ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Dec 2017

ਚੇਤੇ ਹੋ ਗਈ ਓਹ (ਹਾਇਬਨ)

Image result for nature beautiful
ਝਲਾਂਘ ਤੜਕਾ ਸੀ। ਪੂਰਣ ਖਿੜਾਉ ਦਾ ਵੇਲ਼ਾ। ਸੰਘਣੀਆਂ ਝਿੜੀਆਂ 'ਚੋਂ ਨਿੱਕੀਆਂ ਰੰਗੀਨ ਚਿੜੀਆਂ ਆਪਣੀ ਸੁਰੀਲੀ ਚਹਿਕ ਨਾਲ ਚੜ੍ਹਦੀ ਟਿੱਕੀ ਦੀ ਆਮਦ ਦੀ ਹਾਮੀ ਭਰ ਰਹੀਆਂ ਸਨ। ਹੁਣ ਪੱਤਿਆਂ 'ਚੋਂ ਝਰਦੀ ਸਰਘੀ ਦੀ ਸੁਰਖ਼ ਲੋਅ ਅੰਬਰ 'ਤੇ ਲਾਲਗੀ ਦੀ ਭਾਅ ਮਾਰਨ ਲੱਗੀ ਸੀ। ਦੂਰੋਂ ਉਡਾਰੀ ਮਾਰ ਆਏ ਵੰਨ ਸਵੰਨੇ ਪਰਿੰਦੇ ਮੇਰੇ ਵਿਹੜੇ ਖਿਲਾਰੀ ਚੋਗ ਚੁੱਗਦੇ ਕੋਈ ਜਸ਼ਨ ਮਨਾਉਂਦੇ ਜਾਪ ਰਹੇ ਸਨ। ਲੱਗਭੱਗ ਦੋ ਦਹਾਕੇ ਪਹਿਲਾਂ ਜੁੜੀਆਂ ਮੇਰੀਆਂ ਯਾਦਾਂ ਦਾ ਝੁਰਮਟ ਅੱਜ ਖੁਸ਼ਬੂ ਲੱਦੀਆਂ ਪੌਣਾਂ ਸੰਗ ਕਿਣਮਿਣ ਕਣੀਆਂ ਵਾਂਗਰ ਝਰਨ ਲਈ ਕਾਹਲਾ ਪੈ ਰਿਹਾ ਸੀ। 
         ਸੰਦਲੀ ਰੁੱਤੇ ਰੰਗ ਪਰੰਗ ਲੱਗੀ ਪੱਤਿਆਂ ਦੀ ਛਹਿਬਰ ਅੱਜ ਮੈਨੂੰ ਕਿਸੇ ਸਰਬ -ਸਾਥ ਦਾ ਅਹਿਸਾਸ ਕਰਵਾ ਰਹੀ ਸੀ। ਮੇਰੀ ਬਗ਼ੀਚੀ ਲੱਗਾ ਹਰ ਬੂਟਾ ਤੇ ਹਰ ਫ਼ੁੱਲ ਕਿਸੇ ਨਿਵੇਕਲੀ ਜਿਹੀ ਸੁਗੰਧ ਦੀ ਕੋਈ ਬਾਤ ਪਾਉਂਦਾ ਜਾਪ ਰਾਹ ਸੀ। ਮੇਰੀ ਯਾਦਾਂ ਦੀ ਛੱਤੀ ਸਬਾਤ 'ਚੋਂ ਪੋਲੇ ਪੈਰੀਂ ਬਾਹਰ ਨਿਕਲ ਉਹ ਮੇਰੇ ਸਾਹਮਣੇ ਆਣ ਖਲੋਈ ਸੀ, " ਸਤਿ ਸ਼੍ਰੀ ਅਕਾਲ! ਐਨੇ ਸਾਲਾਂ ਬਾਦ ਮੈਂ ਤੈਨੂੰ ਅਜੇ ਵੀ ਯਾਦ ਹਾਂ।" ਉਸ ਦੇ ਮੁਸਕਰਾਉਂਦੇ ਬੋਲ ਹਵਾਵਾਂ ਦੇ ਪਿੰਡੇ 'ਤੇ ਕੋਈ ਸੰਗੀਤਕ ਰੰਗਤ ਵਿਛਾ ਰਹੇ ਸਨ। ਹੁਣ ਮੈਂ ਓਨਾ ਪਲਾਂ ਦੇ ਅੰਗ ਸੰਗ ਹੋ ਤੁਰੀ ਜਦੋਂ ਮੈਂ ਉਸੇ ਸੰਸਥਾ 'ਚ ਕਾਰਜ ਸੰਭਾਲਿਆ ਸੀ ਜਿੱਥੇ ਉਹ ਚਿਰਾਂ ਤੋਂ ਕਾਰਜਸ਼ੀਲ ਸੀ। ਤ੍ਰੇਲ ਤੁਪਕਿਆਂ ਦੀ ਸੁੱਚਮਤਾ ਦੇ ਨਜ਼ਾਰੇ ਜਿਹਾ ਕੁਝ ਸਮਾਂ ਅਸੀਂ ਸੰਗ ਬਿਤਾਇਆ ਸੀ । ਪਰ ਓਦੋਂ ਮੇਰਾ ਆਗ਼ਾਜ਼ ਸੀ ਤੇ ਉਸ ਦਾ ਸੇਵਾ ਮੁਕਤ ਹੋਣ ਲਈ ਪਰਵਾਜ਼।ਵਿਦਾਇਗੀ ਸਮਾਰੋਹ 'ਤੇ ਉਸ ਦੇ ਹੀ ਸੁਰਖ਼ ਰੰਗਾਂ ਦੀ ਦਿਲਕਸ਼ੀ ਨੂੰ ਆਪਣਾ ਹਾਸਿਲ ਬਣਾ ਮੈਂ ਆਪਣੇ ਭਾਵ ਉਸ ਨੂੰ ਅਰਪਿਤ ਕੀਤੇ ਸਨ। ਉਸ ਦੇ ਅਚਿੰਤੇ ਬੋਲ ਮੈਨੂੰ ਦੁਆਵਾਂ ਦੇ ਗਏ,"ਸਾਇੰਸ ਵਾਲ਼ੇ ਤਾਂ ਖੁਸ਼ਕ ਜਿਹੇ ਹੁੰਦੇ ਨੇ। ਅਜਿਹੀ ਮਖ਼ਮਲੀ ਛੋਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ। ਤੂੰ ਬਹੁਤ ਸੋਹਣਾ ਲਿਖ ਸਕਦੀ ਏਂ।" ਕੁਝ ਅਰਸੇ ਬਾਅਦ ਜਦੋਂ ਮੇਰੀ ਧੀ ਮੇਰੇ ਘਰ ਦਾ ਭਾਗ ਬਣੀ ਤਾਂ ਸਿਰ ਪਲੋਸਣ ਆਈ ਉਹ ਸ਼ਬਦ ਸਿਰਜਣਾ ਦਾ ਬਾਣ ਸ਼ਾਇਦ ਸਾਡੀਆਂ ਤਲੀਆਂ 'ਤੇ ਧਰ ਗਈ ਸੀ ,"ਧੀ ਤਾਂ ਸਿਰਜਣਾ ਹੁੰਦੀ ਏ, ਕਦੇ ਖ਼ਾਬਾਂ ਤੇ ਖ਼ਿਆਲਾਂ ਦੀ ਤੇ ਕਦੇ ਸੁਹਜ ਤੇ ਕਲਾਵਾਂ ਦੀ। ਮਾਂ ਦੇ ਹਰ ਦੁੱਖ ਸੁੱਖ ਦੀ ਸਾਂਝੀਦਾਰ।" ਤੇ ਫੇਰ ਉਹ ਆਪਣੇ ਹਿੱਸੇ ਦੀ ਮਹਿਕ ਖਿਲਾਰ ਜ਼ਿੰਦਗੀ ਸੰਗ ਕੀਤੇ ਕੁਝ ਵਾਅਦੇ ਨਿਭਾਉਣ ਦੁਰੇਡੇ ਰਾਹਾਂ ਦੀ ਪਾਂਧੀ ਬਣ ਗਈ ਸੀ। ਫੇਰ ਸਾਡੀ ਕਦੇ ਮੁਲਾਕਾਤ ਨਹੀਂ ਹੋਈ ਸੀ। 
      ਕਹਿੰਦੇ ਨੇ ਕਿ ਜ਼ਿੰਦਗੀ ਦਾ ਬੇਤਰਤੀਬ ਖਿਲਾਰਾ ਸਾਨੂੰ ਕਰਮਯੋਗੀ ਬਣਾ ਆਪਣੇ ਹੀ ਅੰਦਾਜ਼ 'ਚ ਨਿਰੰਤਰ ਤੋਰੀ ਰੱਖਦਾ ਹੈ। ਅਦਿੱਖ ਮੰਜ਼ਿਲਾਂ ਦੇ ਸਿਰਨਾਵੇਂ ਸਰ ਕਰਦਿਆਂ ਉਸ ਨੂੰ ਮੁੜ ਕਦੇ ਚਿਤਵਿਆ ਨਹੀਂ ਸੀ ਸਗੋਂ ਅਵਚੇਤਨ ਹੀ ਉਹ ਚੇਤੇ ਹੋ ਗਈ ਸੀ। ਉਸ ਵੱਲੋਂ ਮਿਲਿਆ ਅਪਣੱਤ ਦਾ ਸੰਧਾਰਾ ਮੇਟ ਗਿਆ ਸੀ ਸਾਡੀਆਂ ਉਮਰਾਂ ਦੀਆਂ ਵਿੱਥਾਂ । ਮੋਹ ਭਿੱਜੀ ਗਲਵਕੜੀ ਪਾਈ ਸੀ ਕਦੇ ਉਸ ਮੇਰੇ ਹਰਫ਼ਾਂ। ਸਾਹਿਤ ਦੇ ਅੰਗ ਸੰਗ ਵਿਚਰਦਿਆਂ ਉਸ ਦੇ ਬੋਲਾਂ 'ਚ ਨਜ਼ਮ ਜਿਹੀ ਰਵਾਨੀ ਹੁੰਦੀ। ਉਸ ਦੀਆਂ ਗੱਲਾਂ ਕਿਸੇ ਸਾਹਿਤਕ ਵਾਰਤਾ ਦਾ ਭੁਲੇਖਾ ਪਾਉਂਦੀਆਂ। ਉਸ ਦੇ ਸ਼ਬਦਾਂ 'ਚ ਐਨੀ ਲੈਅ ਹੁੰਦੀ ਕਿ ਕਦੇ ਉਹ ਮੈਨੂੰ ਗਾਉਂਦੀ ਜਾਪਦੀ ਤੇ ਮੈਂ ਉਸ ਨੂੰ ਕੰਨਾਂ ਨਾਲ ਵੇਖਦੀ।ਉਹ ਕਿਸੇ ਕਵਿਤਾ ਵਾਂਗਰ ਅਵੇਸ਼ਾਂ ਦੇ ਝਰਨੇ 'ਚ ਗੂੜ੍ਹ ਰਹੱਸਾਂ ਨੂੰ ਬੰਨਦੀ ਤੁਰੀ ਆਉਂਦੀ ਤੇ ਕਦੇ ਦਲੀਲ ਨਾਲ ਰਹੱਸਾਂ ਨੂੰ ਬਿਆਨਦੀ। 
          ਉਸ ਦੇ ਅਦਬੀ ਬੋਲਾਂ ਦੀ ਵਫ਼ਾ ਪਾਲ਼ਦਿਆਂ ਆਪੇ ਦੀ ਖੋਜ ਕਰਦੀ ਹੁਣ ਮੈਂ ਨਿੱਤ ਹੁੰਦੀ ਹਾਂ ਖੁਦ ਆਪਣੇ ਹੀ ਰੂਬਰੂ । ਉਸ ਦੀਆਂ ਦੁਆਵਾਂ ਸਦਕਾ ਹੁਣ ਮੇਰੇ ਹਰਫ਼ ਮੇਰਾ ਸੰਗ ਮਾਣਦੇ ਨੇ। ਅੱਜ ਮੈਂ ਅਹਿਸਾਸਾਂ ਨੂੰ ਅਲਫਾਜ਼ਾਂ 'ਚ ਢਾਲ਼ ਕੋਰੇ ਵਰਕਿਆਂ 'ਤੇ ਉਕਰ ਆਪਣੀਆਂ ਸਿਮਰਤੀਆਂ ਦੇ ਨਾਵੇਂ ਚੇਤਿਆਂ ਦੀ ਤਸ਼ਬੀਹ ਧਰਨ ਜੋਗੀ ਹੋ ਗਈ ਹਾਂ। ਸੁੱਚੇ ਸਦੀਵੀ ਰਿਸ਼ਤਿਆਂ ਦਾ ਸਿਰਨਾਵਾਂ ਭਾਲਦੀ ਅੱਜ ਮੈਂ ਜਾ ਅੱਪੜੀ ਸੀ ਉਸ ਦੇ ਵਿਹੜੇ ਆਪਣੇ ਬੋਲਾਂ ਦੇ ਵੇਗ ਨਾਲ਼। ਚਿਰਾਂ ਬਾਦ ਹੋਈ ਉਸ ਨਾਲ ਫ਼ੋਨ ਵਾਰਤਾ ਦੇ ਗਈ ਸੀ ਸੁਪਨ ਹੁਲਾਰ ਤੇ ਉਸੇ ਤਰਾਂ ਬਰਕਰਾਰ ਸੀ ਉਸ ਦੇ ਬੋਲਾਂ ਦੀ ਟੁਣਕਾਰ। ਉਸ ਨੇ ਮੇਰੇ ਸੱਜਰੇ ਹਰਫ਼ਾਂ ਦੀ ਅਕੀਦਤ ਨੂੰ ਮੱਥੇ ਨਾਲ਼ ਲਾ ਸ਼ਗਨਾਂ ਦਾ ਤੇਲ ਚੋਇਆ ," ਜਿੱਥੇ ਤੇਰੀ ਸੋਚ ਤੇ ਕਲਪਨਾ ਦੀ ਉਡਾਰੀ ਪਹੁੰਚ ਗਈ ਮੈਂ ਤਾਂ ਉਸ ਤੋਂ ਉਰੇ ਹੀ ਖੜ੍ਹੀ ਹਾਂ। ਤੈਨੂੰ ਮੇਰੀ ਮੋਹਰ ਦੀ ਲੋੜ ਨਹੀਂ। ਤੇਰੇ ਹਰਫ਼ਾਂ ਨਾਲ ਮਨ ਖਿੜ ਜਾਂਦਾ ਤੇ ਸਿਰ ਝੁਕ ਜਾਂਦਾ। ਆਪਣੇ ਸ਼ਬਦਾਂ ਦੀ ਸਾਂਝ ਮੇਰੇ ਨਾਲ ਪਾਉਂਦੀ ਰਹੀਂ ਤੂੰ। "
       ਹੁਣ ਤੱਕ ਸੂਰਜ ਨੇ ਆਪਣੇ ਚਾਨਣ ਦੀ ਬੁੱਕਲ 'ਚ ਚੁਫ਼ੇਰੇ ਨੂੰ ਲੈ ਲਿਆ ਸੀ। ਸੰਤਰੀ ਲਿਸ਼ਕੋਰ 'ਚ ਚਮਕੀਲੀ ਭਾਅ ਮਾਰਦੀਆਂ ਬੱਦਲੀਆਂ ਇਓਂ ਲੱਗ ਰਹੀਆਂ ਸਨ ਜਿਵੇਂ ਸੁਹੱਪਣ ਦੀਆਂ ਮਤਾਬੀਆਂ ਜਗ ਰਹੀਆਂ ਹੋਣ। ਮੈਨੂੰ ਲੱਗਾ ਕਿ ਜਿਵੇਂ ਉਹ ਰੇਸ਼ਮੀ ਦੁੱਪਟੇ ਸੰਗ ਚਾਂਦੀ ਰੰਗੇ ਵਾਲ਼ਾਂ ਨੂੰ ਸੰਵਾਰਦੀ ਅੱਜ ਮੇਰੇ ਵਿਹੜੇ ਦੀ ਮਹਿਕੀਲੀ ਫਿਜ਼ਾ 'ਚ ਆਪਣੇ ਸੁੱਚੜੇ ਬੋਲਾਂ ਨਾਲ ਕੋਈ ਇਲਾਹੀ ਨਾਦ ਛੇੜ ਰਹੀ ਹੋਵੇ। 
  
ਫੋਨ ਹੁੰਗਾਰੇ 
ਸੁੱਚੇ ਬੋਲ ਟੁਣਕੇ 
ਚੇਤੇ ਉਭਾਰੇ। 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ। 
 ਲਿੰਕ 1              ਲਿੰਕ 2

1 comment:

  1. ਗੁਲਕੰਦ ਨਾਲੋਂ ਮਿੱਠੀ 'ਤੇ ਗੁਣਕਾਰੀ,ਇਹ ਹੈ ਮੋਹ ਭਰੇ ਰਿਸ਼ਤੇ ਦੀ ਸੁੰਦਰ ਕਹਾਣੀ,ਜੋ ਆਪਣੇ ਖ਼ਾਸ ਅੰਦਾਜ਼ ਵਿਚ,ਡਾ ਹਰਦੀਪ ਕੌਰ ਸੰਧੂ ਹੋਰਾਂ ਨੇ ਮਨ ਦੇ ਭਾਵਾਂ ਨੂੰ ਸੁੱਚੇ ਮੋਤੀਆਂ ਵਰਗੇ ਸ਼ਬਦਾਂ ਰਾਹੀਂ ਅਭਿਵਿਅਕਤ ਕੀਤਾ ਹੈ। ਮੁਬਾਰਕ ਪਹੁੰਚੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ