ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Mar 2015

ਮੋਹ ਅਕਸ

ਪਿੰਡ ਦੀ ਫਿਰਨੀ ..........ਫਿਰਨੀ 'ਤੇ ਬੱਸ ਅੱਡਾ.........ਜਿਸ ਦੇ ਐਨ ਨੇੜੇ ਸਾਡੀ ਸਰਕਾਰੀ ਰਿਹਾਇਸ਼ ਸੀ। ਘਰ ਦੇ ਮੂਹਰਲੇ ਵਿਹੜੇ 'ਚ ਖੇਡਦਿਆਂ ਅਸੀਂ ਬੱਸਾਂ ਦੇ ਬੋਰਡ ਵੀ ਪੜ੍ਹਦੇ ਰਹਿੰਦੇ। ਸਿਆਲਾਂ ਦੀ ਕੋਸੀ -ਕੋਸੀ ਇੱਕ ਧੁੱਪੇ ਸੇਵੀਆਂ ਵੱਟੀਆਂ ਜਾ ਰਹੀਆਂ ਸਨ। ਮੰਜੇ ਨਾਲ ਫਿੱਟ ਕੀਤੀ ਜਿੰਦੀ ਦੀ ਹੱਥੀ ਫੇਰਨਾ ਪਾਪਾ ਜ਼ਿੰਮੇ ਸੀ ਤੇ ਪੇੜਾ ਪਾਉਂਦਿਆਂ ਵੱਟੀਆਂ ਸੇਵੀਆਂ ਨੂੰ ਤੋੜ -ਤੋੜ ਮੂਧੇ ਮਾਰੇ ਮੰਜੇ 'ਤੇ ਬੰਨੀਆਂ ਰੱਸੀਆਂ 'ਤੇ ਸਲੀਕੇ ਨਾਲ ਪਾਉਣਾ ਮਾਂ ਦੇ ਹਿੱਸੇ ਆਇਆ। ਨਿਰਵਿਘਨ ਕੰਮ ਚਲਾਉਣ ਲਈ ਸਾਨੂੰ ਨਿਆਣਿਆਂ ਨੂੰ ਮੂਹਰਲੇ ਵਿਹੜੇ 'ਚ ਖੇਲਣ ਦੇ ਆਹਰੇ ਲਾ ਦਿੱਤਾ। ਖੇਲਦੇ ਵਕਤ ਜਿਓਂ ਹੀ ਸਾਡੀ ਨਜ਼ਰ ਅੱਡੇ 'ਤੇ ਖੜ੍ਹੀ ਜਗਰਾਵਾਂ ਵਾਲੀ ਬੱਸ 'ਤੇ ਪਈ......ਸਾਡੀ ਅੱਖਾਂ ਦੀ ਚਮਕ ਇੱਕ ਸ਼ਰਾਰਤ ਵਿੱਚ ਵਟ ਗਈ। "ਵੱਡੇ ਮਾਸੀ ਜੀ ਤੇ ਮਾਸੜ ਜੀ ਆਏ ਨੇ," ਮੱਲੋ-ਮੱਲੀ ਨਿਕਲਦੀ ਹਾਸੀ ਨੂੰ ਦਬਾਉਂਦਿਆਂ ਮਾਂ -ਪਾਪਾ ਕੋਲ ਜਾ ਕੇ ਅਸੀਂ ਸਾਰੇ ਇੱਕੋ ਸੁਰ 'ਚ ਬੋਲੇ। ਮਾਸੀ ਜੀ ਹੋਰਾਂ ਨਾਲ ਮਾਂ ਦਾ ਅੰਤਾਂ ਦਾ ਮੋਹ ਏ ........ ਤੇ ਪਾਪਾ ਦੀ ਅਪਣੱਤ ਦੀ ਅਸੀਮਤਾ ਵੀ ਦੇਖਿਆਂ ਹੀ ਬਣਦੀ ਸੀ ........ਇੱਥੋਂ ਤੱਕ ਕਿ ਜਦੋਂ ਕਦੇ ਛੁੱਟੀਆਂ 'ਚ ਪਾਪਾ ਸਾਡੇ ਨਾਲ ਨਾਨਕੇ ਜਾਂਦੇ ਤਾਂ ਸਾਡਾ ਪਹਿਲਾ ਪੜਾਅ ਮਾਸੀ ਜੀ ਦੇ ਸਹੁਰਿਆਂ ਦਾ ਪਿੰਡ ਹੀ ਹੁੰਦਾ ਸੀ। 
        " ਮਾਸੀ ਹੀ ਹੋਰੀਂ ਆ ਗਏ," ਆਪਣੀ ਗੱਲ ਨੂੰ ਹੋਰ ਯਕੀਨੀ ਬਨਾਉਣ ਲਈ ਡਾਢਾ ਚਾਅ ਜਿਹਾ ਬਿਖੇਰਦਿਆਂ ਅਸੀਂ ਲੋਰ 'ਚ ਆ ਕੇ ਇੱਕ ਵਾਰ ਫਿਰ ਬੋਲੇ। ਹੁਣ ਮਾਂ ਦੇ ਚਿਹਰੇ 'ਤੇ ਰੱਜਵਾਂ ਖੇੜਾ ਸੀ ਤੇ ਪਾਪਾ ਦੀਆਂ ਅੱਖਾਂ 'ਚ ਇੱਕ ਅਨੋਖੀ ਜਿਹੀ ਚਮਕ। ਪਾਪਾ ਨੇ ਜਿੰਦੀ ਚਲਾਉਣੀ ਬੰਦ ਕਰ ਦਿੱਤੀ। " ਲਓ ਵੱਡੇ ਭੈਣ ਜੀ ਹੋਰੀਂ ਆ ਗਏ........ਮੈਨੂੰ ਦਮ ਦਵਾਉਣ," ਆਪ -ਮੁਹਾਰੇ ਖੁਸ਼ ਹੋਏ ਪਾਪਾ ਦੇ ਬੋਲ ਵਿਹੜੇ 'ਚ ਖਿੱਲਰ ਗਏ। ਪਲਾਂ -ਛਿਣਾਂ ਹੀ ਉਡੀਕਣਹਾਰ ਬਣੀਆਂ ਅੱਖਾਂ ਦਰਵਾਜ਼ੇ ਵੱਲ ਲੱਗ ਗਈਆਂ। ਕੁਝ ਵਕਫਾ ਲੰਘਣ ਪਿੱਛੋਂ ਜਦੋਂ ਕੋਈ ਵੀ ਨਾ ਆਇਆ ਤਾਂ ਬਿਹਵਲ ਜਿਹੇ ਹੁੰਦਿਆਂ ਪਾਪਾ ਮਾਂ ਨੂੰ ਬੋਲੇ, " ਤੁਸੀਂ ਚਾਹ -ਪਾਣੀ ਧਰੋ....ਮੈਂ ਭਾਈਆ ਜੀ ਹੋਰਾਂ ਨੂੰ ਬਾਹਰੋਂ ਲੈ ਕੇ ਆਇਆ। ਓਦੋਂ ਫੋਨਾਂ ਦੀ ਅਣਹੋਂਦ ਸਾਡੀ ਪ੍ਰਾਹੁਣਾਚਾਰੀ 'ਤੇ ਕੋਈ ਪ੍ਰਭਾਵ ਨਹੀਂ ਸੀ ਪਾਉਂਦੀ। ਪਾਪਾ ਨੇ ਦੂਰ ਤੱਕ ਨਜ਼ਰਾਂ ਘੁਮਾਈਆਂ .......ਬਾਹਰ ਤਾਂ ਕੋਈ ਵੀ ਨਹੀਂ ਸੀ। ਓਨੀ ਪੈਰੀਂ ਪਿਛਾਂਹ ਮੁੜਦਿਆਂ ਤੱਕ ਉਹਨਾਂ ਦੀ ਮੁਸਕਾਨ ਤੇ ਅੱਖਾਂ ਦੀ ਚਮਕ ਉਦਾਸ ਹੋ ਗਈ ਸੀ। "ਵੱਡਿਆਂ ਨਾਲ ਇਹੋ ਜਿਹਾ ਮਜ਼ਾਕ ਨਹੀਂ ਕਰੀਦਾ," ਆਪਣੀ ਨਿਰਾਸ਼ੀ ਉਡੀਕ ਨੂੰ ਛੁਪਾਉਂਦਿਆਂ ਮਾਂ ਨੇ ਸਾਨੂੰ ਇੱਕ ਮਿੱਠੀ ਜਿਹੀ ਘੂਰੀ ਦਿੱਤੀ। ਮਾਂ -ਪਾਪਾ ਨੇ ਤਾਂ ਸ਼ਾਇਦ ਇਹਨਾਂ ਉਡੀਕ ਦੇ ਚੰਦ ਕੁ ਪਲਾਂ 'ਚ ਹੀ ਆਉਣ ਵਾਲੇ ਪ੍ਰਾਹੁਣਿਆਂ ਨਾਲ ਉਮਰੋਂ ਲੰਮੀਆਂ ਬਾਤਾਂ ਪਾਉਣਾ ਕਿਆਸ ਲਿਆ ਹੋਣਾ ਹੈ। ਉਦਾਸੀ ਦੇ ਪਰਛਾਵਿਆਂ 'ਚ ਹਰਾਸੇ ਉਹਨਾਂ ਦੇ ਚਿਹਰੇ ਇਓਂ ਲੱਗਦੇ ਸਨ ਜਿਵੇਂ ਸੱਚੀ ਹੀ ਕੋਈ ਮਿਲਣ  ਦਾ ਵਾਅਦਾ ਕਰਕੇ ਨਾ ਆਇਆ ਹੋਵੇ। 
    .....ਤੇ ਫੇਰ ਕਈ ਵਰ੍ਹਿਆਂ ਮਗਰੋਂ ਪਾਪਾ ਨੇ ਸ਼ਹਿਰ ਆ ਨਵੇਂ ਘਰ 'ਚ ਬਣਵਾਏ ਫਰਨੀਚਰ 'ਚ ਡ੍ਰੈਸਿੰਗ ਟੇਬਲ ਦਾ ਸ਼ੀਸ਼ਾ ਮਾਸੜ ਜੀ ਦੇ ਕੱਦ ਦੇ ਮੇਚ ਦਾ ਬਣਵਾਇਆ ਸੀ .......ਮੱਤਾਂ ਇੱਥੇ ਆ ਕੇ ਉਹਨਾਂ ਨੂੰ ਪੱਗ ਬੰਨਣ 'ਚ ਕੋਈ ਦਿੱਕਤ ਨਾ  ਆਵੇ। ਅੱਜ ਵੀ ਓਸ ਸ਼ੀਸ਼ੇ ਵਿੱਚੋਂ ਮੈਨੂੰ ਪਾਪਾ ਦੇ ਲਾਏ ਮੋਹ ਤੇ ਅਪਣੱਤ ਦੇ ਬੂਟੇ ਦਾ ਅਕਸ ਨਜ਼ਰ ਆਉਂਦਾ ਹੈ ਜਿਸ ਨੂੰ ਮਾਂ ਨੇ ਆਪਣੀਆਂ ਮੋਹ ਦੀਆਂ ਛੱਲਾਂ ਨਾਲ ਸਿੰਜਦੇ ਹੋਏ ਹੁਣ ਤੱਕ ਤਰੋ -ਤਾਜ਼ਾ ਰੱਖਿਆ ਹੋਇਆ ਹੈ। ਓਥੇ ਅੱਜ ਵੀ ਪ੍ਰਾਹੁਣਿਆਂ ਦੀ ਆਮਦ ਨਾਲ ਹਰ ਇੱਕ ਦਾ ਚਿਹਰਾ ਇੰਝ ਖਿੜ ਜਾਂਦਾ ਹੈ ਜਿਵੇਂ ਇੱਕ ਡੋਡੀ ਹੁਣੇ -ਹੁਣੇ ਫੁੱਲ ਬਣ ਗਈ ਹੋਵੇ। 

ਮੋਹ ਅਕਸ -
ਧੁੱਪੀ ਪੌਣ ਰੁਮਕੇ 
ਫੁੱਲ ਟਹਿਕੇ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ ਹੈ । 

6 comments:

  1. ਯਾਦਾਂ ਦੇ ਝਰੋਖੇ ਵਿਚੋਂ ਨਿਵੇਕਲੀ ਪਹਿਚਾਣ ਹੈ
    ਕਸ਼ਮੀਰੀ ਲਾਲ ਚਾਵਲਾ

    ReplyDelete
  2. ਭੈਣੇ .......ਜਦੋਂ ਅਸੀਂ ਫੋਟੋ ਖਿੱਚ ਰਹੇ ਸੀ ਤਾਂ ਸੋਚ ਰਹੇ ਸੀ ਕਿ ਇੱਕ ਡ੍ਰੈਸਿੰਗ ਟੇਬਲ ਦੀ ਫ਼ੋਟੋ ਦਾ ਕੀ ਬਣ ਸਕਦਾ ਹੈ ...ਕੀ ਲਿਖਿਆ ਜਾ ਸਕਦਾ ਹੈ ? ਜਦੋਂ ਕੁਝ ਵੀ ਸਮਝ ਨਹੀਂ ਆਇਆ ਤਾਂ ਆਪ ਦੇ ਸੁਨੇਹੇ ਦੀ ਉਡੀਕ ਕਰਨ ਲੱਗੇ ਕਿ ਦੇਖੀਏ ਭੈਣ ਕੀ ਬਣਾ ਕੇ ਭੇਜ ਰਹੀ ਹੈ ?
    ਤੁਸੀਂ ਕਿਵੇਂ ਲਿਖ ਲੈਂਦੇ ਹੋ ਇਹ ਸਭ ! ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ ਜੋ ਕਿਸੇ ਗੱਲ ਨੂੰ ਯਾਦਗਾਰ ਬਣਾ ਕੇ ਪੇਸ਼ ਕਰ ਸਕੇ। ਲਾਜਵਾਬ ਹਾਇਬਨ !
    ਪਰਮ ਤੇ ਵਰਿੰਦਰ

    ReplyDelete
  3. ਪਰਮ ਤੇ ਵਰਿੰਦਰ
    ਬੜੇ ਸੁੱਚਜੇ ਢੰਗ ਨਾਲ ਤੁਰੰਤ ਫ਼ੋਟੋ ਖਿੱਚ ਕੇ ਭੇਜਣ ਲਈ ਸ਼ੁਕਰੀਆ। ਆਪ ਦੀ ਬੇਸਬਰੀ ਨਾਲ ਉਡੀਕ ਕਰਨ ਦੀ ਝਲਕ ਮੈਨੂੰ ਆਪ ਦੀ ਟਿੱਪਣੀ ਪੜ੍ਹ ਕੇ ਬਾਖੂਬੀ ਨਜ਼ਰ ਆਉਂਦੀ ਹੈ। ਪਰਮ ਤੂੰ ਹਰ ਰਚਨਾ ਨੂੰ ਦਿਲ ਨਾਲ ਪੜ੍ਹਦੀ ਹੀ ਨਹੀਂ ਬਲਕਿ ਉਸ ਦੀ ਰੂਹ ਤੱਕ ਪਹੁੰਚ ਕੇ ਫਿਰ ਖੂਬਸੂਰਤ ਅੰਦਾਜ਼ ਆਪਣੇ ਲਫਜ਼ਾਂ ਦੀ ਸਾਂਝ ਪਾਉਂਦੀ ਹੈਂ। ਮੈਨੂੰ ਤੇਰਾ ਇਹ ਕਰਨਾ ਬਹੁਤ ਚੰਗਾ ਲੱਗਦਾ ਹੈ। ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਛੋਟੇ ਪੁਰਾਣੀਆਂ ਯਾਦਾਂ ਨੂੰ ਰੂਹ ਨਾਲ ਸੁਣ ਕੇ ਉਸ ਦਾ ਹਿੱਸਾ ਬਣਦੇ ਨੇ।
    ਤੁਹਾਡੇ ਸ਼ਬਦਾਂ ਦੀ ਮੈਨੂੰ ਸਦਾ ਉਡੀਕ ਰਹਿੰਦੀ ਹੈ।
    ਹਰਦੀਪ

    ReplyDelete

  4. ਹਰਦੀਪ ਜੀ,
    ਤੁਹਾਡਾ ਹਾਇਬਨ ਪੜਕੇ 50-60 ਸਾਲ ਪਿਛੇ ਦੇ ਸੀਨ ਅਖਾਂ ਅਗ਼ੇ ਘੁਮਣ ਲਗ ਗੲੈ॥ ਇਸ ਤਰਾਂ ਇਹ ਆਪ ਬੀਤੀ ਮਹਿਸੂਸ ਹੋ ਰਹੀ ਸੀ ॥ ਇਹੀ ਤਾਂ ਕਲਾਕਾਰ ਦਾ ਕਮਾਲ ਹੈ॥
    ਥਿੰਦ

    ReplyDelete
  5. ਮਿੱਠੀ ਯਾਦ ਦੀ ਸੋਹਣੀ ਰਚਨਾ

    ReplyDelete
  6. ਪੁਰਾਣੀਆਂ ਅਤੇ ਮਿਠੀਆਂ ਯਾਦਾਂ । ਸੁੰਦਰ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ