ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Oct 2012

ਦੁਸਹਿਰਾ

ਅੱਜ ਦੁਸਹਿਰਾ ਹੈ। ਨੌ-ਨਰਾਤਿਆਂ 'ਚ ਆਥਣ ਵੇਲ਼ੇ ਸਾਂਝੀ ਮਾਈ ਦੀ ਆਰਤੀ ਉਤਾਰੀ ਜਾਂਦੀ ਹੈ ਤੇ ਬਾਦ 'ਚ ਸੁੱਕੀ ਪੰਜੀਰੀ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਕੋਰੇ ਕੁੱਜੇ 'ਚ ਜੌਂਅ ਵੀ ਬੀਜੇ ਜਾਂਦੇ ਹਨ ਜਿਸ ਨੂੰ 'ਖੇਤਰੀ' ਕਿਹਾ ਜਾਂਦਾ ਹੈ। ਉੱਗੇ ਹੋਏ ਜੌਆਂ ਨੂੰ 'ਗੌਰਜਾਂ' ਵੀ ਕਿਹਾ ਜਾਦਾ ਹੈ। ਦੁਸਹਿਰੇ ਵਾਲ਼ੇ ਦਿਨ ਜੌਂਅ-ਖੇਤਰੀ ਦੇ ਬੁੰਬਲ਼ਾਂ ਨੁੰ ਕੁੜੀਆਂ ਆਪਣੇ ਵੀਰਾਂ ਦੇ ਟੁੰਗਦੀਆਂ ਹਨ ਤੇ ਸਾਂਝੀ ਮਾਈ ਦੀ ਮੂਰਤੀ ਨੂੰ ਪਿੰਡ ਦੇ ਕਿਸੇ ਟੋਭੇ ਜਾਂ ਸੂਏ 'ਚ ਜਲ-ਪ੍ਰਵਾਹ ਕਰਦੀਆਂ ਹਨ। 

1.
ਅੱਸੂ ਨਰਾਤੇ
ਸਾਂਝੀ ਮਾਈ ਪੂਜਣ
ਮਿਲ਼ ਕੁੜੀਆਂ

2.
ਲਿੱਪੀ ਕੰਧ 'ਤੇ
ਚੰਦੂਏ ਤਾਰੇ ਬਣਾ
ਲਾਵਣ ਸਾਂਝੀ

3.
ਅੱਸੂ ਦੀ ਸੰਝ
ਸਾਂਝੀ ਦੀ ਆਰਤੀ ਗਾ
ਵੰਡੀ ਪੰਜੀਰੀ

4.
ਜੌਆਂ ਦੇ ਠੂਠੇ
ਤਾਰਨ ਨੂੰ ਚੱਲੀਆਂ
ਪਿੰਡ ਦੇ ਟੋਭੇ

5.
ਜੌਂਅ ਬੁੰਬਲ਼
ਵੀਰ ਪੱਗ ਟੁੰਗਦੀ
ਦੁਸਹਿਰੇ ਨੂੰ 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ- ਸਿਡਨੀ)

ਨੋਟ : ਇਹ ਪੋਸਟ ਹੁਣ ਤਲ 87 ਵਾਰ ਖੋਲ੍ਹ ਕੇ ਵੇਖੀ ਗਈ। 

2 comments:

  1. ਤੁਹਾਡੇ ਹਾਇਕੁ ਤੋਂ ਗਿਆਨ ਵਿਚ ਵਾਧਾ ਹੋਇਆ ਹੈ । ਇਹਨਾ ਰਵਾਇਤਾਂ ਦਾ ਮੈਨੂੰ ਗਿਆਨ ਨਹੀਂ ਸੀ । ਮਾਝਾ ਸਾਈਡ ਵਲ ਇਸ ਰਵਾਇਤ ਦਾ ਚਲਣ ਨਹੀਂ ਲਗਦਾ ।

    ReplyDelete
  2. ਮਾਲਵੇ ਦੇ ਇਲਾਕੇ 'ਚ ਇਸ ਤਿਓਹਾਰ ਦਾ ਬਹੁਤ ਪ੍ਰਚਲਣ ਸੀ।
    ਬਹੁਤ ਵਧੀਆ ਲੱਗਾ ਸਾਰੇ ਹਾਇਕੁ ਪੜ੍ਹ ਕੇ......ਬਚਪਨ ਦੇ ਦਿਨ ਯਾਦ ਕਰਵਾਉਣ ਲਈ ਸ਼ੁਕਰੀਆ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ