ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Oct 2017

ਨਿਕਰਮੀ (ਮਿੰਨੀ ਕਹਾਣੀ )

Image result for indian old lady sketch

ਉਹ ਘਸਮੈਲੇ ਜਿਹੇ ਅਸਮਾਨ ਦੀ ਨੰਗੀ ਛੱਤ ਹੇਠ ਸਹਿਮੀ ਤੇ ਡਰੀ ਜਿਹੀ ਬੈਠੀ ਸੀ। ਬੇਜਾਨ ਸਰੀਰ,ਹੜਬਾਂ ਨਿਕਲੀਆਂ ਹੋਈਆਂ, ਰੁੱਖੇ ਖਿਲਰੇ ਵਾਲ਼ ਤੇ ਤੁਰਨ ਤੋਂ ਅਸਮਰੱਥ। ਜੇਠ ਹਾੜ੍ਹ ਦੀਆਂ ਤੱਤੀਆਂ ਧੁੱਪਾਂ ਨਾਲ ਲੂਹਿਆ ਬੇਵੱਸ ਚਿਹਰਾ ਉਸ ਦੇ ਚਸਕਦੇ ਜ਼ਖਮਾਂ ਦੀ ਹਾਮੀ ਭਰ ਰਿਹਾ ਸੀ। ਧੁਰੋਂ ਅੰਦਰੋਂ ਉੱਠਦੀ ਕਿਸੇ ਡੂੰਘੀ ਪੀੜਾ ਦਾ ਸੈਲਾਬ ਉਸ ਦੀ ਰੂਹ ਨੂੰ ਬੇਚੈਨ ਕਰ ਰਿਹਾ ਸੀ। ਅੱਸੀਆਂ ਨੂੰ ਢੁੱਕੀ ਬੇਬੇ ਪਤਾ ਨਹੀਂ ਕਿਹੜੇ ਕੁਕਰਮਾਂ ਦੀ ਸਜ਼ਾ ਭੁਗਤ ਰਹੀ ਸੀ। 
ਪਿਛਲੇ ਕਈ ਵਰ੍ਹਿਆਂ ਤੋਂ ਉਹ ਘਰ ਦੀ ਛੱਤ 'ਤੇ ਰਹਿ ਰਹੀ ਸੀ । ਉਸ ਦੇ ਕਮਾਊ ਪੁੱਤ ਨੇ ਇੱਕ ਟੁੱਟਿਆ ਮੰਜਾ ਤੇ ਚਾਰ ਕੁ ਚਿੱਬ- ਖੜਿੱਬੇ ਜਿਹੇ ਭਾਂਡੇ ਮਾਂ ਦੇ ਨਾਂ ਕਰ ਆਪਣਾ ਕਰਜ਼ ਲਾਹ ਦਿੱਤਾ ਸੀ। ਮੀਂਹ ਹਨ੍ਹੇਰੀ 'ਚ ਉਹ ਰੁੜਦੀ -ਖੁੜਦੀ ਆਪਣੇ ਉੱਤੇ ਤਰਪਾਲ ਤਾਣ ਲੈਂਦੀ ਤੇ ਕੜਕਦੀਆਂ ਧੁੱਪਾਂ 'ਚ ਕੋਠੇ ਦੀ ਕੰਧ ਨਾਲ ਜਾ ਬਹਿੰਦੀ।ਬੇਜ਼ਾਰ ਵਹਿੰਦੀਆਂ ਅੱਖਾਂ 'ਚੋਂ ਡਿੱਗਦੇ ਹੰਝੂਆਂ ਨੂੰ ਆਪਣੀ ਪਾਟੀ ਚੁੰਨੀ ਦੇ ਲੜ ਨਾਲ ਪੂੰਝਦੀ ਉਹ ਫਿੱਸ ਪਈ," ਮੈਂ ਦੁਖਿਆਰੀ ਕਿੱਥੇ ਜਾਵਾਂ? ਜਦੋਂ ਮੇਰਾ ਕੋਈ ਘਰ ਹੀ ਨਹੀਂ ਹੈਗਾ। ਕੁੱਟਮਾਰ ਕਰ ਮੈਨੂੰ ਐਥੋਂ ਨਿਕਲ ਜਾਣ ਦੀਆਂ ਧਮਕੀਆਂ ਨਿੱਤ ਦਿੰਦੇ ਨੇ। ਕਿਸੇ ਨੂੰ ਆਉਣ ਨੀ ਦਿੰਦੇ ਤੇ ਨਾ ਮੈਨੂੰ ਕਿਸੇ ਨਾਲ ਬੋਲਣ ਦਿੰਦੇ ਨੇ।" 
     ਜ਼ੋਰ ਨਾਲ਼ ਚੀਖਣ 'ਚ ਅਸਮਰੱਥ ਇੱਕ ਅਸਹਿ ਪੀੜ ਦੀ ਮੰਦ ਹੂਕ ਹੁਣ ਚੁਫੇਰੇ ਪਸਰ ਗਈ ਸੀ। ਉਸ ਦੇ ਅੱਲੇ ਜ਼ਖਮ ਫਿਰ ਰਿਸਣ ਲੱਗੇ," ਸਿਰ ਦਿਆ ਸਾਈਂਆਂ  ਕਿਹੜੇ ਫ਼ਾਹਿਆਂ ਨੂੰ ਛੱਡ ਕੇ ਤੁਰ ਗਿਆ ਤੂੰ ਏਸ ਨਿਕਰਮੀ ਨੂੰ? ਨਿੱਤ ਮੇਰੇ ਨਾਲ ਕਲੇਸ਼ ਹੁੰਦੈ। ਮੈਂ ਤਾਂ ਡਰਦੀ ਆਪ ਹੀ ਥੱਲੇ ਨੀ ਜਾਂਦੀ। ਹੁਣ ਤਾਂ ਰੱਬ ਵੀ ਕਸਾਈ ਬਣਿਆ ਬੈਠਾ। ਓਹਨੂੰ ਵੀ ਮੇਰੇ 'ਤੇ ਭੋਰਾ ਤਰਸ ਨੀ ਆਉਂਦੈ।" ਹੁਣ ਉਹ ਬੇਜਾਨ ਮੂਰਤ ਵਾਂਗ ਚੁੱਪ ਹੋ ਗਈ ਸੀ। ਔਲਾਦ ਨੂੰ ਛਾਂ ਦੇਣ ਵਾਲੀ ਨਿਕਰਮੀ ਮਾਂ ਅੱਜ ਸੱਚਮੁੱਚ ਇੱਕ ਬੇਜਾਨ ਛੱਤਰੀ ਬਣ ਗਈ ਸੀ। 
ਡਾ. ਹਰਦੀਪ ਕੌਰ ਸੰਧੂ 

 ਲਿੰਕ 1            ਲਿੰਕ 2

ਨੋਟ : ਇਹ ਪੋਸਟ ਹੁਣ ਤੱਕ 245 ਵਾਰ ਪੜ੍ਹੀ ਗਈ ਹੈ।

11 comments:

  1. ਕਹਾਣੀ ਪੜ੍ਹ ਕੇ ਉਹ ਭੀ ਸਚ ਅਧਾਰਤ, ਕਲੇਜੇ ਨੂੰ ਧੂ ਜਿਹੀ ਪਾ ਗਈ . ਜ਼ਮਾਨਾ ਇੰਨਾ ਕਠੋਰ ਹੋ ਸਕਦਾ ਹੈ, ਇਸ ਮਾ ਦੇ ਬਚਿਆਂ ਨੂੰ ਬਹੁਤ ਕੁਛ ਕਹਨ ਨੂੰ ਮਨ ਕਰਦਾ ਹੈ . ਇਸ ਮਾ ਦੀ ਨੂੰਹ ਨੇ ਭੀ ਤਾਂ ਇਕ ਦਿਨ ਬੁੜ੍ਹੀ ਹੋਣਾ ਹੀ ਹੈ, ਕਿਓਂ ਇਹ ਉਹ ਰਸਤਾ ਬਨਾਉਣ ਲੱਗੀ ਹੋਈ ਹੈ, ਜਿਸ ਤੇ ਉਸ ਨੂੰ ਖੁਦ ਨੂੰ ਤੁਰਨਾ ਪੈ ਸਕਦਾ ਹੈ !

    ReplyDelete
    Replies
    1. ਸਹੀ ਕਿਹਾ ਅੰਕਲ ਜੀ, ਜਿਸ ਤਰਾਂ ਆਪ ਦਾ ਮਨ ਕਰ ਉਠਿਆ ਉਨ੍ਹਾਂ ਨੂੰ ਫਿੱਟ ਲਾਹਣਤਾਂ ਪਾਉਣ ਲਈ , ਮੌਕੇ 'ਤੇ ਹਾਜ਼ਰ ਲੋਕਾਂ ਨੇ ਬਥੇਰਾ ਸੁਣਾਇਆ ਉਨ੍ਹਾਂ ਨੂੰ , ਇੱਥੋਂ ਤੱਕ ਵੀ ਕਿਹਾ ਕਿ ਉਹ ਰੱਬ ਅੱਗੇ ਅਰਦਾਸ ਕਰਦੇ ਨੇ ਕਿ ਰੱਬ ਉਨ੍ਹਾਂ ਨਾਲ ਇਸ ਤੋਂ ਵੀ ਵੱਧ ਕਰੇ। ਇਹ ਮਾਤਾ ਤਾਂ ਤਿੰਨ ਸਾਲ ਇਸ ਤਰਾਂ ਕੱਟ ਗਈ ਤੁਹਾਡੇ ਤੋਂ ਤਿੰਨ ਦਿਨ ਵੀ ਨਹੀਂ ਕੱਟੇ ਜਾਣੇ।

      Delete
  2. ਅੱਜ ਕੱਲ ਤਾਂ ਪਿੰਡਾਂ ਚ ਬਹੁਤ ਅਭਾਗੀਆਂ ਮਾਤਾ ਅਜੇਹੇ ਹਾਲਤਾਂ ਚ ਰਹਿਦੀਆਂ ਪਈਆਂ। ਅੱਜ ਦੇ ਸਮਾਜ ਦੀ ਕੌੜੀ ਸਚਾਈ ਹੈ। ਬਹੁਤ ਸੋਹਣੇ ਢੰਗ ਨਾਲ ਥੋੜਾ ਸ਼ਬਦ ਲਾ ਕੇ ਸਮੱਸਿਆ ਪੇਸ਼ ਕੀਤੀ ਹੈ।

    ReplyDelete
    Replies
    1. Sohan Benipal ਜੀ ਇਹ ਕਹਾਣੀ ਨਹੀਂ ,ਇਹ ਵੀ ਕਿਸੇ ਅਭਾਗੀ ਮਾਂ ਦੀ ਹੱਡਬੀਤੀ ਹੈ।

      Delete
  3. ਮਾਂ ਸ਼ਬਦ ਬੋਲਣ ਨਾਲ ਹੀ ਮਨ ਮਿਠਾਸ ਨਾਲ ਭਰ ਜਾਂਦਾ ਹੈ।ਤੇ ਜਿਸ ਮਾਂ ਨੇ ਨੌਂ ਮਹੀਨੇ ਪੇਟ ਚ ਰੱਖਿਆ ਜਨਮ ਦਿੱਤਾ ਤੇ ਪਾਲਿਆ ਪੋਸਿਆ ਸੁਕੀ ਥਾਂ ਬੱਚਾ ਤੇ ਗਿਲੀ ਥਾਂ ਤੇ ਆਪ ਪੈਣਾ ਸਿਆਲਾਂ ਦੀ ਰੁੱਤੇ।ਉਸ ਮਾਂ ਦਾ ਕਰਜ਼ ਤਾਂ ਕਈ ਜਨਮਾਂ ਤੱਕ ਨਹੀਂ ਲਾਹ ਸਕਦੇ।ਤੇ ਫਿਰ ਇਹ ਕਿਹੜਾ ਵੈਰ ਕੱਢਦੇ ਆ ।ਡਾ ਸਾਹਿਬ ਤੁਸੀਂ ਬੜੇ ਸੁਚੱਜੇ ਢੰਗ ਨਾਲ਼ ਵਿਸ਼ੇ ਨੂੰ ਸਜੀਵ ਕੀਤਾ ਹੈ।ਰੱਬ ਤਰੱਕੀਆ ਬਖਸ਼ੇ।

    ReplyDelete
    Replies
    1. ਆਪ ਦੇ ਸ਼ਬਦ ਭਾਵਕ ਕਰ ਗਏ।
      ਇਹ ਬੜੀ ਦੁੱਖ ਭਰੀ ਕਹਾਣੀ ਹੈ।

      Delete
  4. Bahut dukhbhari kahani ki sachai hai . Ajj kal jiada auladan eda hi kardian han . Maa da karz ta koi v nahi morh sakda . Ik maa apne bachchean nu paldi te parhandi likhandi te pairan te kharhe kardi hai . Jado oh bazurg ho jandi hai ta ena zulm kiun kita janda . Onu usda banda maan sanmaan nahi milda , balki dhakke te beizaatian hi mildian han .

    ReplyDelete
    Replies
    1. ਪਤਾ ਨਹੀਂ ਭੈਣ ਜੀ ਅਜਿਹਾ ਕਿਉਂ ਹੁੰਦਾ ਹੈ? ਕੀ ਲੋਕ ਐਨੇ ਸੁਆਰਥੀ ਹੋ ਗਏ ਨੇ ਕਿ ਉਨ੍ਹਾਂ ਨੂੰ ਆਪਣੇ ਵੀ ਪਰਾਏ ਲੱਗਦੇ ਨੇ ।

      Delete
  5. eme karde a lok ime app kade budhe ni hona. tusi o example apne bachian lai set karoge ohh ohi ban jange, apne baurgan da adar karo ta ki tuhade bache v tuhade baurg hon te tuhanu adar man de sakan.

    ReplyDelete
  6. ਡਾਕਟਰ ਬੇਟੀ ਨੇ ਹਮੇਸ਼ਾ ਦੀ ਤਰ੍ਹਾਂ ਬੜੇ ਸੁਚੱਜੇ ਢੰਗ ਨਾਲ ਮਾਤਾ ਦੇ ਦੁੱਖੀ ਜੀਵਨ ਦਾ ਵਿਰਤਾਤ ਕੀਤਾ ਹੈ । ਕੁੱਝ ਦਿਨ ਪਹਲਾ ਕਿਸੇ ੲਨ ਜੀ ਔ ਨੇ ਇਸ ਦੁੱਖੀ ਘਟਨਾ ਦਾ ਪਰਦਾ ਖੋਲਿਆ ਸੀ । ਮਾਤਾ ਦਾ ਪੁਤਰ ਪੰਜਾਬ ਸਰਕਾਰ ਦਾ ਡਰਾਈਵਰ ਹੈ । ਸਾਡੀਆ ਕੋਰਟਾਂ ਨੂੰ ਆਪਨੇ ਆਪ ਹੀ ਕੁੱਝ ਕਾਰਵਾਈ ਕਰਨ ਦੀ ਲੋੜ ਹੈ ।

    ReplyDelete
    Replies
    1. ਸਹੀ ਕਿਹਾ Joginder Singh Chahal ਅੰਕਲ ਜੀ , ਓਸੇ N.G.O. ਦੇ ਤੱਥਾਂ ਦੇ ਅਧਾਰ 'ਤੇ ਇਹ ਕਹਾਣੀ ਲਿਖੀ ਹੈ। ਜਦੋਂ ਮੈਂ ਬੇਬੇ ਦੀ ਦੁੱਖ ਗਾਥਾ ਸੁਣੀ , ਮੇਰੀ ਕਲਮ ਨੇ ਆਪ ਮੁਹਾਰੇ ਹੀ ਬੇਬੇ ਦੀ ਪੀੜ ਨੂੰ ਕਲਮਬੱਧ ਕਰ ਦਿੱਤਾ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ