ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Sep 2014

ਪੀਲੀ ਫ਼ਰਾਕ

ਵੱਡੇ ਦਿਨਾਂ ਦੀਆਂ ਛੁੱਟੀਆਂ ......ਨਾਨਕੇ ਜਾਣ ਦਾ ਛਣਕਦੇ ਘੁੰਗਰੂਆਂ ਵਰਗਾ ਚਾਅ। ਛੁੱਟੀਆਂ ਦਾ ਕੰਮ ਮੁੱਕਾ ਅਸੀਂ ਲੁੱਡੀਆਂ ਪਾਉਂਦੇ ਨਾਨਕੇ ਆ ਗਏ। ਚਿਹਰਿਆਂ 'ਤੇ ਰੱਜਵਾਂ ਖੇੜਾ ...... ਦਿਨ ਬਹਾਰਾਂ ਦੇ ਬੁੱਲਿਆਂ ਵਰਗੇ ਜਾਪਣ ਲੱਗੇ। ਖਾਣ ਨੂੰ ਨਿੱਤ ਨਵੇਂ ਪਕਵਾਨ  ......ਕਦੇ ਖੀਰ ਪੂੜੇ ਤੇ ਕਦੇ ਘਿਓ ਨੁੱਚੜਵੀਆਂ ਚੂਰੀਆਂ। ਦਿਨੇ ਅੰਦਰਲੇ ਘਰ ਤੇ ਕਦੇ ਬਾਹਰਲੇ ਘਰ ਅਸੀਂ ਨਿੱਕੇ -ਨਿੱਕੇ ਘੁੰਗਰੂਆਂ ਦਾ ਮੀਂਹ ਵਰ੍ਹਾਉਂਦੇ ਫਿਰਦੇ।  ਰਾਤ ਨੂੰ ਨਾਨੀ ਤੋਂ ਕਦੇ ਚੰਮ ਦਾ ਚਮੋਟਾ, ਰੂਪ -ਬਸੰਤ ਜਾਂ ਫਿਰ ਦਿਓ ਵਾਲੀਆਂ  ਬਾਤਾਂ ਸੁਣਦੇ। 
     ਇੱਕ ਦਿਨ ਮੈਨੂੰ ..........ਮਸਤ ਪੌਣ ਦੇ ਹੁਲਾਰੇ ਝੁਟਦੀ ਨੂੰ ....ਮੇਰੀ ਵੱਡੀ ਮਮੇਰੀ ਭੈਣ ਨੇ ਕੋਲ਼ ਬੁਲਾਉਂਦਿਆਂ ਕਿਹਾ, " ਐਧਰ ਆ .....ਤੇਰਾ ਮੇਚਾ ਲੈਣਾ ਹੈ।" ਭੈਣ ਦੀ ਸਿਲਾਈ ਮਸ਼ੀਨ ਕੋਲ਼ ਪੀਲੇ ਰੰਗ ਦਾ ਕੱਪੜਾ, ਰੰਗ ਤੇ ਬੁਰਸ਼ ਵੇਖ ਮੇਰੇ ਮਨ 'ਚ ਜਿਗਿਆਸਾ ਦੇ ਜੁਗਨੂੰ ਬਲ਼ ਉੱਠੇ। ਮੈਂ ਕੀ, ਕਿਓਂ, ਕਿਵੇਂ ਦੇ ਸਵਾਲਾਂ ਦਾ ਮੀਂਹ ਵਰ੍ਹਾ ਦਿੱਤਾ। ਹਾਣੀਆਂ ਨਾਲ ਖੇਡਦੀ......ਸੁਆਦਲੀਆਂ ਖੇਡਾਂ ਛੱਡ ਕੇ ਮੈਂ ਉਥੇ ਹੀ ਚੌਂਕੜੀ ਮਾਰ ਕੇ ਬੈਠ ਗਈ। ਦੋ ਖੜੀਆਂ ਇੱਟਾਂ 'ਤੇ ਸ਼ੀਸ਼ਾ ਧਰ ਕੇ ਭੈਣ ਨੇ ਛੋਟਾ ਜਿਹਾ ਇੱਕ ਮੇਜ਼ ਬਣਾਇਆ। ਮੇਜ਼ ਥੱਲੇ ਬਲਬ ਜਗਾ ਕੇ ......ਕਾਗਜ਼ 'ਤੇ ਵਾਹੀ ਫੁੱਲਾਂ ਵਾਲੀ ਬੱਤਖ ਨੂੰ ਪੀਲੇ ਕੱਪੜੇ 'ਤੇ ਉਕਰਿਆ। ਆਪਣੀਆਂ ਕਲਾਤਮਿਕ ਛੋਹਾਂ ਨਾਲ ਗੁਲਾਬੀ -ਹਰਾ ਰੰਗ ਭਰ ਕੇ ਬੱਤਖ ਨੂੰ ਸੱਚੀ ਹੀ ਜਿਉਂਦੀ ਕਰ ਦਿੱਤਾ ਸੀ। .......ਤੇ ਫੇਰ .......ਚੱਲਦੀ ਸਿਲਾਈ ਮਸ਼ੀਨ ਦਾ ਸੁਰ ਮੈਨੂੰ ਕਿਸੇ ਅਗੰਮੀ ਪ੍ਰਸੰਨਤਾ ਦੇ ਹੁਲਾਰੇ ਦੇਣ ਲੱਗਾ। ਸਰਕਦੇ ਦਿਨ ਦਾ ਮੈਨੂੰ ਪਤਾ ਹੀ ਨਾ ਲੱਗਾ। ਆਥਣ ਨੂੰ ਪੀਲੇ ਰੰਗ ਦੀ ਫ਼ਰਾਕ ਜਦੋਂ ਮੈਂ ਪਾਈ ਤਾਂ ਛਣ -ਛਣ ਕਰਦੇ ਮੇਰੇ ਹਾਸੇ ਨਾਲ ਵਿਹੜਾ ਭਰ ਗਿਆ। 
              ਸੰਦਲੀ ਯਾਦਾਂ ਦੀ ਗੱਠੜੀ ਖੋਲ੍ਹ ........ਅੱਜ ਵੀ ਜਦੋਂ ਕਦੇ ਮੈਂ ਉਹ ਪੀਲੀ ਫ਼ਰਾਕ ਪਾਉਂਦੀ ਹਾਂ ਤਾਂ ਵੱਡੀ ਭੈਣ ਦੇ ਦਿੱਤੇ ਨਿੱਘੇ ਮੋਹ ਤੇ ਅਪਣੱਤ ਦੀ ਮਹਿਕ ਨਾਲ ਮੇਰਾ ਆਪਾ ਭਰ ਜਾਂਦਾ ਹੈ। ਮੈਂ ਕਿਸੇ ਬਾਗ ਦੀ ਨੁੱਕਰੇ ਤਰਕਾਲਾਂ ਵੇਲੇ ਖਿੜੇ ਗੁਲਾਬ ਵਾਂਗ ਟਹਿਕਣ ਲੱਗ ਜਾਂਦੀ ਹਾਂ। 

ਪੀਲੀ ਫ਼ਰਾਕ -
ਮੋਹ ਧਾਗੇ ਸਿਉਂਤੀ 
ਨੱਚੀ ਨਿੱਕੜੀ। 

ਡਾ. ਹਰਦੀਪ ਕੌਰ ਸੰਧੂ
(ਅੱਜ ਵੱਡੀ ਭੈਣ ਦਵਿੰਦਰ ਦੇ ਜਨਮ ਦਿਨ 'ਤੇ ਇਹ ਹਾਇਬਨ ਤੋਹਫ਼ਾ)

ਨੋਟ : ਇਹ ਪੋਸਟ ਹੁਣ ਤੱਕ 40 ਵਾਰ ਪੜ੍ਹੀ ਗਈ। 

4 comments:

 1. ਦਵਿੰਦਰ ਭੈਣ ਜੀ ਨੂੰ ਜਨਮ ਦਿਨ ਦੀਆਂ ਢੇਰ ਮੁਬਾਰਕਾਂ !
  ......ਤੇ ਸ਼ਾਇਦ ਮੇਰਾ ਇਹ ਤੋਹਫ਼ਾ ਆਪ ਨੂੰ ਪਸੰਦ ਆਵੇ।
  ਇਹ 1976-77 ਦੀ ਗੱਲ ਹੈ ਜਦੋਂ ਨਾਨਕੇ ਗਈ ਨੂੰ ਦਵਿੰਦਰ ਭੈਣ ਜੀ ਨੇ ਇਹ ਪੀਲੀ ਫਰਾਕ ਮੈਨੂੰ ਸਿਉਂ ਕੇ ਦਿੱਤੀ ਸੀ। ਜਿਸ ਨੂੰ ਅੱਜ ਵੀ ਮੈਂ ਆਪਣੀ ਯਾਦਾਂ ਦੀ ਪੋਟਲੀ 'ਚ ਸਾਂਭ ਕੇ ਰੱਖਿਆ ਹੋਇਆ ਹੈ। ਮੈਨੂੰ ਇਸ ਨਾਲ ਬਹੁਤ ਮੋਹ ਹੈ ਤੇ ਸ਼ਾਇਦ ਇਹ ਮੋਹ ਭਰੀ ਸਾਂਝ ਆਪ ਸਭ ਨੂੰ ਵੀ ਪ੍ਰਭਾਵਿਤ ਕਰ ਜਾਵੇ।

  ReplyDelete
 2. ਛੋਟੀ ਭੈਣ ਵੱਲੋਂ ਮੇਰੇ ਜਨਮ ਦਿਨ 'ਤੇ ਦਿੱਤਾ ਤੋਹਫ਼ਾ ਅਨਮੋਲ ਹੈ ....ਇੱਕ ਯਾਦ ਨੂੰ ਬੜੀ ਹੀ ਖੂਬਸੂਰਤੀ ਨਾਲ ਹਾਇਬਨ 'ਚ ਬੁਣਿਆ ਹੈ। ਖੁਸ਼ੀ ਦੁੱਗਣੀ ਹੋ ਗਈ।

  ReplyDelete
 3. ਸ਼੍ਰੀਮਤੀ ਦਵਿੰਦਰ ਕੌਰ ਜੀ ਨੂੰ ਮੇਰੇ ਵੱਲੋਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ:-

  ਮਿਲੀ ਸੌਗਾਤ
  ਘੜੀ ਮੁੜੀ ਦੇਖਦੀ
  ਯਾਦ ਭੈਣ ਦੀ।

  -ਜਗਦੀਸ਼ ਰਾਏ ਕੁਲਰੀਆਂ

  ReplyDelete
 4. ਬੀਤੇ ਹੋਏ ਮਿੱਠੇ ਪਲ ਅਜ ਦੀ ਜਿੰਦਗੀ ਨੂੰ ਮਿੱਠਾ ਬਨਾਣ ਦੇ ਕਮ ਆ ਗਏ ।ਸੁੰਦਰ ਰਚਨਾ ਚੰਗੇ ਮੌਕੇ ਦੀ ਭੇਟਾ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ