ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Aug 2014

ਜੁਗਨੀਨਾਮਾ (ਹਾਇਬਨ) 1. ਲਿਸ਼ਕੀ ਧੁੱਪ

 ਸਿਆਲੂ ਰੁੱਤ......ਧੁੰਦਾਂ ਭਰੇ ਦਿਨ .....ਬਨੇਰਿਆਂ 'ਤੇ ਬੈਠੀ ਪਾਲੇ ਨਾਲ ਸੁੰਗੜੀ ਠੁਰ -ਠੁਰ ਕਰਦੀ ਧੁੱਪ। ਘਰ ਦੇ ਚੜ੍ਹਦੇ ਪਾਸੇ ਵੱਲ ਠਾਰੀ ਭੰਨਣ ਲਈ ਓਟੇ ਦੇ ਓਹਲੇ ਜੁਗਨੀ ਦੀ ਵੱਡੀ ਬੇਬੇ ਧੰਨ ਕੁਰ ਮੰਜੀ 'ਤੇ ਟੋਟੇ ਦੀ ਬੁੱਕਲ ਮਾਰੀ ਬੈਠੀ ਸੀ । ਬੇਬੇ ਧੰਨ ਕੁਰ ਬੜੀ ਹੀ ਸਚਿਆਰੀ ਤੇ ਕਾਮੀ ਬੁੜੀ ਸੀ।  ਹਰ ਵੇਲ਼ੇ ਕੋਈ ਨਾ ਕੋਈ ਕੰਮ ਵਿੱਢੀ ਹੀ ਰੱਖਦੀ। ਕਦੇ ਉਹ ਰੂੰ ਪਿੰਜਵਾਉਂਦੀ, ਪੂਣੀਆਂ ਵੱਟਦੀ , ਚਰਖਾ ਕੱਤਦੀ ਤੇ ਸੂਤ ਅਟੇਰਦੀ। ਕਦੇ ਦਰੀਆਂ ਖੇਸ ਬੁਣਦੀ ਜਾਂ ਫਿਰ ਬੰਬਲ਼ ਵੱਟਦੀ। ਕਿਸੇ ਨੇ ਨਵਾਂ ਚੁੱਲ੍ਹਾ -ਹਾਰਾ ਪੱਥਣਾ ਹੁੰਦਾ ਜਾਂ ਟਾਂਡਾ ਬਨਾਉਣੀਆਂ ਹੁੰਦੀਆਂ ਬੇਬੇ ਦੀ ਸਲਾਹ ਜ਼ਰੂਰ ਲਈ ਜਾਂਦੀ।  '47 ਦੇ ਹੱਲਿਆਂ ਤੋਂ ਪਹਿਲਾਂ ਬੇਬੇ ਦਾ ਪਰਿਵਾਰ ਲਾਇਲਪੁਰ (ਸਾਂਦਲ ਬਾਰ )ਦੇ ਇਲਾਕੇ 'ਚ ਰਹਿੰਦਾ ਸੀ। ਬੇਬੇ ਅਕਸਰ ਅਤੀਤ 'ਚ ਗੁਆਚੀ ਜੁਗਨੀ ਨੂੰ ਬਾਰ ਦੀਆਂ ਗੱਲਾਂ ਸੁਣਾਉਂਦੀ। 
ਹਾਜ਼ਰੀ ਵੇਲ਼ੇ ਦੀ ਖਾ ਕੇ ਥਾਲੀ ਨੂੰ ਮੰਜੀ ਹੇਠ ਸਰਕਾਉਂਦਿਆਂ ਬੇਬੇ ਨੇ ਕੋਲ ਬੈਠੀ ਜੁਗਨੀ ਨੂੰ ਹੱਥ ਨਾਲ਼ ਇਸ਼ਾਰਾ ਕਰਦਿਆਂ ਕਿਹਾ, " ਕੁੜੇ ਪੁੱਤ ਜੁਗਨੀ, ਭੋਰਾ ਗੁੜ ਦੀ ਰੋੜੀ ਤਾਂ ਲਿਆਈਂ।  ਐਂ ਕਰੀਂ ......ਨਾਲੇ ਆਉਂਦੀ ਵੀ ਸੂਤ ਆਲਾ ਬੋਹੀਆ ਚੱਕੀਂ ਆਈਂ।" ਬੇਬੇ ਸੂਤ ਅਟੇਰਨ ਲੱਗੀ ਤੇ ਜੁਗਨੀ ਆਪਣਾ ਸਕੂਲ ਦਾ ਕੰਮ ਮੁਕਾਉਣ 'ਚ ਰੁੱਝ ਗਈ।
ਪੜ੍ਹਾਈ ਕਰਦੀ ਜੁਗਨੀ ਦਾ ਧਿਆਨ ਵਾਰ -ਵਾਰ ਬੇਬ ਵੱਲ ਚੱਲਿਆ ਜਾਂਦਾ। ਜੁਗਨੀ ਦਾ ਖ਼ਿਆਲ ਸੀ ਕਿ ਬੇਬੇ ਅੱਜ ਫੇਰ ਕੋਈ ਹੱਡ -ਬੀਤੀ ਸੁਣਾਊ। ਪਰ ਗੱਲਾਂ 'ਚੋਂ ਗੱਲਾਂ ਕੱਢਣ ਵਾਲੀ ਬੇਬੇ ਆਪਣੀ ਆਦਤ ਤੋਂ ਉਲਟ ਅੱਜ ਕੁਝ ਜ਼ਿਆਦਾ ਹੀ ਚੁੱਪ ਬੈਠੀ ਸੀ। ਜੁਗਨੀ ਤੋਂ ਰਿਹਾ ਨਹੀਂ ਗਿਆ, " ਬੇਬੇ ਤੂੰ ਤਾਂ ਚੁੱਪ ਕਰਾਇਆਂ ਚੁੱਪ ਨੀ ਸੀ ਹੁੰਦੀ, ਅੱਜ ਤੈਨੂੰ ਕੀ ਹੋ ਗਿਆ?
"ਪੁੱਤ ਹੁਣ ਤਾਂ 'ਗਾਹਾਂ ਨੂੰ ਜਾਣ ਦੀਆਂ ਤਿਆਰੀਆਂ ਨੇ। ਨਾ ਚੰਗੂ ਦੀਂਹਦਾ ਤੇ ਨਾ ਚੰਗੂ ਤੁਰਿਆ ਜਾਂਦਾ।  ਗੋਡੇ -ਗਿੱਟੇ ਜਮਾਂ ਹੀ ਖੜ੍ਹਗੇ ਹੁਣ ਤਾਂ। ਬੰਦਾ ਤਾਂ ਕਹਿੰਦੇ .....ਪਾਣੀ ਦਾ ਬੁਲਬਲਾ ......ਖੌਰੇ ਕਦੋਂ ਹਵਾ ਨਿਕਲ ਜਾਵੇ।" ਬੇਬੇ ਨੇ ਉੱਲਝਦੇ ਜਾਂਦੇ ਗਲੋਟਿਆਂ ਨੂੰ ਠੀਕ ਕਰਦੇ ਲੰਮੇਰਾ ਸਰਦ ਹਉਕਾ ਲੈਂਦਿਆਂ ਕਿਹਾ।
" ਲੈ ਬੇਬੇ ਐਂ ਕਿਉਂ ਕਹਿਨੀ ਐਂ .....ਅਜੇ ਤਾਂ ਮੈਂ ਤੈਥੋਂ ਬੌਤ ਕੁਛ ਸਿੱਖਣਾ" ਜੁਗਨੀ ਨੇ ਬੇਬੇ ਦੀ ਨਿਰਾਸ਼ਤਾ ਤੋੜਨ ਲਈ ਕਿਹਾ। ਐਨੀ ਗੱਲ ਸੁਣਦਿਆਂ ਹੀ ਬੇਬੇ ਦਾ ਹਰਾਸਿਆ ਚਿਹਰਾ ਚਮਕ ਗਿਆ।  ਬੇਬੇ ਆਪਣੇ ਰੌਂਅ 'ਚ ਆਉਂਦਿਆਂ ਬੋਲੀ," ਪੁੱਤ ਤੂੰ ਭੋਰਾ ਸੰਸਾ ਨਾ ਮੰਨ, ਐਡੀ ਛੇਤੀ ਨੀ ਮੈਂ ਜਾਂਦੀ ਕਿਧਰੇ। ਤੂੰ ਐਂ ਕਰ .....ਆਵਦੇ ਝੋਲੇ 'ਚੋਂ ਕਾਗਦ -ਪਿਲ਼ਸਲ਼ ਕੱਢ।" 
" ਕਾਗਜ਼ -ਪੈਨਸਿਲ ਕਾਹਦੇ ਲਈ?" ਜੁਗਨੀ ਨੇ ਬੇਬੇ ਦੀ ਆਖਰੀ ਗੱਲ ਦੁਹਰਾਉਂਦਿਆਂ ਪੁੱਛਿਆ। " ਤੈਥੋਂ ਚਿੱਠੀ ਲਖਾਉਣੀ ਆ, ਸਾਂਝਾ ਖੱਤ, ਤੇਰੇ ਬਰਗੀਆਂ ਕੁੜੀਆਂ -ਕੱਤਰੀਆਂ ਦੇ ਨਾਉਂ। " ਓਸ ਤੋਂ ਮਗਰੋਂ ਬੇਬੇ ਪਤਾ ਨਹੀਂ ਕਿੰਨਾ ਚਿਰ ਬੋਲੀ ਗਈ ਤੇ ਜੁਗਨੀ ਬੇਬੇ ਦੇ ਡੂੰਘੇ ਵਿਚਾਰਾਂ ਨੂੰ ਕਾਗਜ਼ ਦੇ ਨਾਲ਼ - ਨਾਲ਼ ਆਪਣੀ ਮਨ ਦੀ ਤਖਤੀ 'ਤੇ ਵੀ ਉੱਕਰਦੀ ਗਈ। 

ਤਰੇਲ਼ੀ ਠੰਢ - 
ਬੇਬੇ ਨੇ ਤੋੜੀ ਚੁੱਪ 
ਲਿਸ਼ਕੀ ਧੁੱਪ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 


           

2 comments:

  1. ਜੁਗਨੀਨਾਮਾ ਦੀ ਸ਼ੁਰੂਆਤ ਬੜੀ ਸੁੰਦਰ ਅਤੇ ਸਹਿਜ ਹੈ ।ਅਜ੍ ਤੋਂ ਕੁਝ ਦਹਾਕੇ ਪਹਿਲੇ ਰਿਸ਼ਤਿਆਂ ਦਾ ਅਤੇ ਆਮ੍ ਘਰਾਂ ਦੀ ਜ਼ਿੰਦਗੀ ਵਿਚਲਾ ਨਿਘ ਮਹਿਸੂਸ ਹੁੰਦਾ ਹੈ ।

    ReplyDelete
  2. ਲਿਸ਼ਕੀ ਧੁੱਪ .........ਬਹੁਤ ਹੀ ਢੁੱਕਵਾਂ ਸਿਰਲੇਖ ਹੈ ਇਸ ਹਾਇਬਨ ਦਾ। ਰਿਸ਼ਤਿਆਂ ਦੇ ਮੋਹ ਤੇ ਸਾਡੀ ਸੱਭਿਅਤਾ ਦੀ ਸੋਹਣੀ ਪੇਸ਼ਕਸ਼ ਹੋ ਨਿਬੜਿਆ ਹੈ ਇਹ ਹਾਇਬਨ। ਬੇਬੇ ਦੀਆਂ ਹੋਰ ਗੱਲਾਂ ਦੀ ਉਡੀਕ ਰਹੇਗੀ।

    ਦਵਿੰਦਰ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ