ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Sept 2017

ਟੂਣੇਹਾਰੀ (ਮਿੰਨੀ ਕਹਾਣੀ)

Image result for magic
ਸਰਕਾਰੀ ਹਸਪਤਾਲ ਦਾ ਵਾਰਡ ਨੰਬਰ 13 ਆਮ ਜਿਹਾ ਵਾਰਡ ਸੀ। ਇਹ ਉਮਰਾਂ ਹੰਢਾ ਚੁੱਕੇ ਅੱਧਮੋਏ ਜਿਹੇ ਲਾਚਾਰ ਬਿਮਾਰ ਬੁੱਢਿਆਂ ਦਾ ਵਾਰਡ ਸੀ।ਉੱਥੇ ਚੁਫ਼ੇਰੇ ਪਸਰੀ ਮਾਤਮੀ ਚੁੱਪ ਕਿਸੇ ਦੇ ਪਾਸਾ ਪਰਤਣ ਦੀ ਪੀੜ ਨਾਲ ਪਲ ਭਰ ਲਈ ਟੁੱਟਦੀ ਸ਼ਾਇਦ ਕੁਝ ਚਿਰ ਹੋਰ ਜਿਉਣ ਦੀ ਉਮੀਦ ਦਾ ਅਹਿਸਾਸ ਕਰਵਾ ਰਹੀ ਹੁੰਦੀ। ਸਧਾਰਨ ਹੁੰਦੇ ਹੋਏ ਵੀ ਇਹ ਵਾਰਡ ਵਿਲੱਖਣ ਸੀ।ਓਹੀਓ ਡਾਕਟਰ ਤੇ ਓਹੀਓ ਨਰਸਾਂ ਪਰ ਫੇਰ ਵੀ ਪਤਾ ਨਹੀਂ ਕਿਉਂ ਇੱਥੇ ਦਾਖ਼ਲ ਮਰੀਜ਼ ਬਾਕੀ ਵਾਰਡਾਂ ਨਾਲੋਂ ਛੇਤੀ ਰਾਜੀ ਹੋ ਜਾਂਦੇ। ਐਥੋਂ ਦੀ ਹਵਾ 'ਚ ਤਾਂ ਜਿਵੇਂ ਕੋਈ ਜਾਦੂ ਹੀ ਸੀ ਕਿ ਮੁਰਝਾਏ ਚਿਹਰਿਆਂ 'ਤੇ ਰੰਗਤ ਦਿਨਾਂ 'ਚ ਹੀ ਪਰਤ ਆਉਂਦੀ ਸੀ। 
ਇਸ ਵਾਰਡ 'ਚ ਦਾਖਲ ਮਰੀਜ਼ ਨਿੱਤ ਉਸ ਨੂੰ ਬੜੀ ਬੇਸਬਰੀ ਨਾਲ ਉਡੀਕਦੇ। ਉਸ ਦੇ ਚਿਹਰੇ 'ਤੇ ਇੱਕ ਵੱਖਰਾ ਜਿਹਾ ਨੂਰ ਹੁੰਦਾ। ਉਹ ਮਹਿਕੀ ਪੌਣ ਵਾਂਗ ਪੋਲੇ ਪੱਬੀਂ ਬੜੀ ਸਹਿਜਤਾ ਨਾਲ ਆਉਂਦੀ ਤੇ ਆਪਣੇ ਧੰਦੇ ਲੱਗ ਜਾਂਦੀ ।ਨਿੱਤ ਸਵੇਰੇ ਇਸ ਰੁੱਖੀ ਜਿਹੀ ਫਿਜ਼ਾ 'ਚ ਉਹ ਜ਼ਿੰਦਗੀ ਦਾ ਅਜਿਹਾ ਛਿੱਟਾ ਦੇ ਜਾਂਦੀ ਸੀ ਕਿ ਜਿਉਣ ਤੋਂ ਮੁਨਕਰ ਥੱਕੀਆਂ ਅੱਖਾਂ ਦੀਆਂ ਪੁਤਲੀਆਂ ਆਸਵੰਦ ਹੋ ਮੁੜ ਤੋਂ ਚਮਕ ਪੈਂਦੀਆਂ। ਅਸਲ 'ਚ ਇਹ ਟੂਣੇਹਾਰੀ ਇੱਕ ਸਫ਼ਾਈ ਸੇਵਿਕਾ ਸੀ ਜੋ ਵਾਰਡ ਦੀ ਸਫ਼ਾਈ ਕਰਨ ਵੇਲ਼ੇ ਉਨ੍ਹਾਂ ਨਾਲ ਗੱਲੀਂ ਲੱਗੀ ਰਹਿੰਦੀ ਤੇ ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣਦੀ। ਕਿਸੇ ਤੋਂ ਉਸ ਦੇ ਟੱਬਰ ਦੀ ਸੁੱਖ -ਸਾਂਦ ਤੇ ਕਿਸੇ ਤੋਂ ਦੁਖਦੇ ਗਿੱਟੇ ਗੋਡਿਆਂ ਦਾ ਹਾਲ ਪੁੱਛਦੀ। ਸਾਕ -ਸਬੰਧੀਆਂ ਦੀਆਂ ਗੱਲਾਂ ਕਰਦੀ ਉਹ ਅਚੇਤ ਹੀ ਉਨ੍ਹਾਂ ਦੇ ਦੁੱਖ -ਸੁੱਖ ਦੀ ਭਾਈਵਾਲ ਬਣ ਜਾਂਦੀ। ਹੁਣ ਬਹੁਤਿਆਂ ਨੂੰ ਇਹ ਭਰਮ ਹੋ ਗਿਆ ਸੀ ਕਿ ਉਹ ਤਾਂ ਕਿਸੇ ਜਾਦੂਈ ਬਾਣ ਨਾਲ਼ ਉਨ੍ਹਾਂ ਦੀ ਪੀੜ ਹਰਨਾ ਜਾਣਦੀ ਏ। ਪਰ ਇਹ ਭਰਮ ਤਾਂ ਨਿੱਤ ਸੱਚ ਹੋ ਪ੍ਰਗਟ ਹੋ ਰਿਹਾ ਸੀ। ਹੁਣ ਪ੍ਰਤੱਖ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਭਾਸਦੀ ਸੀ। 

ਡਾ. ਹਰਦੀਪ ਕੌਰ ਸੰਧੂ  


ਨੋਟ : ਇਹ ਪੋਸਟ ਹੁਣ ਤੱਕ 535 ਵਾਰ ਪੜ੍ਹੀ ਗਈ ਹੈ। 

ਲਿੰਕ 1            ਲਿੰਕ 2

10 comments:

  1. ਟੂਣੇਹਾਰੀ ਦਾ ਜਾਦੂ ਹੀ ਮੁਰਝਾਏ ਚੇਹਰਿਆਂ ਤੇ ਜਿੰਦਗੀ ਦੀ ਫੂਕ ਮਾਰ ਜਾਂਦਾ ਸੀ . ਮਰੀਜਾਂ ਨੂੰ ਦੁਆਈ ਨਾਲੋਂ ਕਿਸੇ ਨਰਸ ਜਾਂ ਡਾਕਟਰ ਦੇ ਕੋਮਲ ਸ਼ਬਦ ਛੇਤੀਂ ਰਾਜੀ ਕਰਦੇ ਹਨ ਅਤੇ ਉਹ ਕਾਮ ਇੱਕ ਸਫਾਈ ਵਾਲੀ ਕਰ ਗਈ ਅਤੇ ਨਾਲ ਹੀ ਲਈ ਗਈ ਅਨ੍ਮੁਲੀਆਂ ਅਸ਼ੀਰਵਾਦਾਂ .

    ReplyDelete
  2. ਟੂਣੇਹਾਰੀ ਕਹਾਣੀ ਇਕ ਮਨੋਵਿਗਿਆਨ ਦੇ ਤਥ ਵਲ ਇਸ਼ਾਰਾ ਕਰਦੀ ਹੈ । ਸਾਡੀ ਮਨ ਵਿਰਤੀ ਜਿਸ ਦਿਸ਼ਾ 'ਚ ਚਲ ਪਵੇ ਉਥੇ ਹੀ ਚਲੀ ਜਾਂਦੀ ਹੈ । ਕੋਈ ਰੁਕਾਵਟ ਆਣ 'ਤੇ ਹੀ ਉਸ ਦੀ ਦਿਸ਼ਾ ਬਦਲਦੀ ਹੈ । ਇਸ ਕਹਾਣੀ ਦੇ ਮਰੀਜ ਜੋ ਕੇ ਅਪਣੀ ਬਿਮਾਰੀ ਦੀ ਅਥਾਹ ਪੀੜਾ 'ਚ ਬਿੰਨੇ ਹੋਏ ਨੇ। ਉਨ੍ਹਾਂ ਦੀ ਪੀੜਾ ਨੂੰ ਕੁਝ ਪਲਾਂ ਲਈ ਭੁਲਾਂਣ ਵਾਲੀ ਜਦ ਸਫਾਈ ਸੇਵਿਕਾ ਆਉਂਦੀ ਹੈ ਤਾਂ ਉਸ ਵਾਰਡ ਦੇ ਮਰੀਜ ਜਲਦੀ ਠੀਕ ਹੋ ਜਾਂਦੇ ਹਨ । ਲੋਕ ਭਰਮ ਕਾਰਣ ਇਸ ਨੂੰ ਜਾਦੂ ਕਹਿਣ ਲਗ ਜਾਂਦੇ ਹਨ । ਜਦ ਕਿ ਏਹ ਕੋਈ ਜਾਦੂ ਨਹੀਂ । ਇਨਸਾਨ ਦੇ ਅੰਦਰ ਹੀ ਉਹ ਤਾਕਤ ਹੈ ਜੋ ਜਾਦੂ ਜੈਸਾ ਅਸਰ ਕਰ ਸਕਤੀ ਹੈ । ਪਰ ਅਸੀਂ ਇਨਸਾਨਿਅਤ ਨੂੰ ਭੁਲ ਕੇ ਖੁਦ 'ਚ ਹੀ ਗੁਆਚੇ ਰਹਿੰਦੇ ਹਾਂ ।
    ਕਿਸੇ ਦਾ ਦੁਖ ਸੁਖ ਸੁਨਣ ਵਿਚ ਕੋਈ ਰੂਚੀ ਨਹੀ ਲੈਂਦੇ । ਲੇਕਿਨ ਏਹ ਸੇਵਿਕਾ ਮਹਕੀ ਪੌਣ ਵਾਂਗ ਜਦ ਵਾਰਡ 'ਚ ਆਪਣਾ ਸਫਾਈ ਦਾ ਕੱਮ ਕਰਨ ਆਉਂਦੀ ਹੈ ਸਭ ਉਸ ਨਾਲ ਆਪਣਾ ਦੁਖ ਸੁਖ ਸਾਂਝਾ ਕਰਕੇ ਸਕੂਨ ਪਾਂਦੇ ਹਣ ਏਹ ਉਨ੍ਹਾਂ ਨੂੰ ਠੀਕ ਕਰਨ 'ਚ ਜਾਦੂ ਸਾ ਅਸਰ ਕਰਦਾ ਹੈ । ਜਾਦੂ ਸਾਡੇ ਸਭ ਦੇ ਅੰਦਰ ਹੈ ।ਪਰ ਅਸੀਂ ਉਸ ਦਾ ਇਸਤੇਮਾਲ ਨਹੀਂ ਕਰਦੇ । ਇਸੇ ਕਰਕੇ ਲੋਗ ਅਪਨੇ ਬੁਜੁਰਗਾਂ ਨੂੰ ਵਿਰਦ ਆਸ਼ਰਮਾਂ 'ਚ ਛਡ ਆਉਂਦੇ ਨੇ । ਕਹਾਨੀ ਬਹੁਤ ਅਰਥ ਪੁਰਣ ਹੈ ।

    ReplyDelete
    Replies
    1. ਸਹੀ ਕਿਹਾ ਕਮਲਾ ਜੀ, ਇਹ ਟੂਣੇਹਾਰਾ ਜਾਦੂ ਸਾਡੇ ਸਭਨਾ ਦੇ ਅੰਦਰ ਹੈ , ਗੱਲ ਸਿਰਫ ਇਸ ਨੂੰ ਸਮਝਣ ਤੇ ਪ੍ਰਯੋਗ ਕਰਨ ਦੀ ਹੈ। ਸੱਚ ਜਾਣਿਓ ਜਦੋਂ ਜਦੋਂ ਵੀ ਇਸ ਦਾ ਪ੍ਰਯੋਗ ਹੋਇਆ ਨਤੀਜੇ ਆਸ਼ਾਵਾਦੀ ਹੀ ਰਹੇ ਨੇ। ਆਪ ਦੀ ਭਾਵਪੂਰਣ ਟਿੱਪਣੀ ਇਸ ਕਹਾਣੀ ਦੇ ਅਰਥਾਂ ਨੂੰ ਸਹੀ ਮਾਅਨਿਆਂ 'ਚ ਬਿਆਨ ਕਰ ਗਈ।

      Delete
  3. ਕਿਸੇ ਦੇ ਦੁੱਖ ਵੇਲੇ ਜਾਂ ਫੇਰ ਔਖੀ ਘੜੀ ਵੇਲੇ ਹਾਲ-ਚਾਲ ਪੁਛਿਅਾ ਵੀ
    ਦੁੱਖ/ਜ਼ਖਮ ਦੀ ਭਰਪਾਈ ਕਰ ਦਿਅਾ ਕਰਦੈ . ਸ਼ੁਕਰਿਅਾ ਜੀ.

    ReplyDelete
  4. What an appreciable story. Especially the way it has been written and message has been conveyed.The way a true story has been written has left it's deep impression. Thanks.

    ReplyDelete
    Replies
    1. ਆਪ ਨੂੰ ਕਹਾਣੀ ਲਿਖਣ ਦਾ ਅੰਦਾਜ਼ ਪਸੰਦ ਆਇਆ। ਕਹਾਣੀ ਆਪਣਾ ਸੁਨੇਹਾ ਅੱਪੜਦਾ ਕਰਨ 'ਚ ਸਫ਼ਲ ਰਹੀ। ਆਪ ਦਾ ਤਹਿ ਦਿਲੋਂ ਸ਼ੁਕਰੀਆ।

      Delete
  5. ਬਹੁਤ ਵਧੀਅਾ ਕਹਾਣੀ , ਭੈਣ ਜੀ ! ਕਾਸ਼ ਇਹੋ िਜਹੀ ਟੂਣੇਹਾਰੀ ਹਰ ਥਾਂ ਹੋਵੇ

    ReplyDelete
    Replies
    1. ਕਹਾਣੀ ਪਸੰਦ ਕਰਨ ਲਈ ਧੰਨਵਾਦ।ਅਸੀਂ ਆਪ ਟੂਣੇਹਾਰੀ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ।

      Delete
  6. Nice
    Jadu karan wali nu hi ta tunehari kiha janda
    Wwwwaaaaooo aap ne kini sahijta nall akhra nu pito dita

    ReplyDelete
    Replies
    1. ਉਹਨਾਂ ਅੱਖਰਾਂ ਨੂੰ ਸਮਝਣ ਤੇ ਮਹਿਸੂਸ ਕਰਨ ਲਈ ਸ਼ੁਕਰੀਆ ਵੀਰ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ