ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Jul 2013

ਤ੍ਰਿੰਝਣ - 1

ਅੱਜ ਤੋਂ ਕਈ ਦਹਾਕੇ ਪਹਿਲਾਂ ਚਰਖਾ ਵਸਦੇ ਪੰਜਾਬ ਦੇ ਸੱਭਿਆਚਾਰ ਦੀ ਧੜਕਣ ਹੁੰਦਾ ਸੀ। ਪੰਜਾਬੀ ਔਰਤਾਂ ਲਈ ਤਾਂ ਇਹ ਰਿਸ਼ਤਾ ਰੂਹ ਤੇ ਕਲਬੂਤ ਵਾਲਾ ਸੀ। ਹੱਥੀਂ ਕੰਮ ਕੀਤੇ ਜਾਂਦੇ। ਕੁੜੀਆਂ- ਬੁੜ੍ਹੀਆਂ ਘਰਾਂ ਵਿਚ ਚਰਖੇ ਕੱਤਦੀਆਂ ਹੁੰਦੀਆਂ ਸਨ।ਪੰਜਾਬੀ ਜਨ -ਜੀਵਨ ਦਾ ਤਾਣਾ-ਬਾਣਾ ਚਰਖੇ ਦੇ ਦੁਆਲ਼ੇ ਹੀ ਘੁੰਮਦਾ ਸੀ।ਚੁੱਲ੍ਹਾ-ਚੌਂਕਾ ਨਿਬੇੜਦਿਆਂ ਹੀ ਉਹ ਚਰਖਾ ਚੁੱਕ ਤ੍ਰਿੰਞਣ ਵੱਲ ਹੋ ਤੁਰਦੀਆਂ । ਆਂਢ-ਗੁਆਂਢ ਦੀਆਂ ਕੁੜੀਆਂ ਦਾ ਇੱਕ ਥਾਂ ‘ਕੱਠੀਆਂ ਹੋ ਕੇ ਛੋਪ ਪਾ ਕੇ ਕੱਤਣ ਨੂੰ ਤ੍ਰਿੰਝਣ ਕਹਿੰਦੇ ਸਨ।
           
               ਅੱਜ ਦੀ ਪੋਸਟ 'ਚ ਓਸੇ ਤ੍ਰਿੰਝਣ ਨੂੰ ਹਾਇਕੁ ਕਾਵਿ 'ਚ ਪਰੋ ਕੇ ਹਾਇਕੁ-ਲੋਕ ਮੰਚ ਦਾ ਸ਼ਿੰਗਾਰ ਬਣਾਇਆ ਗਿਆ ਹੈ। ਸਾਰੇ ਪਾਠਕਾਂ/ਲੇਖਕਾਂ ਨੂੰ 'ਤ੍ਰਿੰਝਣ ਹਾਇਕੁ-ਜੁਗਲਬੰਦੀ' ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
 1.
ਨਿੰਮਾਂ ਦੀ ਛਾਵੇਂ 
ਤਿੱਖੜ ਦੁਪਹਿਰੇ
ਲੱਗਾ ਤ੍ਰਿੰਝਣ ।

2.
ਹੱਥ ਪੂਣੀਆਂ
ਢਾਕ ਚੱਕ ਚਰਖਾ
ਚੱਲੀ ਕੱਤਣ।

3.
ਤੱਕਲ਼ੇ ਤੰਦ
ਬੋਈਏ 'ਚ ਪੂਣੀਆਂ
ਤ੍ਰਿੰਝਣੀ -ਛੋਪ।

4.
ਬੈਠ ਤ੍ਰਿੰਝਣ
ਘੂਕਰ ਸੁਰ ਮਿਲਾ
ਕੱਤੇ ਚਰਖਾ। 

ਡਾ. ਹਰਦੀਪ ਕੌਰ ਸੰਧੂ 
(ਸਿਡਨੀ-ਬਰਨਾਲ਼ਾ)

*********************************************************************************
ਪ੍ਰੋ. ਦਵਿੰਦਰ ਕੌਰ ਸਿੱਧੂ ਨੇ 'ਤ੍ਰਿੰਝਣ ਹਾਇਕੁ-ਜੁਗਲਬੰਦੀ' ਦੇ ਸੱਦੇ ਨੂੰ ਕਬੂ਼ਲਦੇ ਹਾਇਕੁ ਸਾਂਝੇ ਕੀਤੇ।

1.
ਲੰਮੀਆਂ ਰਾਤਾਂ
ਤ੍ਰਿੰਝਣ ਦੀਆਂ ਗੱਲਾਂ
ਤਾਰਿਆਂ ਦੀ ਲੋ ।

2.
ਲੰਬੀਆਂ ਹੇਕਾਂ
ਚਰਖੇ ਵਿੱਚ ਮੇਖਾਂ
ਪੈਣੇ ਨੀ ਤੰਦ ।

3.
ਰੋਂਦੇ ਨੇ ਦੀਦੇ
ਭੁੱਲੇ ਲੋਕ ਅਕੀਦੇ
ਬੂਹੇ ਸੱਖਣੇ । 

ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ-ਦੌਧਰ)         
************************************************************************
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜੋਗਿੰਦਰ ਸਿੰਘ ਥਿੰਦ ਜੀ ਨੇ ਵੀ ਆਪਣੀਆਂ ਯਾਦਾਂ ਦੇ ਝਰੋਖੇ 'ਚੋਂ ਤ੍ਰਿੰਝਣ ਬਾਰੇ ਆਪਣੇ ਹਾਇਕੁ-ਕਾਵਿ ਨਾਲ਼ ਸਾਂਝ ਪਾਈ ।
1.
ਕੱਤਣ ਸੂਤ
ਤ੍ਰਿੰਝਣ 'ਚ ਕੁੜੀਆਂ
ਪਾਉਣ ਸਾਂਝਾਂ।
2.
ਠੱਠੇ ਕਰਨ
ਕਿੱਕਲੀਆਂ ਮਾਰਨ
ਪਾ ਲੰਮੇ ਤੰਦ।
3.
ਛਿੱਕੂ ਪੂਣੀਆਂ 
ਕੱਤ ਮੁੱਕਦੇ ਜਾਂਦੇ
ਟੁੱਟੇ ਨਾ ਤੰਦ।

ਜੋਗਿੰਦਰ ਸਿੰਘ ਥਿੰਦ
(ਸਿਡਨੀ-ਅੰਮ੍ਰਿਤਸਰ)     
******************************************************************************     

 ਰੌਣਕ ਤ੍ਰਿੰਝਣ -2 ਦੀ ਬਾਕੀ.............

3 comments:

 1. ਅੱਜ ਤਾਂ ਹਾਇਕੁ-ਲੋਕ ਵਿਹੜੇ 'ਤ੍ਰਿੰਝਣ' ਲੱਗਾ ਹੋਇਆ ਹੈ। ਹਾਇਕੁ-ਲੋਕ ਦੀ ਇਹੋ ਸਿਫ਼ਤ ਹੈ (ਤੇ ਸਿਫ਼ਤ ਹਰਦੀਪ ਦੀ ਵੀ ਕਰਨੀ ਬਣਦੀ ਹੈ) ਕਿ ਇੱਥੇ ਪੰਜਾਬੀ ਵਿਰਸੇ ਨੂੰ ਸਾਂਭਣ ਦਾ ਉਪਰਾਲਾ ਕੀਤਾ ਜਾਂਦਾ ਹੈ।
  ਤ੍ਰਿੰਝਣ 'ਚ ਬੈਠ, ਚਰਖੇ ਦੀ ਘੂਕਰ ਨਾਲ਼ ਸੁਰ ਮਿਲਾ ਕੇ ਗੀਤ ਗਾਉਣਾ ਤੇ ਛੋਪ ਪਾ ਕੱਤਣਾ......ਚਾਰੇ ਹਾਇਕੁਆਂ ਨੇ ਕਿੰਨਾ ਸੋਹਣਾ ਚਿੱਤਰਣ ਕੀਤਾ ਹੈ।

  ਤ੍ਰਿੰਝਣ 'ਚ ਸ਼ਾਮਿਲ ਹੋਣ ਲਈ ਮੈਂ ਵੀ ਆ ਰਹੀ ਹਾਂ।

  ਦਵਿੰਦਰ ਕੌਰ ਸਿੱਧੂ (ਪ੍ਰੋ.)

  ReplyDelete
 2. ਸੱਚੀਂ ਭੈਣ ਜੀ, ਇੱਥੇ ਤਾਂ ਤ੍ਰਿੰਝਣ ਲੱਗਾ ਹੋਇਆ ਹੈ।
  ਹਰਦੀਪ ਤੇ ਦਵਿੰਦਰ ਭੈਣ ਜੀ ਅਤੇ ਥਿੰਦ ਅੰਕਲ ਜੀ ਨੇ ਖੂਬ ਰੰਗ ਬੰਨਿਆ ਹੈ।
  ਲਾਜਵਾਬ ਹਾਇਕੁਆਂ ਨੇ ਹੂਬਹੂ ਤ੍ਰਿੰਝਣ ਦਾ ਦ੍ਰਿਸ਼ ਪੇਸ਼ ਕੀਤਾ ਹੈ। ਕਦੇ ਨਿੰਮਾਂ ਹੇਠ, ਕਦੇ ਤਾਰਿਆਂ ਦੀ ਲੋ 'ਚ , ਲੰਮੀਆਂ ਹੇਕਾਂ ਨਾਲ਼ ਚਰਖੇ ਦੀ ਘੂਕਰ ਸੁਰ ਮਿਲਾਉਂਦੀਆਂ ਸੱਚੀਂ ਸੁਣਾਈ ਦੇਣ ਲੱਗ ਪਈਆਂ।
  ਇਹੋ ਹਾਇਕੁ ਰਚਨਾ ਦਾ ਕਮਾਲ ਹੈ।

  ਬਹੁਤ ਵਧਾਈ !

  ReplyDelete
 3. ਨਿੰਮ ਤਾਂ ਉਹੀ
  ਪਿੰਡ ਦੇ ਮੁੰਡੇ ਬੁੱਢੇ
  ਖੇਡਣ ਤਾਸ਼ ।

  ਨਵਾਂ ਤ੍ਰਿੰਝਨ
  ਟੀਵੀ ਦੇ ਸਾਹਮਣੇ
  ਕਿੱਟੀ ਪਾਰਟੀ ।

  ---ਦਿਲਜੋਧ ਸਿੰਘ --

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ