ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Mar 2015

ਪਹਿਲਾ ਪਾਠ ( ਹਾਇਬਨ)

ਛੋਟੀ ਜਿਹੀ ਥਾਂ ....ਛੋਟਾ ਜਿਹਾ ਸਕੂਲ .....ਜਿੱਥੇ ਸਾਰਿਆਂ ਨੂੰ ਸਭ ਬਾਰੇ ਜਾਣਕਾਰੀ ਸੀ। ਓਸ ਸਕੂਲ ਵਿੱਚ ਇੱਕ ਅਧਿਆਪਕ ਵਜੋਂ ਮੇਰੀ ਨਵੀਂ ਨਿਯੁਕਤੀ ਹੋਈ ਸੀ। ਪੜ੍ਹਾਉਣ ਦੇ ਨਾਲ- ਨਾਲ ਮੇਰੀ ਐਮ. ਏ. ਦੀ ਪੜ੍ਹਾਈ ਵੀ ਜਾਰੀ ਸੀ।ਵਿਹਲੀ ਘੰਟੀ ਵਿੱਚ ਮੈਂ ਆਪਣੀ ਪੜ੍ਹਾਈ 'ਚ ਰੁੱਝਿਆ ਰਹਿੰਦਾ। ਮੇਰੇ ਵਿਦਿਆਰਥੀਆਂ ਨੂੰ ਵੀ ਮੇਰੀ ਪੜ੍ਹਾਈ ਬਾਰੇ ਜਾਣਕਾਰੀ ਸੀ।ਮੇਰੇ ਖੁੱਲ੍ਹੇ ਸੁਭਾਅ ਕਰਕੇ ਵਿਦਿਆਰਥੀ ਬੇਝਿਜਕ ਹੋ ਕੇ ਮੇਰੇ ਕੋਲ ਆਉਂਦੇ। ਇੱਕ ਨੌਜਵਾਨ ਅਧਿਆਪਕ ਹੋਣ ਦੇ ਨਾਤੇ ਮੈਂ ਹਰ ਸਮੇਂ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ 'ਚ ਲੱਗਿਆ ਰਹਿੰਦਾ। ਜਿਸ ਕਾਰਨ ਮੈਂ ਆਪਣੇ ਸਾਥੀ ਅਧਿਆਪਕਾਂ ਦੀਆਂ ਨਜ਼ਰਾਂ 'ਚ ਖਟਕਣ ਲੱਗਾ। ਈਰਖਾ ਤੇ ਸਾੜੇ ਦੇ ਕਾਰਣ ਇੱਕ -ਦੋ ਸਾਥੀ ਕੋਈ ਨਾ ਕੋਈ ਖੁਰਾਫ਼ਾਤ ਕਰਦੇ ਰਹਿੰਦੇ ਜਿਸ ਕਾਰਣ ਮੈਂ ਅੰਦਰੋ -ਅੰਦਰੀ ਪੀੜਿਤ ਹੁੰਦਾ ਰਹਿੰਦਾ। ਸਿੱਟੇ ਵਜੋਂ ਮੇਰੀ ਪੜ੍ਹਾਈ 'ਤੇ ਅਸਰ ਹੋਣਾ ਸੁਭਾਵਿਕ ਸੀ। ਹੁਣ ਵਿਹਲੀ ਘੰਟੀ 'ਚ ਕੋਈ ਪੜ੍ਹਾਈ ਨਾ ਹੁੰਦੀ ਸਗੋਂ ਮੈਂ ਇੱਕ ਚੁੱਪੀ ਜਿਹੀ ਧਾਰ ਲਈ ਸੀ। ਮੈਂ ਨਹੀਂ ਸੀ ਜਾਣਦਾ ਕਿ ਮੇਰੇ ਵਿਦਿਆਰਥੀਆਂ ਦੀ ਨਜ਼ਰ ਮੇਰੀ ਉਦਾਸੀਨਤਾ 'ਤੇ ਵੀ ਹੈ। 
      ਅੱਠਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਇੱਕ ਦਿਨ ਝਿਜਕਦਿਆਂ ਜਿਹਾ ਕਿਹਾ, " ਗੁਰੂ ਜੀ ਆਪ ਨੂੰ ਇੱਕ ਗੱਲ ਕਹਿਣੀ ਸੀ, ਕਿਤੇ ਬੁਰਾ ਤਾਂ ਨਹੀਂ ਮਨਾਓਗੇ ?" " ਕਹੋ, ਮੈਨੂੰ ਬਿਲਕੁਲ ਬੁਰਾ ਨਹੀਂ ਲੱਗੇਗਾ। " ਉਸ ਦੀ ਝਿਜਕ ਤੋੜਦਿਆਂ ਮੈਂ ਹੁੰਗਾਰਾ ਭਰਿਆ। " ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਵਿਹਲੇ ਪੀਰੀਅਡ 'ਚ ਚੁੱਪ -ਚਾਪ ਬੈਠੇ ਰਹਿੰਦੇ ਹੋ।  ਆਪਣੀ ਐਮ. ਏ. ਦੀ ਤਿਆਰੀ ਨਹੀਂ ਕਰ ਰਹੇ। ਇਸ ਦਾ ਕਾਰਣ ਸਾਡੇ ਕੁਝ ਅਧਿਆਪਕਾਂ ਦਾ  ਆਪ ਦੇ ਵਿਰੁੱਧ ਦੁਰਪ੍ਰਚਾਰ ਕਰਨਾ ਹੈ। " ਥੋੜ੍ਹਾ ਸਾਹ ਲੈਂਦਿਆਂ ਉਹ ਫਿਰ ਬੋਲੀ , " ਨੁਕਸਾਨ ਤਾਂ ਗੁਰੂ ਜੀ ਆਪ ਦਾ ਹੀ ਹੋ ਰਿਹਾ ਹੈ ... ਇਸ ਤਰ੍ਹਾਂ ਪੜ੍ਹਾਈ ਛੱਡ ਕੇ ......" ਨਰ ਹੋ ਨਾ ਨਿਰਾਸ਼ ਕਰੋ ਮਨ ਕੋ" ..... ਆਪ ਹੀ ਨੇ ਤਾਂ ਇਹ ਕਵਿਤਾ ਪੜ੍ਹਾ ਨੇ ਸਾਨੂੰ ਉਤਸ਼ਾਹਿਤ ਕੀਤਾ ....ਸਾਡਾ ਹੌਸਲਾ ਵਧਾਇਆ ... ਤੇ ਖੁਦ ਆਪ ਕੀ ਕਰ ਰਹੇ ਹੋ ?" ਕਹਿੰਦਿਆ ਉਸ ਨੇ ਸਿਰ ਝੁਕਾ ਲਿਆ। 
      ਮੇਰਾ ਚਿਹਰਾ ਇੱਕ ਦਮ ਸੁਰਖ ਹੋ ਗਿਆ। ਕਿਸੇ ਵਿਦਿਆਰਥੀ ਦੀ ਐਨੀ ਹਿੰਮਤ। ਆਪਣੇ ਆਪ ਨੂੰ ਸੰਭਾਲਦਿਆਂ ਮੈਂ ਬੋਲਿਆ ," ਅੱਜ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ ...ਤੁਸੀਂ ਮੈਨੂੰ ਵਿਹਲੀ ਘੰਟੀ 'ਚ ਪੜ੍ਹਾਈ 'ਚ ਮਸਰੂਫ਼ ਪਾਓਗੇ। " ਕੁਝ ਅਜਿਹਾ ਹੀ ਹੋਇਆ ਜਿਸ ਦਾ ਨਤੀਜਾ ਐਮ. ਏ. ਦਾ ਇਮਤਿਹਾਨ ਮੈਂ  70 % ਅੰਕਾਂ  ਨਾਲ ਪਹਿਲੀ ਡਵੀਜ਼ਨ 'ਚ ਪਾਸ ਕੀਤਾ। ਬਾਅਦ 'ਚ ਕੇਂਦਰੀ ਵਿਦਿਆਲਿਆ ਵਿੱਚ ਅਧਿਆਪਕ ਤੇ ਫਿਰ ਮੁੱਖ -ਅਧਿਆਪਕ ਦੇ ਰੂਪ 'ਚ ਇਸ ਯੋਗਤਾ ਨੇ ਮੇਰਾ ਰਾਹ ਆਸਾਨ ਕੀਤਾ। ਨਿੱਕੜੀ ਦੇ ਪਾਏ ਉਸ ਯੋਗਦਾਨ ਨੂੰ ਮੇਰਾ ਰੋਮ-ਰੋਮ ਅੱਜ ਵੀ ਮਹਿਸੂਸਦਾ ਹੈ। ਮੈਂ ਉਸ ਗੁਰੂ ਦੇ ਦਿੱਤੇ ਪਹਿਲੇ ਪਾਠ ਨੂੰ ਕਦੇ ਨਹੀਂ ਭੁੱਲਾ ਸਕਦਾ। 

ਪਹਿਲਾ ਪਾਠ -
ਹੱਥ ਫੜ੍ਹ ਤੁਰਨਾ 
ਸਿਖਾਉਂਦੀ ਮਾਂ। 

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ 
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ । 

3 comments:

  1. ਕਿਸੇ ਨੇਕ ਤੇ ਸੰਵੇਦਨਸ਼ੀਲ ਵਿਅਕਤੀ ਦੇ ਵੱਡਪਣ ਨੂੰ ਪ੍ਰਗਟਾਉਂਦਾ ਇਹ ਹਾਇਬਨ ਦਿਲ ਦੀਆਂ ਗਹਿਰਾਈਆਂ 'ਚ ਉਤਰ ਗਿਆ। ਅੰਤ ਵਿੱਚ ਲਿਖਿਆ ਹਾਇਕੁ ਇਸ ਨੂੰ ਹੋਰ ਵਿਸ਼ਾਲਤਾ ਦੇ ਗਿਆ। ਅਜਿਹਾ ਇਨਸਾਨ ਕਿਸੇ ਦੀ ਦਿੱਤੀ ਸਿੱਖਿਆ ਨੂੰ ਅਣਗੌਲਿਆ ਨਹੀਂ ਕਰਦਾ ਚਾਹੇ ਸਿੱਖਿਆ ਦੇਣ ਵਾਲਾ ਛੋਟਾ ਹੀ ਕਿਓਂ ਨਾ ਹੋਵੇ। ਇਹ ਗੁਣ ਆਪ 'ਚ ਠਾਠਾਂ ਮਾਰਦਾ ਹੈ ਜੋ ਸਾਡੇ ਵਰਗੇ ਅਣਜਾਣਾ ਨੂੰ ਰਾਹ ਦਿਖਾਉਂਦਾ ਹੈ। ਬਹੁਮੁੱਲਾ
    ਹਾਇਬਨ ਸਾਂਝਾ ਕਰਨ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete
  2. Good example of good experince

    ReplyDelete
  3. ਸੁੰਦਰ ਯਾਦ ਅਤੇ ਜ਼ਿੰਦਗੀ ਲਈ ਇੱਕ ਪਾਠ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ