ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Jun 2013

ਸੇਦੋਕਾ ਸ਼ੈਲੀ

ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ ਹਾਇਕੁ ਕਾਵਿ ਨਾਲ਼ੋਂ ਕਈ ਸੌ ਸਾਲ ਪੁਰਾਣੀ ਹੈ।ਇਹ ਅੱਠਵੀਂ ਸਦੀ ‘ਚ ਬਹੁਤ ਪ੍ਰਚੱਲਤ ਰਿਹਾ । ਓਸ ਤੋਂ ਬਾਦ ਇਸ ਦਾ ਰੁਝਾਨ ਬਹੁਤ ਘੱਟ ਹੋ ਗਿਆ ਤੇ ਤਾਂਕਾ ਵਰਗੇ ਹੋਰ ਛੰਦ ਜ਼ਿਆਦਾ ਪ੍ਰਚੱਲਤ ਹੋਣ ਲੱਗੇ ।

ਸੇਦੋਕਾ ਆਮਤੌਰ ‘ਤੇ ਪ੍ਰੇਮੀ-ਪ੍ਰੇਮਿਕਾ ਨੂੰ ਸੰਬੋਧਨ ਕਰਦਾ ਸੀ।ਇਹ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਸੀ ਜਿੰਨ੍ਹਾਂ ਨੂੰ ਕਤੋਤਾ ਕਿਹਾ ਜਾਂਦਾ ਸੀ। ਇਸ ਤਰਾਂ ਦੋ ਕਤੋਤਾ ਮਿਲ਼ ਕੇ ਇੱਕ ਸਦੋਕਾ ਬਣਾਉਂਦੇ ਸਨ।  

ਇਨ੍ਹਾਂ ਦੋ ਭਾਗਾਂ ‘ਚੋਂ ਪਹਿਲਾ ਭਾਗ 5-7-5 ਵੀ ਹੋ ਸਕਦਾ ਸੀ ਪਰ ਇਸ ਤਰਾਂ ਦਾ ਪ੍ਰਚੱਲਣ ਤਾਂਕਾ ‘ਚ ਹੋਣ ਕਾਰਣ 5-7-7 ਨੂੰ ਹੀ ਸੇਦੋਕਾ ‘ਚ ਅਪਣਾਇਆ ਗਿਆ।ਦੋਵੇਂ ਭਾਗ ਪ੍ਰਸ਼ਨ-ਉੱਤਰ ਜਾਂ ਸੰਵਾਦ ਦੇ ਰੂਪ ‘ਚ ਹੋ ਸਕਦੇ ਸੀ। 

ਇੱਕ ਗੱਲ ਹੋਰ ਧਿਆਨ ਦੇਣ ਯੋਗ ਇਹ ਹੈ ਕਿ ਕਤੋਤਾ ਦਾ ਆਜ਼ਾਦ ਰੂਪ ‘ਚ ਪ੍ਰਯੋਗ ਕਿਤੇ ਵੀ ਨਹੀਂ ਮਿਲ਼ਦਾ। ਇਹ ਆਪਣੇ-ਆਪ ‘ਚ ਸੰਪੂਰਨ ਕਵਿਤਾ ਨਹੀਂ ਹੈ। ਇਹ ਜਦੋਂ ਵੀ ਲਿਖਿਆ ਗਿਆ ਦੋ-ਦੋ ਕਰਕੇ ਲਿਖੇ ਗਏ ਜੋ ‘ਸੇਦੋਕਾ’ ਬਣਿਆ। ਪਰ ਇਹ ਅਤਿ ਜ਼ਰੂਰੀ ਹੈ ਕਿ ਦੋਵੇਂ ਕਤੋਤਾ ਇੱਕੋ ਭਾਵ ਨੂੰ ਪ੍ਰਗਟ ਕਰਦੇ ਹੋਣ। ਪਹਿਲੇ ਭਾਗ ‘ਚ ਕਹੀ ਗੱਲ ਦਾ ਪੂਰਣ ਵਿਸਥਾਰ ਦੂਜਾ ਭਾਗ ਕਰੇ।

ਅੱਜ ਹਾਇਕੁ-ਲੋਕ ਦੇ ਦੂਜੇ ਸਾਲ ਦੇ ਪਹਿਲੇ ਦਿਨ ਮੈਂ ਪਹਿਲੀ ਵਾਰ ਸਾਡੇ ਪਾਠਕਾਂ ਨਾਲ਼ ਪੰਜਾਬੀ ਸੇਦੋਕਾ ਦੇ ਰੂਪ 'ਚ ਸਾਂਝੇ ਕਰ ਰਹੀ ਹਾਂ। ਆਸ ਕਰਦੀ ਹਾਂ ਕਿ ਮੇਰੀ ਇਹ ਕੋਸ਼ਿਸ਼ ਆਪ ਨੂੰ ਚੰਗੀ ਲੱਗੇਗੀ। 

ਨੋਟ: ਅੱਜ ਉਨ੍ਹਾਂ ਦੇਸ਼ਾਂ ਦੀ ਗਿਣਤੀ 31 ਹੋ ਗਈ ਹੈ ਜਿੱਥੇ-ਜਿੱਥੇ ਹਾਇਕੁ-ਲੋਕ ਪੜ੍ਹਿਆ ਗਿਆ; ਜਦੋਂ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਆ ਰਲ਼ਿਆ। 

1.

ਟਿਮਟਿਮਾਵੇ

ਤਾਰਿਆਂ ਭਰੀ ਰਾਤ

ਜੋੜ ਕੇ ਡਾਹੇ ਮੰਜੇ।

ਛੱਤ ‘ਤੇ ਸੁੱਤੇ

ਠੰਢੀਆਂ ਹਵਾਵਾਂ ਨੇ

ਲੋਰੀਆਂ ਸੁਣਾਈਆਂ ।

2.

ਪਿੰਡ ਦੀ ਗਲ਼ੀ

ਵਣਜਾਰੇ ਦਾ ਹੋਕਾ

ਕੱਚ ਦੀਆਂ ਚੂੜੀਆਂ।

ਗੋਰੀ ਚੜ੍ਹਾਵੇ

ਨਾਜ਼ੁਕ ਕਲਾਈ ‘ਚ

ਵੰਗਾਂ ਨੇ ਛਣਕੀਆਂ ।

3.

ਬੂਹੇ ‘ਚ ਬੈਠੀ

ਰਾਹ ਪਈ ਤੱਕਦੀ

ਪਾਉਂਦੀ ਸੀ ਔਸੀਆਂ।

ਕਰੇ ਉਡੀਕ

ਝਾਉਲ਼ਾ ਪਰਛਾਵਾਂ

ਲੈ ਓਹੀਓ ਆਇਆ ।

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ। 

5 comments:

 1. ਹਰਦੀਪ--ਹਾਇਕੁ ਦੇ ਦੂਜੇ ਸਾਲ ਨੂੰ ਸੇਦੋਕਾ ਜਾਪਾਨੀ ਕਾਵ ਵਿਧਾ ਨਾਲ ਅਰੰਭ ਕਰਨਾ ਇਕ ਬਹੁਤ ਹੀ ਸ਼ਿਲਾਘਾ ਯੋਗ ਕਦਮ ਹੈ ।ਤੁਹਾਡੀ ਹਿਮਤ ਤੇ ਅਣਥੱਕ ਸਿਹਨਤ ਸਦਕੇ,ਕਾਮਯਾਬੀ ਤੁਹਾਡੇ ਕਦਮ ਚੁਮੇਗੀ । ਸਾਡੇ ਸਾਰਿਆਂ ਦੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਨ ।ਹਾਜ਼ਰੀ ਲਵਾਨ ਲਈ ,ਨਿਮਾਣਾ ਜਿਹਾ ਯਤਨ ਕੀਤਾ ਹੈ । ਦਸਨਾ ਕਿਵੇਂ ਆਂ ।

  ਸੋਚਾਂ ਨਾ ਕਰ
  ਰੱਬ ਤੇ ਸੁਟ ਡੋਰੀ
  ਭਲੀ ਕਰੇਗਾ ਓਹੀ
  ਪੈਰ ਤਾਂ ਪੁਟ
  ਮੰਜ਼ਲ ਉਡੀਕਦੀ
  ਕਈ ਰੱਲਣਗੇ ਆ
  "ਥਿੰਦ"

  ReplyDelete
 2. ਅੱਜ ਜਦੋਂ ਹਾਇਕੁ-ਲੋਕ ਖੋਲ੍ਹਿਆ ਤਾਂ ਇੱਕ ਨਵੀਂ ਗੱਲ ਪਤਾ ਲੱਗੀ- ਸੇਦੋਕਾ।
  ਬਹੁਤ ਵਧੀਆ ਲੱਗਾ। ਅੱਜ ਹਾਇਕੁ-ਲੋਕ ਪਾਕਿਸਤਾਨ 'ਚ ਵੀ ਪੜ੍ਹਿਆ ਗਿਆ।
  ਦੂਜੇ ਵਰ੍ਹੇ ਦੇ ਪਹਿਲੇ ਦਿਨ ਦਾ ਸ਼ੁੱਭ-ਸੰਕੇਤ।

  ReplyDelete
 3. ਖੂਬਸੂਰਤ ਖਿਆਲ ਹੀ ਕਾਵ ਵਿਧਾ ਦੀ ਰੂਹ ਹੁੰਦੇ ਹਨ । ਸੋ ਇਹ ਹੀ ਤੁਸਾਂ ਕੀਤਾ ਹੈ ।

  ReplyDelete
 4. ਪੰਜਾਬੀ ਬੋਲੀ 'ਚ ਇੱਕ ਨਵੀਂ ਕਾਵਿ ਵਿਧਾ- ਸੇਦੋਕਾ ਬਾਰੇ ਜਾਣਕਾਰੀ ਵਧੀਆ ਲੱਗੀ।
  ਤਿੰਨੋ ਸੇਦੋਕਾ ਬਹੁਤ ਵਧੀਆ ਲੱਗੇ।
  ਹਾਇਕੁ-ਲੋਕ ਦਾ ਪਾਕਿਸਤਾਨ 'ਚ ਪੜ੍ਹਿਆ ਜਾਣਾ ਇੱਕ ਚੰਗੀ ਖ਼ਰਬ ਹੈ।
  ਛੇਤੀ ਹੀ ਸੇਦੋਕਾ ਸ਼ੈਲੀ 'ਚ ਲਿਖਣ ਦੀ ਕੋਸ਼ਿਸ਼ ਕਰਾਂਗੀ।

  ReplyDelete
 5. ਥਿੰਦ ਅੰਕਲ, ਦਿਲਜੋਧ ਸਿੰਘ ਜੀ ਤੇ ਦਵਿੰਦਰ ਭੈਣ ਜੀ,
  ਆਪ ਜੀ ਦੀ ਕੀਤੀ ਹੌਸਲਾ-ਅਫ਼ਜ਼ਾਈ ਲਈ ਸ਼ੁਕਰੀਆ।
  ਵਰਿੰਦਰ ਦੀ ਸ਼ਾਬਦਿਕ ਹਾਜ਼ਰੀ ਹਮੇਸ਼ਾਂ ਵਾਂਗ ਅੱਜ ਵੀ ਲੱਗੀ - ਬਹੁਤ ਚੰਗਾ ਲੱਗਾ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ