਾ ਹੈ। ਲੇਖਕ ਸਮਾਜ 'ਚ ਛੁਪੇ ਹੋਏ ਉਨ੍ਹਾਂ ਹੀਰਿਆਂ ਨੂੰ ਵੀ ਲੱਭ ਲੈਂਦਾ ਹੈ ਜੋ ਦੂਜਿਆਂ ਲਈ ਇੱਕ ਮਿਸਾਲ ਦਾ ਕੰਮ ਕਰ ਜਾਂਦੇ ਹੋਣ। 
     ਅੱਜ ਮੈਂ ਡਾ. ਹਰਦੀਪ ਕੌਰ ਸੰਧੂ ਦੀਆਂ ਮਿੰਨੀ ਕਹਾਣੀਆਂ ਦੀ ਗੱਲ ਕਰਾਂਗੀ ਤੇ ਉਸ ਦੀ ਪਾਰਖੂ ਨਜ਼ਰ ਦੀ। ਉਸ ਦੀ ਲਿਖੀ 'ਮਿਲਣੀ' ਦਾ ਪਾਤਰ ਜੋ ਇੱਕ ਰਿਕਸ਼ੇਵਾਲਾ ਹੈ , ਇੱਕ ਅਣਜਾਣ  ਤੇ ਜੋਤਹੀਣ ਇਨਸਾਨ ਦੀ ਮਦਦ ਕਰਦਾ ਹੈ। ਉਸ ਦੇ ਮੋਹ ਭਰੇ ਮੁਸਕਰਾ ਕੇ ਕਹੇ ਸ਼ਬਦ ਰਿਕਸ਼ੇਵਾਲੇ ਨੂੰ ਐਨਾ ਪ੍ਰਭਾਵਿਤ ਕਰ ਦਿੰਦੇ ਨੇ ਕਿ ਉਹ ਵੀ ਉਹੋ ਜਿਹੀ ਮੁਸਕਾਨ ਵੰਡਣ ਕੇ ਉਸ ਨੂੰ ਯਾਦ ਕਰਦਾ ਰਹਿੰਦਾ ਹੈ। ਜਾਣੋ ਉਸ ਸਵਾਰ ਦੇ ਨਾਲ ਉਸ ਦਾ ਰੂਹ ਦਾ ਰਿਸ਼ਤਾ ਜੁੜ ਗਿਆ ਹੋਵੇ। 
      ਇਸੇ ਤਰਾਂ ਅਸੀਂ ਸਮਾਜ ਦੇ ਇੱਕ ਅਲਗ ਵਰਤਾਰੇ ਦਾ ਚਿੱਤਰ ਵੀ ਦੇਖਦੇ ਹਾਂ। ਅੱਜ ਲੋਕ ਦੂਜੇ ਦੀ ਹਮਦਰਦੀ ਨੂੰ , ਉਨ੍ਹਾਂ ਦੇ ਨਿਰਸਵਾਰਥ ਮੋਹ ਪਿਆਰ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਇਹ ਵੀ ਅੱਜ ਦੀ ਇੱਕ ਹੋਰ ਸਚਾਈ ਹੈ ਜਿਸ ਨੂੰ ਹਰਦੀਪ ਜੀ ਨੇ 'ਬੇਵਜ੍ਹਾ'    ਕਹਾਣੀ 'ਚ ਬਹੁਤ ਖੂਬਸੂਰਤੀ ਨਾਲ ਉਕਰਿਆ ਹੈ। ਕਹਾਣੀ ਦੀ ਨਾਇਕਾ ਬਜ਼ੁਰਗ ਮਾਤਾ ਪਿਤਾ ਦੇ ਦੁੱਖ ਦਰਦ ਨੂੰ ਸੁਣ ਕੇ ਕੁਝ ਘੱਟ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਜਾਂਦੀ ਹੈ , ਜਿੰਨ੍ਹਾਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਚੁੱਕੀ ਹੈ। ਉਸ ਦੇ ਮਾਤਾ ਪਿਤਾ ਦਾ ਵਿਰਲਾਪ ਨਾਇਕਾ ਨੂੰ ਝੰਜੋੜ ਦਿੰਦਾ ਹੈ। ਉਹ ਮਾਨਵਤਾ ਦਾ ਧਰਮ ਨਿਭਾਉਣ ਬਿਨਾਂ ਵਜ੍ਹਾ ਓਥੇ ਆਉਂਦੀ ਜਾਂਦੀ ਹੈ ਤਾਂ ਉਸ 'ਤੇ ਵੀ ਸ਼ੱਕ ਦੀ ਉਂਗਲੀ ਉੱਠਣ ਲੱਗਦੀ ਹੈ। ਲੋਕਾਂ ਦੀ ਘਟੀਆ ਸੋਚ ਨੂੰ ਉਜਾਗਰ ਕਰਦੀ ਹੈ ਇਹ ਕਹਾਣੀ ਕਿਤੇ ਘੱਟ ਪ੍ਰਭਾਵਿਤ ਨਹੀਂ ਕਰਦੀ। 
     ਆਪਣੀ 'ਖੁਰਕ' ਕਹਾਣੀ ਰਾਹੀਂ ਅੱਜ ਦੇ ਯੁਵਕ ਵਰਗ ਨੂੰ ਰਾਹ 'ਤੇ ਲਿਆਉਣ ਦੀ ਕੋਸ਼ਿਸ਼ ਨੂੰ ਸੈਂਕੜੇ ਲੋਕਾਂ ਨੇ ਸਲਾਹਿਆ ਹੈ , ਪੜ੍ਹਿਆ ਹੈ। ਅੱਜ ਦਾ ਨੌਜਵਾਨ ਵਰਗ ਇਸ ਤਰਾਂ ਬੇਸ਼ਰਮੀ 'ਤੇ ਉਤਰ ਆਇਆ ਹੈ ਕਿ ਹਰ ਰਾਹ ਜਾਂਦੀ ਜਾਂ ਸਹਿ ਯਾਤਰੀ ਕੁੜੀ /ਔਰਤ ਨਾਲ ਛੇੜਛਾੜ ਕਰਨ ਤੋਂ ਬਾਜ਼ ਨਹੀਂ ਆਉਂਦਾ। ਇਸ 'ਤੇ ਨਾਇਕਾ ਨੇ ਸਾਹਸਪੂਰਣ ਕਹੇ ਸ਼ਬਦ ਉਸ ਯੁਵਕ ਨੂੰ ਸ਼ਰਮਸਾਰ ਕਰ ਦਿੰਦੇ ਨੇ। ਅਨੇਕਾਂ ਕੁੜੀਆਂ ਨੂੰ ਅਜਿਹੇ ਮਨਚਲਿਆਂ ਨਾਲ ਨਿਪਟਣ ਦਾ ਜਾਣੋ ਰਾਹ ਦਿਖਾ ਰਹੀ ਹੈ , ਕੁੜੀਆਂ 'ਚ ਸਾਹਸ ਭਰ ਰਹੀ ਹੈ । ਉਨ੍ਹਾਂ ਦੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਸਲਾਹ ਦੇ ਰਹੀ ਇਹ ਕਹਾਣੀ। ਜਿਸ ਦੀ ਸਾਡੀ ਧੀਆਂ -ਭੈਣਾਂ ਨੂੰ ਬਹੁਤ ਜ਼ਿਆਦਾ ਲੋੜ ਹੈ।
  ਆਪ ਦੀਆਂ ਚੁਣਿੰਦਾ ਕਹਾਣੀਆਂ 'ਚੋਂ ਪਹਿਲੀ ਸ਼੍ਰੇਣੀ 'ਚ ਹੈ 'ਚੁੰਨੀ ਵਾਲਾ ਸੂਟ' ਕਹਾਣੀ ਆਉਂਦੀ ਹੈ। ਜਿਸ ਵਿੱਚ ਵਿਦੇਸ਼ ਦੇ ਰੰਗ 'ਚ ਰੰਗਿ ਇੱਕ ਪੰਜਾਬਣ ਦੇ ਦਿਲ ਤੇ ਦਿਮਾਗ ਦੇ ਸੰਘਰਸ਼ ਨੂੰ ਦਿਖਾ ਕੇ ਆਪਣੇ ਦੇਸ਼ ਅਤੇ ਪੰਜਾਬੀ ਸੂਟ ਦਾ ਮਾਣ ਰੱਖਿਆ ਗਿਆ ਹੈ। ਨਾਇਕਾ ਸ਼ਾਪਿੰਗ ਮਾਲ 'ਚੋਂ ਸਮਾਂ ਦੀ ਟਰਾਲੀ ਰਾਹ ਵਿਚਕਾਰ ਛੱਡ ਕੇ ਅੱਗੇ ਜਾਣ ਬਾਰੇ ਸੋਚਦੀ ਹੈ। ਓਦੋਂ ਹੀ ਉਸ ਨੂੰ ਖਿਆਲ ਆਉਂਦਾ ਹੈ , " ਕੁੜੇ ਤੂੰ ਕੀ ਕਰਨ ਲੱਗੀ ਹੈਂ ? ਲੋਕ ਤੈਨੂੰ ਕੀ ਕਹਿਣਗੇ ? ਟਰਾਲੀ ਜੇ ਰਾਹ 'ਚ ਛੱਡ ਦੇਵੇਂਗੀ , ਜੋ ਲੋਕ ਤੈਨੂੰ ਦੇਖ ਰਹੇ ਨੇ , ਤੇਰੇ ਸੂਟ ਤੋਂ ਤੇਰੇ ਦੇਸ਼ ਨੂੰ ਪਛਾਣ ਇਸ ਦੀ ਨਿੰਦਾ ਕਰਨਗੇ। ਅਜਿਹਾ ਨਾ ਕਰ। ਤੇ ਉਹ ਦਿਲ ਤੇ ਦਿਮਾਗ ਦੋਵਾਂ ਤੋਂ ਕੰਮ ਲੈਂਦੀ ਹੈ। 
  "ਔਰਤ ਬਨਾਮ ਮਾਂ" ਵਿੱਚ ਉਸ ਨੇ ਉਨ੍ਹਾਂ ਲੋਕਾਂ ਨੂੰ ਚਿੱਤਰਿਆ ਹੈ ਜੋ ਹਵਸ ਦੇ ਲਈ ਔਰਤ ਦੀ ਪੱਤ ਦੇ ਪਰਖਚੇ ਉਡਾਉਣ ਲਈ ਸੁੰਨਸਾਨ ਜਗ੍ਹਾ ਘੇਰ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਨੇ। ਇਹ ਇੱਕ ਮਹਾਂਮਾਰੀ ਵਾਂਗ ਫੈਲਿਆ ਰੋਗ ਹੈ , ਜਿਸ ਦੀ ਵਜ੍ਹਾ ਨਾਲ ਕੋਈ ਵੀ ਔਰਤ, ਮਾਂ , ਬੇਟੀ ਜਾਂ ਨਿੱਕੀ ਬਾਲੜੀ ਸੁੱਖਿਅਤ ਨਹੀਂ ਹੈ। ਇਹ ਸਾਡੇ ਸਮਾਜ ਦਾ ਹੀ ਨਹੀਂ ਦੁਨੀਆਂ ਦਾ ਅਜਿਹਾ ਘਿਨਾਉਣਾ ਸੱਚ ਹੈ ਕਿ ਇਸ ਨੂੰ ਕੋਈ ਕਾਨੂੰਨ ਨਾ ਕੋਈ ਸਜ਼ਾ ਦੇ ਪਾਉਂਦਾ ਹੈ , ਨਾ ਪ੍ਰਸ਼ਾਸਨ ਇਸ ਨੂੰ ਰੋਕ ਸਕਿਆ ਹੈ। ਮਾਂ -ਬੇਟੀ ਨੂੰ ਜਿਸ ਇਸ ਕਹਾਣੀ 'ਚ ਦਰਿੰਦਿਆਂ ਨੇ ਘੇਰ ਲਿਆ ਤਾਂ ਬੇਟੀ ਨੂੰ ਬਚਾਉਣ ਲਈ ਮਾਂ ਖੁਦ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੀ ਹੈ। ਮਾਂ ਬੱਚਿਆਂ ਦੀ ਰਾਖੀ ਕਰਨ ਲਈ ਕਿਸ ਹੱਦ ਤੱਕ ਜਾ ਸਕਦੀ ਹੈ ਇਸ ਕਹਾਣੀ 'ਚ ਦਿਖਾਇਆ ਗਿਆ ਤੇ ਨਾਲ ਹੀ ਸਮਾਜ ਤੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ  ਦਿੱਤੀ ਗਈ ਹੈ। ਇਹ ਹੋ ਰਿਹਾ ਤੁਹਾਡੇ  ਨੱਕ ਹੇਠ। ਢਿੱਡ ਪਾਲਣ ਲਈ ਅੱਜ ਇੱਕਲੀ ਜੀਵਨ ਜਿਉਣ ਵਾਲੀ ਔਰਤ ਕਿਤੇ ਕੰਮ ਕਰਨ ਲਈ ਵੀ ਕਿਉਂ ਜਾ ਆ ਨਹੀਂ ਸਕਦੀ ਇਹਨਾਂ ਦਰਿੰਦਿਆਂ ਦੀ ਮੌਜੂਦਗੀ 'ਚ। ਹੁਣ ਤਾਂ ਜਾਗੋ ਦੁਨੀਆਂ ਦੇ ਲੋਕੋ। ਜਿਵੇਂ ਕਹਾਣੀ ਚੀਕ -ਚੀਕ ਕੇ ਪੁਕਾਰ ਰਹੀ ਹੋਵੇ। 
           ਨਾਰੀ ਦੀ ਪੀੜਾ ਦਾ ਤਾਂ ਅੰਤ ਹੀ ਨਹੀਂ। ਬਚਪਨ ਤੋਂ ਜਵਾਨੀ ਦੇ ਸੰਘਰਸ਼ਮਈ ਮੰਜ਼ਿਲਾਂ ਪਾਰ ਕਰਦੇ ਜਦ ਬੁਢਾਪੇ 'ਚ ਆਉਂਦੀ ਹੈ ਤਾਂ ਉਸ ਨੂੰ ਲੱਗਦਾ ਹੈ ਹੁਣ ਉਹ ਕੁਝ ਦਿਨ ਸੁੱਖ ਨਾਲ ਜਿਉਂ ਲਵੇਗੀ , ਪਰ ਕਿੱਥੇ ? ਉਸ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਤਾਂ ਘਰ 'ਚ ਇੱਕ ਬੇਕਾਰ ਸਮਾਨ ਦੀ ਤਰ੍ਹਾਂ ਹੋ ਜਾਂਦੀ ਹੈ। ਜਦ 'ਬਟਵਾਰਾ' ਕਹਾਣੀ 'ਚ ਚੀਜ਼ਾਂ ਦਾ ਬਟਵਾਰਾ ਹੁੰਦਾ ਹੈ ਤਾਂ ਉਸ ਦਿਨ ਸੰਤਾਨ ਉਸ ਵੱਲ ਨਹੀਂ। ਇਹ ਸਵਾਲ ਮਾਂ ਦੇ ਮਨ 'ਚ ਉੱਠਦਾ ਹੈ ਕਿ ਮੈਂ ਕਿਸ ਦੇ ਹਿੱਸੇ ਆਈ ਹਾਂ ? ਉਸ ਦਾ ਇਹ ਦਰਦ ਪਾਠਕ ਨੂੰ ਅੰਦਰ ਤੱਕ ਹਿਲਾ ਦੇਣ ਦੀ ਤਾਕਤ ਨਾਲ ਭਰਿਆ ਹੋਇਆ ਹੈ। 
          ਅਜਿਹਾ ਹੀ ਬੱਚਿਆਂ ਦਾ ਚਿਹਰਾ ਇੱਕ ਹੋਰ ਕਹਾਣੀ 'ਚ ਸਾਹਮਣੇ ਆਉਂਦਾ ਹੈ। ਜਦੋਂ ਸਭ ਘਰ 'ਚ ਹੁੰਦੇ ਹੋਏ ਵੀ ਉਹ ਬਾਹਰ ਜਿੰਦਰਾ ਲਾ ਕੇ ਦਿਖਾਉਂਦੇ ਨੇ ਕਿ ਘਰ 'ਚ ਕੋਈ ਨਹੀਂ ਹੈ। ਉਸ ਜਿੰਦਰੇ ਨੂੰ ਵੇਖ ਕੇ ਬੁੱਢੇ ਮਾਂ -ਬਾਪ ਨੂੰ ਦਰ -ਦਰ ਭਟਕਣਾ ਪੈਂਦਾ ਹੈ। ਪੁੱਤਰਾਂ ਲਈ ਘਰ ਬਨਾਉਣ ਵਾਲੇ ਮਾਪਿਆਂ ਨੂੰ ਹੁਣ ਛੱਤ ਨਸੀਬ ਨਹੀਂ ਹੁੰਦੀ। ਪੜ੍ਹਨ ਵਾਲੇ ਦੇ ਦਿਲ 'ਚੋਂ ਸਹਿਜੇ ਹੀ ਕਿਹਾ ਜਾਂਦਾ ਹੈ ਅਜਿਹੀ ਸੰਤਾਂ ਨਾਲੋਂ ਤਾਂ ਬੇ-ਔਲਾਦ ਹੋਣਾ ਬੇਹਤਰ ਹੈ। ਕਹਾਣੀ ਅੱਖਾਂ ਨਮ ਕਰਨ ਤੇ ਅੱਜ ਦੀ ਪੀੜ੍ਹੀ ਦਾ ਕੌੜਾ ਸੱਚ ਸਾਹਮਣੇ ਲਿਆਉਣ 'ਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਇੱਥੇ ਮੈਂ "ਨਿਰਮੋਹੇ" ਕਹਾਣੀ ਦਾ ਜ਼ਿਕਰ ਕਰ ਰਹੀ ਹਾਂ। ਜਿਸ 'ਚ ਨੱਬੇ ਸਾਲ ਦੇ ਬਜ਼ੁਰਗ ਕਮਜ਼ੋਰ ਯਾਦਾਸ਼ਤ ਆਪਣੀ ਜੀਵਨ ਸਾਥਣ ਨਾਲ ਦਰ -ਦਰ ਭਟਕ ਰਹੇ ਨੇ। ਇਹ ਓਹੀ ਮਾਪੇ ਨੇ ਜੋ ਆਪਣੀ ਸੰਤਾਂ ਦੀ ਪਰਵਰਿਸ਼ 'ਚ ਆਪਣਾ ਤਨ -ਮਨ ਤੇ ਸੁੱਖ ਅਰਾਮ ਨੌਸ਼ਾਵਰ ਕਰ ਦਿੰਦੇ ਨੇ। ਜੀਵਨ ਦੇ ਆਖ਼ਿਰੀ ਪਹਿਰ ਆਉਣ 'ਤੇ ਬੱਚੇ ਦੁੱਧ 'ਚ ਪਈ ਮੱਖੀ ਵਾਂਗ ਬਾਹਰ ਕੱਢ ਸੁੱਟ ਦਿੰਦੇ ਨੇ। ਉਹ ਪੱਥਰ ਦਿਲ ਹੋ ਜਾਂਦੇ ਨੇ। ਇਸ ਕਹਾਣੀ 'ਚ ਸ਼ਬਦਾਂ ਰਾਹੀਂ ਉਨ੍ਹਾਂ ਦੀ ਪੀੜਾ ਐਨੀ ਕਲਾਤਮਿਕਤਾ ਨਾਲ ਬਿਆਨ ਕੀਤੀ ਗਈ ਹੈ ਕਿ ਬਿਨਾਂ ਦੇਖੇ ਹੀ ਅਸੀਂ ਉਨ੍ਹਾਂ ਦੇ ਦਰਦ ਦੀ ਟੀਸ ਨਾਲ ਪਸੀਜ ਜਾਂਦੇ ਹਾਂ। ਇਹਨਾਂ ਸਤਰਾਂ 'ਤੇ ਜ਼ਰਾ ਗੌਰ ਕਰੋ ," ਬਾਪੂ ਦੇ ਚੀਸਾਂ ਭਰੇ ਜੀਵਨ ਦੇ ਅੱਲੇ ਜ਼ਖਮ ਆਪੂੰ ਫਿੱਸ ਪਏ , ਘਰ ਦੇ ਬਾਹਰ ਐਡਾ ਜਿੰਦਾ ਲਮਕਦੈ , ਹੈਗੇ ਤਾਂ ਉਹ ਅੰਦਰੇ ਪਰ ਸਾਨੂੰ ਬਾਰ ਨੀ ਖੋਲ੍ਹਦੇ। " ਇੱਕ ਬੁੱਢਾਪਾ ਤੇ ਉਸ ਦੇ ਉਤੋਂ ਯਾਦਾਸ਼ਤ ਦਾ ਘੱਟ ਜਾਣਾ , ਜੋ ਅੱਜ ਵਡੇਰੀ ਉਮਰ 'ਚ ਬਹੁਤ ਲੋਕਾਂ ਨੂੰ ਘੇਰ ਰਿਹਾ ਹੈ। ਇਸ ਵਕਤ ਆਪਣਿਆਂ ਦਾ ਸਾਥ ਨਾ ਮਿਲਣ 'ਤੇ , ਘਰ 'ਚ ਕੋਈ ਨਾ ਤਾਂ ਜੀਵਨ ਨਰਕ ਸਮਾਨ ਬਣ ਜਾਂਦਾ ਹੈ। ਲੋਕ ਤਾਂ ਆਪਣਾ ਨਾਮ ਤੱਕ ਭੁੱਲ ਜਾਂਦੇ ਨੇ। ਇਹਨਾਂ ਮਾਤਾ -ਪਿਤਾ ਦੀ ਪੀੜਾ ਦਾ ਤਾਂ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। 
    ਹਰਦੀਪ ਜੀ ਨੇ ਇਹ ਕਹਾਣੀਆਂ ਆਪਣੇ ਵਕਤ ਦੇ ਸਮਾਜ ਵਿੱਚੋਂ ਚੁਣੀਆਂ ਹਨ। ਤਾਂਕਿ ਲੋਕਾਂ 'ਚ ਸੰਵੇਦਨਾ ਜਾਗੇ। ਆਪਣੇ ਅੰਦਰ ਉਨ੍ਹਾਂ ਦੀ ਪੀੜਾ ਨੂੰ ਮਹਿਸੂਸ ਕਰਨ। ਕੁਝ ਸੋਚਣ। ਕੱਲ ਨੂੰ ਬਜ਼ੁਰਗ ਬਣਨ ਵਾਲੀ ਪੀੜ੍ਹੀ ਇਹ ਮਹਿਸੂਸ ਕਰ  ਇਸ ਸੰਸਾਰ 'ਚ ਹੀ ਸਵਰਗ ਨਰਕ ਹੈ। ਮਾਂ -ਬਾਪ ਦੀ ਸੇਵਾ ਦੇਖਭਾਲ ਹੀ ਸੱਚਾ ਸੁੱਖ ਹੈ। ਜਿਨ੍ਹਾਂ ਨੇ ਸਾਨੂੰ ਸੰਸਾਰ ਦਿਖਾਇਆ।ਸਾਡਾ ਪਾਲਣ ਪੋਸ਼ਣ ਕੀਤਾ। ਜੀਵਨ 'ਚ ਕੁਝ ਬਣਾ ਕੇ ਪੈਰਾਂ 'ਤੇ ਖੜ੍ਹਾ ਹੋਣਾ ਸਿਖਾਇਆ। ਉਨ੍ਹਾਂ ਦੇ ਚਰਨ ਪੂਜ ਕੇ ਅਸੀਸ ਚਾਹੀਦੀ ਹੈ ਨਾ ਕਿ ਉਨ੍ਹਾਂ ਦੇ  ਰਹਿੰਦੇ ਜੀਵਨ ਨੂੰ ਨਰਕ ਸਮਾਨ ਬਣਾ ਕੇ ਆਪਣੇ ਲਈ ਲੋਕਾਂ ਦੀ ਨਫ਼ਰਤ ਦਾ ਕਾਰਨ ਬਣਨਾ ਚਾਹੀਦਾ ਹੈ। ਇੱਕ ਮਿੰਨੀ ਕਹਾਣੀਕਾਰ ਦੀ ਸਭ ਤੋਂ ਵੱਡੀ ਸਫਲਤਾ ਇਹੋ ਹੁੰਦੀ ਹੈ ਕਿ ਉਸ ਦੀ ਰਚਨਾ ਕੁਝ ਸ਼ਬਦਾਂ 'ਚ ਆਪਣਾ ਗਹਿਰਾ ਅਸਰ ਛੱਡ ਜਾਂਦੀ ਹੈ। ਪੜ੍ਹਨ ਵਾਲਾ ਸੋਚਦਾ ਕਿ ਕਹਾਣੀ ਪੂਰੀ ਹੋ ਗਈ ? ਕਹਾਣੀ ਦਾ ਨਤੀਜਾ ਕੀ ਨਿਕਲਿਆ ? ਪਾਠਕ ਆਪਣੀ ਸੋਚ ਅਨੁਸਾਰ ਫੈਸਲਾ ਕਰਦਾ ਹੈ। ਡਾ ਹਰਦੀਪ ਕੌਰ ਸੰਧੂ ਦੀ ਹਰ ਕਹਾਣੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ। 

ਕਮਲਾ ਘਟਾਔਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ ਹੈ।
 ਲਿੰਕ 1           ਲਿੰਕ 2           ਲਿੰਕ 3

1 comment:

  1. Jagroop kaur Grewal27.8.17

    ਹਰਦੀਪ ਕੌਰ ਸੰਧੂ ਭੈਣ ਜੀ ਦੀ ਲੇਖਣੀ ਤੇ ਪਾਖਣੀ ਕਮਾਲ ਦੀ ਹੈ, ਸਮਾਜਿਕ ਵਿਸ਼ੇ ਚੁਣਦੇ ਹੋਏ ਉਹਨਾਂ ਦੇ ਹਾਲਾਤਾਂ ਨੂੰ ਮਹਿਸੂਸ ਕਰਕੇ ...ਸ਼ਬਦਾਂ ਵਿੱਚ ਉਤਾਰਾ ਕਰਦੇ ਹਨ।ਦਰਦ ਭਰੇ ਲਫ਼ਜ਼ਾਂ ਨੂੰ ਬਿਆਨ ਕਰਨ ਦਾ ਨਿਵੇਕਲਾ ਢੰਗ , ਅੰਦਰ ਤੱਕ ਟੁੰਬ ਜਾਂਦਾ ਹੈ ।
    ਬਹੁਤ ਬਹੁਤ ਵਧਾਈ ਦੇ ਪਾਤਰ ਹੋ ਕਮਲ ਜੀ ॥

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ