ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Jun 2018

ਮੇਰੀ ਹੂਕ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for a loud weep sketch
ਘਰ ਤੇ ਵਿਹੜਾ ਉਦਾਸ ਸੀ। ਹਰ ਰੰਗ ਫਿੱਕਾ ਫਿੱਕਾ ਬੇਰੰਗ ਜਿਹਾ ਜਾਪ ਰਿਹਾ ਸੀ। ਟੱਬਰ ਦੇ ਜੀਅ ਮਨ ਮਸੋਸੀ ਸਹਿਮੇ ਸਹਿਮੇ ਜਿਹੇ ਦਿਖਾਈ ਦੇ ਰਹੇ ਸਨ। ਅੱਜ ਘਰੋਂ ਉਹ ਫ਼ੇਰ ਲਾਪਤਾ ਹੋ ਗਏ ਸਨ।ਜਾਣ ਲੱਗੇ ਮਾਂ ਨੂੰ ਵੀ ਆਪਣਾ ਕੋਈ ਥੌਹ ਟਿਕਾਣਾ ਨਹੀਂ ਦੱਸ ਕੇ ਗਏ। ਨਿੱਤ ਉਡੀਕ ਦਾ ਦਿਨ ਚੜ੍ਹਦਾ ਤੇ ਉਦਾਸੀ 'ਚ ਅਸਤ ਹੋ ਜਾਂਦਾ। ਪ੍ਰੇਸ਼ਾਨੀ ਦੇ ਆਲਮ 'ਚ ਮਾਂ ਸਾਡੇ ਤੋਂ ਹੰਝੂ ਲੁਕਾਉਂਦੀ ਪਾਪਾ ਦੇ ਘਰ ਪਰਤ ਆਉਣ ਦਾ ਦਿਲਾਸਾ ਦਿੰਦੀ ਮਨ ਹੀ ਮਨ ਅਰਦਾਸਾਂ ਕਰਦੀ ਜਾਪਦੀ।
 ......ਤੇ ਫ਼ੇਰ ਇੱਕ ਦਿਨ ਉਹ ਘਰ ਆ ਗਏ। ਅਸੀਂ ਮੋਹ ਭਿੱਜੇ ਗੁੱਸੇ ਦੀ ਬੁਸ਼ਾਰ ਕਰਦਿਆਂ ਭੱਜ ਕੇ ਜਾ ਗਲਵਕੜੀ ਪਾਈ, " ਤੁਸੀਂ ਕਿੱਥੇ ਗੁੰਮ ਹੋ ਗਏ ਸੀ ? ਅਸੀਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ।" ਪਰ ਓਸ ਰਾਤ ਖੌਫ਼ ਦੇ ਬੱਦਲ਼ ਦੁਬਾਰਾ ਮੰਡਰਾਉਣ ਲੱਗੇ ਜਦੋਂ ਉਹ ਕਾਲ਼ੇ ਪ੍ਰਛਾਵੇਂ ਪਾਪਾ ਨੂੰ ਫ਼ੇਰ ਲੈਣ ਆ ਗਏ। ਡਰ ਨਾਲ਼ ਸੁੰਨ ਖੜ੍ਹੀ ਦਾ ਮੇਰਾ ਤ੍ਰਾਹ ਨਿਕਲ਼ ਗਿਆ," ਮਾਂ ! ਮਾਂ ! ਪਾਪਾ ਨੂੰ ਕਿਤੇ ਲੁਕੋ ਲਵੋ, ਨਹੀਂ ਤਾਂ ਉਹ ਲੈ ਜਾਣਗੇ।" ਤ੍ਰਭਕ ਕੇ ਮੇਰੀ ਅੱਖ ਖੁੱਲ੍ਹ ਗਈ। ਮੈਂ ਮੁੜ੍ਹਕੇ ਨਾਲ਼ ਭਿੱਜੀ ਪਈ ਸਾਂ । ਪਾਪਾ ਤਾਂ ਏਸ ਜਹਾਨੋਂ ਕਈ ਵਰ੍ਹੇ ਪਹਿਲਾਂ ਰੁਖ਼ਸਤ ਹੋ ਚੁੱਕੇ ਸਨ। ਅੱਜ ਫ਼ੇਰ ਮੇਰੀ ਦਿਲੀ ਹੂਕ ਮੇਰੇ ਸਾਹਾਂ 'ਚ ਜਜ਼ਬ ਹੋਣ ਤੋਂ ਅਸਮਰੱਥ ਰਹਿ ਗਈ ਸੀ। ਇੱਕ ਠੰਡਾ ਹਾਉਕਾ ਭਰਦਿਆਂ ਮੈਂ  ਤਰਲ ਅੱਖਾਂ ਨਾਲ਼ ਧੁੰਦਲੀ ਜਿਹੀ ਛੱਤ ਵੱਲ ਹੁਣ ਅਪਲਕ ਨਿਹਾਰ ਰਹੀ ਸਾਂ । 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ