ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Sept 2012

ਉਡੀਕੇ ਦਸਤਕ (ਤਾਂਕਾ ਸ਼ੈਲੀ )

ਅੱਜ ਦਾ ਦਿਨ ਭਾਰਤ ਦੇ ਇਤਿਹਾਸ 'ਚ ਖਾਸ ਮਹੱਤਵ ਰੱਖਦਾ ਹੈ। ਅੱਜ 5 ਸਤੰਬਰ ਜਾਣੀ ਕਿ 'ਅਧਿਆਪਕ ਦਿਵਸ' ਹੈ। ਇਸ ਦਿਨ ਅਸੀਂ ਆਪਣੇ ਅਧਿਆਪਕਾਂ ਨੂੰ ਸੱਜਦਾ ਕਰਦੇ ਹਾਂ । ਹਾਇਕੁ-ਲੋਕ ਮੰਚ ਵੀ ਅੱਜ ਇਹ ਦਿਨ ਮਨਾ ਰਿਹਾ ਹੈ....ਇੱਕ ਨਵੀਂ ਜਪਾਨੀ ਕਾਵਿ ਵਿਧਾ 'ਤਾਂਕਾ' ਦੀ ਸ਼ੁਰੂਆਤ ਕਰਕੇ। 
'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਦੀ ਕਈ ਸੌ ਸਾਲ ਪੁਰਾਣੀ ਕਾਵਿ ਵਿਧਾ ਹੈ। ਇਸ ਕਾਵਿ ਸ਼ੈਲੀ ਨੂੰ ਨੌਵੀਂ ਸ਼ਤਾਬਦੀ ਤੋਂ ਲੈ ਕੇ ਬਾਰ੍ਹਵੀਂ ਸ਼ਤਾਬਦੀ ਤੱਕ ਕਾਫ਼ੀ ਪ੍ਰਸਿੱਧੀ ਮਿਲ਼ੀ ਸੀ। ਹਾਇਕੁ ਕਾਵਿ ਵਿਧਾ ਏਸੇ ਸ਼ੈਲੀ 'ਚੋਂ ਜਨਮੀ ਹੈ। ਤਾਂਕਾ 1200 ਸਾਲ ਪੁਰਾਣੀ ਸ਼ੈਲੀ ਹੈ ਜਦੋਂ ਕਿ ਹਾਇਕੁ ਦੇ ਜਨਮ ਨੂੰ ਸਿਰਫ਼ 300 ਸਾਲ ਹੀ ਹੋਏ ਹਨ।
ਤਾਂਕਾ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ। ਇਸ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਿ ਪਹਿਲੀਆਂ ਤਿੰਨ ਸਤਰਾਂ 'ਚ ਕੋਈ ਵੱਖਰਾ ਹਾਇਕੁ ਹੈ ਸਗੋਂ ਤਾਂਕਾ ਦਾ ਮੁੱਖ ਭਾਵ ਪਹਿਲੀ ਤੋਂ ਪੰਜਵੀਂ ਸਤਰ ਤੱਕ ਸਾਹਮਣੇ ਆਉਂਦਾ ਹੈ।
ਅੱਜ ਮੈਂ ਆਪਣੇ ਅਧਿਆਪਕਾਂ ਤੋਂ ਲਈ ਸੇਧ ਤੇ ਜਾਣਕਾਰੀ ਹਾਇਕੁ-ਲੋਕ ਦੇ ਮੰਚ 'ਤੇ ਕੁਝ ਤਾਂਕਾ ਪੇਸ਼ ਕਰਕੇ ਸਾਂਝੀ ਕਰ ਉਹਨਾਂ ਨੂੰ ਅਦਬ ਸਲਾਮ ਕਰਦੀ ਹਾਂ।ਆਸ ਕਰਦੀ ਹਾਂ ਕਿ ਇਹ ਨਵਾਂ ਉਪਰਾਲਾ ਪਾਠਕਾਂ ਨੂੰ ਚੰਗਾ ਲੱਗੇਗਾ।

1.
ਬੱਦਲ਼ਵਾਈ
ਵਿਰਲੀ ਕਿਣ-ਮਿਣ
ਸੂਰਜ ਝਾਕੇ
ਛਣ-ਛਣ ਕਿਰਨਾਂ
ਧਰਤੀ ਛੂੰਹਦੀਆਂ 

2.
ਪੁਰਾਣਾ ਘਰ
ਤਿੜਕੀਆਂ ਨੇ ਕੰਧਾਂ
ਛੱਤੜੀ ਚੋਵੇ
ਚਰਮਰਾਵੇ ਬੂਹਾ
ਉਡੀਕੇ ਦਸਤਕ 

3.
ਅੱਗ ਮਘਦੀ
ਉੱਠੇ ਪਾਥੀ ਦਾ ਧੂੰਆਂ
ਭਰਦਾ ਚੌਂਕਾ
ਰੋਟੀ-ਟੁੱਕ ਮਾਂ ਕਰੇ 
ਟੱਬਰ ਆਣ ਜੁੜੇ 

4.

ਸਰਘੀ ਵੇਲ਼ਾ
ਮੁਰਗਾ ਜਗਾਉਂਦਾ 
ਦੇ -ਦੇ ਕੇ ਬਾਂਗਾਂ
ਕੁਕੜੂੰ ਕੜੂੰ ਨਾਲ਼ 
ਨਹੀਂ ਹੁੰਦਾ ਸਵੇਰਾ 


ਡਾ. ਹਰਦੀਪ ਕੌਰ ਸੰਧੂ
ਸਿਡਨੀ-ਬਰਨਾਲ਼ਾ


6 comments:

  1. punjab is living in your writing. NIce

    ReplyDelete
  2. ਭੈਣ ਜੀ,
    ਕੀ ਇਹ(ਤਾਂਕਾ) ਕਿਤੇ ਜੈੱਨ ਕਵਿਤਾ(Zen poetry) ਦੇ ਨੇੜੇ-ਤੇੜੇ ਹੈ? ਉਂਝ ਉਹ ਵੀ ਇਨੀਆਂ ਕੁ ਸਤਰਾਂ ਵਿੱਚ ਹੀ ਲਿਖੀ ਜਾਂਦੀ ਹੈ।

    ReplyDelete
  3. ਨਵੇ ਹਾਯਿਕੂ ......ਚੰਗੀ ਕੋਸ਼ਿਸ਼ ,ਚੰਗੀ ਨਿਯਤਾਂ ਵਿਚ ..ਵਧਾਯਿਯਾਂ ਜੀ ..

    ReplyDelete
  4. वैसे तो सारे ही ताँका बहुत अच्छे हैं पर ये दो तो बहुत भावपूर्ण और सार्थक बिम्ब लिये हुए हैं -
    1.
    ਬੱਦਲ਼ਵਾਈ
    ਵਿਰਲੀ ਕਿਣ-ਮਿਣ
    ਸੂਰਜ ਝਾਕੇ
    ਛਣ-ਛਣ ਕਿਰਨਾਂ
    ਧਰਤੀ ਛੂੰਹਦੀਆਂ

    2.
    ਪੁਰਾਣਾ ਘਰ
    ਤਿੜਕੀਆਂ ਨੇ ਕੰਧਾਂ
    ਛੱਤੜੀ ਚੋਵੇ
    ਚਰਮਰਾਵੇ ਬੂਹਾ
    ਉਡੀਕੇ ਦਸਤਕ
    पंजाबी में ताँका शैली की शुरुआत करके बहन हरदीप जी ने सचमुच एक ऐतिहासिक महत्त्व का कार्य किया है ।

    ReplyDelete
  5. 'ਜ਼ੇਨ' ਕੋਈ ਕਾਵਿ ਵੰਨਗੀ ਨਹੀਂ ਹੈ। ਬੁੱਧ-ਧਾਰਾ ਨੂੰ ਅਮਲੀ ਜੀਵਨ ਵਿਚ ਮਹਿਸੂਸ ਕਰਨ ਤੇ ਵਰਤਣ ਨੂੰ ‘ਜ਼ੇਨ' ਕਿਹਾ ਜਾਂਦਾ ਹੈ। ਬੁੱਧਮੱਤ ਕੀ ਹੈ? 'ਬੋਧ ਹੋਣਾ' - ਇੱਕ ਰੌਸ਼ਨ ਖਿਆਲ। ਬੁੱਧ ਧਾਰਾ ਦੇ ਧਾਰਨੀ ਆਪਣੇ ਜੀਵਨ ਦੀ ਹਰ ਸਥਿਤੀ 'ਚ ਸਹਿਜਤਾ ਨਾਲ਼ ਵਿਚਰਦੇ ਹਨ।

    'ਜ਼ੇਨ' ਸ਼ਬਦ ਸੰਸਕ੍ਰਿਤ ਦੇ 'ਧਿਆਨ' ਸ਼ਬਦ ਤੋਂ ਉਪਜਿਆ ਹੈ ਜਿਸ ਦੇ ਸ਼ਾਬਦਿਕ ਅਰਥ ਨੇ- ਧਿਆਨ ਲਾਉਣਾ, ਸੋਚਣਾ, ਇੱਛਾ ਜ਼ਾਹਿਰ ਕਰਨਾ, ਕਲਪਨਾ ਕਰਨਾ, ਗਹਿਰੀ ਸੋਚ, ਇੱਕਟੱਕ ਦੇਖਣਾ ਆਦਿ। 'ਧਿਆਨ' ਸ਼ਬਦ ਨੂੰ ਬੁੱਧ ਧਰਮ ਨੇ ਵਿਸ਼ਾਲ ਰੂਪ ਦਿੱਤਾ । ਗੌਤਮ ਬੁੱਧ ਨੇ ਇਸ ਨੂੰ 'ਗਿਆਨ' ਦੇ ਰੂਪ 'ਚ ਧਾਰਣ ਕੀਤਾ। ਬੁੱਧ ਧਰਮ ਭਾਰਤ ਤੋਂ ਚੀਨ ਪੁੱਜਾ ਜਿਥੇ 'ਗਿਆਨ' ਦਾ ਰੂਪ 'ਚਾਨ' ਹੋ ਗਿਆ । ਕੋਰੀਆ 'ਚ ਇਹ 'ਸਿਆਨ' ਬਣਿਆ ਤੇ ਜਪਾਨ 'ਚ 'ਜ਼ੇਨ' ਰੂਪ 'ਚ ਪ੍ਰਚੱਲਤ ਹੋਇਆ।
    'ਜ਼ੇਨ' ਕੀ ਹੈ ? ਆਪਣੇ ਆਪ ਨੂੰ ਸਮਝਣਾ । ਆਪਣੀ ਸੋਚ ਵਾਲ਼ੀ ਸਥਿਤੀ ਤੋਂ ਪਹਿਲੀ ਅਵਸਥਾ ਨੂੰ 'ਜ਼ੇਨ' ਕਿਹਾ ਜਾਂਦਾ ਹੈ। ਸਾਇੰਸ ਤੇ ਸਾਡੀ ਸਿੱਖਿਆ ਸੋਚ ਤੋਂ ਬਾਦ ਵਾਲ਼ੀ ਸਥਿਤੀ ਹੈ। ਆਪਣੇ ਆਪ ਨੂੰ ਪਾਉਣ ਲਈ ਸਾਨੂੰ ਸੋਚ ਤੋਂ ਪਹਿਲਾਂ ਵਾਲ਼ੀ ਸਥਿਤੀ 'ਚ ਪਰਤਣਾ ਹੋਵੇਗਾ। ਜਦੋਂ ਤੁਸੀਂ ਕੁਝ ਵੇਖਦੇ ਹੋ ਜਾਂ ਸੁਣਦੇ ਹੋ ਜਾਂ ਮਹਿਸੂਸ ਕਰਦੇ ਹੋ ...ਤਾਂ ਆਪਣੇ ਵਿਚਾਰ, ਪਸੰਦ, ਨਾ-ਪਸੰਦ, ਆਪਣੀ ਸੋਚ ਪਰਾਂ ਵਗਾਹ ਮਾਰੋ। ਸੋਚ ਤੋਂ ਬਿਨਾਂ ਖਾਲੀ ਮਨ ਨਾਲ਼ ਤੱਕੋ, ਸੁਣੋ, ਮਹਿਸੂਸ ਕਰੋ । ਜਦੋਂ ਤੁਸੀਂ ਅੰਬਰ ਨੂੰ ਵੇਖੋਗੇ ਤਾਂ ਸਿਰਫ਼ ਨੀਲਾ ਵਿਖਾਈ ਦੇਵੇਗਾ, ਰੁੱਖ 'ਹਰੇ' ਦਿੱਖਣਗੇ। ਏਹੋ 'ਜ਼ੇਨ' ਹੈ ।
    'ਜ਼ੇਨ ਦਰਸ਼ਨ' ਦੀ ਵਿਆਖਿਆ ਲਈ ਮੈਂ ਏਥੇ ਡਾ. ਭਗਵਤਸ਼ਰਣ ਅਗਰਵਾਲ਼ ਜੀ ਦਾ 'ਹਾਇਕੁ-ਕਾਵਿ ਵਿਸ਼ਵਕੋਸ਼' ਜੋ ਆਪਣੇ-ਆਪ 'ਚ ਦੁਨੀਆ ਦਾ ਪਹਿਲਾ ਅਜਿਹਾ ਕੋਸ਼ ਮੰਨਿਆ ਜਾਂਦਾ ਹੈ, ਦਾ ਹਵਾਲਾ ਦੇਣਾ ਯੋਗ ਸਮਝਦੀ ਹਾਂ। ਡਾ. ਅਗਰਵਾਲ ਜੀ ਅਨੁਸਾਰ 'ਜ਼ੇਨ' ਸ਼ਬਦ ਦਾ ਵਿਕਾਸ ਹਿੰਦੀ ਦੇ 'ਧਿਆਨ' ਸ਼ਬਦ ਤੋਂ ਮੰਨਿਆ ਗਿਆ ਹੈ ਜੋ ਬੁੱਧ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨਾਲ਼ ਚੀਨ ਤੇ ਜਪਾਨ ਤੱਕ ਪੁੱਜ ਗਿਆ। ਅਗਰਵਾਲ਼ ਜੀ ਨੇ ਡਾ. ਭਰਤ ਸਿੰਘ ਉਪਾਧਿਆ ਦੇ ਹਵਾਲੇ ਨਾਲ਼ ਕਿਹਾ ਹੈ ਕਿ 'ਜ਼ੇਨ' ਇੱਕ ਅਜਿਹਾ ਰੁੱਖ ਹੈ ਜਿਸ ਦੀਆਂ ਜੜ੍ਹਾਂ ਭਾਰਤ 'ਚ ਨੇ, ਵੱਧਿਆ-ਫੁੱਲਿਆ ਚੀਨ 'ਚ ਅਤੇ ਜਿਸ ਦੀ ਫਸਲ ਜਪਾਨ 'ਚ ਆਈ।
    ਅਜਿਹੀ ਵੱਡਮੁੱਲੀ ਜਾਣਕਾਰੀ ਦੇਣ ਲਈ ਮੈਂ ਡਾ. ਭਗਵਤਸ਼ਰਣ ਅਗਰਵਾਲ਼ ਜੀ ਦਾ ਧੰਨਵਾਦ ਕਰਦੀ ਹਾਂ।

    ਹਰਦੀਪ

    ReplyDelete
  6. Anonymous9.9.12

    'ਤਾਂਕਾ' ਕਾਵਿ ਵਿਧਾ ਨਾਲ ਜਾਣੂੰ ਕਰਵਾਓੁਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ