ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2018

ਗਲ਼ੀ ਨੰਬਰ 1 (ਮਿੰਨੀ ਕਹਾਣੀ)

Related image
ਸ਼ਹਿਰ ਦੀ ਜੂਹ 'ਤੇ ਉਸ ਦੀ ਪੁਸ਼ਤੈਨੀ ਥਾਂ ਸੀ। ਅੱਧੀ ਸਦੀ ਪਹਿਲਾਂ ਜਦੋਂ ਉਸ ਦੇ ਦਾਦੇ ਨੇ ਰੇਲਵੇ ਪਟੜੀ ਦੇ ਨਾਲ਼ ਲੱਗਦੀ ਇਹ ਥਾਂ ਖਰੀਦੀ ਸੀ ਤਾਂ ਇਹ ਡੂੰਘੇ ਖਤਾਨਾਂ ਜਿਹੀ ਲੱਗਦੀ ਸੀ। ਲੱਗਭੱਗ ਚਾਰ ਦਹਾਕੇ ਪਹਿਲਾਂ ਉਸ ਦੇ ਪਿਓ ਨੇ ਆਪਣੇ ਭਰਾਵਾਂ ਨਾਲ਼ ਰਲ਼ ਇਨ੍ਹਾਂ ਖਤਾਨਾਂ ਨੂੰ ਆਬਾਦ ਕਰ ਲਿਆ ਸੀ। ਹੁਣ ਇਹ ਬੇਅਬਾਦ ਖਤਾਨ ਉਸ ਸ਼ਹਿਰ ਦੀ ਸੰਪਤੀ ਵਿੱਚ ਗੋਬਿੰਦ ਕਲੋਨੀ ਗਲ਼ੀ ਨੰਬਰ 1 ਵਜੋਂ ਦਰਜ ਹੋ ਗਏ ਸਨ। ਸਹਿਜ ਲੰਘਦੇ ਸਮੇਂ ਦੇ ਨਾਲ਼ ਨਾਲ਼ ਇਹ ਗਲ਼ੀ ਨੰਬਰ 1 ਉਸ ਨੂੰ ਬੀਤੇ ਇਤਿਹਾਸ ਦੇ ਦਸਤਾਵੇਜ਼ ਜਿਹੀ ਲੱਗਣ ਲੱਗੀ ਜੋ ਉਸ ਨੇ ਇਸ ਗਲ਼ੀ ਦੇ ਅੰਗ ਸੰਗ ਆਪਣੇ ਪਿੰਡੇ 'ਤੇ ਹੰਢਾਇਆ ਸੀ। ਹੁਣ ਇਹ ਮਹਿਜ਼ ਕੋਈ  ਗਲ਼ੀ ਨੰਬਰ ਹੀ ਨਹੀਂ ਸੀ ਸਗੋਂ ਇਹ ਹਿੰਦਸਾ ਇੱਥੋਂ ਦੇ ਬਸ਼ਿੰਦਿਆਂ ਦੇ ਜੀਵਨ ਦਾ ਦਿਸਹੱਦਾ ਬਣ ਕੇ ਉਨ੍ਹਾਂ ਨੂੰ ਨਿੱਤ ਨਵੀਂ ਸੇਧ ਦੇਣ ਲੱਗਾ ਸੀ । 
           ਸਮਾਂ ਬਦਲਿਆ ਲੋਕ ਬਦਲੇ। ਕਹੀਂ ਕੀ ਈਂਟ ਕਹੀਂ ਕਾ ਰੋੜਾ ਭਾਨੂੰਮਤੀ ਨੇ ਕੁਨਬਾ ਜੋੜਾ। ਏਸ ਮੁਹੱਲੇ ਦੀ ਜੂਹ ਤੋਂ ਬਾਹਰ ਪਏ ਇੱਕ ਬੇਅਬਾਦ ਥਾਂ 'ਤੇ ਇੱਕ ਨਵਾਂ ਕੁਨਬਾ ਆਣ ਵੱਸਿਆ। ਏਸ ਕੁਨਬੇ ਦਾ ਆਪਣਾ ਇੱਕ ਵੱਖਰਾ ਨਾਂ ਸੀ ਤੇ ਵਜੂਦ ਸੀ। ਜੰਮ ਜੰਮ ਵਸੇ ਇਹ ਕੁਨਬਾ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਸੀ। ਪਰ ਨਵੇਂ ਆਏ ਪ੍ਰਾਹੁਣਿਆਂ ਨੇ ਭਾਈਚਾਰੇ ਦੀ ਸਾਂਝ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕਰ ਦਿੱਤਾ। ਹੌਲ਼ੀ ਹੌਲ਼ੀ ਏਸ ਕੁਨਬੇ ਦੇ ਬਸ਼ਿੰਦੇ ਪਹਿਲਾਂ ਤਾਂ ਗਲ਼ੀ ਨੰਬਰ 1 ਦੇ ਵਜੂਦ 'ਤੇ ਅੰਦਰੋਂ ਅੰਦਰੀਂ ਕਾਬਜ਼ ਹੁੰਦੇ ਗਏ ਤੇ ਫੇਰ ਉਨ੍ਹਾਂ ਦਿਨ ਦਿਹਾੜੇ ਹੀ ਡਾਕਾ ਮਾਰ ਲਿਆ। ਗਲ਼ੀ ਨੰਬਰ 1 ਦੀ ਤਖ਼ਤੀ ਆਪਣੀ ਗਲ਼ੀ ਤੇ ਬੂਹਿਆਂ ਮੂਹਰੇ ਲਿਆ ਲਟਕਾਈ ਓਸ ਪੁਰਾਣੇ ਵੱਸਦੇ ਮੁਹੱਲੇ ਦੇ ਇੱਕ ਹਿੱਸੇ ਵਜੋਂ। ਬਿਨਾਂ ਕਿਸੇ ਯੋਗ ਕਾਗਜ਼ੀ ਕਾਰਵਾਈ ਜਾਂ ਕਿਸੇ ਦੀ ਸਹਿਮਤੀ ਲਿਆਂ। ਹੁਣ ਇੱਕੋ ਮੁਹੱਲੇ ਦੀਆਂ ਦੋ ਗਲ਼ੀਆਂ ਗਲ਼ੀ ਨੰਬਰ 1 ਬਣੀਆਂ ਦਿਖਾਈ ਦੇ ਰਹੀਆਂ ਨੇ। ਹਰ ਰਾਹਗੀਰ ਇੱਥੋਂ ਤੱਕ ਕਿ ਮੁਹੱਲੇ ਦੇ ਡਾਕੀਏ ਨੂੰ ਵੀ ਹੁਣ ਵਾਜਬ ਪਤਾ ਨਹੀਂ ਲੱਭਦਾ। ਉਸ ਦੇ ਦਿਲ ਦੀ ਤਖ਼ਤੀ 'ਤੇ ਉਕਰੇ ਏਸ ਹਿੰਦਸੇ ਨੂੰ ਤਾਂ ਕੋਈ ਅਜੇ ਤੱਕ ਮਿਟਾ ਨਹੀਂ ਸਕਿਆ ਤੇ ਨਾ ਹੀ ਭਵਿੱਖ 'ਚ ਕੋਈ ਮਿਟਾ ਸਕੇਗਾ ਪਰ ਹਕੀਕਤ 'ਚ ਅੱਜ ਖ਼ਾਲਸ ਗਲ਼ੀ ਨੰਬਰ 1 ਕਿਧਰੇ ਗੁਆਚ ਗਈ ਹੈ। 
ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 385 ਵਾਰ ਪੜ੍ਹੀ ਗਈ ਹੈ। 

*ਮਿੰਨੀ ਕਹਾਣੀ ਸੰਗ੍ਰਹਿ 'ਚੋਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ