ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Oct 2014

ਚਾਨਣ ਦੀ ਕਾਤਰ

           ਗੂੜ -ਸਿਆਲੂ ਰੁੱਤ ..... ਠੁਰ -ਠੁਰ ਕਰਦੀ ਧੁੱਪ .....ਪਰ ਗੁਲਾਬੀ ਧੁੱਪ ਦੇ ਟੋਟਿਆਂ ਨੂੰ ਉਸ ਦੀ ਨਿੱਘੀ ਦੋਸਤੀ ਸੰਗ ਮਾਣਦਿਆਂ ਮੇਰਾ ਆਪਾ ਅਸੀਮ ਖੁਸ਼ੀ  ਨਾਲ ਭਰ ਜਾਂਦਾ। ਉਸ ਨਾਲ ਪਈ ਦਿਲੀ ਸਾਂਝ ਮੈਨੂੰ ਖੂਨੀ ਰਿਸ਼ਤਿਆਂ ਨਾਲੋਂ ਵੀ ਅਨਮੋਲ ਲੱਗਦੀ। ਉਹ ਅਕਸਰ ਦੁੱਧ ਰੰਗੀ ਹਾਸੀ ਹੱਸਦੀ ਮੈਨੂੰ ਧਾਹ ਕੇ ਮਿਲਦੀ। ਅੱਜ ਕਿਸੇ ਅਗੰਮੀ ਪ੍ਰਸੰਨਤਾ ਦੇ ਹੁਲਾਰੇ ਲੈਂਦਿਆਂ ਉਸ ਕਿਹਾ, "ਛੇਤੀ ਹੀ ਇੱਕ ਨਿੱਕਾ ਫਰਿਸ਼ਤਾ ਮੇਰੀ ਝੋਲ਼ੀ ਪੈਣ ਵਾਲਾ ਹੈ।" ਅਛੋਪਲੇ ਹੀ ਮੇਰਾ ਨਿੱਜੀ ਅਨੁਭਵ ਬੋਲਿਆ, "ਤੇਰਾ ਖਿੜਿਆ ਮੱਥਾ ਤੇ ਚਿਹਰੇ ਦਾ ਨੂਰ ਤੇਰੀ ਕੁੱਖ 'ਚ ਪਲਦੀ ਨੰਨ੍ਹੀ ਪਰੀ ਦੇ ਆਉਣ ਦੀ ਹਾਮੀ ਭਰਦਾ ਹੈ !" 
       ਛਣ -ਛਣ ਕਰਦਾ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਨਿੱਕੇ ਫਰਿਸ਼ਤੇ ਦਾ ਮਾਂ ਦੀ ਕੁੱਖ ਦਾ ਗੁਲਾਬੀ ਸਫ਼ਰ ਹੁਣ ਆਪਣੀਆਂ ਅੰਤਮ ਛੋਹਾਂ 'ਤੇ ਹੈ। ਕੋਸੀ -ਕੋਸੀ ਫੱਗਣੀ ਧੁੱਪ 'ਚ ਅੱਜ ਫੇਰ ਸਾਡੀ ਮੁਲਾਕਾਤ ਹੋਈ। ਕੁਝ ਮਹੀਨੇ ਪਹਿਲਾਂ ਕਿਆਸੇ ਅਨੁਮਾਨ 'ਤੇ ਉਸ ਪੱਕੀ ਮੋਹਰ ਲਾਉਂਦਿਆਂ ਕਿਹਾ, " ਸੱਚੀ .....ਹਾਂ ਸੱਚੀ ਹੀ..... ਇੱਕ ਨਿੱਕੜੀ ਪਰੀ ਸਾਡੇ ਘਰ ਆਉਣ ਵਾਲੀ ਹੈ !" ਨਵੀਂ ਟੈਕਨਾਲੋਜੀ ਦੇ ਜ਼ਮਾਨੇ 'ਚ ਹੁਣ ਹਰ ਗੱਲ ਦੀ ਜਾਣਕਾਰੀ ਅਗਾਉਂ ਹੀ ਹੋ ਜਾਂਦੀ ਹੈ। 
       ਅੱਜ ਇਓਂ ਲੱਗਾ ਜਿਵੇਂ ਉਸ ਦੇ ਮਨ ਦੇ ਮੌਸਮਾਂ 'ਚ ਫੁੱਲਾਂ ਜਿਹੀ ਰਸ ਭਿੰਨੀ ਮਹਿਕ ਬਿਖਰ ਗਈ ਹੋਵੇ। ਬਹਾਰਾਂ ਵਾਂਗ ਖਿੜੀ ਉਸ ਡਾਢੇ ਲੋਰ 'ਚ ਆਉਂਦਿਆਂ ਬੜੇ ਹੀ ਚਾਅ ਨਾਲ ਆਪਣੀ ਸੋਹਣੀ ਪਰੀ ਦੇ ਸੁਆਗਤ ਲਈ ਕੀਤੀ ਅਗਾਉਂ ਤਿਆਰੀ ਨੂੰ ਮੇਰੇ ਮੂਹਰੇ ਲਿਆ ਬਿਖੇਰਿਆ। ਕਿਧਰੇ ਆਪੂੰ ਖਰੀਦੇ ਨਿੱਕੇ -ਨਿੱਕੇ ਗੁਲਾਬੀ ਫਰਾਕ ਤੇ ਮੌਜੇ ਤੇ ਕਿਧਰੇ ਸੱਤ -ਸਮੁੰਦਰ ਪਾਰੋਂ ਊਨੀ ਧਾਗਿਆਂ 'ਚ ਉਣ ਕੇ ਘੱਲੇ ਦਾਦੀ ਤੇ ਨਾਨੀ ਦੇ ਰਲਵੇਂ ਮੋਹ -ਮਲਾਰ।  ਆਪਣੇ ਪਤੀ ਵੱਲੋਂ ਲਿਆਂਦੀ ਨਿੱਕੀ ਜਿਹੀ ਗੁਲਾਬੀ ਗੁੱਡੀ ਜਦੋਂ ਉਸ ਵਿਖਾਈ ਤਾਂ ਇਓਂ ਲੱਗਾ ਜਿਵੇਂ ਸੱਚੀ ਹੀ ਦੁੱਧੀਆ ਹਾਸੀ ਨੇ ਵਿਹੜਾ ਭਰ ਦਿੱਤਾ ਹੋਵੇ। ਸ਼ਾਇਦ ਉਹ ਇਸ ਗੁੱਡੀ ਨੂੰ ਵੇਖ ਕੇ ਆਪਣੀ ਲਾਡੋ ਦਾ ਚਿਹਰਾ ਨਿੱਤ ਚਿਤਵਦਾ ਹੈ। 
        ............... ਆਉਣ ਵਾਲੀ ਚਾਨਣ ਦੀ ਕਾਤਰ ਵਰਗੀ ਪਰੀ ਨੂੰ ਮਨ ਹੀ ਮਨ ਅੱਜ ਭਾਗਭਰੀ ਕਹਿਣ ਨੂੰ ਮੇਰਾ ਜੀਅ ਕਰ ਆਇਆ। 

ਖੁੱਲੀ ਖਿੜਕੀ 
ਚਾਨਣ ਦੀ ਕਾਤਰ 
ਤੱਕਾਂ ਵਿਹੜੇ। 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ )

ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਵੇਖੀ ਗਈ। 

5 comments:

  1. Geetika Sirhandi2.10.14

    So touching .....Di aap kitna gharie mein kaise soch lete ho..God bless u .

    ReplyDelete
  2. Kuldeep Mehrok3.10.14

    Speechless.........!!!!
    Wonderful surprise I never ever dreamed about it.
    How wonder ..............!!!!
    Really you stole my heart.

    ReplyDelete
  3. ਚਾਨਣ ਦੀ ਕਾਤਰ ਹਾਇਬਨ ਦੀ ਸ਼ੈਲੀ ਅਤਿ ਸੁੰਦਰ , ਕਾਵਿਕ ਅਤੇ ਅਲੰਕ੍ਰਿਤ ਹੈ। 'ਦੁੱਧ ਰੰਗੀ ਹਾਸੀ ' ' ਛਣ -ਛਣ ਕਰਦਾ ਸਮਾਂ ' ਵਰਗੇ ਅਲੰਕਾਰ ਇਸ ਨੂੰ ਖਿੱਚ ਭਰਪੂਰ ਬਣਾਉਂਦੇ ਹਨ। ਹਲਕੇ -ਫੁਲਕੇ ਅਹਿਸਾਸ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।

    ReplyDelete
  4. ਸਿਆਲ ਦੀ ਧੁਪ ਵਰਗੀ ਰਚਨਾ , ਸੋਹਣੇ ਰਿਸ਼ਤਿਆਂ ਦੀ ਤਸਵੀਰ , ਜਿੰਦਗੀ ਦੀ ਪਹਿਲੀ ਧੜਕਨ ਦੀ ਗੱਲ , ਸਭ ਸੁੰਦਰ । ਜਿਸ ਲਈ ਲਿਖਿਆ , ਉਸ ਪਾਸੇ ਤੋਂ ਹੁੰਗਾਰਾ ਵੀ ਮਿਲ ਗਿਆ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ