ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Oct 2014

ਮੋਹ ਦੀ ਕਣੀ

ਵੱਡੇ ਦਿਨਾਂ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਬੱਚੇ ਸਾਰਾ ਦਿਨ ਘਰ 'ਚ ਘੜਮੱਸ ਪਾਉਂਦੇ ਫਿਰਦੇ। ਇੱਕ ਦਿਨ ਖੇਡਦੇ ਖੇਡਦੇ ਕਾਰ 'ਚ ਜਾ ਬੈਠੇ। ਕਾਰ 'ਚੋਂ ਉਤਰਨ ਦਾ ਨਾਂ ਹੀ ਨਾ ਲੈਣ .....ਅਖੇ ਸਾਨੂੰ ਕਿਤੇ ਲੈ ਕੇ ਜਾਓ। ਬੱਚਿਆਂ ਨੂੰ ਖੁਸ਼ ਕਰਨ ਲਈ ਉਸ ਨੇ ਕਾਰ ਘਰੋਂ ਬਾਹਰ ਕੱਢ ਲਈ। ਉਸ ਦੀ ਪਤਨੀ ਵੀ ਰਸੋਈ ਦਾ ਕੰਮ ਨਿਪਟਾ ਕਾਰ 'ਚ ਆ ਬੈਠੀ। ਹੁਣ ਕਾਰ ਸ਼ਹਿਰੋਂ ਬਾਹਰ ਵਾਲੀ ਸੜਕ 'ਤੇ ਆ ਚੁੱਕੀ ਸੀ। ਸਾਰੇ ਬਹੁਤ ਖੁਸ਼ ਸਨ ਤੇ ਆਲੇ -ਦੁਆਲੇ ਦੇ ਨਜ਼ਾਰਿਆਂ ਦਾ ਭਰਪੂਰ ਅਨੰਦ ਮਾਣ ਰਹੇ ਸਨ। ਹਮੇਸ਼ਾਂ ਵਾਂਗ ਉਹਨਾਂ ਨੂੰ ਲੱਗਦਾ ਸੀ ਕਿ ਉਹ ਬੱਸ 4-5 ਕਿਲੋਮੀਟਰ ਤੱਕ ਇੱਕ ਛੋਟੀ ਜਿਹੀ ਕਾਰ -ਗੇੜੀ  'ਤੇ ਹੀ ਚੱਲੇ ਨੇ ...... ਪਰ ਇਹ ਕੀ ........ਕਾਰ ਤਾਂ ਛੂਟਾਂ ਵੱਟਦੀ ਇਲਾਹੀ ਪੈਂਡਿਆਂ ਨਾਲ ਸਾਂਝ ਪਾਉਂਦੀ ਜਾਪਦੀ ਸੀ। 
ਉਸ ਨੂੰ ਰੌਲਾ ਪਾਉਂਦੇ ਬੱਚਿਆਂ ਦੀਆਂ ਆਵਾਜ਼ਾਂ ਸੁਣਨੀਆਂ ਜਿਵੇਂ ਬੰਦ ਹੀ ਹੋ ਗਈਆਂ ਸਨ ।ਚੇਤਨ ਤੇ ਅਵਚੇਤਨ ਦੇ ਅੱਧ -ਵਿਚਕਾਰ ਅਸਥਿਰ ਹੋਈ  ਉਸ ਦੀ ਸੁਰਤ ਤਾਂ ਕਲਪਨਾ ਦੇ ਉੜਨ ਖਟੋਲੇ 'ਤੇ ਸਵਾਰ ਹੋ ਕਿਤੇ ਹੋਰ ਹੀ ਜੁੜ ਗਈ ਸੀ.... ....ਆਪਣੀ ਵੱਡੀ ਭੈਣ ਨਾਲ  …...ਜਿਸ ਦੀਆਂ ਅੱਖਾਂ ਦਾ ਖਾਰਾ ਪਾਣੀ ਜਾਂਦੇ -ਜਾਂਦੇ ਓਸ 'ਤੇ ਮੋਹ ਦੇ ਛਿੱਟੇ ਮਾਰ ਗਿਆ ਸੀ ......ਜਿਸ ਨਾਲ ਓਸ ਦਾ ਆਪਾ ਤਰੇਲ ਧੋਤੇ ਫੁੱਲਾਂ ਵਾਂਗ ਖਿੜ ਗਿਆ .....ਮੋਹ -ਵੰਤੇ ਵਿਸ਼ਵਾਸ ਸੱਖਣੇ ਪਲਾਂ 'ਤੇ ਹਾਵੀ ਹੋ ਗਏ ਤੇ ਦਿਲ ਦਾ ਦਲਿੱਦਰ ਕੋਹਾਂ ਦੂਰ ਨੱਸ ਗਿਆ  ........ਇਓਂ ਲੱਗਿਆ  ਜਿਵੇਂ ਮਨ ਦੇ ਵਿਹੜੇ ਨਿੱਕੇ -ਨਿੱਕੇ ਘੁੰਗਰੂਆਂ ਦਾ ਮੀਂਹ ਪੈ ਰਿਹਾ ਹੋਵੇ.....ਕਦੇ ਬੁੱਲ ਧੁੱਪ ਰੰਗਾ ਹਾਸਾ ਹੱਸਣ ਲੱਗਦੇ.........ਜਿਓਂਦੇ ਮੋਹ ਭਰੇ ਰਿਸ਼ਤਿਆਂ ਦੀ ਮਿਠਾਸ ਉਸ ਦੇ ਆਪੇ 'ਚ ਘੁਲ ਗਈ। ਅੰਬਰੀਂ ਉਡਾਣਾ ਭਰਦਾ ਮਨ ਅੱਜ ਆਗਿਆ ਤੋਂ ਬਿਨਾਂ ਹੀ ਓਸ ਨੂੰ ਭੈਣ ਦੀਆਂ ਸੰਦਲੀ ਬਰੂਹਾਂ 'ਤੇ ਧੂਹ ਕੇ ਲੈ ਚੱਲਿਆ ਸੀ। 
        ਕਾਰ ਹੁਣ ਤੱਕ ਲੱਗਭੱਗ 20 ਕੁ ਕਿਲੋਮੀਟਰ ਸ਼ਹਿਰੋਂ ਬਾਹਰ ਆ ਗਈ ਸੀ। ਪਿੱਛੋਂ ਆ ਰਹੇ ਵਾਹਨਾਂ ਦੇ ਹਾਰਨਾਂ ਨੇ ਉਸ ਦੀ ਬਿਰਤੀ ਤੋੜੀ।ਤੇਜ਼ ਰਫ਼ਤਾਰ ਨਾਲ ਜਾ ਰਹੀ ਕਾਰ ਨੂੰ ਓਸ ਨੇ ਸੜਕ ਦੇ ਕਿਨਾਰੇ ਕਰਕੇ ਰੋਕ ਲਿਆ। 
" ਓਹ ਹੋ ! ਇਹ ਕਿਧਰ ਨੂੰ ਚੱਲ ਪਿਆ ਮੈਂ ......... ਇਹ ਰਾਹ ਤਾਂ ਭੈਣ ਦੇ ਸਹੁਰਿਆਂ ਦੇ ਪਿੰਡ ਨੂੰ ਜਾਂਦਾ ਹੈ ..........ਪਰ ਉਹ ਤਾਂ ਇੱਥੇ ਹੈ ਹੀ ਨਹੀਂ ....... ਭੈਣ ਤਾਂ ਇੱਥੋਂ ਹਜ਼ਾਰਾਂ ਮੀਲ ਦੂਰ ਸੱਤ -ਸਮੁੰਦਰੋਂ ਪਾਰ ਬੈਠੀ ਹੈ .... ਮੈਨੂੰ ਲੱਗਾ ਜਿਵੇਂ ਭੈਣ ਐਥੇ ਹੀ ਹੈ .........ਮੇਰੇ ਕੋਲ਼ ...... ਹਾਂ -ਹਾਂ ਉਹ ਮੇਰੇ ਕੋਲ ਹੀ ਤਾਂ ਹੈ ।"  ਉਸ ਦੀਆਂ ਅੱਖਾਂ ਦੇ ਨਾਲ -ਨਾਲ ਜ਼ੁਬਾਨ ਵੀ ਤਰਲ ਹੋ ਗਈ ਸੀ । ਫੇਰ ਉਸ ਨੂੰ ਨਿੰਮੀ ਜਿਹੀ ਛੂਹ ਦੀ ਝਰਨਾਹਟ ਮਹਿਸੂਸ ਹੋਈ ........ਸ਼ਾਇਦ ਭੈਣ ਕੋਲੋਂ ਲੰਘ ਕੇ ਆਈ ਪੌਣ ਦਾ ਸਪਰਸ਼ ਸੀ ਇਹ। 


ਅੱਖਾਂ 'ਚ ਨਮੀ -
ਮੇਰੀ ਗਲ੍ਹ 'ਤੇ ਡਿੱਗੀ  
ਮੋਹ ਦੀ ਕਣੀ । 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ) 

ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਵੇਖੀ ਗਈ। 

5 comments:

  1. ਕੋਈ ਤਾਂ ਪਿਆਰੀ ਯਾਦ ਦਿਲ ਕੋਲ ਆ ਕੇ ਬੈਠ ਗਈ ਜਿਹੜੀ ਇਸ ਲਿਖਤ ਦੇ ਰੂਪ ਵਿਚ ਸਾਹਮਣੇ ਆ ਗਈ ।
    ਰਿਸ਼ਤਿਆਂ ਦੀ ਮੋਹ ਭਰੀ ਤਸਵੀਰ ।

    ReplyDelete
  2. ਮੋਹ ਦੀ ਕਣੀ ਇੱਕ ਵਧੀਆ ਹਾਇਬਨ ਹੈ ਮਨ ਦੇ ਵਹਿਣਾ ਵਿੱਚ ਵਹਿੰਦਿਆਂ ਭਾਵਨਾਵਾਂ 'ਤੇ ਕਮਾਲ ਦੀ ਪਕੜ ਹੈ।
    ਬਹੁਤ ਵਧੀਆ।

    ਦਵਿੰਦਰ

    ReplyDelete
  3. Kuldeep Mehrok31.10.14

    ਬਹੁਤ ਵਧੀਆ ਲਿਖਿਆ ਹੈ ਹਮੇਸ਼ਾਂ ਦੀ ਤਰਾਂ ! ਭੈਣ -ਭਰਾ ਦੇ ਪਿਆਰ ਦਾ ਇੱਕ ਨਿੱਘਾ ਸੁਨੇਹਾ।

    ਕੁਲਦੀਪ

    ReplyDelete
  4. ਮੇਰੇ ਕੋਲ ਸ਼ਬਦ ਨਹੀਂ ਹਨ ਇਸ ਹਾਇਬਨ ਦੀ ਸਚਾਈ ਬਿਆਨ ਕਰਨ ਲਈ। ਕਿਵੇਂ ਕਹਾਂ ਤੇ ਕਿੱਥੋਂ ਸ਼ੁਰੂ ਕਰਾਂ। 100 % ਤੋਂ ਵੀ ਜਿਆਦਾ ਸੱਚ। ਭੈਣ ਇੱਕ ਤੁਸੀਂ ਹੀ ਹੋ ਸਿਰਫ਼ ਤੁਸੀਂ ਜੋ ਉਸ ਦਿਨ ਘਟਿਤ ਪਲ -ਪਲ ਨੂੰ ਸਮਝ ਵੀ ਗਏ ਤੇ ਜਾਣ ਵੀ ਗਏ ਕੀ ਉਸ ਦਿਨ ਅਸੀਂ ਤੁਹਾਡੇ ਸਹੁਰੇ ਘਰ ਹੀ ਜਾ ਰਹੇ ਸੀ। ਜਿਸ ਨੂੰ ਤੁਸਾਂ ਤਹਿ ਦਿਲੋਂ ਸਮਝਿਆ। ਸਾਡੀ ਉਸ ਦਿਨ ਦੀ ਮੋਹ ਭਰੀ ਯਾਤਰਾ ਨੂੰ ਯਾਦਗਾਰੀ ਬਣਾਉਣ ਬਹੁਤ -ਬਹੁਤ ਸ਼ੁਕਰੀਆ।

    ਪਰਮ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ