ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Apr 2018

ਮਨਫ਼ੀ ਰੂਹ (ਮਿੰਨੀ ਕਹਾਣੀ) -

Image result for sad young girl sketch
ਉਹ ਮਸੀਂ ਤੇਰਾਂ ਕੁ ਵਰ੍ਹਿਆਂ ਦੀ ਹੋਵੇਗੀ ਜਦੋਂ ਉਸ ਦੇ ਪਿਓ ਦੀ ਮੌਤ ਹੋ ਗਈ। ਉਹ ਬਿਲਕੁਲ ਹੀ ਰੋਈ ਨਹੀਂ ਸੀ। ਸਭ ਨੇ ਸੋਚਿਆ ਕਿ ਉਹ ਆਪਣੇ ਪਿਓ ਵਰਗੀ ਹੀ ਹੈ ਹਿੰਮਤੀ ਤੇ ਖੁਸ਼ਦਿਲ। ਟੱਬਰ ਦੇ ਜੀਆਂ ਨੇ ਆਪਣੀ ਆਪਣੀ ਪੀੜ ਨੂੰ ਆਪਣੇ ਅੰਦਰ ਹੀ ਸਮੋਈ ਰੱਖਿਆ। ਤੁਰ ਜਾਣ ਵਾਲ਼ੇ ਨੂੰ ਆਪਣੇ ਮਨਾਂ 'ਚ ਤਾਂ ਵਸਾਈ ਬੈਠੇ ਰਹੇ ਪਰ ਉਸ ਦਾ ਜ਼ਿਕਰ ਇੱਕ ਦੂਜੇ ਸਾਹਮਣੇ ਕਦੇ ਨਾ ਕੀਤਾ। ਘਰ 'ਚੋਂ ਉਸ ਦੀ ਰੂਹ ਆਤਮਿਕ ਤੌਰ 'ਤੇ ਮਨਫ਼ੀ ਨਾ ਹੋ ਕੇ ਵੀ ਮਨਫ਼ੀ ਹੁੰਦੀ ਗਈ । 
ਸਮੇਂ ਦੇ ਵਹਾਓ ਨਾਲ਼ ਉਹ ਹੌਲ਼ੀ ਹੌਲ਼ੀ ਅੰਦਰੋਂ ਅੰਦਰੀਂ ਭੁਰਦੀ ਗਈ। ਅਸਥਿਰ ਹੋਈ ਮਨੋਦਸ਼ਾ ਨੇ ਉਸ ਦੇ ਸਵੈ ਨਿਯੰਤ੍ਰਣ ਨੂੰ ਕਮਜ਼ੋਰ ਕਰ ਦਿੱਤਾ। ਚੂਰ ਚੂਰ ਹੋਏ ਆਤਮਵਿਸ਼ਵਾਸ ਨੇ ਕਿਸੇ ਵੀ ਕਾਰਜ ਨੂੰ ਆਰੰਭਣ ਤੋਂ ਪਹਿਲਾਂ ਹੀ ਹਾਰ ਮੰਨ ਲਈ। ਚੁਫ਼ੇਰੇ ਪਸਰੀ ਬੇਭਰੋਸਗੀ ਤੇ ਅਨਿਸ਼ਚਿਤਤਾ ਨੇ ਐਨਾ ਦੁਰਬਲ ਕਰ ਦਿੱਤਾ ਕਿ ਉਸ ਨੇ ਆਪਣੇ ਆਪੇ ਨੂੰ ਕਿਸੇ ਕਾਲ ਕੋਠੜੀ 'ਚ ਬੰਦ ਕਰ ਲਿਆ। 
ਉਸ ਦੇ ਡਿੱਗੇ ਮਨੋਬਲ ਨੂੰ ਠੁੰਮ੍ਹਣਾ ਦੇਣ ਲਈ ਮਨੋ -ਚਿਕਿਤਸਕ ਨੇ ਉਸ ਦੀ ਮਾਂ ਨੂੰ ਸਲਾਹ ਦਿੱਤੀ," ਟੱਬਰ ਨੂੰ ਰਲ਼ ਕੇ ਗੱਲਾਂ ਰਾਹੀਂ ਉਸ ਦੇ ਪਾਪਾ ਨੂੰ ਘਰ ਵਿੱਚ ਮੁੜ ਜੀਵੰਤ ਕਰਨਾ ਪਵੇਗਾ।" 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 120 ਵਾਰ ਪੜ੍ਹੀ ਗਈ ਹੈ। 
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ