ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Jul 2013

ਇੱਕ ਤੇਰੀ ਯਾਦ

"ਅਜੇ ਤੱਕ ਮਨ ਜੋਗੀ ਨਹੀਂ ਬਣਿਆ ਜੋ ਦੁੱਖ 'ਚ ਰੋਂਦਾ ਨਹੀਂ ਤੇ ਸੁੱਖ 'ਚ ਹੱਸਦਾ ਨਹੀਂ। ਭਾਵੇਂ ਅੱਜ ਵੀ ਓਹੀਓ ਸੂਰਜ ਹੈ ਤੇ ਓਹੀਓ ਚੰਨ-ਤਾਰਿਆਂ ਦੀ ਲੋਅ ਹੈ ਪਰ ਤੇਰੇ ਬਗੈਰ ਛਲਕਦੀਆਂ ਅੱਖੀਆਂ 'ਚੋਂ ਸਭ ਕੁਝ ਧੁੰਦਲਾ ਜਿਹਾ ਦਿੱਖਦਾ ਹੈ। ਤੇਰੇ ਬਿਨਾਂ ਸੁੰਨਾ ਵਿਹੜਾ ਉਦਾਸ ਹੈ ਤੇ ਤੱਕਦਾ ਰਹਿੰਦਾ ਦਹਿਲੀਜ਼ਾਂ ਵੱਲ ......ਸ਼ਾਇਦ ਤੂੰ ਆ ਜਾਵੇਂ.....ਹੁਣੇ ਹੀ ਆ ਜਾਵੇਂ !"
            ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸ. ਜੋਗਿੰਦਰ ਸਿੰਘ ਥਿੰਦ ਜੀ ਦੇ ਸਪੁੱਤਰ ਸੰਦੀਪ ਸਿੰਘ ਨੂੰ ਵਿਛੜਿਆਂ ਅੱਜ ਪੂਰਾ ਇੱਕ ਸਾਲ ਹੋ ਗਿਆ। ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਸਾਲ ਬਣਦੇ ਜਾਣਗੇ, ਪਰ ਓਸ ਅਣਦੇਖੀ ਥਾਂ ਜਾ ਵਸਣ ਵਾਲ਼ਾ, ਬੁੱਢਾਪੇ ਦੀ ਡੰਗੋਰੀ ਬਣਨ ਵਾਲ਼ਾ ਮੁੜ ਕਦੇ ਨਹੀਂ ਆਵੇਗਾ। ਅੱਜ ਹਾਇਕੁ-ਲੋਕ ਮੰਚ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ । ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ! 

1.

ਧੁਰ ਕਲੇਜੇ
ਹੋਣੀ ਦੀ ਕੂਕ ਵੱਜੀ
ਨੁੱਚੜੀਆਂ ਅੱਖੀਆਂ।
ਕੰਬਿਆ ਆਪਾ 
ਹਾਉਕੇ ਹਾਵੇ ਕਿਰੇ
ਮੁੱਠੀ 'ਚੋਂ ਰੇਤ ਵਾਂਗੂੰ ।

2.
ਤੁਰ ਗਿਓਂ ਤੂੰ 
ਖਾਮੋਸ਼ੀ ਦਾ ਖੰਜਰ
ਜ਼ਖਮੀ ਕਰੇ ਰੂਹ ।
ਜ਼ਿੰਦਾ ਲਾਸ਼ ਹਾਂ
ਨਾ ਫੱਟ ਭਰਦੇ ਨੇ
ਨਾ ਮੌਤ ਆਉਂਦੀ ਏ !

ਡਾ. ਹਰਦੀਪ ਕੌਰ ਸੰਧੂ
( ਸਿਡਨੀ-ਬਰਨਾਲ਼ਾ) 

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਖੋਲ੍ਹ ਕੇ ਪੜ੍ਹੀ ਗਈ

7 comments:

  1. ਇਹ ਬਹੁਤ ਹੀ ਦੁੱਖਦਾਈ ਖ਼ਬਰ ਹੈ।
    ਹਾਉਕੇ ਹਾਵੇ ਕਿਰੇ
    ਮੁੱਠੀ 'ਚੋਂ ਰੇਤ ਵਾਂਗੂੰ ।
    ਤੇ
    ਖਾਮੋਸ਼ੀ ਦਾ ਖੰਜਰ
    ਜ਼ਖਮੀ ਕਰੇ ਰੂਹ ।
    ਇੱਥੇ ਆ ਕੇ ਅਸੀਂ ਬੇਵੱਸ ਹੋ ਜਾਂਦੇ ਹਾਂ। ਪ੍ਰਮਾਤਮਾ ਦੇ ਭਾਣੇ ਨੂੰ ਮੰਨਣਾ ਪੈਂਦਾ ਹੈ।
    ਆਪ ਦੇ ਦੁੱਖ 'ਚ ਸ਼ਾਮਿਲ ਹੁੰਦਾ ਹੋਇਆ -
    ਵਰਿੰਦਰਜੀਤ

    ReplyDelete
  2. ਜਿੰਨੀ ਅੱਖਰੀਂ ਦੁਖ ਬਿਆਨਿਆ
    ਉਹ ਅੱਖਰ ਵੀ ਮੁਰਝਾਏ ।

    ReplyDelete
  3. सन्तान का माँ -बाप के सामने ही असमय काल कवलित होना दुनिया का सबसे बड़ा दु:ख है। दुनिया में कोई ऐसा योगी यति पैदा नहीं हुआ जो इस वियोग में न रोया हो । यह पल बहुत असह्य है। हरदीप बहन ने उस दु:ख को अपने ताँका में पिरो दिया है। इस दु:खद स्मृति के अवसर पर रब से विनती है कि आदरणीय स0 जोगिन्दर सिंह थिन्द जी को ये पल भुलाने और दु:ख सहने की ताकत दे।दिवंगत को श्रद्धांजली के साथ-रामेश्वर काम्बोज 'हिमांशु'

    ReplyDelete
  4. ਜ਼ਿੰਦਗੀ ਮਿਹਰਬਾਨ ਨਹੀਂ ਰਹਿੰਦੀ ਜਦੋਂ ਸਾਹ ਮੁੱਕ ਜਾਣ । ਹਰ ਦਿਨ ਹਰ ਪਲ ਹਰ ਘੜੀ ਜਾਣ ਵਾਲ਼ੇ ਦੀਆਂ ਯਾਦਾਂ 'ਚ ਨਿਕਲਦੀ ਹੈ। ਸੇਦੋਕੇ 'ਚ ਪਰੋਇਆ ਅੱਖਰ-ਅੱਖਰ ਥਿੰਦ ਜੀ ਦੇ ਦੁੱਖ ਦੀ ਹਾਮੀ ਭਰਦਾ ਹੈ।ਇਹ ਦੁੱਖ ਸਭ ਤੋਂ ਵੱਡਾ ਹੈ ਪਰ ਪ੍ਰਮਾਤਮਾ ਦੇ ਭਾਣੇ ਨੂੰ ਕਬੂਲਣਾ ਪੈਂਦਾ ਹੈ। ਇਹੋ ਅਰਦਾਸ ਹੈ ਕਿ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦੀ ਹਿੰਮਤ ਦੇਵੇ।

    ReplyDelete
  5. ਥਿੰਦ ਪਰਿਵਾਰ ਦਾ ਦੁੱਖ ਅਸਹਿ ਹੈ। ਤੁਰ ਜਾਣ ਵਾਲ਼ੇ ਦੇ ਘਾਟੇ ਨੂੰ ਪੂਰਿਆ ਨਹੀਂ ਜਾ ਸਕਦਾ। ਮਾਂ-ਪਿਓ ਦੇ ਮੁਰਝਾਏ ਚਿਹਰੇ ਤੇ ਪਤਨੀ ਦੀਆਂ ਉਡੀਕਦੀਆਂ ਅੱਖੀਆਂ ਨੂੰ ਕਿਹੜੇ ਸ਼ਬਦਾਂ ਨਾਲ਼ ਹੌਸਲਾ ਦੇਵਾਂ - ਮੈਨੂੰ ਕਦੇ ਸਮਝ ਨਹੀਂ ਲੱਗਿਆ। ਬੱਚਿਆਂ ਨੂੰ ਹਮੇਸ਼ਾਂ ਹੀ ਪਾਪਾ ਦੇ ਦਸਤਕ ਦੀ ਉਡੀਕ ਰਹਿਣੀ ਹੈ।
    ਬਹੁਤ ਹਿੰਮਤੀ ਨੇ ਥਿੰਦ ਅੰਕਲ ਤੇ ਆਂਟੀ - ਆਪਣਾ ਦੁੱਖ ਛੁਪਾ ਕੇ ਘਰ ਦਾ ਸਹਾਰਾ ਬਣੇ ਹੋਏ ਨੇ। ਓਸ ਤੋਂ ਵੱਧ ਹਿੰਮਤੀ ਹੈ ਉਨ੍ਹਾਂ ਦੀ ਧੀਆਂ ਵਰਗੀ ਨੂੰਹ ਜਿਸ ਨੇ ਕਦੇ ਸੀ ਤੱਕ ਨਹੀਂ ਕਹੀ। ਆਪਣੇ ਸਭ ਦੁੱਖ ਅੰਦਰ ਹੀ ਅੰਦਰ ਪੀਂਦੀ ਤੁਰੀ ਜਾ ਰਹੀ ਹੈ। ਰੱਬ ਉਨ੍ਹਾਂ ਨੂੰ ਹੋਰ ਹਿੰਮਤ ਤੇ ਬਲ ਬਖ਼ਸ਼ੇ - ਬੱਚਿਆਂ ਨੂੰ ਠੰਢੀਆਂ ਛਾਵਾਂ ਕਰਦੇ ਰਹਿਣ ।

    ReplyDelete
  6. ਵੈਸੇ ਤਾਂ ਨਾਲ਼ ਬੈਠ ਕੇ ਬੰਦੇ ਦਾ ਚੁੱਪ-ਚਪੀਤੇ ਹੱਥ ਫੜ੍ਹਨਾ ਹੀ ਸਭ ਤੋਂ ਵੱਡਾ ਦਿਲਾਸਾ ਹੈ।
    ਪੁੱਤ ਦਾ ਸੋਗ, ਕੀ ਦਿਆਂ ਦਿਲਾਸਾ ਮੈਂ, ਬੋਲ ਨਾ ਕੋਈ !
    ਪਿਤਾ ਹੀ ਜਾਣੇ, ਜਿਸ ਕਠਿਨ ਪਾਲ਼ਿਆ,
    ਅੱਜ ਖੁਦ ਹੀ .....ਓਹਨੀ ਹੱਥੀਂ ਪਿਆ.... ਸਮੇਟੇ ਆਪਣੇ ਸਾਰੇ ਚਾਅ !

    ReplyDelete
  7. ਮੈ,ਮੇਰੀ ਸੁਪਤਨੀ ਤੇ ਬਾਕੀ ਅਸੀਂ ਸਾਰੇ ਪ੍ਰਵਾਰ ਦੇ ਜੀਅ "ਹਾਇਕੁ ਲੋਕ "ਦਾ ਤਹਿ ਦਿਲੋਂ ਧਨਵਾਦੀ ਹਾਂ ਕਿ ਆਪ ਸਭ ਨੇ ਸਾਡਾ ਦੁਖ ਵੰਡਾਇਆ ਹੈ ਤੇ ਪ੍ਰਮਾਤਮਾਂ ਦਾ ਭਾਣਾ ਮੰਨਣ ਲਈ ਪ੍ਰੇਰਿਆ ਹੈ । ਕਿਸੇ ਨੇ ਠੀਕ ਹੀ ਕਿਹਾ ਹੈ ਕਿ:-
    ਦੁਖ ਵੰਡਾਂਆਂ ਘੱਟਦਾ ਦੈ
    ਤੇ ਸੁਖ ਵੰਡਾਆਂ ਵਧਦਾ ਹੈ ।
    ਪਰ
    ਅੱਥਰੂ ਸੁਕੇ
    ਹਾਸੇ ਬੁਲਾਂ ਤੇ ਰੁਕੇ
    ਹੌਕੇ ਗਲੇ'ਚ ਤੁਟੇ
    ਬਿੜਕਾਂ ਲੈਂਦੇ
    ਹੁਣ ਵੀ ਝੌਲੇ ਪੈਂਦੇ
    ਖੌਰੇ ਕਿਵੇਂ ਸਹਿੰਦੇ

    ਜੋਗਿੰਦਰ ਸਿੰਘ ਥਿੰਦ
    ਤੇ ਪ੍ਰਵਾਰ
    (ਸਿਡਨੀ)

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ