ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Oct 2018

ਲਾਪਤਾ (ਮਿੰਨੀ ਕਹਾਣੀ ) ਡਾ. ਹਰਦੀਪ ਕੌਰ ਸੰਧੂ

ਧੁੱਪ ਉਦਾਸ ਸੀ। ਪੱਤਝੜ ਵਿਹੜੇ 'ਚ ਨਹੀਂ ਹਰ ਚਿਹਰੇ 'ਤੇ ਉਗ ਆਈ ਸੀ। ਕਿਤੇ ਸੁੰਨੀਆਂ ਅੱਖਾਂ 'ਚੋਂ ਬੇਵਸੀ ਟਪਕ ਰਹੀ ਸੀ ਤੇ ਕਿਤੇ ਧੁਰ ਅੰਦਰੋਂ ਉਠਦੀ ਟੀਸ ਇੱਕਲਤਾ ਵਿੱਚ ਨਮੂਦਾਰ ਹੋ ਰਹੀ ਸੀ। ਨਾ ਉਮੀਦੀ ਦੀ ਛਾਈ ਪਿਲੱਤਣੀ ਰੁੱਤ ਵਿੱਚ ਘਰੋਂ ਘਰੀ ਮੇਰਾ ਸਫ਼ਰ ਜਾਰੀ ਸੀ।"ਜੇ ਮੈਂ ਆਪਣਾ ਪੁੱਤ ਨਾ ਗਵਾਇਆ ਹੁੰਦਾ ਤਾਂ ਆਪਾਂ ਇਓਂ ਥੋੜੇ ਕਦੇ ਮਿਲਣਾ ਸੀ ਵੇ ਪੁੱਤ," ਬੇਬੇ ਨੇ ਚੁੰਨੀ ਦੇ ਲੜ ਨਾਲ਼ ਆਪਣੇ ਮੋਏ ਪੁੱਤ ਦੀ ਫ਼ੋਟੋ ਪੂੰਝਦਿਆਂ ਭਰਿਆ ਮਨ ਮੇਰੇ ਸਾਹਵੇਂ ਡੋਲ੍ਹ ਦਿੱਤਾ ਸੀ। 
" ਚਹੁੰ ਪਾਸੀਂ ਡਰ ਸੀ। ਜੁਆਨ ਪੁੱਤਾਂ ਨੂੰ ਪੁਲਿਸ ਅਕਾਰਣ ਹੀ ਚੁੱਕ ਲੈ ਜਾਂਦੀ। ਫ਼ੇਰ ਲਾਸ਼ਾਂ ਹੀ ਥਿਆਉਂਦੀਆਂ।ਲਾਵਾਰਿਸ ਆਖ ਪੁਲਿਸ ਆਪੂੰ ਹੀ ਲਾਂਬੂ ਲਾ ਦਿੰਦੀ।ਚੁੱਲ੍ਹਿਆਂ 'ਤੇ ਧਰੀਆਂ ਖੀਰਾਂ ਤੁਰ ਗਿਆਂ ਨੂੰ ਅੱਜ ਵੀ 'ਡੀਕਦੀਆਂ ਨੇ।" ਹੁਣ ਕੰਬਦੀਆਂ ਝੁਰੜੀਆਂ 'ਚ ਹੰਝੂ ਕਿਤੇ ਜੰਮ ਗਏ ਸਨ। "ਪੀੜ ਪੀੜ ਹੋਏ ਉਹਨਾਂ ਪਲਾਂ ਦੀ ਚਸਕ ਅਜੇ ਕਦੋਂ ਮੁੱਕਣੀ ਏ?" ਮੇਰੇ ਕੰਨਾਂ 'ਚੋਂ ਹੁਣ ਸੇਕ ਨਿਕਲ਼ ਰਿਹਾ ਸੀ। 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ