ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Jun 2014

ਸੁਰਗੀ ਝੂਟਾ


       ਗੂੜ੍ਹ ਸਿਆਲੀ ਘਸਮੈਲੀ ਜਿਹੀ ਸ਼ਾਮ…… ਸਮਾਂ ਸਾਢੇ ਪੰਜ  ਕੁ ਵਜੇ ਦਾ …ਝੜ੍ਹਦਾ ਹਨ੍ਹੇਰਾ ...ਜੁਗਨੂੰਆਂ ਵਾਂਗ ਜਗਦੀਆਂ ਬਜ਼ਾਰ ਦੀਆਂ ਬੱਤੀਆਂ। ਜ਼ਰੂਰੀ ਖ੍ਰੀਦਦਾਰੀ ਕਰਕੇ ਮੈਂ ਕਾਹਲੀ  ਨਾਲ ਆਪਣੀ ਕਾਰ ਵੱਲ ਵੱਧੀ। ਅਗਲੇ ਹੀ ਪਲ ਕਾਰ ਮੁੱਖ ਸੜਕ 'ਤੇ ਤੇਜੀ ਨਾਲ ਜਾ ਰਹੀ ਸੀ। ਕੁਝ ਮਿੰਟਾਂ ਬਾਅਦ ਮੈਨੂੰ  ਲੱਗਾ ਕਿ ਜਿਵੇਂ ਮੈਨੂੰ ਚੰਗੀ ਤਰਾਂ ਦਿਖਾਈ ਨਾ ਦੇ ਰਿਹਾ ਹੋਵੇ। ਬਾਹਰ ਦੂਰ ਤੱਕ ਨਿਗ੍ਹਾ ਘੁਮਾਈ ....ਹਨ੍ਹੇਰਾ  ਐਨਾ ਗਾੜ੍ਹਾ ਨਹੀਂ ਸੀ, ਪਰ ਫਿਰ ਵੀ ਕਾਰ ਚਲਾਉਣ 'ਚ ਮੈਨੂੰ ਦਿੱਕਤ ਆ ਰਹੀ ਸੀ। ........ਐਮ. ਐਸ. ......ਮਲਟੀਪਲ ਸਕਲੀਰੋਸਿਸ। ....ਇੱਕ ਭਿਆਨਕ ਲਾਇਲਾਜ ਬਿਮਾਰੀ.........ਖਿਆਲ ਆਉਂਦਿਆਂ ਹੀ ਮੇਰਾ ਆਪਾ ਕੰਬ ਗਿਆ। ''ਕਿਤੇ ਇਹ ਐਮ.ਐਸ. ਦਾ ਹਮਲਾ ਤਾਂ ਨਹੀਂ।''  ਨਾ -ਮੁਰਾਦ ਰੋਗ.....ਨਾ ਉਮਰ ਦੇਖੇ ....ਨਾ ਲਿੰਗ.......ਸਿੱਧਾ ਦਿਮਾਗੀ ਨਸਾਂ 'ਤੇ ਹਮਲਾ..........ਕੋਈ ਵੀ ਅੰਗ ਨਕਾਰਾ........ਕਾਰਣ ਅਜੇ ਤੱਕ ਅਣਲੱਭ।   
          ਅੱਖਾਂ ਸਾਹਮਣੇ ਆ ਖਲੋਤਾ ਨਰਕਈ ਭੈਅ .........ਐਨੀ ਠੰਡ 'ਚ ਵੀ ਮੈਂ ਤਰੇਲਿਓ -ਤਰੇਲੀ ਹੋ ਗਈ। ਅੱਖਾਂ ਮੂਹਰੇ ਭੰਬੂ -ਤਾਰੇ ਜਿਹੇ ਨੱਚਣ ਲੱਗੇ ਤੇ ਦਿੱਖਦੇ ਕਾਲੇ ਧੱਬੇ ਹੋਰ ਵਡੇਰੇ ਤੇ ਗਾੜ੍ਹੇ ਹੋ ਗਏ। ਘਬਰਾ ਕੇ ਮੈਂ ਕਾਰ ਸੜਕ ਦੇ ਇੱਕ ਪਾਸੇ ਕਰਕੇ ਰੋਕ ਦਿੱਤੀ। ਸਾਹਮਣੇ ਆ ਰਹੇ ਵਾਹਨਾਂ ਦੀਆਂ ਬੱਤੀਆਂ ਦੀ ਰੌਸ਼ਨੀ ਜਦੋਂ ਮੇਰੀਆਂ ਅੱਖਾਂ 'ਤੇ ਵੱਜੀ ਤਾਂ ਅਚਾਨਕ ਮੈਨੂੰ ਆਪਣੀ ਬੇ- ਧਿਆਨਗੀ ਦਾ ਅਹਿਸਾਸ ਹੋਇਆ। ''ਓਹੋ ! ਭਲਾ ਏਸ ਵੇਲੇ ਇਹਨਾਂ ਕਾਲੀਆਂ ਐਨਕਾਂ ਦਾ ਮੇਰੀਆਂ ਅੱਖਾਂ 'ਤੇ ਕੀ ਕੰਮ ?" ਬੋਝਲ ਸੋਚਾਂ ਦੇ ਪ੍ਰਛਾਵਿਆਂ ਹੇਠ ਕਾਰ 'ਚ ਬੈਠਦਿਆਂ ਹੀ ਇਹ ਐਨਕਾਂ ਕਦੋਂ ਮੇਰੀਆਂ ਅੱਖਾਂ 'ਤੇ ਆ ਬੈਠੀਆਂ ਪਤਾ ਹੀ ਨਾ ਲੱਗਾ। ਆਪ -ਮੁਹਾਰੇ ਹੀ ਮੇਰੇ ਹੱਥ ਐਨਕਾਂ ਉਤਾਰਣ ਵੱਲ ਵਧੇ। ਮੇਰੇ ਉਲਝੇਵੇਂ ਪਏ ਸਾਹ ਹੁਣ ਸੌਖੇ ਹੋ ਗਏ ਸਨ ....ਮੈਂ ਵਾਲ -ਵਾਲ ਜੋ ਬੱਚ ਗਈ ਸੀ।

ਸੁਰਗੀ ਝੂਟਾ -
ਤਿੱਖੀ ਧੁੱਪ ਮਗਰੋਂ
ਹਵਾ ਦਾ ਬੁੱਲਾ ।
ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਵੇਖੀ ਗਈ। 

5 comments:

 1. ਬਹੁਤ ਖੂਬਸੂਰਤ ਹੈ ਹਾਇਬਨ

  ReplyDelete
 2. ਜਿੰਦਗੀ ਦੇ ਅਨੁਭਵ ਨੂੰ ਦਰਸਾਉਂਦੀ ਹੋਈ ਬਹੁਤ ਹੀ ਖੂਬਸੂਰਤ ਹਾਇਬਨ।

  ReplyDelete
 3. Full of suspense, Interest and excitement remain till the last line

  ReplyDelete
 4. Anonymous7.6.14

  ਦੁੱਖ ਤੋਂ ਸੁੱਖ ਤੱਕ ਦਾ ਸਫਰ ਬਹੁਤ ਲੰਮਾ ਤੇ ਦੁੱਖਦਾਈ ਹੁੰਦਾ ।
  ਦੁੱਖ ਦਾ ਅਹਿਸਾਸ ਮਾਤਰ ਹੀ ਆਤਮਾ ਨੂੰ ਝੰਜੋੜ ਕੇ ਰੱਖ ਦਿੰਦਾ ।
  ਹਾਇਬਨ- ਸੁਰਗੀ ਝੂਟਾ ਜਿੰਦਗੀ ਦਾ ਸੱਚ ਬਿਆਨਦਾ....

  ReplyDelete
 5. ਹਾਇਬਨ ਪਸੰਦ ਕਰਨ ਤੇ ਹੁੰਗਾਰਾ ਭਰਨ ਲਈ ਬਹੁਤ-ਬਹੁਤ ਧੰਨਵਾਦ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ