ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Jun 2018

ਰੰਗੀਨ ਖ਼ਿਜ਼ਾਂ (ਹਾਇਬਨ) ਡਾ. ਹਰਦੀਪ ਕੌਰ ਸੰਧੂ

Related image
ਪੱਤਝੜੀ ਰੁੱਤ ਦੇ ਘਸਮੈਲ਼ੇ ਜਿਹੇ ਦਿਨ ਸਨ । ਅਸਮਾਨ ਸਾਫ਼ ਸੀ ਪਰ ਸੁੰਨਾ ਸੁੰਨਾ ਜਿਹਾ ਵਿਖਾਈ ਦੇ ਰਿਹਾ ਸੀ।ਰੁੱਖਾਂ ਦੇ ਪੱਤੇ ਪੀਲੇ ਜ਼ਰਦ ਹੋ ਹੋ ਝੜ ਰਹੇ ਸਨ। ਖੁੱਲ੍ਹੀਆਂ ਤੇਜ਼ ਹਵਾਵਾਂ ਨੂੰ ਭੋਰਾ ਜਿੰਨੀ ਵੀ ਪ੍ਰਵਾਹ ਨਹੀਂ ਸੀ।ਇੱਕੋ ਥਾਂ ਨਾਲ਼ੋ ਨਾਲ਼ ਖਲ੍ਹੋਤੇ ਰੁੱਖ ਇੱਕ ਦੂਜੇ ਤੋਂ ਬਿਲਕੁਲ ਅਣਜਾਣ ਸਨ। ਵੇਖਣ ਨੂੰ ਸ਼ਾਂਤ ਪਰ ਅੰਦਰ ਘਮਸਾਣ।ਅਣਜਾਣ ਜਿਹੀ ਬਸਤੀ 'ਚ ਨਵੇਂ ਚਿਹਰਿਆਂ ਦੇ ਵਿਚਕਾਰ ਮੈਂ ਝਿਜਕਦਿਆਂ ਜਿਹੇ ਪੈਰ ਧਰਿਆ। ਮੇਰਾ ਭਮੱਤਰਿਆ ਜਿਹਾ ਚਿਹਰਾ ਵੇਖ ਕੇ ਇੱਕ ਗੰਭੀਰ ਪਰ ਅਪਣੱਤ ਭਰੀ ਆਵਾਜ਼ ਨੇ ਸਾਂਝ ਪਾਈ, " ਤੂੰ ਇੱਥੇ ਖੁਦ ਨੂੰ ਕਦੇ ਇੱਕਲੀ ਨਾ ਸਮਝੀਂ।" ਮੇਰੇ ਲਈ ਇਹ ਆਵਾਜ਼ ਓਨੀ ਹੀ ਅਣਜਾਣ ਸੀ ਜਿੰਨੀ ਮੈਂ ਉਸ ਵਾਸਤੇ।  
    ਕਹਿੰਦੇ ਨੇ ਕਿ ਕੁਝ ਵੀ ਅਚਾਨਕ ਨਹੀਂ ਹੁੰਦਾ। ਦੋ ਅਜਨਬੀ ਰਾਹਗੀਰਾਂ ਦੇ ਰਾਹਾਂ ਦਾ ਮੇਲ ਕੋਈ ਇਤਫ਼ਾਕੀਆ ਨਹੀਂ ਹੁੰਦਾ। ਇਸ ਮੇਲ਼ ਦੇ ਉਦੇਸ਼ ਦਾ ਪਤਾ ਹੋਣਾ ਵੀ ਲਾਜ਼ਮੀ ਨਹੀਂ ਪਰ ਅਜਿਹੇ ਸੁਭਾਗ ਤੋਂ ਪ੍ਰਾਪਤ ਪਲਾਂ 'ਚ ਵਿਗਸਣਾ ਜ਼ਰੂਰੀ ਹੈ। ਉਸ ਦੀ ਹਲੀਮੀ ਭਰੀ ਪਹਿਲੀ ਨਿੱਘੀ ਮਿਲਣੀ ਨੇ ਮੇਰਾ ਮਨ ਮੋਹ ਲਿਆ ਸੀ। ਉਹ ਬੜੇ ਹੀ ਖੁੱਲ੍ਹੇ ਤੇ ਹੱਸਮੁੱਖ ਸੁਭਾਅ ਵਾਲ਼ੀ ਸੀ। ਮਿਲਣਸਾਰ ਤੇ ਆਸ਼ਾਵਾਦੀ ਰੰਗਾਂ 'ਚ ਰੰਗੀ ਉਹ ਹਰ ਇੱਕ ਨੂੰ ਝੱਟ ਹੀ ਆਪਣੇ ਮੋਹ ਭਿੱਜੇ ਕਲਾਵੇ 'ਚ ਭਰ ਲੈਂਦੀ। ਕਦੇ ਕਦੇ ਉਹ ਮੈਨੂੰ ਕੋਈ ਰੰਗੀਨ ਫੁਵਾਰੇ ਜਿਹੀ ਲੱਗਦੀ ਜਿਸ ਦੇ ਸੀਤਲ ਛਿੱਟੇ ਮਨ ਨੂੰ ਪ੍ਰਫੁੱਲਿਤ ਕਰਦੇ।  
ਕਹਿੰਦੇ ਨੇ ਕਿ ਕਈ ਮਿਲਾਪ ਜ਼ਿੰਦਗੀ ਨੂੰ ਤਾਜ਼ਗੀ ਦੇਣ ਯੋਗ ਹੁੰਦੇ ਨੇ। ਹੁਣ ਨਿੱਤ ਦਿਨ ਮੈਨੂੰ ਅਕਾਸ਼ ਦਾ ਰੰਗ ਨਿਖਰਿਆ ਤੇ ਨੀਲਾ ਨੀਲਾ ਜਾਪਦਾ । ਸੂਰਜ ਦੀ ਪਹਿਲੀ ਰਿਸ਼ਮ ਦੇ ਨਾਲ਼ ਹੀ ਪੰਛੀਆਂ ਵਾਂਗ ਉਡਾਰੀ ਭਰਦਾ ਮੇਰਾ ਮਨ ਨਵੇਂ ਅੰਬਰਾਂ ਨੂੰ ਛੋਹਣ ਵਾਲ਼ੇ ਸਕੂਨਮਈ ਪਲਾਂ ਨੂੰ ਮਾਣਦਾ। ਉਸ ਨੂੰ ਮਿਲਣਾ ਮੈਨੂੰ ਮੇਰੇ ਬਚਪਨ ਦੇ ਵਿਹੜੇ ਲੈ ਉਤਰਿਆ ਸੀ ਜਿੱਥੇ ਕਿਸੇ ਦੇ ਸੁਹਜ ਦੀ ਪ੍ਰਸ਼ੰਸਾ ਕਰਨ ਦੇ ਹੁਨਰ ਦੀ ਭਰਮਾਰ ਸੀ। ਜੀਅ ਕਰ ਆਇਆ ਆਪਣੇ ਆਪੇ 'ਤੇ ਇੱਕ ਵਾਰ ਫ਼ੇਰ ਕਰਨ ਨੂੰ ਨਾਜ਼ ਜਦੋਂ ਮੇਰੀਆਂ ਮੁਸ਼ੱਕਤਾਂ ਦਾ ਮੁੱਲ ਪਾਉਂਦੀ ਉਸ ਲਿਆ ਧਰਿਆ ਸੀ ਮੇਰੇ ਸਿਰ ਮੁਹੱਬਤਾਂ ਦਾ ਤਾਜ਼।  
        ਨਿੱਜੀ ਮੁਫ਼ਾਦ ਤੋਂ ਉਪਰ ਉਠੀਆਂ ਸੁੱਚੀਆਂ ਰੂਹਾਂ ਵਿਰਲੀਆਂ ਹੀ ਹੁੰਦੀਆਂ ਨੇ ਜਿਨ੍ਹਾਂ ਦੀ ਸਾਂਝ ਉਮਰਾਂ ਨਾਲ ਨਿੱਭ ਜਾਣ ਵਾਲ਼ੀ ਹੁੰਦੀ ਹੈ। ਸ਼ਾਇਦ ਸਾਡੀ ਸਾਂਝ ਵੀ ਕੁਝ ਅਜਿਹੀ ਹੀ ਸੀ ਇੱਕ ਦੂਜੇ ਦੀਆਂ ਭਾਵਨਾਵਾਂ 'ਚ ਖੰਡ ਪਤਾਸਿਆਂ ਵਾਂਗ ਘੁਲ਼ ਜਾਣ ਵਾਲ਼ੀ। ਅੰਤਰੀਵੀ ਸੰਵਾਦ ਤੋਂ ਇੱਕਸੁਰਤਾ ਦੀ ਸਾਂਝ ਤੱਕ ਦਾ ਸਫ਼ਰ ਤੈਅ ਕਰਦੀ । ਲੱਗਦਾ ਸੀ ਕਿ ਜਿਵੇਂ ਅਸੀਂ ਦੋਵੇਂ ਇੱਕੋ ਹੀ ਕਿਸ਼ਤੀ ਚ ਸਵਾਰ ਹੋ ਇੱਕ ਦੂਜੇ ਦੀ ਪ੍ਰਤਿਭਾ ਚੋਂ ਪ੍ਰਤਿਭਾ ਤਲਾਸ਼ਦੇ ਹੋਈਏ। ਸੁਬਕ ਦਿਲਾਂ ਦੀ ਧੜਕਣ ਪਾਕ ਸ਼ਰਾਕਤ ਦੇ ਦੀਵੇ ਬਾਲ ਸੱਜਰੇ ਚਾਨਣ ਨਾਲ਼ ਕਿਸੇ ਨਵੇਕਲੀ ਸਾਂਝ ਦੀ ਆਮਦ ਦੀ ਹਾਮੀ ਭਰਨ ਲੱਗੀ। ਚੌਗਿਰਦੇ 'ਚ ਵਗਦੀਆਂ ਬੇਸਿਰ-ਪੈਰ ਕੋਝੀਆਂ ਹਵਾਵਾਂ ਦਾ ਬਖੀਆ ਖੁਦ ਬ ਖੁਦ ਉਧੜ ਗਿਆ ਸੀ ਤੇ ਉਥੋਂ ਦੀ ਮਹੀਨ ਖੂਬਸੂਰਤੀ ਰੂਪਮਾਨ ਹੋ ਗਈ ਸੀ। 
        ਕਿਸੇ ਦੇ ਚਾਵਾਂ ਨੂੰ ਝਾਲਰ ਲਾਉਣ ਤਾਂ ਕੋਈ ਉਸ ਤੋਂ ਸਿੱਖੇ। ਮੇਰੇ ਆਪਣੇ ਦਾਇਰੇ ਵਿੱਚ ਸੀਮਿਤ ਖੁਸ਼ੀਆਂ ਨੂੰ ਨਿੱਕੀਆਂ ਮਿੱਠੀਆਂ ਨਿਆਮਤਾਂ ਨਾਲ਼ ਉਸ ਨੇ ਬਹੁਰੰਗੀਆਂ ਬਣਾ ਦਿੱਤਾ। ਉਸ ਦਾ ਅਪਣਾਪਣ ਸਲਾਮਾਂ ਤੇ ਸਿਫ਼ਤਾਂ ਤੋਂ ਭਾਵੇਂ ਬੇਮੁਹਤਾਜ਼ ਸੀ ਪਰ ਮੱਲੋਮੱਲੀ ਇਸ ਦੀ ਇਬਾਦਤ ਕਰਨ ਨੂੰ ਜੀਅ ਕਰ ਆਉਂਦਾ । ਅਣਜਾਣ ਜਿਹੀਆਂ ਪੱਗਡੰਡੀਆਂ 'ਤੇ ਚੱਲਦਿਆਂ ਮੇਰੇ ਸਿਦਕ ਲਈ ਰਾਹ ਮੋਕਲ਼ਾ ਕਰਨ ਲਈ ਉਸ ਦਾ ਹਰ ਵਾਅਦਾ ਤੇ ਹਰ ਬੋਲ ਹਕੀਕਤ ਬਣਦਾ ਗਿਆ। ਇਓਂ ਲੱਗਦਾ ਸੀ ਕਿ ਉਸ ਦੀ ਸੋਬਤ 'ਚ ਜਿਵੇਂ ਪੱਤਝੜ 'ਚ ਵੀ ਬਹਾਰ ਲੱਥ ਗਈ ਹੋਵੇ। ਹੁਣ ਵਿਹੜੇ ਲੱਗੇ ਰੁੱਖ ਆਪਣੀ ਖੁਦੀ 'ਚੋਂ ਬਾਹਰ ਨਿਕਲ ਇੱਕ ਦੂਜੇ ਨੂੰ ਮੋਹ ਗਲਵੱਕੜੀਆਂ ਪਾਉਂਦੇ ਜਾਪਦੇ। ਕਿਧਰੇ ਰੰਗ ਵਟਾਉਂਦੇ ਪੱਤੇ ਸੂਹੇ ਰੰਗਾਂ ਦੀ ਹੱਟ ਸਜਾਈ ਬੈਠੇ ਲੱਗਦੇ ਤੇ ਕਿਧਰੇ ਇਨ੍ਹਾਂ ਸ਼ੋਖ ਰੰਗਾਂ ਦਾ ਜਲੌਅ ਮੇਰੇ ਆਪੇ ਨਾਲ਼ ਸੰਵਾਦ ਰਚਾਉਂਦਾ ਜਾਪਦਾ। 
ਰੰਗੀਨ ਖ਼ਿਜ਼ਾਂ 
ਪੱਤੇ ਪੱਤੇ ਖਿੜਿਆ 
ਰੰਗ ਮਜੀਠ।  
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ ਹੈ। 

7 comments:

 1. ਬਹੁਤ ਸੁੰਦਰ ਰਚਨਾ ਲਗੀ . ਪਤਝੜ ਚੋਂ ਬਹਾਰ ਨੂੰ ਢੂਂਡ ਲੈਣਾ ਆਪ ਦੀ ਲੇਖਣੀ ਦੀ ਖੂਬਸੂਰਤੀ ਹੈ .

  ReplyDelete
 2. ਮੇਰਾ ਨਿੱਜੀ ਵਿਚਾਰ: ਰੰਗੀਨ ਖ਼ਿਜ਼ਾਂ(ਹਾਇਬਨ) ਬਾਰੇ
  .
  ਸੰਸਾਰ ਵਿਚ ਹਰ ਚੀਜ਼,ਚਾਹੇ ਉਹ ਜੀਵ ਜੰਤੂ ਹੈ,ਬਨਸਪਤੀ ਜਾਂ ਬ੍ਰਹਿਮੰਡੀ ਊਰਜਾ ਹੈ, ਕਿਸੇ ਨਾ ਕਿਸੇ ਰੂਪ ਵਿਚ ਇੱਕ ਦੂਜੇ ਨਾਲ ਸੰਬੰਧ ਰੱਖਦੇ ਹਨ ਅਤੇ ਆਪਣੇ ਦਿੱਖ ਜਾਂ ਅਦਿੱਖ ਰੂਪ ਵਿਚ ਪ੍ਰਭਾਵ ਪਾਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਰੰਗ ਵੀ ਸਾਡੇ ਮਨ 'ਤੇ ਅਸਰ ਪਾਉਂਦੇ ਹਨ। ਇਹ ਪ੍ਰਭਾਵ ਨਿੱਜੀ, ਸਭਿਆਚਾਰਕ ਅਤੇ ਸਥਿਤੀ ਸੰਬੰਧੀ ਕਾਰਨਾਂ ਦੇ ਅਧੀਨ ਹੋ ਸਕਦੇ ਹਨ।ਇਸੇ ਲਈ ਇਨ੍ਹਾਂ ਨੂੰ ਇੱਕ ਸ਼ਕਤੀਸ਼ਾਲੀ ਸੰਚਾਰ ਸਾਧਨ ਵੀ ਮੰਨਿਆਂ ਜਾਂਦਾ ਹੈ,ਜੋ ਕਿਸੇ ਵੀ ਪ੍ਰਾਣੀ ਦੇ ਮੂਡ ਨੂੰ ਪ੍ਰਭਾਵਿਤ ਕਰਨ ਅਤੇ ਸਰੀਰਕ ਪ੍ਰਤੀ ਕਿਰਿਆਵਾਂ ਤੇ ਪ੍ਰਭਾਵ ਪਾਉਣ ਲਈ ਜੀਵਨ 'ਚੋਂ ਮਨਫ਼ੀ ਨਹੀਂ ਕੀਤੇ ਜਾ ਸਕਦੇ।
  .
  ਇਸ ਸੰਦਰਭ ਵਿਚ 'ਰੰਗੀਨ' ਖ਼ਿਜ਼ਾਂ (ਹਾਇਬਨ) ਵਿਚ ਆਏ ਰੰਗਾਂ ਨੂੰ ਇੱਕ ਥਾਂ 'ਤੇ ਇਕੱਠਾ ਕਰ ਕੇ ਦੇਖਦੇ ਹਾਂ ਕਿ ਇਨ੍ਹਾਂ ਦਾ ਲੇਖਕਾ ਦੇ ਮਨ ਨੇ ਕੀ ਅਸਰ ਕਬੂਲਿਆ?
  ਹਾਇਬਨ ਦੇ ਸ਼ੁਰੂ ਵਿਚ ਹੀ- - ' ਪਤਝੜੀ ਰੁੱਤ ਦੇ ਘਸਮੈਲ਼ੇ ਜਿਹੇ ਦਿਨ।- - ਰੁੱਖਾਂ ਦੇ ਪੱਤੇ ਪੀਲੇ ਜ਼ਰਦ- - ਮਿਲਣਸਾਰ ਤੇ ਆਸ਼ਾਵਾਦੀ ਰੰਗਾਂ 'ਚ ਰੰਗੀ- - ਰੰਗੀਨ ਫਵਾਰੇ ਜਿਹੀ ਲੱਗਦੀ- - ਨਿੱਤ ਦਿਨ ਮੈਨੂੰ ਅਕਾਸ਼ ਦਾ ਰੰਗ ਨਿੱਖਰਿਆ ਤੇ ਨੀਲਾ- ਨੀਲਾ ਜਾਪਦਾ।- - ਸੀਮਤ ਖ਼ੁਸ਼ੀਆਂ ਨੂੰ ਨਿੱਕੀਆਂ ਮਿੱਠੀਆਂ ਨਿਆਮਤਾਂ ਨਾਲ਼ ਉਸ ਨੇ ਬਹੁਰੰਗੀਆਂ ਬਣਾ ਦਿੱਤਾ।'
  .
  ਉਪਰੋਕਤ ਹਵਾਲਿਆਂ ਨੂੰ ਜੇ ਰੰਗਾਂ ਦੀ ਪ੍ਰਿਜ਼ਮ ਰਾਹੀ ਦੇਖਿਆ ਜਾਵੇ ਤਾਂ ਇਹ ਰੰਗਾਂ ਦਾ ਜਾਦੂ ਹੀ ਹੈ ਜਿਸ ਨੇ ਲੇਖਕਾ ਦੇ ਮਨ ਦੀ ਸਥਿਤੀ ਨੂੰ ਬਹੁਤ ਪ੍ਰਭਾਵਿਤ ਕਰ ਲਿਆ ਅਤੇ ਉਸ ਦੇ ਨਾਲ ਜਦੋਂ ਕਿਸੇ 'ਅਪਣੱਤ ਭਰੀ ਆਵਾਜ਼ ਨੇ ਸਾਂਝ ਪਾਈ, 'ਤੂੰ ਇੱਥੇ ਖ਼ੁਦ ਨੂੰ ਕਦੇ ਇਕੱਲੀ ਨਾ ਸਮਝੀਂ।' - ਸੁਣ ਕੇ ਉਸ ਪ੍ਰਤੀ ਆਪਣੇ ਵਿਚਾਰ ਆਸ਼ਾਵਾਦੀ ਸੱਚ ਵਿਚ ਬਦਲ ਗਏ ਅਤੇ ਉਹ ਇਹ ਕਹਿ ਉੱਠੀ, ‘ਕਿਧਰੇ ਰੰਗ ਵਟਾਉਂਦੇ ਪੱਤੇ ਸੂਹੇ ਰੰਗਾਂ ਦੀ ਹੱਟ ਸਜਾਈ ਬੈਠੇ ਲੱਗਦੇ ਤੇ ਕਿਧਰੇ ਇਨ੍ਹਾਂ ਸ਼ੋਖ਼ ਰੰਗਾਂ ਦਾ ਜਲੌ ਮੇਰੇ ਆਪੇ ਨਾਲ਼ ਸੰਵਾਦ ਰਚਾਉਂਦਾ ਜਾਪਦਾ।'
  .
  ਹਾਂ ਜੀ,ਜਦ ਖ਼ਿਜ਼ਾਂ ਦੇ ਰੁੰਡ-ਮੁੰਡ ਹੋਏ ਦਰਖਤਾਂ ਨੂੰ,ਆਪਣੇ ਬੁਝੇ ਮਨ ਨੂੰ ਕਿਸੇ ਦੀ ਹਮਦਰਦੀ ਦੇ ਦੋ ਬੋਲ ਮਿਲ ਜਾਣਾ,ਤਾਂ ਹਰ ਪਾਸਾ ਰੰਗ ਮਜੀਠ ਹੋਇਆ ਹੀ ਤਾਂ ਲੱਗਦਾ ਹੈ।
  .
  ਇਹ ਹਾਇਬਨ,ਮਨ ਵਿਚ ਇੱਕ ਆਸ ਦੀ ਕਿਰਨ ਜਗਾਉਂਦੀ ਅਤੇ ਸਕਾਰਾਤਮਿਕ ਬਦਲਾਅ ਨੂੰ ਦਰਸਾਉਂਦੀ,ਬਹੁਤ ਹੀ ਵਧੀਆਂ ਲਿਖਤ ਹੈ, ਜਿਸ ਲਈ ਮੈਂ ਡਾਕਟਰ ਹਰਦੀਪ ਕੌਰ ਸੰਧੂ ਨੂੰ ਵਧਾਈ ਦਿੰਦਾ ਹਾਂ।
  -0-
  ਸੁਰਜੀਤ ਸਿੰਘ ਭੁੱਲਰ-19-06-2018

  ReplyDelete
 3. ਸਭ ਤੋਂ ਪਹਿਲਾਂ ਤਾਂ ਮੈਂ ਸੁਰਜੀਤ ਭੁੱਲਰ ਅੰਕਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਏਸ ਨਿੱਘੇ ਭਰਪੂਰ ਹੁੰਗਾਰੇ ਲਈ।
  ਮੇਰੇ ਨਵੇਂ ਜੁੜੇ ਪਾਠਕਾਂ ਦੀ ਜਾਣਕਾਰੀ ਹਿਤ ਦੱਸ ਦੇਵਾਂ ਕਿ ਆਪ ਇੱਕ ਸੂਝਵਾਨ ਲੇਖਕ ਤੇ ਸੁਲਝੇ ਆਲੋਚਕ ਨੇ ਤੇ ਮੇਰਾ ਹਰ ਹਾਇਬਨ ਆਪ ਜੀ ਦੀ ਸਾਰਥਕ ਆਲੋਚਨਾ ਤੋਂ ਬਿਨਾਂ ਅਧੂਰਾ ਹੁੰਦਾ ਹੈ।ਐਨੀ ਬਰੀਕੀ ਨਾਲ ਹਾਇਬਨ ਦਾ ਅੱਖਰ ਅੱਖਰ ਪੜ੍ਹ ਕੇ ਆਪਣੇ ਜ਼ਿਹਨ 'ਚ ਉਤਾਰਨਾ ਤੇ ਫੇਰ ਮੇਰੀਆਂ ਭਾਵਨਾਵਾਂ ਤੇ ਸੋਚ ਨਾਲ ਮੇਲ ਖਾਂਦੀ ਹਰ ਮਹੀਨ ਤੰਦ ਨੂੰ ਇੱਕ ਦੂਜੀ ਨਾਲ ਜੋੜ ਕੇ ਖੂਬਸੂਰਤੀ ਨਾਲ ਪੇਸ਼ ਕਰਨਾ ਆਪ ਜੀ ਦਾ ਅਨੋਖਾ ਹੁਨਰ ਹੈ !

  ReplyDelete
  Replies
  1. ਸਫ਼ਰ ਸਾਂਝ -ਆਪ ਨੇ ਮੇਰੇ ਪ੍ਰਤੀ ਜੋ ਰਾਏ ਬਣਾ ਕੇ ਸੁਹਿਰਦ ਪਾਠਕਾਂ ਨਾਲ ਸਾਂਝੀ ਕੀਤੀ ਹੈ,ਮੈਂ ਦਿਲੋਂ ਧੰਨਵਾਦ ਕਰਦਾ ਹਾਂ।

   ਵੈਸੇ,ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਤੁਹਾਡੀ ਹਰ ਹਾਇਬਨ ਹੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ।-'ਜ਼ਿੰਦਗੀ ਦਾ ਨਚੋੜ'-ਜੋ ਦਿਲ ਨੂੰ ਟੁੰਬ ਜਾਂਦੀ ਹੈ ਅਤੇ ਪੜ੍ਹਨ ਉਪਰੰਤ ਜੋ ਵਿਚਾਰ ਸੁਤੇਸਿਧ ਪੈਦਾ ਹੁੰਦੇ ਹਨ ਉਹ ਸਮੀਖਿਆ ਦਾ ਰੂਪ ਧਾਰ ਲੈਂਦੇ ਹਨ।

   ਸ਼ਾਲਾ! ਤੁਹਾਡੀ ਕਲਮ ਇਸੇ ਤਰ੍ਹਾਂ ਪਾਠਕਾਂ ਦੀ ਰੂਹ ਲਈ ' ਰਸੀਲਾ ਭੋਜਨ' ਪ੍ਰਦਾਨ ਕਰਦੀ ਰਹੇ। ਆਮੀਨ!

   Delete
 4. ਅਦਭੁੱਤ,ਰਹੱਸਮਈ ਤੇ ਵਿਸਮਾਦਿਤ ਰੰਗ ਬਿਖੇਰਦੀ ਇਸ ਲਿਖਤ ਬਾਰੇ ਕੋਈ ਰਾਇ ਲਿਖਣ ਲੱਗਿਆਂ ਮੇਰੇ ਸ਼ਬਦ, ਵਿਸ਼ਾਲ ਸਮੁੰਦਰ ਸਾਹਵੇਂ ਬਰਸਾਤੀ ਨਦੀਆਂ-ਨਾਲ਼ਿਆਂ ਵਰਗੇ ਜਾਪਦੇ ਨੇ....ਬਸ ਮਿਸ਼ਰੀ ਦੀ ਮਿਠਾਸ ਜਿਹੀ ਚੰਦਨ-ਸੁਗੰਧੀ ਛੱਡਦੀ ਇਸ ਮੋਹ-ਮੁਹੱਬਤੀ ਕਾਵਿ-ਮਈ ਇਬਾਰਤ ਨੂੰ ਵਾਰ ਵਾਰ, ਵਾਰ ਵਾਰ ਪੜ੍ਹ ਕੇ ਮਾਣ ਰਿਹਾ ਹਾਂ ....!
  ਇਸਦਾ ਹਰ ਸ਼ਬਦ ਹਰ.....ਦੀਪ ਵਾਂਗ ਅਗੰਮੀਂ ਜਲੌਅ ਦਾ ਜਲਵਾ ਜਾਪਦਾ...!!

  ReplyDelete
 5. ਨਵੇਂ ਦਿਸਹੱਦਿਆਂ ਨੂੰ ਛੂਹਣ ਦੇ ਅਹਿਸਾਸ ਦਾ ਰੰਗੀਨ ਪਰਗਟਾਵਾ ।

  ReplyDelete
 6. ਬਹੁਤ ਹੀ ਖੂਬ ਸ਼ਬਦਾਵਲੀ ਤੇ ਲੇਖਣੀ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ