ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Feb 2013

ਪਾਲ਼ੇ ਦਾ ਘੁੰਡ


ਭੂਪਿੰਦਰ ਸਿੰਘ ਨੇ ਹਾਇਕੁ-ਲੋਕ ਪਰਿਵਾਰ ਨਾਲ਼ ਇੱਕ ਹਾਸੇ ਭਰਿਆ ਵਾਕਿਆ ਸਾਂਝਾ ਕੀਤਾ ਹੈ ਜਿਸ ਨੂੰ ਆਪ ਨੇ ਹਾਇਕੁ-ਲੇਖਣ ਨਾਲ਼ ਜੋੜਿਆ ਹੈ। ਕਿਸੇ ਵੀ ਸਧਾਰਨ ਤੇ ਆਮ ਜਿਹੀ ਗੱਲ 'ਤੇ ਬੋਲਣਾ ਜਾਂ ਲਿਖਣਾ ਅਤੇ ਸਰੋਤਿਆਂ/ ਪਾਠਕਾਂ ਨੂੰ ਪ੍ਰਭਾਵਿਤ ਕਰਨਾ ਐਨਾ ਸੌਖਾ ਨਹੀਂ ਜਿੰਨਾ ਕਿ ਸੋਚ ਲਿਆ ਜਾਂਦਾ ਹੈ। ਬਸੰਤ ਰੁੱਤ ਦੇ ਨਜ਼ਾਰਿਆਂ ਨੂੰ ਪਾਠਕਾਂ ਤੱਕ ਅੱਪੜਦਾ ਕਰਨ ਲਈ ਹਾਇਕੁ ਅੱਖ ਦੀ ਲੋੜ ਹੈ। ਸਾਡੀ ਇਸ ਹਾਇਕੁ ਕਲਮ ਨੇ ਕੁਝ ਇਓਂ ਬਿਆਨਿਆ ਹੈ........
ਇਸ ਤੋਂ ਪਹਿਲਾਂ ਕਿ ਹਾਇਕੁ-ਲੋਕ ਪਰਿਵਾਰ ਨਾਲ਼ ਆਪਣੇ ਹਾਇਕੁ ਸਾਂਝੇ ਕਰਾਂ, ਇੱਕ ਹਾਸੇ ਭਰਿਆ ਵਾਕਿਆ ਸਾਂਝਾ ਕਰਨਾ ਚਾਹਾਂਗਾ। ਕਿਸੇ ਵਿਸ਼ੇ ਬਾਰੇ ਕੁਝ ਸਾਰਥਕ ਲਿਖਣ ਜਾਂ ਬੋਲਣ ਲਈ ਕਾਫੀ ਮਿਹਨਤ ਦੀ ਲੋੜ ਹੁੰਦੀ ਹੈ। ਗਾੱਰਮਿੰਟ ਕਾੱਲਜ ਆੱਫ ਐਜੂਕੇਸ਼ਨ ਜਲੰਧਰ ਵਿਖੇ ਪੜ੍ਹਦਿਆਂ ਅਖੀਰਲਾ ਦਿਨ ਸਾਡੀ ਭਾਸ਼ਣ ਪ੍ਰਤੀਯੋਗਤਾ ਦਾ ਦਿਨ ਸੀ। ਇੰਚਾਰਜ ਪ੍ਰੋਫੈਸਰ ਸਾਹਿਬਾਨ ਹੁਰਾਂ ਕਹਾਣੀ ਇੰਝ ਬਣਾਈ ਕਿ ਭਾਸ਼ਣ ਮੁਕਾਬਲੇ ਦਾ ਆਧਾਰ ਪਰਚੀ ਸਿਸਟਮ 'ਤੇ ਰੱਖ ਦਿੱਤਾ। ਯਾਨੀ ਪਰਚੀ ਉਠਾਓ ਤੇ ਭਾਸ਼ਣ ਦਿਓ। ਮੁਕਾਬਲੇ ਦੇ ਵਿਸ਼ੇ ਬੜੇ ਮਜ਼ਾਕੀਆ ਢੰਗ ਵਾਲ਼ੇ ਰੱਖੇ ਗਏ। ਜਿਵੇ:

  • ਕਾਲਜੀਏਟਾਂ ਦੀ ਜੇਬ ਖਰਚੀ ਦਸ ਰੁਪਏ
  • ਦੋ ਲੱਤਾਂ ਵਾਲ਼ੇ ਕੁੱਤੇ....ਆਦਿ ।
ਜਦੋਂ ਮੇਰੀ ਵਾਰੀ ਆਈ ਤਾਂ ਪਰਚੀ ਵਿਚਲਾ ਵਿਸ਼ਾ ਪੜ੍ਹ ਕੇ ਮੇਰੇ ਪਸੀਨੇ ਛੁੱਟਣ ਲੱਗੇ। ਇਹ ਵਿਸ਼ਾ ਸੀ ਕਾਲਜ ਦਾ ਨਲ਼ਕਾ। ਪੈ ਗਈ ਭਸੂੜੀ। ਦੋ ਸੌ ਦੇ ਕਰੀਬ ਹੋਣ ਵਾਲ਼ੇ ਮਾਸਟਰ, ਪ੍ਰੋਫੈਸਰ ਸਾਹਿਬਾਨ ਅਤੇ ਬਾਹਰੋਂ ਆਏ ਮਹਿਮਾਨਾਂ ਨਾਲ ਭਰੇ ਹਾਲ ਵਿਚ ਚੁੱਪ ਛਾ ਗਈ। ਸੋਚਣ ਲੱਗਾ, ਕੀ ਬੋਲਿਆ ਜਾਵੇ ? ਹਾਲਤ ਵਾੜ ਚ ਫਸੇ ਬਿੱਲੇ ਵਾਲ਼ੀ ਹੋ ਰਹੀ ਸੀ। ਜੱਕੋਂ-ਤੱਕੋਂ ਵਿਚ ਖਿੱਚ-ਧੂਹ ਕੇ ਬੋਲਣਾ ਸ਼ੁਰੂ ਕਰ ਦਿੱਤਾ,
 ਅਸੀਂ ਇਸ ਕਾੱਲਜ ਦੇ ਵਿਦਿਆਰਥੀ ਹਾਂ। ਸਾਨੂੰ ਮਾਣ ਹੈ ਆਪਣੇ ਕਾਲਜ ਦੇ ਇਸ ਨਲਕੇ ਉੱਤੇ।....ਅਸੀਂ ਏਥੇ ਪਾਣੀ ਪੀਣ ਲਈ ਆਉਂਦੇ ਹਾਂ।...........!”
 ਕਿਸੇ ਪਾਸਿਓਂ ਗੱਲ ਬਣਦੀ ਨਹੀਂ ਸੀ ਦਿਸ ਰਹੀ। ਆਖਰਕਾਰ ਦੋ ਕੁ ਗੰਭੀਰ ਸ਼ਬਦ ਬੋਲ ਦਿੱਤੇ ਤਾਂ ਹਾਲ ਵਿਚ ਤਾੜੀਆਂ ਦੀ ਆਵਾਜ਼ ਗੂੰਜਣ ਲੱਗੀ।

ਕਹਿਣ ਤੋਂ ਭਾਵ ਕਿ ਕੁਝ ਏਸੇ ਤਰਾਂ ਦਾ ਵਿਸ਼ਾ ਹੁਣ ਬਸੰਤ ਰੁੱਤ ਹੋ ਨਿੱਬੜਿਆ ਹੈ। ਫਿਰ ਵੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਆਪ ਜੀ ਪਸੰਦ ਕਰੋਗੇ।

 1.
ਆਈ ਬਸੰਤ
ਸਰਦੀ ਤੇ ਗਰਮੀ
ਵਿਚਲਾ ਜੋੜ

2.
ਬਸੰਤ ਰੁੱਤੇ
ਕੁਦਰਤ ਚੁੱਕਦੀ
ਪਾਲ਼ੇ ਦਾ ਘੁੰਡ

3.
ਹਵਾ ਦੇ ਬੁੱਲੇ
ਆਸਮਾਨੀ ਲਾਇਆ
ਉੱਡੇ ਪਤੰਗ

ਭੂਪਿੰਦਰ ਸਿੰਘ
(ਨਿਊਯਾਰਕ)

4 comments:

  1. ਭੂਪਿੰਦਰ ਸਿੰਘ,ਤੁਸੀ ਖੂਬ ਲਿਖਦੇ ਹੋ।ਬਾਰ ਬਾਰ ਪੜਣ ਨੂੰ ਦਿਲ ਕਰਦਾ ਹੈ ।

    ReplyDelete
  2. ਭੂਪਿੰਦਰ ਸਿੰਘ ਨੇ ਬਸੰਤ ਰੁੱਤ ਦਾ ਬਹੁਤ ਵਧੀਆ ਚਿੱਤਰਣ ਕੀਤਾ ਹੈ।
    ਬਸੰਤ ਰੁੱਤੇ
    ਕੁਦਰਤ ਚੁੱਕਦੀ
    ਪਾਲ਼ੇ ਦਾ ਘੁੰਡ
    ਏਥੇ 'ਪਾਲ਼ੇ ਦਾ ਘੁੰਡ ਚੁੱਕਣਾ' ਦਾ ਪ੍ਰਯੋਗ ਵਧੀਆ ਤੇ ਨਵੇਕਲਾ ਹੈ।
    ਵਧਾਈ !

    ReplyDelete
  3. ਨ੍ਯੂ ਯਾਰਕ ਦੇ ਕਨਕਰੀਟ ਦੇ ਜੰਗਲ ਵਿਚ ਵੀ ਬਸੰਤੀ ਹਵਾ ਦੇ ਬੁੱਲਿਆਂ ਦਾ ਆਨੰਦ ਮਾਨ ਰਹੇ ਹੋ । ਬਹੁਤ ਸੋਹਣੀ ਗੱਲ ਹੈ ।

    ReplyDelete
  4. ਸ.ਦਿਲਜੋਧ ਜੀ ਹੁਰਾਂ ਮੇਰੀ ਨਬਜ਼ ਫੜ੍ਹ ਲਈ ਹੈ। ਮੈਂ ਆਪ ਦੇ ਤਜ਼ਰਬੇ ਅਤੇ ਡੂੰਘੀ ਸੋਚ ਦਾ ਕਾਇਲ ਹਾਂ। ਕੰਮ ਤੋਂ ਘਰ ਆ ਕੇ ਸੋਚਾਂ ਦੀ ਲੰਬੀ ਉਡਾਰੀ ਭਰ ਲਈਦੀ ਹੈ ਅਤੇ ਆਨੰਦ ਮਾਣ ਲਈਦਾ ਹੈ ਉਸਦਾ ਜਿਸਦਾ ਸਾਡੇ ਕੋਲ ਅਭਾਵ ਹੈ। ਯਾਨੀ ਉਹ ਪੰਜਾਬ ਤੇ ਇਸਦੀਆਂ ਖੁਸ਼ਬੋਆਂ,ਖੁਸ਼ੀਆਂ-ਖੇੜੇ ਅਤੇ ਹੋਰ ਬਹੁਤ ਕੁਝ।

    ਹਾਇਕੁ ਪਸੰਦ ਕਰਨ ਲਈ ਤਹਿ ਦਿਲੋਂ ਧੰਨਵਾਦੀ ਹਾਂ। ਹਾਇਕੁ-ਲੋਕ ਪਰਿਵਾਰ ਹੋਰ ਵੀ ਵਧੇ ਫੁੱਲੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ