ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jun 2013

ਦੂਜੇ ਵਰ੍ਹੇ `ਚ ਪ੍ਰਵੇਸ਼ !

ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਦੇ ਮਨਾਂ 'ਚ ਅਹਿਮ ਥਾਂ ਬਣਾ ਚੁੱਕਾ ਪੰਜਾਬੀ ਹਾਇਕੁ ਵੈਬ-ਰਸਾਲਾ 'ਹਾਇਕੁ-ਲੋਕ' ਆਪਣਾ ਇੱਕ ਵਰ੍ਹਾ ਪੂਰਾ ਕਰਕੇ ਦੂਜੇ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ।ਅੱਜ  26 ਜੂਨ, 2013 ਨੂੰ ਇੱਕ ਸਾਲ ਪੂਰਾ ਹੋ ਜਾਵੇਗਾ-ਜਦੋਂ ਇਸ ਜੱਗ ਤ੍ਰਿੰਝਣ ਦੇ 'ਇੰਟਰਨੈਟ' ਨਾਂ ਦੇ ਪਿੰਡ 'ਚ ਬੁੱਢੇ ਬੋਹੜ ਵਾਲ਼ੇ ਚੌਂਕ ਨੂੰ ਟੱਪ ਕੇ ਸਾਂਝੀ ਬੀਹੀ ਵੜਦਿਆਂ ਹੀ ਵੱਡੇ ਦਰਵਾਜ਼ੇ ਦੇ ਕੋਲ਼ ਛੱਤੇ ਖੂਹ ਦੇ ਐਨ ਸਾਹਮਣੇ ਮੋਕਲ਼ੇ ਵਿਹੜੇ ਵਾਲ਼ਾ 'ਹਾਇਕੁ-ਲੋਕ' ਨਾਂ ਦਾ ਇੱਕ ਛੋਟਾ ਜਿਹਾ ਘਰ ਵਸਿਆ ਸੀ ।



ਓਦਣ ਇਸ ਘਰ 'ਚ ਸਿਰਫ਼ ਚਾਰ ਜੀਅ ਸਨ ਤੇ ਸੁੱਖ ਨਾਲ਼ ਅੱਜ ਇਹ ਘਰ 'ਵੱਡੇ ਲਾਣੇ ਕਿਆਂ ' ਦਾ ਅਖਵਾਉਂਦਾ ਹੈ ਕਿਉਂ ਜੋ ਹੁਣ ਘਰ ਦੇ 32 ਜੀਅ ਹੋ ਗਏ ਨੇ ਤੇ ਪ੍ਰਾਹੁਣੇ ਵੀ ਆਏ ਰਹਿੰਦੇ ਨੇ। ਇਹ ਵਾਧਾ ਅਜੇ ਜਾਰੀ ਹੈ।ਟੱਬਰ ਦੇ ਸਾਰੇ ਜੀਅ ਬਹੁਤ ਹੀ ਵਧੀਆ ਨੇ, ਉੱਚੀ-ਸੁੱਚੀ ਤੇ ਸੁੱਲਝੀ ਸੋਚ ਦੇ ਮਾਲਕ। ਗਾਲੜੀ ਵੀ ਬੜੇ ਨੇ । ਘਰ ਦੇ ਵਿਹੜੇ ਗੱਲਾਂ ਦਾ ਤੰਦੂਰ ਭੱਖਦਾ ਹੀ ਰਹਿੰਦਾ। ਇਸ ਸਾਂਝੇ ਤੰਦੂਰ 'ਤੇ ਅੱਜ ਤੱਕ 30 ਦੇਸ਼ਾਂ ਤੋਂ ਸਾਰੇ ਰਲ਼ ਕੇ ਹੁਣ ਤੱਕ 240 (ਪੋਸਟਾਂ) ਵਾਰੀਆਂ 'ਚ 770 ਤੰਦੂਰੀ ਰੋਟੀਆਂ (ਹਾਇਕੁ) ਲਾਹ ਚੁੱਕੇ ਨੇ। 
                  ਜੇ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਪੰਜਾਬ ਤੋਂ ਇਲਾਵਾ ਹਰਿਆਣਾ,ਜੰਮੂ ਤੇ ਕਸ਼ਮੀਰ,ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼, ਮਹਾਰਾਸ਼ਟਰ,ਉੜੀਸਾ,ਤਾਮਿਲਨਾਡੂ, ਕਰਨਾਟਕ,ਬਿਹਾਰ,ਅਸਾਮ, ਪੱਛਮੀ ਬੰਗਾਲ, ਕੇਰਲ ਤੋਂ ਆ ਕੇ ਲੋਕਾਂ ਨੇ ਇਸ ਘਰ ਦੇ ਛਾਬੇ ਦੀਆਂ ਰੋਟੀਆਂ (ਹਾਇਕੁ) ਦਾ ਸੁਆਦ ਮਾਣਿਆ। ਇਸ ਨੂੰ ਹੋਰ ਸੁਆਦਲਾ ਬਨਾਉਣ ਲਈ ਨਾਲ਼-ਨਾਲ਼ ਸੁਆਦਲੀਆਂ ਭਾਜੀਆਂ (ਤਾਂਕਾ,ਚੋਕਾ ਤੇ ਹਾਇਗਾ) ਵੀ ਪਰੋਸੀਆਂ ਜਾਂਦੀਆਂ ਨੇ। ਘਰ ਦੇ ਵਿਹੜੇ 'ਚ ਪਿਆ ਪਾਣੀ ਵਾਲ਼ਾ ਘੜਾ (ਟਿੱਪਣੀ ਵਾਲ਼ਾ ਖਾਨਾ) ਵੀ ਕਦੇ ਸੱਖਣਾ ਨਹੀਂ ਹੁੰਦਾ। 951 ਟਿੱਪਣੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ। 
      ਪਹਿਲਾ ਵਰ੍ਹਾ ਭਾਵੇਂ ਚੁਣੌਤੀਆਂ ਭਰਿਆ ਰਿਹਾ ਪਰ ਕਾਮਯਾਬੀਆਂ ਦੇ ਰਾਹ ਵੀ ਬਣਦੇ ਗਏ । ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਏਸ ਘਰ ਨੇ ਹੁਣ ਤੱਕ 16 760 ਰਾਹਗੀਰਾਂ (ਯੂਨੀਕ ਵਿਜ਼ਿਟਰ) ਦੀ ਮਹਿਮਾਨ ਨਿਵਾਜ਼ੀ ਭੁਗਤਾਈ ਹੈ। 
     ਸਾਡੇ ਕੁਝ ਸੁਹਿਰਦ ਲੇਖਕਾਂ/ ਪਾਠਕਾਂ ਜਿੰਨ੍ਹਾਂ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢ ਹਾਇਕੁ-ਲੋਕ ਲੇਖੇ ਲਾਇਆ ਤੇ ਆਪਣੇ ਅਮੁੱਲੇ ਵਿਚਾਰਾਂ ਨਾਲ਼ ਹਾਇਕੁ-ਲੋਕ ਨੂੰ ਹੁਲਾਰਾ ਦਿੱਤਾ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਇਹ ਨਾਂ ਹਨ- ਦਿਲਜੋਧ ਸਿੰਘ, ਜੋਗਿੰਦਰ ਸਿੰਘ ਥਿੰਧ, ਰਾਮੇਸ਼ਵਰ ਕੰਬੋਜ ਹਿੰਮਾਂਸ਼ੂ, ਵਰਿੰਦਰਜੀਤ ਸਿੰਘ, ਪ੍ਰੋ. ਦਵਿੰਦਰ ਕੌਰ ਸਿੱਧੂ, ਭੂਪਿੰਦਰ ਸਿੰਘ, ਗੁਰਸੇਵਕ ਸਿੰਘ ਧੌਲਾ। ਪਰਦੇ ਪਿੱਛੇ ਰਹਿ ਕੇ ਹੁਲਾਰਾ ਦੇਣ ਵਾਲ਼ੇ ਨੇ- ਡਾ. ਸ਼ਿਆਮ ਸੁੰਦਰ ਦੀਪਤੀ, ਸ਼ਿਆਮ ਸੁੰਦਰ ਅਗਰਵਾਲ਼, ਜਨਮੇਜਾ ਸਿੰਘ ਜੌਹਲ, ਡਾ. ਭਗਵਤ ਸ਼ਰਣ ਅਗਰਵਾਲ਼, ਡਾ. ਸੁਧਾ ਗੁਪਤਾ,ਡਾ. ਸਤੀਸ਼ਰਾਜ ਪੁਸ਼ਕਰਣਾ। ਜ਼ਿੰਦਗੀ ਦੇ ਰੁਝੇਵਿਆਂ ਕਾਰਨ ਭਾਵੇਂ ਬਾਕੀ ਦੇ ਸਾਥੀ ਕਦੇ-ਕਦੇ ਹੀ ਹਾਜ਼ਰੀ ਭਰਦੇ ਰਹੇ ਪਰ ਇਸ ਵਿਹੜੇ ਨੇ ਉਨ੍ਹਾਂ ਨੂੰ ਨਿੱਤ ਯਾਦ ਕੀਤਾ।ਉਨ੍ਹਾਂ ਬਿਨਾਂ ਘਰ ਸੁੰਨਾ ਲੱਗਦਾ ਹੈ। 

ਸੁੰਨਾ ਵਿਹੜਾ
ਉਡੀਕਣ ਅੱਖੀਆਂ
ਘਰ ਦੇ ਜੀਅ ।
ਸਮੇਂ -ਸਮੇਂ 'ਤੇ ਏਸ ਘਰ ਚਿੱਠੀਆਂ ਰਾਹੀਂ ਸੁੱਖ -ਸੁਨੇਹੇ ਵੀ ਆਉਂਦੇ ਰਹੇ ਜੋ ਚਿੱਠੀਨਾਮੇ 'ਚ ਸਾਂਭੇ ਪਏ ਨੇ।

ਪੜ੍ਹ ਕੇ ਚਿੱਠੀ
ਦੂਰ ਵਸੇਂਦੇ ਸਾਥੀ
ਲੱਗਦੇ ਨੇੜੇ ।

          ਆਸ ਕਰਦੇ ਹਾਂ ਕਿ ਅਗਲੇ ਵਰ੍ਹੇ ਅਸੀਂ ਪਹਿਲਾਂ ਵਾਂਗ ਹੀ ਮੋਹ ਤੰਦਾਂ ਜੋੜਦੇ ਹੋਏ ਅੱਗੇ ਵੱਧਦੇ ਜਾਵਾਂਗੇ। 

ਲਿਖਤਮ: 
ਹਾਇਕੁ ਲੋਕ ਮੰਚ 
ਨੋਟ: ਇਹ ਪੋਸਟ ਹੁਣ ਤੱਕ 98 ਵਾਰ ਖੋਲ੍ਹ ਕੇ ਪੜ੍ਹੀ ਗਈ। 

8 comments:

  1. ਹਰਦੀਪ ਹੋਰਾਂ ਦੀ ਲਗਣ ਅਤੇ ਮਹਿਨਤ ਸਦਕਾ ਹੀ ਹਾਇਕੁ ਲੋਕ ਦਾ ਪਹਲਾ ਸਾਲ ਪੂਰਾ ਹੋ ਗਿਆ । ਆਉਣ ਵਾਲੇ ਸਾਲ ਹੋਰ ਵੀ ਚੰਗੇ ਅਤੇ ਹੋਰ ਚੰਗੇ ਸਾਥੀਆਂ ਵਾਲੇ ਹੋਣ ਗੇ ।
    ਨੇਕ ਸੋਚ ਵਾਲੇ ਲੋਗ ,ਜ਼ਮੀਨ ਨਾਲ ਜੁੜੇ ਹੋਏ ਲੋਗ ,ਜਿੰਦਗੀ ਦੀਆਂ ਤਲਖੀਆਂ ਵਿੱਚ ਵਿਚਰਦਿਆਂ ਹੋਇਆਂ ਵੀ .
    ਕੁਝ ਦੇਖੇ ਅਤੇ ਕੁਝ ਅਨਦੇਖੇ ਸੰਬਦਾਂ ਨੂੰ ਨਿਭਾਉਣ ਦਾ ਯਤਨ ਕਰਦੇ ਲੋਗ ਹੀ ਅਜ ਦੇ ਸਮੇਂ ਦੀ ਕਿਸਮਤ ਲਿਖਦੇ ਹਨ ।

    ReplyDelete
  2. ਹਰਦੀਪ--ਵਰ੍ਹੇ-ਗੰਢ ਲੇਖ ਪੜਕੇ ਮਜ਼ਾ ਆ ਗਿਆ ਤੇ ਧੌਣ ਉਚੀ ਹੋ ਗਈ । ਘਰ ਦੀਆਂ ਰੌਣਕਾਂ ਵੇਖਕੇ ਚ੍ਹਾ ਚੜ੍ਹ ਜਾਂਦੇ ਨੇ । ਵਰ੍ਹੇ ਗੰਢ ਦੀਆਂ ਮੁਬਾਰਕਾਂ ।
    ਵਧੇ ਤੇ ਫੁਲੇ
    ਮੇਰੇ ਘਰ ਰੌਣਕ
    ਆ ਚੋਵੋ ਤੇਲ
    "ਥਿੰਦ"

    ReplyDelete
  3. हरदीप जी आपके इस पावन प्रयास के लिए इस पावन अवसर पर बहुत -बहुत बधाई! आपने एक वर्ष में जो ऐतिहासिक कार्य किया है, वह आपके व्यक्तित्व की पहचान बन गया है और वह है सबको साथ लेकर चलना , सबको रचनाकर्म में प्रेरित करना । आपने पंजाबी हाइकु, ताँका , सेदोका और चोका की बड़ी जिम्मेदारी को सँभाला है। 22जून को राजकोट विश्वविद्यालय की शोधार्थी ( ये हाइकु पर पी-एच डी कर रही है।)का दिल्ली आना और मिलना हुआ । ये अपने शोध ग्रन्थ में पंजाबी हाइकु को भी शामिल करेंगी । आपका यह अभियान भविष्य में नया रंग लाने वाला है। कोटिश: शुभकामनाओं के साथ -रामेश्वर काम्बोज 'हिमांशु'

    ReplyDelete
  4. ਹਾਇਕੁ- ਲੋਕ ਨੂੰ ਸ਼ੁਰੂ ਹੋਇਆਂ ਇੱਕ ਸਾਲ ਹੋ ਗਿਆ ।ਪਤਾ ਹੀ ਨਹੀਂ ਲੱਗਾ ਸਮਾਂ ਕਿਵੇਂ ਬੀਤ ਗਿਆ ਕਿਉਂਕਿ ਇਸ ਮੰਚ ਨੇ ਸਾਨੂੰ ਐਨਾ ਕੁਝ ਪੜ੍ਹਨ ਤੇ ਸਮਝਣ ਨੂੰ ਦਿੱਤਾ, ਐਨੇ ਰੁੱਝੇ ਰਹੇ ਕਿ ਸਮਾਂ ਖੰਭ ਲਾ ਕੇ ਉੱਡਦਾ ਜਾਪਿਆ।
    ਇਸ ਮੰਚ 'ਤੇ ਆ ਕੇ ਸਾਥੀਆਂ ਦੇ ਲਿਖੇ ਨੂੰ ਸਮਝਣਾ ਤੇ ਫਿਰ ਆਪ ਲਿਖਣਾ- ਹਾਇਕੁ ,ਤਾਂਕਾ ,ਚੋਕਾ-ਇਹ ਕਾਵਿ ਵੰਨਗੀਆਂ ਤਾਂ ਮੈਂ ਕਦੇ ਸੁਣੀਆਂ ਨਹੀਂ ਸਨ ਤੇ ਅੱਜ ਮੈਂ ਇਹੋ ਲਿਖਣ ਲੱਗ ਗਿਆ ਹਾਂ। ਇਹ ਸਭ ਮੇਰੀ ਵੱਡੀ ਭੈਣ ਜੀ ਨੇ ਸਿਖਾਇਆ ਹੈ। ਸਭ ਨੂੰ ਨਾਲ਼ ਲੈ ਕੇ ਚੱਲਣਾ ਤੇ ਕਿਸੇ ਵੀ ਗਲਤੀ ਨੂੰ ਬੜੇ ਪਿਆਰ ਤੇ ਸਲੀਕੇ ਨਾਲ਼ ਸਮਝਾਉਣਾ - ਭੈਣ ਜੀ ਦਾ ਵੱਡਾ ਪਛਾਣ ਚਿੰਨ ਹੈ। ਅੱਜ ਮੈ ਮਾਣ ਨਾਲ਼ ਕਹਿ ਸਕਦਾ ਹਾਂ ਕਿ ਮੈਂ ਕਿਸੇ ਵੀ ਵਿਸ਼ੇ ਤੇ ਲਿਖ ਸਕਦਾ ਹਾਂ ਇਹ ਸਾਰੀ ਮਿਹਨਤ ਮੇਰੀ ਭੈਣ ਨੇ ਕੀਤੀ ਹੈ।
    ਹਾਇਕੁ- ਲੋਕ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਅਗਲੇ ਸਾਲ ਇਹ ਹੋਰ ਤੱਰਕੀ ਕਰੇਗਾ । ਇਸ ਦਾਵੇ ਤੇ ਆਸ ਨਾਲ਼ - ਬਹੁਤ-ਬਹੁਤ ਵਧਾਈਆਂ!

    ReplyDelete
  5. ‘ਹਾਇਕੂ-ਲੋਕ’ ਆਪਣੀ ਪਹਿਲੀ ਵਰ੍ਹੇ ਗੰਢ ਮਣਾ ਰਿਹਾ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਆਪਦੀ ਮਿਹਨਤ ਅਤੇ ਸਿਦਕਦਿਲੀ ਨਾਲ ਹੀ ਇਹ ਸੰਭਵ ਹੋ ਸਕਿਆ ਹੈ। ਆਸ ਕਰਦਾ ਹਾਂ ਕਿ ‘ਹਾਇਕੂ-ਲੋਕ’ ਦੇ ਅਗਲੇ ਜਨਮ-ਦਿਹਾੜੇ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਵੇਗੀ।
    ਬਹੁਤ-ਬਹੁਤ ਵਧਾਈਆਂ!

    ReplyDelete
  6. ਹਾਇਕੁ ਲੋਕ ਦੇ ਸਾਰੇ ਲੇਖਕਾਂ ਤੇ ਪਾਠਕਾਂ ਨੂੰ ਵਰ੍ਹੇ ਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ! ਇਹ ਵਰ੍ਹਾ ਬਹੁਤ ਵਧੀਆ ਰਿਹਾ -ਨਵੇਂ-ਨਵੇਂ ਸਾਥੀ ਜੁੜਦੇ ਗਏ। ਸਭ ਦੇ ਮਿਲਵਰਤਨ ਤੇ ਹੁੰਗਾਰੇ ਸਦਕਾ ਹਾਇਕੁ-ਲੋਕ ਅੱਗੇ ਵੱਧਦਾ ਗਿਆ ਤੇ ਮੇਰੀ ਛੋਟੀ ਭੈਣ ਦੀ ਮਿਹਨਤ ਤੇ ਲਗਨ ਰੰਗ ਲਿਆਈ। ਸੁਪ੍ਰੀਤ ਦੀ ਚਿੱਤਰਕਾਰੀ ਤੇ ਕਲਾਕਾਰੀ ਹਮੇਸ਼ਾਂ ਵਾਂਗ ਹੀ ਸ਼ਲਾਘਾਯੋਗ ਹੈ। ਮੋਹ ਪਿਆਲਾ ਬਹੁਤ ਚੰਗਾ ਲੱਗਾ।
    ਅਗਲਾ ਵਰ੍ਹਾ ਇਸ ਤੋਂ ਵੀ ਵੱਧ ਖੁਸ਼ੀਆਂ ਤੇ ਨਵੀਆਂ ਤੰਦਾਂ ਜੋੜਨ ਵਾਲ਼ਾ ਹੋਵੇ-ਇਸੇ ਦੁਆ ਨਾਲ਼ ਸਾਰਿਆਂ ਨੂੰ ਇੱਕ ਵਾਰ ਫਿਰ ਦਿਲੀ ਮੁਬਾਰਕਾਂ!

    ReplyDelete
  7. ਹਾਇਕੁ-ਲੋਕ ਲਈ 26 ਜੂਨ ਸੱਚੀਂ ਹੀ ਭਾਗਾਂ ਵਾਲ਼ਾ ਦਿਨ ਹੋ ਨਿਬੜਿਆ ਜਦੋਂ ਇਹ ਇਸ ਦਿਨ 95 ਵਾਰ ਖੋਲ੍ਹ ਕੇ ਪੜ੍ਹਿਆ ਤੇ ਦੇਖਿਆ ਗਿਆ। ਜਿਸ ਘਰ ਦੇ ਜੀਅ ਇੱਕ ਦੂਜੇ ਦਾ ਸਤਿਕਾਰ ਕਰਨ ਵਾਲ਼ੇ ਹੋਣ ਓਥੇ ਖੁਸ਼ੀਆਂ ਦਾ ਵਾਸਾ ਹੁੰਦਾ ਹੈ। ਭਾਵੇਂ ਕਦੇ - ਕਦਾਈਂ ਸਾਡੇ ਹਾਇਕੁ ਲੋਕ ਵਿਹੜੇ ਵੀ ਚੁੱਪੀ ਛਾਈ, ਪਰ ਸਾਡੇ ਸੁਹਿਰਦ ਲੇਖਕਾਂ ਨੇ ਝੱਟ ਇਸ ਵੱਲ ਸੰਕੇਤ ਕੀਤਾ । ਚੁੱਪੀ ਤੋੜਨ ਦੇ ਹੀਲੇ ਕਰਦਿਆਂ ਮੋਹ-ਤੰਦਾਂ ਨੂੰ ਹੋਰ ਪੀਢੀਆਂ ਕੀਤਾ। ਜਿੱਥੇ ਐਹੋ ਜਿਹੇ ਸਾਥੀਆਂ ਦਾ ਸਾਥ ਹੋਵੇ ਓਥੇ ਕੰਮ ਕਰਨ ਦਾ ਆਪਣਾ ਹੀ ਚਾਓ ਹੈ ਤੇ ਵੱਖਰਾ ਹੀ ਮਜ਼ਾ ਹੈ। ਨਿੱਤ-ਦਿਨ ਇਹ ਚਾਅ ਖੁਦ-ਬ-ਖੁਦ ਮੈਨੂੰ ਖਿੱਚ ਲਿਆਉਂਦਾ ਹੈ ਹਾਇਕੁ-ਲੋਕ ਵਿਹੜੇ। ਕੁਝ ਨਵਾਂ ਪਰੋਸਣ ਲਈ ਤੇ ਮਿਹਨਤ ਕਰਨ ਨੂੰ ਆਪੇ ਮਨ ਕਰਦਾ ਹੈ । ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ। ਇਸੇ ਆਸ ਤੇ ਤਮੰਨਾ ਨਾਲ਼ ਸਾਰਿਆਂ ਨੂੰ ਅਗਲੇ ਸਾਲ ਲਈ ਸ਼ੁੱਭ-ਇਛਾਵਾਂ !

    ReplyDelete
  8. ਬਹੁਤ ਹੀ ਸਤਿਕਾਰਤ ਡਾ. ਸੰਧੂ ਜੀ
    ਸਤਿ ਸ੍ਰੀ ਅਕਾਲ ਜੀਓ ,

    ਸਭ ਤੋਂ ਪਹਿਲਾਂ ਦੇਰੀ ਨਾਲ ਹਾਜ਼ਰ ਹੋਣ ਲਈ ਮੁਆਫੀ ਚਾਹੁੰਦਾ ਹਾਂ .....
    ਕੁਝ ਰੁਝੇਵਿਆਂ ਕਾਰਣ ਰਾਬਤਾ ਕਾਇਮ ਨਹੀਂ ਰਖ ਸਕਿਆ ....

    -------------------
    ਹਾਜ਼ਰ ਹਾਂ ਮੈਂ
    ਸਨਮੁਖ ਤੁਹਾਡੇ
    ਗੁਨਾਹਗਾਰ
    -------------------

    ਮੇਰੇ ਵੱਲੋਂ ਹਾਇਕੁ-ਲੋਕ ਵੱਲੋਂ ਪਹਿਲਾ ਵਰ੍ਹਾ ਪੂਰਾ ਕਰਨ ਤੇ ਆਪ ਜੀ ਨੂੰ ਅਤੇ ਪੂਰੇ ਹਾਇਕੁ-ਲੋਕ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ !
    ਸ਼ਾਲਾ ... ਹਾਇਕੁ -ਲੋਕ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ....
    ਮੈਂ ਜਲਦੀ ਹੀ ਆਪਣੇ ਨਵੇਂ ਹਾਇਕੁ ਭੇਜਾਂਗਾ ।
    ਧੰਨਵਾਦ ਸਹਿਤ
    ਬੂਟਾ ਸਿੰਘ ਵਾਕਫ਼
    ਸ੍ਰੀ ਮੁਕਤਸਰ ਸਾਹਿਬ


    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ