ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jul 2014

ਸਫਰ (ਹਾਇਬਨ)


            ਮੈਂ ਜਹਾਜ਼ 'ਚ ਆਪਣੀ ਸੀਟ 'ਤੇ ਬੈਠ ਗਿਆ।  ਮੈਂ ਇਸ ਵਾਰ ਇੱਕਲਾ ਹੀ ਜਾ ਰਿਹਾ ਸੀ । ਮਨ ਬੜਾ ਉਦਾਸ ਅਤੇ ਅੱਖਾਂ 'ਚ ਪਾਣੀ ਸੀ , ਪਹਿਲੀ ਵਾਰੀ ਇੱਕਲਾ ਜਾ ਰਿਹਾ ਸੀ ਪਤਨੀ ਤੋਂ ਬਿਨਾ, ਜਿਸ  ਨੂੰ ਕੈਂਸਰ ਨਿਘਲ  ਗਿਆ ਸੀ।   ਏਅਰਪੋਰਟ ਆਉਣ ਲਈ ਘਰ ਦੇ  ਦਰਵਾਜ਼ੇ ਨੂੰ ਜੰਦਰਾ ਲਾਉਂਦਿਆਂ ਲੱਗਿਆ ਕਿ  ਪਤਨੀ ਨੂੰ ਅੰਦਰ ਹੀ ਬੰਦ ਕਰ ਕੇ...... ਘਰ ਦਾ ਗਲਾ  ਘੁੱਟ ਕੇ ਜਾ ਰਿਹਾ ਹਾਂ  । ਉਚਾਟ ਮਨ ਨੂੰ ਘੁੱਟ ਕੇ  ਸੀਟ 'ਤੇ ਬੈਠ ਗਿਆ ਅਤੇ ਜਹਾਜ਼ ਲੰਮੀ ਉਡਾਣ ਲਈ ਅਮਰੀਕਾ ਵੱਲ ਉੱਡ ਪਿਆ । 
   ਏਅਰ  ਇੰਡੀਆ  ਦੀ ਇਸ ਉਡਾਣ 'ਤੇ  ਮੈਂ 7-8 ਵਾਰ ਸਫਰ ਕਰ ਚੁੱਕਾ ਸੀ। ਮੇਰੀ ਸਨਕ ਹੈ ਕਿ ਮੈਂ ਹਮੇਸ਼ਾਂ ਇੱਕ ਖਾਸ  ਨੰਬਰ ਦੀ ਸੀਟ ਤੇ ਹੀ ਸਫਰ  ਕਰਦਾ ਹਾਂ ।ਥੋੜੇ ਸਮੇਂ ਬਾਦ ਜਦ ਮੈਂ ਸਿਰ ਨੀਵਾਂ ਕਰ ਕੇ ਬੈਠਾ ਸੀ......ਆਵਾਜ਼ ਆਈ, "ਅੰਕਲ ਸਤਿ ਸ੍ਰੀ ਅਕਾਲ।" ਮੈਂ ਸਿਰ ਚੁੱਕ  ਕੇ ਦੇਖਿਆ .... ਇੱਕ ਮੁਸਕਰਾਉਂਦੀ ਹੋਈ ਏਅਰ ਹੋਸਟਸ ਦੇ ਬੋਲ ਸਨ," ਮੈਂ ਤੁਹਾਨੂੰ ਪਛਾਣਦੀ ਹਾਂ , ਮੈਂ  ਆਪ ਨਾਲ ਕਈ ਵਾਰ  ਸਫਰ ਕਰ ਚੁੱਕੀ ਹਾਂ ।ਅੱਜ  ਇੱਕਲੇ ਜਾ ਰਹੇ ਹੋ , ਆਂਟੀ ਜੀ  ਕਿੱਥੇ ਨੇ ?.......ਉਹ ਹਮੇਸ਼ਾਂ ਆਪਣਾ ਖਾਣਾ ਨਾਲ ਲੈ ਕੇ ਆਉਂਦੇ ਸੀ...... ਜਹਾਜ਼  ਦਾ ਖਾਣਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ।

          ਮੇਰੀ ਪਤਨੀ  ਜਦ ਜਹਾਜ਼ 'ਚ ਆਪਣੀ ਰੋਟੀ ਖੋਲਦੀ ਤਾਂ ਉਸ ਦੇ ਪਰੌਠਿਆਂ ਦੀ ਖੁਸ਼ਬੂ ਚੁਫੇਰੇ ਫੈਲ ਜਾਂਦੀ ਸੀ ।ਜਹਾਜ਼ 'ਚ  ਬਹੁਤੇ ਭਾਰਤੀ ਲੋਕ ਹੋਣ ਕਰਕੇ ਕੋਈ ਦਿੱਕਤ ਵਾਲੀ ਗੱਲ ਨਾ ਹੁੰਦੀ । ਮੈਂ ਉਸ ਨੂੰ ਪਤਨੀ ਦੀ ਮੌਤ ਬਾਰੇ ਦੱਸਿਆ। ਉਹ ਸੁਣ ਕੇ  ਉਦਾਸ ਹੋ ਗਈ ਤੇ ਗੱਲ ਬਦਲਣ ਲਈ ਪੁੱਛਿਆ, "ਕੀ ਪੀਓਗੇ ?" ਉਹ ਜੂਸ ਵੰਡ ਰਹੀ ਸੀ ।ਮੈਂ ਜੂਸ ਲੈ ਲਿਆ ।
            ਮੈਂ ਸ਼ਰਾਬ ਦਾ ਸ਼ੌਕੀਨ ਨਹੀਂ । ਮੈਂ ਜਹਾਜ ਦੇ ਸਫਰ ਵਿਚ ਸ਼ਰਾਬ -ਵਾਇਨ ਵਗੈਰਾ ਕਦੀ ਨਹੀਂ ਪੀਤੀ ।ਪਤਨੀ ਦੇ ਸਾਥ ਕਰਕੇ ਕਦੇ ਇਸ ਬਾਰੇ ਸੋਚਿਆ ਹੀ ਨਹੀਂ ਸੀ। ਅੱਜ ਮੇਰੇ ਹੱਥ ਪਤਾ ਨਹੀਂ ਕਿਓਂ ਇਸ ਵੱਲ ਮੱਲੋ -ਮੱਲੀ ਵਧੇ। ਅੱਖਾਂ ਦਾ ਪਾਣੀ ਰੋਕ ਮੈਂ ਗਲਾਸ ਖਾਲੀ ਕਰ ਦਿੱਤਾ ।ਸਫਰ ਅਜੇ ਮੁੱਕਿਆ ਨਹੀਂ ਸੀ ........।

ਲੰਮੀ ਉਡਾਣ
ਨਾਲ ਦੀ ਸੀਟ ਖਾਲੀ
ਜਹਾਜ਼ ਡੋਲੇ ।

ਦਿਲਜੋਧ ਸਿੰਘ 
(ਯੂ. ਐਸ. ਏ. )

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

5 comments:

  1. ਇਹ ਮਨ ਦੀ ਸਥਿਤੀ ਹੀ ਹੁੰਦੀ ਹੈ ਜਦੋਂ ਉਹ ਆਪਣੇ ਆਪ ਨੂੰ ਇੱਕਲਾ ਮਹਿਸੂਸਦਾ ਹੈ। ਇਸੇ ਅਵਸਥਾ ਨੂੰ ਬਿਆਨਦਾ ਹੈ ਇਹ ਹਾਇਬਨ। ਇਹ ਮਨ ਹੀ ਹੈ ਜਿਸ ਨੂੰ ਜਿਵੇਂ ਮਰਜ਼ੀ ਤੁਸੀਂ ਸਮਝਾ ਲਓ। ਮੈਨੂੰ ਇਹ ਹਾਇਬਨ ਪੜ੍ਹ ਮਹਿਸੂਸ ਹੋਇਆ ਕਿ ਆਪਦੀ ਜੀਵਨ ਸਾਥਣ ਹੁਣ ਵੀ ਆਪ ਦੇ ਨਾਲ ਹੀ ਹੈ ... ਜਹਾਜ਼ 'ਚ ਨਾਲ ਵਾਲੀ ਸੀਟ ਖਾਲੀ ਨਹੀਂ ਸੀ। ਉਹ ਨਾਲ ਬੈਠੀ ਸਭ ਕੁਝ ਹੁੰਦਾ ਵੇਖ ਰਹੀ ਸੀ ਤੇ ਜਦੋਂ ਜਹਾਜ਼ ਡੋਲਿਆ ਸ਼ਾਇਦ ਉਸ ਦਾ ਮਨ ਡੋਲਿਆ ਹੋਵੇਗਾ.... ਇੰਝ ਨਾ ਕਰੋ।

    ਹਰਦੀਪ

    ReplyDelete
  2. ਦਿਲਜੋਧ ਸਿੰਘ ਜੀ--ਆਪ ਜੀ ਦਾ ਹਾਇਬਨ ਦਿਲ ਨੂੰ ਅੰਦਰ ਤੱਕ ਝੰਜੋੜ ਗਿਆ। ਜਿਸ ਤੰਨ ਲਗੇ ਸੋ ਤੰਨ ਜਾਣੇ ।ਅਪਨੇ ਪਿਆਰੇ ਕਦੇ ਭੁਲ ਨਹੀ ਹੁੰਦੇ ।ਆਸ ਪਾਸ ਹੀ ਲੱਗਦੇ ਹਨ। ਕੁਦਰੱਤ ਦੇੇ ਨੇਯਮ ਅੱਗੇ ਅਸੀਂ ਸਾਰੇ ਬੇਬੱਸ ਹਾਂ ।

    ReplyDelete
  3. ਆਪ ਦੇ ਹਾਇਬਨ ਨੇ ਜ਼ਿੰਦਗੀ ਦੇ ਦੁੱਖ -ਸੁੱਖ ਦੇ ਸੁਮੇਲ ਨੂੰ ਪ੍ਰਸਤੁਤ ਕੀਤਾ ਹੈ। ਇਹੋ ਜ਼ਿੰਦਗੀ ਦਾ ਦਸਤੂਰ ਹੈ ਤੇ ਭਾਣਾ ਮੰਨਣਾ ਹੀ ਪੈਂਦਾ ਹੈ।
    ਆਪ ਦੀ ਹਾਇਕੁ ਲੇਖਣ ਕਲਾ ਤਾਂ ਕਮਾਲ ਸੀ ਹੀ ਇਸ ਲੇਖਣੀ ਵਿੱਚੋਂ ਇੱਕ ਚੰਗੇ ਕਹਾਣੀਕਾਰ ਦੀ ਦਿੱਖ ਨਜ਼ਰ ਆਉਂਦੀ ਹੈ। ਆਸ ਹੈ ਆਉਂਦੇ ਦਿਨਾਂ 'ਚ ਹੋਰ ਬਹੁਤ ਕੁਝ ਇਸ ਕਲਮ ਤੋਂ ਪੜ੍ਹਨ ਨੂੰ ਮਿਲੇਗਾ।

    ਦਵਿੰਦਰ ਕੌਰ

    ReplyDelete
  4. ਕੁਦਰਤੀ ਚਾਲ ਦੇ ਨਾਲ - ਨਾਲ ਹੀ ਚੱਲਣਾ ਪੈਂਦਾ ਹੈ। ਇਕ ਅਟੁੱਟ ਰਿਸ਼ਤੇ ਨੂੰ ਤੁਸੀਂ ਬੜੇ ਪਿਆਰੇ ਸ਼ਬਦਾਂ 'ਚ ਬਿਆਨ ਕੀਤਾ ਹੈ।

    ReplyDelete
  5. ਹਾਇਬਨ ਪੜ੍ਹ ਦਿਲ ਉਦਾਸ ਹੈ.... । ਜਦੋਂ ਕੋਈ ਆਪਣਾ ਸਦਾ ਲਈ ਵਿੱਛੜ ਜਾਵੇ
    ਤਾ ਧਰਤੀ ਪੁੱਠੀ ਹੋ ਗਈ ਜਾਪਦੀ ਏ । ਆਪਣੇ ਪਿਆਰੇ ਸਦਾ ਆਪਣੇ ਨਾਲ ਹੀ ਹੁੰਦੇ
    ਹਨ, ਯਾਦਾਂ 'ਚ, ਬਾਤਾਂ 'ਚ ਤੇ ਸਾਡੇ ਅਹਿਸਾਸ 'ਚ ।
    ਵਾਹਿਗੁਰੂ ਆਪ ਜੀ ਨੂੰ ਇਸ ਜਿੰਦਗੀ ਦੇ ਸਫਰ 'ਚ ਧਰਵਾਸ ਤੇ ਹਿੰਮਤ ਬਖਸ਼ਣ..।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ