ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Mar 2015

ਨਿੱਘਾ ਰਿਸ਼ਤਾ


ਢਲਦੀ ਸ਼ਾਮ .........ਸਾਵਾਂ ਜਿਹਾ ਮੌਸਮ।  ਮੈਂ ਉਸ ਦੇ ਸੰਗ ਚਾਹ ਪੀਣ ਦੇ ਹਾਰਦਿਕ ਸੱਦੇ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਅਣਚਾਹੇ ਰੁਝੇਵਿਆਂ ਕਾਰਨ ਇੱਕ ਲੰਮੇ ਅਰਸੇ ਤੋਂ ਨਕਾਰਦੀ ਆ ਰਹੀ ਸਾਂ । ਪਰ ਅੱਜ ਆਪਣੇ ਮੋਹਵੰਤੇ ਸੱਦੇ ਦੀ ਕਸ਼ਿਸ਼ ਸਦਕਾ ਉਹ ਜਿੱਤ ਗਈ ਸੀ । ਮਿੱਠੀ ਜਿਹੀ ਖੁਸ਼ੀ ਦੀ ਚਮਕ ਉਸ ਦੀਆਂ ਅੱਖਾਂ 'ਚ ਸੀ। ਆਪ -ਮੁਹਾਰੇ ਖੁਸ਼ ਹੋਏ ਬੋਲ ਬੁੱਲ੍ਹਾਂ 'ਤੇ ਥਿਰਕ ਰਹੇ ਸਨ। ਉਸ ਨੇ ਕਿਸੇ ਅਗੰਮੀ ਜਿਹੇ ਲੋਰ 'ਚ ਆਉਂਦਿਆਂ ਸਭ ਤੋਂ ਪਹਿਲਾਂ ਮੈਨੂੰ ਆਪਣੇ ਘਰ ਦਾ ਕੋਨਾ -ਕੋਨਾ ਦਿਖਾਇਆ। ਉਸ ਦੇ ਘਰ ਨੂੰ ਨਵਿਆਉਣ ਦਾ ਕੰਮ ਚੱਲਦਾ ਹੋਣ ਕਰਕੇ ਸਾਰਾ ਸਮਾਨ ਇੱਕ ਪਾਸੇ ਸਮੇਟਿਆ ਪਿਆ ਸੀ।
           ਵਰਾਂਡੇ 'ਚ ਆਰਜ਼ੀ ਤੌਰ 'ਤੇ ਬਣਾਇਆ ਡਰਾਇੰਗ ਰੂਮ ਚਾਹੇ ਛੋਟਾ ਜਿਹਾ ਸੀ ਪਰ ਜਦੋਂ ਮਨ ਦਾ ਵਿਹੜਾ ਮੋਕਲਾ ਹੋਵੇ ਤਾਂ ਥਾਂ ਦੀ ਕਮੀ ਨਹੀਂ ਭਾਸਦੀ। ਬਾਹਰ ਬੈਠ ਕੇ ਚਾਹ ਪੀਣ ਦਾ ਆਪਣਾ ਹੀ ਲੁਤਫ਼ ਸੀ। ਅਧਰਕ ਵਾਲੀ ਚਾਹ ਦੀਆਂ ਚੁਸਕੀਆਂ ਭਰਦਿਆਂ ਮੈਨੂੰ ਓਹ ਪਲ ਯਾਦ ਆਇਆ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਤੱਕਿਆ ਸੀ। ਆਪਣੀ ਦਿੱਖ ਤੇ ਪਹਿਰਾਵੇ ਕਰਕੇ ਉਹ ਭਾਰਤੀ ਨਹੀਂ ਜਾਪਦੀ ਸੀ। ਗੱਲ ਵੀ ਓਪਰੀ ਜਿਹੀ ਵਿਦੇਸ਼ੀ ਜ਼ੁਬਾਨ 'ਚ ਹੋਈ ਸੀ। ਇਹ ਤਾਂ ਉਸ  ਦਾ ਰੱਬ ਹੀ ਜਾਣਦਾ ਸੀ ਕਿ ਉਹ ਆਪਣਾ ਭਾਰਤੀ ਹੋਣਾ ਪ੍ਰਗਟਾਉਣਾ ਹੀ ਨਹੀਂ ਚਾਹੁੰਦੀ ਸੀ ਜਾਂ ਫਿਰ ਦੇਖਣ ਵਾਲੇ ਦੀਆਂ ਨਜ਼ਰਾਂ ਦਾ ਕੋਈ ਭੁਲੇਖਾ ਸੀ। ਪਰ ਮੇਰਾ ਮਨ ਉਸ ਦੇ ਪੰਜਾਬੀ ਹੋਣ ਦੀ ਹਾਮੀ ਭਰਦਾ ਸੀ। ...........ਤੇ ਫੇਰ ਇੱਕ ਦਿਨ ਗੱਲਾਂ ਕਰਦਿਆਂ ਆਪਣੀ ਆਦਤ ਮੂਜਬ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਪੰਜਾਬੀ 'ਚ ਦੇ ਦਿੱਤਾ ਸੀ ......ਤੇ ਓਸ ਪਲ ਤੋਂ ਬਾਦ ਇਹ ਵਿਦੇਸ਼ੀ ਭਾਸ਼ਾ ਸਾਡੇ ਤੋਂ ਡਾਢੀ ਵਿੱਥ 'ਤੇ ਜਾ ਖਲੋਈ ਸੀ।
         ਮੇਵਿਆਂ ਵਾਲੀ ਪੰਜੀਰੀ ਦੀ ਕੌਲੀ ਮੇਰੇ ਮੂਹਰੇ ਧਰਦਿਆਂ ਉਸ ਨੇ ਮੇਰੀ ਬਿਰਤੀ ਤੋੜੀ। ਗੱਲਾਂ -ਗੱਲਾਂ 'ਚ ਹੀ ਅਚਾਨਕ ਉਸ ਦੇ ਚੇਤੇ ਦੀਆਂ ਤਾਰਾਂ ਖੜਕੀਆਂ, " ਯਾਦ ਹੈ..... ਆਪਾਂ ਇੱਕ ਦਿਨ ਸੈਰ ਕਰਦੇ ਮਿਲੇ ਸਾਂ....ਪੰਜਾਬੀ ਸੂਟ 'ਚ ਬਹੁਤ ਫੱਬ ਰਹੇ ਸੀ ਆਪ। ਓਸ ਦਿਨ ਘਰ ਆ ਕੇ ਅਲਮਾਰੀ ਦੀ ਕਿਸੇ ਹਨ੍ਹੇਰੀ ਨੁੱਕਰ 'ਚੋਂ ਕੱਢ ਕੇ ਜਦੋਂ ਮੈਂ ਆਪਣਾ ਪੰਜਾਬੀ ਸੂਟ ਪਾਇਆ ਤਾਂ ਅਚੰਭਿਤ ਹੋਏ ਪਤੀ ਦੇਵ ਕਹਿਣ ਲੱਗੇ ਕਿ ਇਸ ਪ੍ਰਦੇਸ 'ਚ ਭੁੱਲੀ ਵਿਸਰੀ ਇਸ ਅਨਮੋਲ ਸੁਗਾਤ ਦਾ ਵਰ੍ਹਿਆਂ ਪਿੱਛੋਂ ਚੇਤਾ ਕਰਵਾਉਣ ਵਾਲਾ ਅਖੀਰ ਹੈ ਕੌਣ ?"
           ਮੈਂ ਮੂਕ ਬੈਠੀ ਉਸ ਦੀਆਂ ਨਾ ਮੁੱਕਣ ਵਾਲੀਆਂ ਗੱਲਾਂ ਸੁਣਦੀ ਸੋਚ ਰਹੀ ਸਾਂ ਕਿ ਬਾਹਰੀ ਦਿੱਖ ਦੀ ਭਿੰਨਤਾ ਹੋਣ ਦੇ ਬਾਵਜੂਦ ਕੋਈ ਤਾਂ ਸਾਂਝ ਹੈ ਜਿਸ ਨੇ ਸਾਨੂੰ ਇੱਕੋ ਡੋਰੀ 'ਚ ਪਰੁੰਨਿਆ ਹੋਇਆ ਹੈ।ਕੀ ਸਾਦਗੀ 'ਚ ਅਜੇ ਵੀ ਐਨੀ ਖਿੱਚ ਹੈ ?

ਨਿੱਘਾ ਰਿਸ਼ਤਾ -
ਸਾਵੇ ਰੁੱਖੀਂ ਲਿਪਟੀ 
ਝੁਮਕਾ ਵੇਲ । 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।

3 comments:

  1. ਨਿੱਘਾ ਰਿਸ਼ਤਾ ਹਾਇਬਨ ਜਿੰਨੀ ਸੁੰਦਰ ਸ਼ਾਬਦਿਕ ਰਚਨਾ ਹੈ ਓਨੀ ਹੀ ਸੋਹਣੀ ਬੋਲੀ ਵਿੱਚ ਪੇਸ਼ ਕਰ ਕੇ ਹੋਰ ਵੀ ਪ੍ਰਭਾਵਸ਼ਾਲੀ ਬਣ ਗਈ ਹੈ।
    ਦਵਿੰਦਰ

    ReplyDelete
  2. ਕਈਂ ਰਿਸ਼ਤੇ ਬਣੇ ਬਨਾਏ ਮਿਲਦੇ ਹਨ । ਕਈੰ ਰਿਸ਼ਤੇ ਯਤਨ ਕਰਕੇ ਬਨਾਏ ਜਾਂਦੇ ਹਨ । ਜਿਹੜੇ ਰਿਸ਼ਤੇ ਆਪਨੇ ਆਪ ਬਣ ਜਾਂਦੇ ਹਨ , ਉਹਨਾ ਵਿੱਚ ਸਾਰੀ ਖੁਦਾਈ ਵਸਦੀ ਹੈ । ਸੋਹਣਾ ਲਿਖਿਆ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ