ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Nov 2017

ਧਰਮ ਕਰਮ (ਕਹਾਣੀ)

ਸ਼ੇਰ ਸਿੰਘ, ਪੱਕਾ ਨਾਸਤਿਕ ਸੀ। ਉਹਦੀ ਪਤਨੀ ਸੁਰਜੀਤ ਕੌਰ ਦਾ ਧਰਮ ਵਿੱਚ ਵਿਸ਼ਵਾਸ ਤਾਂ ਸੀ ਲੇਕਿਨ ਸ਼ੇਰ ਸਿੰਘ ਉਸ ਨੂੰ ਸਿਰਫ ਗੁਰਦੁਆਰੇ ਜਾਣ ਤਕ ਹੀ ਇਜਾਜਤ ਦਿੰਦਾ ਸੀ। ਘਰ ਵਿੱਚ ਨਾ ਕਦੇ ਉਹਨਾਂ ਨੇ ਕਦੀ ਪਾਠ ਕਰਾਇਆ ਜਾਂ ਕੋਈ ਹੋਰ ਧਾਰਮਿਕ ਰਸਮ। ਇਸ ਦੇ ਉਲਟ ਉਹਨਾਂ ਦੀ ਗੁਆਂਢਣ ਬਿਸ਼ਨ ਕੌਰ ਆਪਣੇ ਘਰ ਵਿੱਚ ਕੋਈ ਨਾ ਕੋਈ ਧਾਰਮਿਕ ਰਸਮ ਕਰਵਾਉਂਦੀ ਰਹਿੰਦੀ।  ਗੁਰਦੁਆਰੇ ਲੰਗਰ ਵਿੱਚ ਕੰਮ ਕਰਦੀ ਤੇ ਕਦੇ ਸਾਧ ਸੰਗਤ ਦੇ ਜੋੜੇ ਸਾਫ ਕਰਦੀ। ਉਹਦੀਆਂ ਸਾਰੀਆਂ ਨੂੰਹਾਂ ਉਸ ਦੇ ਕਹਿਣੇ ਵਿੱਚ ਸਨ। ਸਾਰੀਆਂ ਜਨਾਨੀਆਂ ਉਹਦੀ ਬਹੁਤ ਇਜ਼ਤ ਕਰਦੀਆਂ ਸਨ। ਕਈ ਵਾਰੀ ਬਿਸ਼ਨ ਕੌਰ ਜਦ ਕਦੇ ਸ਼ੇਰ ਸਿੰਘ ਨੂੰ ਰਾਹ ਵਿਚ ਮਿਲਦੀ ਤਾਂ ਹਾਸੇ ਨਾਲ ਉਹਨੂੰ ਕਹਿ ਦਿੰਦੀ, " ਸ਼ੇਰ ਸਿਆਂਹ  ! ਕਦੇ ਤਾਂ ਕੋਈ ਧਰਮ ਕਰਮ ਦਾ ਕੰਮ ਕਰ ਲਿਆ ਕਰ, ਆਖ਼ਰ ਤਾਂ ਸਾਨੂੰ ਇੱਕ ਦਿਨ ਧਰਮ ਰਾਜ ਦੇ ਦਰਬਾਰ ਵਿਚ ਲੇਖਾ ਦੇਣਾ ਹੀ ਪਵੇਗਾ, ਕੀ ਮੂੰਹ ਲੈ ਕੇ ਜਾਵੇਂਗਾ ? " ਸ਼ੇਰ ਸਿੰਘ ਕਹਿੰਦਾ, "ਉਹ ਮਾਈ! ਧਰਮ ਰਾਜ ਕਿਹੜੇ ਪਲੈਨੇਟ 'ਤੇ ਬੈਠਾ? " ਬਿਸ਼ਨ ਕੌਰ ਵੀ ਹੱਸ ਪੈਂਦੀ। 
             ਇੱਕ ਦਿਨ ਅਖਬਾਰ ਪੜ੍ਹਦੇ ਪੜ੍ਹਦੇ ਸ਼ੇਰ ਸਿੰਘ ਦੀ ਨਜ਼ਰ ਇੱਕ ਦਸ ਗਿਆਰਾਂ ਸਾਲ ਦੀ ਲੜਕੀ ਦੀ ਫੋਟੋ 'ਤੇ ਪਈ ਜੋ ਬਹੁਤ ਦੇਰ ਤੋਂ ਕਿਡਨੀ ਦੀ ਮਰੀਜ਼ ਸੀ ਅਤੇ ਕਿਸੇ ਦੀ ਕਿਡਨੀ ਨਾ ਮਿਲਣ ਕਰਕੇ ਦੁਨੀਆਂ ਤੋਂ ਕੂਚ ਕਰ ਗਈ ਸੀ। ਸ਼ੇਰ ਸਿੰਘ ਉਸ ਮਾਸੂਮ ਕੁੜੀ ਦੀ ਫੋਟੋ ਵੱਲ ਦੇਖ ਕੇ ਉਦਾਸ ਹੋ ਗਿਆ। ਉਸੀ ਵਕਤ ਉਸ ਨੇ ਅੰਗਦਾਨ ਕਰਨ ਦਾ ਫੈਸਲਾ ਕਰ ਲਿਆ ਅਤੇ ਅੰਗ ਦਾਨ ਰਜਿਸਟਰ ਵਿੱਚ ਨਾਮ ਰਜਿਸਟਰ ਕਰਵਾ ਲਿਆ। ਜਦ ਘਰ ਆ ਕੇ ਉਸ ਨੇ ਪਤਨੀ ਨੂੰ ਦੱਸਿਆ ਤਾਂ ਉਹ ਗੁੱਸੇ ਹੋ ਗਈ ਕਿ ਇਹ ਕੰਮ ਤਾਂ ਧਰਮ ਦੇ ਖਿਲਾਫ ਹੈ।  ਦੁਨੀਆਂ ਛੱਡਣ ਵੇਲੇ ਸਰੀਰ ਪੂਰਾ ਹੋਣਾ ਚਾਹੀਦਾ ਹੈ। ਕੁਝ  ਦਿਨ ਗੁੱਸੇ ਰਾਜੀ ਰਹਿਣ ਤੋਂ ਬਾਅਦ ਗੱਲ ਆਈ ਗਈ ਹੋ ਗਈ। 
              ਇੱਕ ਦਿਨ ਸ਼ੇਰ ਸਿੰਘ ਆਪਣੀ ਕਾਰ 'ਚ ਕਿਤੋਂ ਆ ਰਿਹਾ ਸੀ ਕਿ ਰਸਤੇ ਵਿਚ ਗੁਰਦੁਆਰੇ ਤੋਂ ਬਾਹਰ ਨਿਕਲੀ ਬਿਸ਼ਨ ਕੌਰ ਦਿਖਾਈ ਦਿੱਤੀ। ਸ਼ੇਰ ਸਿੰਘ ਨੇ ਉਹਦੇ ਕੋਲ ਕਾਰ ਖੜੀ ਕਰ ਦਿੱਤੀ ਤੇ ਪੁੱਛਿਆ ਕਿ ਅਗਰ ਉਹਨੇ ਘਰ ਜਾਣਾ ਹੋਵੇ ਤਾਂ ਬੈਠ ਜਾਵੇ। ਬਿਸ਼ਨ ਕੌਰ ਬੋਲੀ, " ਸ਼ੇਰ ਸਿਆਂਹ ! ਆਹ ਤਾਂ ਤੇਰਾ ਭਲਾ ਹੋਵੇ, ਮੇਰੇ ਤਾਂ ਖਸਮਨਖਾਣੇ ਗੋਡੇ ਹੀ ਬਹੁਤ ਦੁਖਦੇ ਆ " ਅਤੇ ਉਹ ਗੱਡੀ ਵਿਚ ਬੈਠ ਗਈ। ਗੱਲਾਂ ਬਾਤਾਂ ਕਰਦੇ ਥੋੜੀ ਦੂਰ ਹੀ ਗਏ ਸਨ ਕਿ ਤੇਜ਼ ਆਉਂਦੀ ਇੱਕ ਗੱਡੀ ਸ਼ੇਰ ਸਿੰਘ ਦੀ ਗੱਡੀ ਵਿਚ ਲੱਗੀ। 
                          ਬੇਹੋਸ਼ ਹੋਇਆ ਸ਼ੇਰ ਸਿੰਘ ਹਸਪਤਾਲ ਵਿੱਚ ਪਿਆ ਸੀ ਕਿ ਇੱਕ ਦਮ ਯਮਰਾਜ ਨੇ ਆ ਕੇ ਉਸ ਨੂੰ ਬਾਹੋਂ ਫੜ ਲਿਆ। ਆਪਣੇ ਝੋਟੇ 'ਤੇ ਬਿਠਾਇਆ ਅਤੇ ਹਵਾ ਵਿਚ ਉਡਣ ਲੱਗਾ। ਅਗਲੇ ਪਲ ਉਹ ਧਰਮਰਾਜ ਦੇ ਦਰਬਾਰ ਵਿਚ ਖੜਾ ਸੀ। ਧਰਮ ਰਾਜ, ਚਿੱਤਰਗੁਪਤ ਨੂੰ ਬੋਲਿਆ, " ਚਿੱਤਰਗੁਪਤ ਜੀ, ਸ਼ੇਰ ਸਿੰਘ ਦਾ ਹਿਸਾਬ ਕਰਕੇ ਦੱਸੋ ਤਾਂ ਕੀ ਲਿਖਿਆ? "  ਚਿੱਤਰਗੁਪਤ ਨੇ ਕੁਝ ਟਾਈਪ ਕੀਤਾ ਅਤੇ ਕੰਪਿਊਟਰ ਪ੍ਰਿੰਟਰ ਵਿਚੋਂ ਇੱਕ ਬੜਾ ਪੇਪਰ ਕੱਢਿਆ ਅਤੇ ਧਰਮਰਾਜ ਨੂੰ ਫੜਾ ਦਿੱਤਾ।  ਕਾਫੀ ਦੇਰ ਸਟੱਡੀ ਕਰਨ ਤੋਂ ਬਾਅਦ ਧਰਮ ਰਾਜ ਜੀ ਸ਼ੇਰ ਸਿੰਘ ਵੱਲ  ਮੁਖ਼ਾਤਿਬ ਹੋ ਕੇ ਬੋਲੇ, " ਬਈ ਸ਼ੇਰ ਸਿਆਂਹ, ਬੇਸ਼ੱਕ  ਤੂੰ ਕਦੇ ਧਰਮ ਕਰਮ ਵਿੱਚ  ਹਿੱਸਾ ਨਹੀਂ ਲਿਆ ਲੇਕਿਨ ਤੇਰੇ ਅੰਗਦਾਨ ਨੇ ਪੰਜ ਲੋਕਾਂ ਨੂੰ ਜੀਵਨ ਦਾਨ ਦਿੱਤੀ ਹੈ। ਇਸ ਲਈ ਤੈਨੂੰ ਸਵਰਗ 'ਚ ਜਗ੍ਹਾ  ਦਿੱਤੀ ਜਾਂਦੀ ਹੈ।  " ਹੈਰਾਨ ਹੋਇਆ ਸ਼ੇਰ ਸਿੰਘ ਬਾਹਰ ਆਉਣ ਲੱਗਾ ਸੋਚ ਰਿਹਾ ਸੀ ਕਿ ਉਹ ਤਾਂ ਸਮਝਦਾ ਸੀ ਕਿ ਕਿਤੇ ਲੇਖਾ ਜੋਖਾ ਨਹੀਂ ਹੁੰਦਾ ਪਰ ਹੁਣ ਤਾਂ ਇਹ ਪ੍ਰਤੱਖ ਸੀ। ਉਹ ਬਾਹਰ ਜਾਣ ਹੀ ਲੱਗਾ ਸੀ ਕਿ ਇੱਕ ਜਮਰਾਜ ਬਿਸ਼ਨ ਕੌਰ ਨੂੰ ਫੜ ਕੇ ਲਿਆ ਰਿਹਾ ਸੀ। ਸ਼ੇਰ ਸਿੰਘ ਖੜਾ ਹੋ ਕੇ ਬਿਸ਼ਨ ਕੌਰ ਦੀ ਕਿਸਮਤ ਦੇਖਣ ਲੱਗ ਪਿਆ। 
                     ਧਰਮਰਾਜ ਕੁਝ ਕੜਕ ਕੇ ਬੋਲਿਆ, " ਏ ਬਿਸ਼ਨ ਕੌਰ, ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ, ਕੁਝ  ਕਹਿਣਾ ਹੈ ਤਾਂ ਕਹਿ " ਬਿਸ਼ਨ ਕੌਰ ਡਰਦੀ ਡਰਦੀ ਬੋਲੀ, ਮਹਾਰਾਜ ! ਮੈਂ ਤਾਂ ਸਾਰੀ ਉਮਰ ਨਾਮ ਜਪਿਆ, ਗੁਰਦੁਆਰੇ ਵਿੱਚ ਸੇਵਾ ਕੀਤੀ, ਕਿੰਨੇ ਅਖੰਡਪਾਠ ਕਰਵਾਏ, ਫਿਰ ਮੈਨੂੰ ਇੰਨੀ ਸਜ਼ਾ ਕਿਓਂ ਜਦ ਕਿ ਸ਼ੇਰ ਸਿੰਘ ਨੇ ਕਦੇ ਗੁਰਦੁਆਰੇ ਵਲ ਮੂੰਹ ਹੀ ਨਹੀਂ ਕੀਤਾ।  ਫਿਰ ਵੀ  ਉਹ ਨੂੰ ਸਵਰਗਵਾਸ ਮਿਲ ਰਿਹਾ ਹੈ। " ਧਰਮ ਰਾਜ ਕ੍ਰੋਧ ਵਿਚ ਬੋਲਿਆ,  " ਤੂੰ ਕਿਸੇ ਨੂੰ ਜੀਵਨ ਦਾਨ ਤਾਂ ਕੀ ਦੇਣਾ ਸੀ, ਆਪਣੀਆਂ ਤਿੰਨਾਂ ਨੂੰਹਾਂ ਨੂੰ ਕੁੱਖ ਵਿੱਚ ਧੀਆਂ ਮਾਰਨ ਨੂੰ ਮਜ਼ਬੂਰ ਕੀਤਾ।  ਇਸ ਤੋਂ ਵੱਧ ਭੈੜਾ ਕੰਮ ਕੀ ਹੋ ਸਕਦਾ ਹੈ ? ਲੈ ਜਾਓ ਇਹਨੂੰ ਤੇ ਅਗਨ ਕੁੰਡ ਵਿਚ ਸੁੱਟ ਦਿਓ।  " ਚੀਖ ਚਿਹਾੜਾ ਪਾਉਂਦੀ ਬਿਸ਼ਨ ਕੌਰ ਅੱਖਾਂ ਤੋਂ ਉਹਲੇ ਹੋ ਗਈ। 
               ਸ਼ੇਰ ਸਿੰਘ ਦੀ ਅੱਖ ਖੁੱਲ ਗਈ, ਉਹ ਹਸਪਤਾਲ ਦੀ ਬੈਡ 'ਤੇ ਪਿਆ ਸੀ। ਉਹਦੇ ਕੋਲ ਉਹਦੀ ਪਤਨੀ ਸੁਰਜੀਤ ਕੌਰ ਅਤੇ ਸਾਰੇ ਮੁੰਡੇ ਕੁੜੀਆਂ ਖੜੇ ਸਨ। ਉਹਨਾਂ ਸਾਰਿਆਂ ਦੇ ਚੇਹਰੇ 'ਤੇ ਰੌਣਕ ਆ ਗਈ। ਸ਼ੇਰ ਸਿੰਘ ਹੈਰਾਨ ਹੋਇਆ ਆਲੇ ਦੁਆਲੇ ਦੇਖਣ ਲੱਗਾ ਤੇ  ਫਿਰ ਅਚਾਨਕ ਉੱਚੀ ਉੱਚੀ ਹੱਸਣ ਲੱਗ ਪਿਆ। 
ਗੁਰਮੇਲ ਸਿੰਘ ਭੰਵਰਾ 
ਯੂ ਕੇ 

ਲਿੰਕ 

1 comment:

  1. ਮੇਰੀ ਪਤਨੀ ਸਮਾਜਕ ਕੰਮਾ ਵਾਸਤੇ ਬਹੁਤ ਕੰਮ ਕਰਦੀ ਹੈ . ਇੱਕ ਦਿਨ ਉਸ ਨੇ ਕਮਿਨੀਟੀ ਸੈਂਟਰ ਵਿਚ ਅੰਗ ਦਾਨ ਲਈ ਜਨਾਨੀਆਂ ਨੂੰ ਇਹ ਲੀਫ੍ਲੇਟ ਦਿੱਤੇ ਅਤੇ ਅੰਗਦਾਨ ਲਈ ਫਾਰਮ ਭਰਨ ਵਾਸਤੇ ਆਪਣੀਆਂ ਜਨਾਨੀਆਂ ਨੂੰ ਬੇਨਤੀ ਕੀਤੀ .ਮੇਰੀ ਪਤਨੀ ਸਮਝਦੀ ਸੀ ਕੀ ਇਹ ਸਾਰੀਆਂ ਜਨਾਨੀਆਂ ਗੁਰਦੁਆਰੇ ਜਾਂਦੀਆਂ ਹਨ ਅਤੇ ਉਥੇ ਸੇਵਾ ਕਰਦੀਆਂ ਹਨ, ਇਸ ਲਈ ਉਹ ਇਸ ਨੇਕ ਕੰਮ ਵਿਚ ਜਰੁਰ ਭਾਗ ਲੈਣਗੀਆਂ ਲੇਕਿਨ ਇਸ ਦੇ ਉਲਟ ਜਨਾਨੀਆਂ ਨੇ ਦੂਜੇ ਪਾਸੇ ਮੁੰਹ ਕਰ ਲਿਆ .ਇੱਕ ਤਾਂ ਕਹਨ ਲੱਗੀ ਕੀ ਇਹ ਤਾਂ ਧਰਮ ਦੇ ਖਿਲਾਫ਼ ਹੈ .ਮਰਨ ਲੱਗੇ ਸਰੀਰ ਦੇ ਸਾਰੇ ਅੰਗ ਜਰੂਰੀ ਹੈ .ਗੱਲ ਕੀ ,ਇਸੇ ਨੇ ਭੀ ਫਾਰਮਨਹੀਂ ਭਰਿਆ . ਸਾਨੂੰ ਪਤਾ ਹੈ ਕੀ ਸਾਡੇ ਕਿੰਨੇ ਲੋਕ ਅੰਗਾਂ ਦੀ ਉਡੀਕ ਵਿਚ ਹਨ . ਗੋਰੇ ਲੋਕ ਤਕਰੀਬਨ ਸਾਰੇ ਅੰਗਦਾਨ ਕਰਦੇ ਹਨ ਲੇਕਿਨ ਸਾਡੇ ਲੋਕ ਅੱਗੇ ਨਹੀਂ ਆਉਂਦੇ ਹਾਲਾਕਿ ਜਦ ਇਹਨਾਂ ਲੋਕਾਂ ਨੂੰ ਕਿਡਨੀ ਜਾਂ ਕਿਸੇ ਹੋਰ ਅੰਗ ਦੀ ਲੋੜ ਹੁੰਦੀ ਹੈ ,ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਹਨ .ਇਹੀ ਕਰਨ ਸੀ ਇਸ ਕਹਾਣੀ ਰਾਹੀਂ ਲੋਕਾਂ ਨੂੰ ਸੁਨੇਹਾ ਦੇਣ ਦਾ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ